ਡਾ. ਸੁਸ਼ੀਲਾ ਕਟਾਰੀਆ

ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਉਪਜੀ ਬਿਮਾਰੀ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਮਹਾਮਾਰੀ ਬਣ ਗਈ ਇਸ ਖ਼ਤਰਨਾਕ ਬਿਮਾਰੀ ਦਾ ਅਸਰ ਆਪਣੇ ਦੇਸ਼ ਵਿਚ ਵੀ ਵੱਧਦਾ ਹੀ ਜਾ ਰਿਹਾ ਹੈ। ਆਉਣ ਵਾਲੇ ਦਸ ਦਿਨ ਇਹ ਤੈਅ ਕਰਨਗੇ ਕਿ ਭਾਰਤ ਵਿਚ ਇਹ ਮਹਾਮਾਰੀ ਕੀ ਰੂਪ ਅਖ਼ਤਿਆਰ ਕਰੇਗੀ ਅਤੇ ਇਹ ਬਹੁਤ ਕੁਝ ਇਸ 'ਤੇ ਨਿਰਭਰ ਕਰੇਗਾ ਕਿ ਸਰਕਾਰ ਅਤੇ ਉਸ ਦੀਆਂ ਸੰਸਥਾਵਾਂ ਦੇ ਨਾਲ-ਨਾਲ ਦੇਸ਼ ਦੇ ਆਮ ਅਤੇ ਖ਼ਾਸ ਲੋਕ ਅਰਥਾਤ ਸਾਰੇ ਦੇਸ਼ ਵਾਸੀ ਕਿੰਨੇ ਉਤਸ਼ਾਹ ਨਾਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਇਸ ਖ਼ਤਰਨਾਕ ਬਿਮਾਰੀ ਨੂੰ ਰੋਕਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਸਾਰਿਆਂ ਨੂੰ ਵਾਧੂ ਸਾਵਧਾਨੀ ਦਾ ਸਬੂਤ ਦੇਣਾ ਹੋਵੇਗਾ ਅਤੇ ਇਹ ਧਿਆਨ ਰੱਖਣਾ ਹੋਵੇਗਾ ਕਿ ਕਈ ਵਾਰ ਸਫਲਤਾ ਟੀਮ ਦੇ ਸਭ ਤੋਂ ਚੰਗੇ ਖਿਡਾਰੀ 'ਤੇ ਨਹੀਂ ਬਲਕਿ ਕਮਜ਼ੋਰ ਖਿਡਾਰੀ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਦੀ ਹੈ। ਜੇ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਉਨ੍ਹਾਂ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਆਦੇਸ਼ਾਂ-ਨਿਰਦੇਸ਼ਾਂ ਦੀ ਪਾਲਣਾ 10 ਵਿਚੋਂ 9 ਲੋਕ ਹੀ ਕਰਦੇ ਹਨ ਤਾਂ ਉਹ ਇਕ ਵਿਅਕਤੀ ਨਾ ਸਿਰਫ਼ ਆਪਣੀ ਸਿਹਤ ਲਈ ਖ਼ਤਰਾ ਪੈਦਾ ਕਰੇਗਾ ਬਲਕਿ ਪੂਰੇ ਸਮਾਜ ਅਤੇ ਦੇਸ਼ ਲਈ ਵੀ ਸੰਕਟ ਖੜ੍ਹਾ ਕਰੇਗਾ। ਅੱਜ ਸਾਡੇ ਸਾਰਿਆਂ ਅੱਗੇ ਇਕ ਅਲੱਗ ਕਿਸਮ ਦੀ ਚੁਣੌਤੀ ਆ ਖਲੌਤੀ ਹੈ। ਇਹ ਇਕ ਕਠਿਨ ਚੁਣੌਤੀ ਹੈ ਅਤੇ ਇਸ ਲਈ ਹਾਲਾਤ ਮੁਸ਼ਕਲ ਭਰੇ ਹਨ। ਇਸ ਮੁਸ਼ਕਲ ਘੜੀ ਵਿਚ ਦੇਸ਼ ਦੀ ਇਕਜੁੱਟਤਾ, ਸੰਜਮ ਅਤੇ ਅਨੁਸ਼ਾਸਨ ਦੇ ਨਾਲ-ਨਾਲ ਸਹਿਯੋਗ ਦੀ ਵੀ ਪਰਖ ਹੋਣੀ ਹੈ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਰਹਿਣ ਲਈ ਜੋ ਅਨੇਕ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਵਿਚੋਂ ਇਕ ਹੈ ਸੋਸ਼ਲ ਡਿਸਟੈਂਸਿੰਗ। ਇਸ ਨੂੰ ਸਮਾਜਿਕ ਤੌਰ 'ਤੇ ਅਲੱਗ-ਥਲੱਗ ਹੋਣਾ ਵੀ ਕਿਹਾ ਜਾ ਰਿਹਾ ਹੈ। ਆਮ ਲਫ਼ਜ਼ਾਂ ਵਿਚ ਕਹੀਏ ਤਾਂ ਇਕ ਵਿਅਕਤੀ ਦੂਜੇ ਤੋਂ ਇਕ ਨਿਸ਼ਚਿਤ ਦੂਰੀ ਬਣਾ ਕੇ ਰੱਖੇ ਅਤੇ ਅਜਿਹਾ ਕਰਦੇ ਸਮੇਂ ਚੌਕਸ ਵੀ ਰਹੀਏ। ਆਮ ਦਿਨਾਂ ਵਿਚ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਇਕ-ਦੂਜੇ ਨੂੰ ਛੂਹ ਕੇ, ਹੱਥ ਮਿਲਾ ਕੇ, ਗਲੇ ਲਗਾ ਕੇ ਜਾਂ ਪਿੱਠ ਥਾਪੜ ਕੇ ਉਸ ਪ੍ਰਤੀ ਆਪਣਾ ਆਦਰ-ਸਨਮਾਨ, ਸ਼ੁਕਰੀਆ, ਪਿਆਰ ਜਾਂ ਭਰੋਸਾ ਜ਼ਾਹਰ ਕਰਨ ਦੇ ਆਦੀ ਹਾਂ। ਹੁਣ ਸਾਨੂੰ ਇਹ ਤੌਰ-ਤਰੀਕੇ ਛੱਡਣੇ ਹੋਣਗੇ ਕਿਉਂਕਿ ਕੋਰੋਨਾ ਵਾਇਰਸ ਖੰਘਣ ਅਤੇ ਛਿੱਕਣ ਨਾਲ ਤਾਂ ਫੈਲਦਾ ਹੀ ਹੈ, ਇਨਫੈਕਸ਼ਨ ਵਾਲੇ ਵਿਅਕਤੀ ਨਾਲ ਹੱਥ ਮਿਲਾਉਣ, ਉਸ ਨਾਲ ਗਲੇ ਮਿਲਣ ਜਾਂ ਉਸ ਦੁਆਰਾ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਨੂੰ ਛੂਹਣ ਮਗਰੋਂ ਉਨ੍ਹਾਂ ਹੱਥਾਂ ਨਾਲ ਹੀ ਆਪਣੇ ਚਿਹਰੇ ਅਤੇ ਖ਼ਾਸ ਤੌਰ 'ਤੇ ਮੂੰਹ, ਨੱਕ, ਅੱਖਾਂ ਨੂੰ ਛੂਹਣ 'ਤੇ ਵੀ ਫੈਲ ਰਿਹਾ ਹੈ। ਇਸ ਤਰ੍ਹਾਂ ਇਸ ਨੂੰ ਫੈਲਣ ਤੋਂ ਰੋਕਣ ਦਾ ਇਕ ਕਾਰਗਰ ਉਪਾਅ ਹੈ ਸੋਸ਼ਲ ਡਿਸਟੈਂਸਿੰਗ। ਇਹ ਗੱਲ ਹਰ ਕਿਸੇ ਨੂੰ ਆਪਣੇ ਦਿਮਾਗ ਵਿਚ ਬਿਠਾ ਲੈਣੀ ਚਾਹੀਦੀ ਹੈ ਕਿ ਅਸੀਂ ਕੁਝ ਦਿਨ ਹੋਰ ਲੋਕਾਂ ਨਾਲ ਮਿਲਣਾ-ਜੁਲਣਾ ਨਹੀਂ ਹੈ। ਜੇਕਰ ਜ਼ਰੂਰੀ ਹੋਵੇ ਤਾਂ ਵੀ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ ਕਿਉਂਕਿ ਕੋਰੋਨਾ ਵਾਇਰਸ ਤਿੰਨ ਫੁੱਟ ਤਕ ਹਵਾ ਵਿਚ ਰਹਿ ਸਕਦਾ ਹੈ। ਇਹ ਸਹੀ ਸਮਾਂ ਹੈ ਕਿ ਹਰ ਤਰ੍ਹਾਂ ਦੇ ਜਨਤਕ ਆਯੋਜਨਾਂ ਅਤੇ ਇੱਥੋਂ ਤਕ ਕਿ ਸ਼ਾਦੀ-ਵਿਆਹ, ਪਾਰਟੀਆਂ ਤੋਂ ਦੂਰ ਰਹੋ। ਕੁੱਲ ਮਿਲਾ ਕੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਅਤੇ ਜੇ ਨਿਕਲਣਾ ਵੀ ਪਵੇ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਆਲੇ-ਦੁਆਲੇ ਤਿੰਨ-ਚਾਰ ਫੁੱਟ ਦਾ ਇਕ ਘੇਰਾ ਹੈ ਜਿਸ ਦੇ ਦਾਇਰੇ ਵਿਚ ਕਿਸੇ ਨੂੰ ਨਹੀਂ ਆਉਣਾ ਚਾਹੀਦਾ।

ਸੋਸ਼ਲ ਡਿਸਟੈਂਸਿੰਗ ਦੇ ਨਾਲ ਹੀ ਜ਼ਰੂਰੀ ਹੈ ਸੈਲਫ ਆਈਸੋਲੇਸ਼ਨ ਅਰਥਾਤ ਖ਼ੁਦ ਨੂੰ ਅਲੱਗ-ਥਲੱਗ ਕਰਨਾ। ਇਸ ਦੇ ਦੋਹਰੇ ਫ਼ਾਇਦੇ ਹਨ। ਇਹ ਤੁਹਾਨੂੰ ਦੂਜਿਆਂ ਦੀ ਬਿਮਾਰੀ ਤੋਂ ਬਚਾਵੇਗਾ ਅਤੇ ਦੂਜਿਆਂ ਨੂੰ ਤੁਹਾਡੀ ਬਿਮਾਰੀ ਤੋਂ। ਜਿਨ੍ਹਾਂ ਨੂੰ ਇਹ ਸ਼ੱਕ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹਨ, ਉਹ ਜੇ ਆਪਣੇ-ਆਪ ਨੂੰ ਇਕਾਂਤ ਅਰਥਾਤ ਆਈਸੋਲੇਸ਼ਨ ਵਿਚ ਰੱਖਣ ਅਤੇ ਮੇਲ-ਜੋਲ ਬੰਦ ਕਰ ਦੇਣ ਤਾਂ ਪਰਿਵਾਰ ਅਤੇ ਦੋਸਤਾਂ ਨੂੰ ਬਿਮਾਰੀ ਤੋਂ ਬਚਾ ਸਕਦੇ ਹਨ। ਕੋਰੋਨਾ ਵਾਇਰਸ ਤੋਂ ਇਨਫੈਕਸ਼ਨ ਦੇ ਖ਼ਦਸ਼ੇ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘੱਟੋ-ਘੱਟ ਦੋ ਹਫ਼ਤੇ ਤਕ ਖ਼ੁਦ ਨੂੰ ਅਲੱਗ-ਥਲੱਗ ਰੱਖਣ। ਇਸ ਦੌਰਾਨ ਇਕ ਅਲੱਗ ਹਵਾਦਾਰ ਕਮਰੇ ਵਿਚ ਰਹੋ ਅਤੇ ਆਪਣਾ ਰੁਮਾਲ, ਤੌਲੀਆ ਆਦਿ ਅਲੱਗ ਰੱਖੋ। ਇਸ ਦੇ ਨਾਲ ਹੀ ਅਲੱਗ ਬਾਥਰੂਮ ਦਾ ਇਸਤੇਮਾਲ ਕਰੋ ਅਤੇ ਉਸ ਨੂੰ ਸਾਂਝਾ ਨਾ ਕਰੋ। ਇਸ ਦੌਰਾਨ ਮਹਿਮਾਨਾਂ ਨੂੰ ਘਰੇ ਨਾ ਬੁਲਾਓ। ਇਸ ਦੋ ਹਫ਼ਤੇ ਤੁਸੀਂ ਪਰਿਵਾਰ ਦੇ ਨਾਲ ਰਹਿ ਸਕਦੇ ਹੋ ਪਰ ਉਨ੍ਹਾਂ ਨਾਲ ਮੇਲ-ਜੋਲ ਘੱਟ ਰੱਖੋ, ਦੂਰੀ ਬਣਾਈ ਰੱਖੋ। ਇਸ ਦੌਰਾਨ ਪੌਸ਼ਟਿਕ ਆਹਾਰ ਖਾਓ ਅਤੇ ਆਪਣੇ ਕਮਰੇ ਵਿਚ ਰਹਿੰਦੇ ਹੋਏ ਹੀ ਹਲਕੀ ਕਸਰਤ ਕਰੋ। ਸੋਸ਼ਲ ਡਿਸਟੈਂਸਿੰਗ ਅਤੇ ਸੈਲਫ ਆਈਸੋਲੇਸ਼ਨ ਤੋਂ ਬਾਅਦ ਵਾਰੀ ਆਉਂਦੀ ਹੈ ਕੁਆਰੰਟਾਈਨ ਦੀ। ਕੋਰੋਨਾ ਵਾਇਰਸ ਤੋਂ ਪੀੜਤ ਰੋਗੀ ਜਾਂ ਜ਼ੋਰਦਾਰ ਖ਼ਦਸ਼ੇ ਵਾਲੇ ਰੋਗੀ ਨੂੰ ਬਿਲਕੁਲ ਅਲੱਗ ਸਥਾਨ 'ਤੇ ਰੱਖਣਾ ਕੁਆਰੰਟਾਈਨ ਕਹਾਉਂਦਾ ਹੈ। ਇਹ ਸੈਲਫ ਆਈਸੋਲੇਸ਼ਨ ਤੋਂ ਅਗਲਾ ਪੱਧਰ ਹੈ। ਇਸ ਲਈ ਇਸ ਵਿਚ ਵਿਅਕਤੀ ਪਰਿਵਾਰ ਨਾਲ ਨਹੀਂ ਰਹਿ ਸਕਦਾ। ਕੁਆਰੰਟਾਈਨ ਦੀ ਮਿਆਦ ਵੀ ਦੋ ਹਫ਼ਤੇ ਦੀ ਹੈ। ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਇਹ ਵੀ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਦਾ ਹਰ ਵਿਅਕਤੀ ਸਾਫ਼-ਸਫ਼ਾਈ ਦੇ ਪ੍ਰਤੀ ਨਾ ਸਿਰਫ਼ ਜਾਗਰੂਕ ਹੋ ਜਾਵੇ ਬਲਕਿ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਉਪਾਅ ਕਰੇ। ਆਪਣੇ-ਆਪ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਭੋਜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਸਿਹਤਮੰਦ ਸਰੀਰ ਵਾਲੇ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਹੁੰਦੀ ਹੈ। ਅਸੀਂ ਸਾਰੇ ਇਹ ਜਾਣਦੇ ਹਾਂ ਕਿ ਜ਼ਿਆਦਾਤਰ ਛੂਤ ਦੇ ਰੋਗ ਹੱਥਾਂ ਦੀ ਗੰਦਗੀ ਕਾਰਨ ਫੈਲਦੇ ਹਨ। ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਵਿਚ ਹੱਥਾਂ ਦੀ ਇਕ ਵੱਡੀ ਭੂਮਿਕਾ ਹੈ। ਇਸ ਵਾਇਰਸ ਤੋਂ ਪੀੜਤ ਵਿਅਕਤੀ ਜਦ ਕਿਸੇ ਨਾਲ ਹੱਥ ਮਿਲਾਉਂਦਾ ਹੈ ਜਾਂ ਕਿਸੇ ਸਤ੍ਹਾ ਨੂੰ ਛੂਹ ਲੈਂਦਾ ਹੈ ਅਤੇ ਫਿਰ ਕੋਈ ਹੋਰ ਉਸ ਸਤ੍ਹਾ ਨੂੰ ਛੂਹ ਲੈਂਦਾ ਹੈ ਤਾਂ ਉਸ ਦੇ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਦਾ ਅੰਦੇਸ਼ਾ ਬਹੁਤ ਵੱਧ ਜਾਂਦਾ ਹੈ। ਹੱਥਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਉਣ ਲਈ ਸਮੇਂ-ਸਮੇਂ ਆਪਣੇ ਹੱਥ ਸਾਬਣ-ਪਾਣੀ ਨਾਲ ਚੰਗੀ ਤਰ੍ਹਾਂ ਧੋਂਦੇ ਰਹੋ ਜਾਂ ਅਲਕੋਹਲ ਵਾਲੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦਾ ਸਬੂਤ ਖ਼ਤਰਨਾਕ ਹੋ ਸਕਦਾ ਹੈ। ਕਿਸੇ ਨੂੰ ਵੀ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਇਹ ਛੂਤ ਦੀ ਬਿਮਾਰੀ ਉਸ ਨੂੰ ਨਹੀਂ ਹੋ ਸਕਦੀ। ਇਸੇ ਗ਼ਲਤ ਧਾਰਨਾ ਕਾਰਨ ਇਹ ਬਿਮਾਰੀ ਸਾਰੀ ਦੁਨੀਆ ਵਿਚ ਫੈਲੀ ਹੈ। ਦੇਸ਼ ਅਤੇ ਦੁਨੀਆ ਵਿਚ ਅਜੇ ਵੀ ਕੁਝ ਲੋਕ ਸਾਵਧਾਨੀ ਵਰਤਣ ਤੋਂ ਇਨਕਾਰ ਕਰ ਰਹੇ ਹਨ। ਕੁਝ ਤਾਂ ਆਪਣੀ ਬਿਮਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰ ਕੇ ਉਹ ਖ਼ੁਦ ਨੂੰ ਖ਼ਤਰੇ ਵਿਚ ਪਾਉਣ ਦੇ ਨਾਲ-ਨਾਲ ਹੋਰਾਂ ਅਤੇ ਨਾਲ ਹੀ ਦੇਸ਼ ਲਈ ਵੀ ਖ਼ਤਰਾ ਖੜ੍ਹਾ ਕਰ ਰਹੇ ਹਨ। ਜਦ 'ਕਰੋ ਜਾਂ ਮਰੋ' ਵਾਲੀ ਸਥਿਤੀ ਹੋਵੇ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਸੋਸ਼ਲ ਡਿਸਟੈਂਸਿੰਗ, ਸੈਲਫ ਆਈਸੋਲੇਸ਼ਨ, ਕੁਆਰੰਟਾਈਨ ਦੀ ਜ਼ਰੂਰਤ ਵੱਧ ਗਈ ਹੈ ਅਤੇ ਇਸ ਲੋੜ ਦੀ ਪੂਰਤੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

-(ਲੇਖਿਕਾ ਮੇਦਾਂਤਾ ਹਾਸਪੀਟਲ, ਗੁਰੂਗ੍ਰਾਮ ਵਿਚ ਇੰਟਰਨਲ ਮੈਡੀਸਨ ਦੀ ਨਿਰਦੇਸ਼ਕ ਹੈ ਅਤੇ ਇਨ੍ਹੀਂ ਦਿਨੀਂ ਕੋਰੋਨਾ ਦੇ ਰੋਗੀਆਂ ਦਾ ਇਲਾਜ ਕਰ ਰਹੀ ਹੈ)।

Posted By: Rajnish Kaur