ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦੇ ਹੋਏ ਉਹ ਅਨੇਕ ਛੋਟੇ-ਵੱਡੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਵੀ ਹਰੇਕ ਵਿਅਕਤੀ ਨੂੰ ਇਕ ਉਦੇਸ਼ ਵਰਗਾ ਹੀ ਪ੍ਰਤੀਤ ਹੁੰਦਾ ਹੈ। ਇਨ੍ਹਾਂ ਉਦੇਸ਼ਾਂ, ਟੀਚਿਆਂ ਅਤੇ ਉਪਲਬਧੀਆਂ ਦੀ ਪ੍ਰਾਪਤੀ ਲਈ ਚੱਲ ਰਹੇ ਨਿਰੰਤਰ ਯਤਨਾਂ ਦੇ ਫਲਸਰੂਪ ਇਕ ਸਮਾਜਿਕ ਪ੍ਰਕਿਰਿਆ ਜਨਮ ਲੈਂਦੀ ਹੈ। ਇਸ ਸਮਾਜਿਕ ਪ੍ਰਕਿਰਿਆ ਦਾ ਨਾਮ ਹੈ-ਮੁਕਾਬਲੇਬਾਜ਼ੀ। ਜੇ ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਬਿਹਤਰ ਪ੍ਰਦਰਸ਼ਨ ਕਰਨ ਦੀ ਤੀਬਰ ਲਾਲਸਾ। ਇਹ ਲਾਲਸਾ ਨਿਆਣੇ ਤੋਂ ਲੈ ਕੇ ਬਜ਼ੁਰਗ ਤਕ, ਸਭ ਵਿਚ ਮੌਜੂਦ ਰਹਿੰਦੀ ਹੈ। ਇਸ ਪ੍ਰਕਿਰਿਆ ਦੀ ਖ਼ਾਸੀਅਤ ਹੈ ਕਿ ਇਹ ਸਮਾਜ ਵਿਚ ਲਗਾਤਾਰ ਚੱਲਦੇ ਰਹਿਣ ਵਾਲੀ ਇਕ ਪ੍ਰਕਿਰਿਆ ਹੈ। ਆਮ ਤੌਰ ’ਤੇ ਜ਼ਰੂਰੀ ਸੋਮਿਆਂ ਦੀ ਉਪਲਬਧਤਾ ਢੁੱਕਵੀਂ ਨਹੀਂ ਹੁੰਦੀ ਤਾਂ ਮੁਕਾਬਲੇਬਾਜ਼ੀ ਖ਼ੁਦ ਹੀ ਜਨਮ ਲੈ ਲੈਂਦੀ ਹੈ। ਮੁਕਾਬਲੇਬਾਜ਼ੀ ’ਚ ਕਦੇ-ਕਦੇ ਵਿਰੋਧ ਤੇ ਈਰਖਾ ਵਰਗੀਆਂ ਭਾਵਨਾਵਾਂ ਵੀ ਹੁੰਦੀਆਂ ਹਨ ਪਰ ਅਜਿਹੀ ਮੁਕਾਬਲੇਬਾਜ਼ੀ ਸਿਹਤਮੰਦ ਨਹੀਂ ਕਹੀ ਜਾਂਦੀ। ਸਿਹਤਮੰਦ ਮੁਕਾਬਲੇਬਾਜ਼ੀ ਬੇਮਿਸਾਲ ਹੋਣ ਦਾ ਮਾਰਗ ਪਕੇਰਾ ਕਰਦੀ ਹੈ। ਮੁਕਾਬਲੇਬਾਜ਼ੀ ਦੀ ਇਹੀ ਖ਼ਾਸੀਅਤ ਇਸ ਨੂੰ ਸੰਘਰਸ਼ ਤੋਂ ਅਲੱਗ ਕਰਦੀ ਹੈ। ਹੋਰ ਖ਼ਾਸ ਗੱਲ ਇਹ ਹੈ ਕਿ ਮੁਕਾਬਲੇਬਾਜ਼ੀ ਕਿਸੇ ਤੰਤਰ ਵਿਸ਼ੇਸ਼ ਤਕ ਹੀ ਸੀਮਤ ਰਹਿੰਦੀ ਹੈ। ਇਕ ਵਿਸ਼ੇਸ਼ ਤਰ੍ਹਾਂ ਦੀ ਮੁਕਾਬਲੇਬਾਜ਼ੀ ਇਕ ਵਿਸ਼ੇਸ਼ ਤੰਤਰ ਵਿਚ ਹੀ ਨਜ਼ਰ ਆਉਂਦੀ ਹੈ। ਕਿਸੇ ਨਾਲ ਤੁਹਾਡੀ ਮੁਕਾਬਲੇਬਾਜ਼ੀ ਉਦੋਂ ਤਕ ਰਹਿੰਦੀ ਹੈ ਜਦ ਤਕ ਤੁਸੀਂ ਉਸ ਨਾਲ ਕਿਸੇ ਤੰਤਰ ਨੂੰ ਸਾਂਝਾ ਕਰਦੇ ਹੋ। ਕਿਸੇ ਇਕ ਵਿਅਕਤੀ ਦੁਆਰਾ ਵੀ ਤੰਤਰ ਨੂੰ ਛੱਡਦੇ ਹੀ ਮੁਕਾਬਲੇਬਾਜ਼ੀ ਆਪਣੇ-ਆਪ ਸਮਾਪਤ ਹੋ ਜਾਂਦੀ ਹੈ। ਇਹ ਜ਼ਰੂਰੀ ਨਹੀਂ ਕਿ ਮੁਕਾਬਲੇਬਾਜ਼ੀ ਸਦਾ ਦੂਜੇ ਵਿਅਕਤੀ ਦੇ ਨਾਲ ਹੀ ਹੋਵੇ। ਵਿਵੇਕਸ਼ੀਲ ਜਾਂ ਵਿਦਵਾਨ ਵਿਅਕਤੀ ਦੀ ਮੁਕਾਬਲੇਬਾਜ਼ੀ ਆਮ ਤੌਰ ’ਤੇ ਖ਼ੁਦ ਨਾਲ ਹੁੰਦੀ ਹੈ। ਉਸ ਨੂੰ ਆਤਮ-ਮੁਕਾਬਲੇਬਾਜ਼ੀ ਕਿਹਾ ਜਾਂਦਾ ਹੈ। ਆਤਮ-ਮੁਕਾਬਲੇਬਾਜ਼ੀ ਸਾਨੂੰ ਨਿਰੰਤਰ ਨਿਖਾਰਦੇ ਹੋਏ ਆਤਮ-ਨਿਰੀਖਣ ਕਰਨ ’ਚ ਮਦਦ ਕਰਦੀ ਹੈ ਜੋ ਨਿਰੀਖਣ ਤਰੱਕੀ ਦੇ ਰਾਹ ’ਤੇ ਅੱਗੇ ਵਧਾਉਂਦਾ ਹੈ। ਜੇ ਅਸੀਂ ਹੋਰਾਂ ਦੀ ਥਾਂ ਖ਼ੁਦ ਨਾਲ ਮੁਕਾਬਲੇਬਾਜ਼ੀ ਕਰੀਏ ਤਾਂ ਸਾਨੂੰ ਸਰਬਪੱਖੀ ਵਿਕਾਸ ਦਾ ਇਕ ਸੌਖਾ ਰਸਤਾ ਮਿਲ ਜਾਵੇਗਾ।

-ਸ਼ਿਸ਼ਿਰ ਸ਼ੁਕਲਾ।

Posted By: Jagjit Singh