ਪੁਰਾਤਨ ਕਾਲ ਤੋਂ ਹੀ ਚੁਫੇਰੇ ਖ਼ੁਸ਼ਹਾਲੀਆਂ ਵੰਡਣ ਵਾਲੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਹੁਣ ਪਤਾ ਨਹੀਂ ਕਿਸ ਚੰਦਰੀ ਬਲਾ ਦੀ ਨਜ਼ਰ ਲੱਗ ਗਈ ਹੈ ਜਿਸ ਕਾਰਨ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਡਿੱਗਦਾ ਜਾ ਰਿਹਾ ਹੈ। ਗੁਰਬਾਣੀ ਵਿਚ ਵੀ ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਜੋਕਾ ਇਨਸਾਨ ਇਸ ਸੱਚਾਈ ਨੂੰ ਦਰਕਿਨਾਰ ਕਰਦਾ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਰੋਜ਼ ਲਗਪਗ 33 ਸੈਂਟੀਮੀਟਰ ਡਿੱਗਦਾ ਜਾ ਰਿਹਾ ਹੈ। ਬੇਸ਼ੱਕ ਪਾਣੀ ਦੇ ਡਿੱਗਦੇ ਪੱਧਰ ਲਈ ਪੰਜਾਬ 'ਚ ਧੜੱਲੇ ਨਾਲ ਹੁੰਦੀ ਝੋਨੇ ਦੀ ਖੇਤੀ ਅਤੇ ਫੈਕਟਰੀਆਂ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਅਸੀਂ ਵੀ ਆਪਣੇ ਨਿੱਤ ਦੇ ਕੰਮਾਂਕਾਰਾਂ 'ਚ ਪਾਣੀ ਦੀ ਬਰਬਾਦੀ ਕਰਦੇ ਹਾਂ। ਪਾਣੀ ਦੀ ਬੇਕਦਰੀ ਕਰਨ ਵਾਲੇ ਕਈ ਇਨਸਾਨ ਆਪਣੇ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਗਲੀਆਂ 'ਚ ਖੜ੍ਹੀਆਂ ਕਰ ਕੇ ਲਾਪਰਵਾਹੀ ਨਾਲ ਧੋ ਰਹੇ ਹੁੰਦੇ ਹਨ। ਇੰਜ ਉਹ ਚੰਦ ਕੁ ਮਿੰਟਾਂ 'ਚ ਹੀ ਹਜ਼ਾਰਾਂ ਲੀਟਰ ਪਾਣੀ ਵਹੀਕਲਾਂ ਨੂੰ ਧੋਣ ਅਤੇ ਡੰਗਰਾਂ ਨੂੰ ਨੁਹਾਉਣ 'ਤੇ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਨਾਸਮਝਾਂ ਨੂੰ ਪਾਣੀ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਸਫ਼ਰ ਕਰਦੇ ਹੋਏ ਪਿਆਸ ਬੁਝਾਉਣ ਲਈ ਮਜਬੂਰੀ 'ਚ ਇਕ ਪਾਣੀ ਦੀ ਬੋਤਲ 20 ਰੁਪਏ 'ਚ ਖ਼ਰੀਦਦੇ ਹਨ। ਕਈ ਇਨਸਾਨ ਵਪਾਰਕ ਅਦਾਰਿਆਂ ਅਤੇ ਦੁਕਾਨਾਂ ਦੇ ਬਾਹਰ ਵੀ ਸਵੇਰੇ ਪਾਣੀ ਵਾਲਾ ਪਾਈਪ ਫੜ ਕੇ ਖ਼ੂਬ ਪਾਣੀ ਦਾ ਛਿੜਕਾਅ ਕਰਦੇ ਹਨ। ਪੰਜਾਬ ਵਿਚ ਪਿੰਡਾਂ ਦੀ ਗਿਣਤੀ ਲਗਪਗ 12581 ਹੈ। ਇਨ੍ਹਾਂ 'ਚ ਘਰਾਂ ਦੀ ਗਿਣਤੀ ਵੀ ਲੱਖਾਂ ਦੀ ਤਾਦਾਦ 'ਚ ਹੋਵੇਗੀ। ਜੇ ਹਰ ਘਰ 'ਚ ਇਕ ਟੂਟੀ ਜ਼ਰੀਏ ਪ੍ਰਤੀ ਸਕਿੰਟ ਇਕ-ਇਕ ਬੂੰਦ ਪਾਣੀ ਵੀ ਧਰਤੀ 'ਤੇ ਅਜਾਈਂ ਡਿੱਗਦਾ ਹੈ ਤਾਂ 10 ਲੱਖ ਘਰਾਂ ਦੀ ਗਿਣਤੀ ਮੁਤਾਬਕ ਇਕ ਦਿਨ ਵਿਚ 2 ਕਰੋੜ, 16 ਲੱਖ ਲੀਟਰ ਪਾਣੀ ਅਜਾਈਂ ਚਲਾ ਜਾਂਦਾ ਹੈ ਜੋ ਇਕ ਸਾਲ ਵਿਚ ਲਗਪਗ 7 ਅਰਬ 88 ਕਰੋੜ 40 ਲੱਖ ਲੀਟਰ ਬਣ ਜਾਂਦਾ ਹੈ। ਹੁਣ ਇੱਥੇ ਹਰ ਇਨਸਾਨ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਨਾਸਮਝੀ ਵਰਤਦੇ ਹੋਏ ਹਰ ਸਾਲ ਅਰਬਾਂ ਲੀਟਰ ਪਾਣੀ ਬਰਬਾਦ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੀਆਂ ਅਤੇ ਸਾਡੀਆਂ ਭਵਿੱਖੀ ਪੀੜ੍ਹੀਆਂ ਆਪਣੇ ਮੂੰਹੋਂ ਪਾਣੀ ਖੋਹਣ ਦਾ ਗੁਨਾਹਗਾਰ ਮੰਨਦੇ ਹੋਏ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ। ਇਸ ਲਈ ਹਰ ਇਨਸਾਨ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਪਾਣੀ ਦੀ ਕਦੇ ਵੀ ਦੁਰਵਰਤੋਂ ਨਾ ਕਰੇ ਅਤੇ ਪਰਮਾਤਮਾ ਵੱਲੋਂ ਬਖ਼ਸ਼ਿਸ਼ ਕੀਤੀ ਹੋਈ ਇਸ ਬਿਹਤਰੀਨ ਦਾਤ ਦੀ ਸੰਕੋਚ ਨਾਲ ਵਰਤੋਂ ਕਰੀਏ ਅਤੇ ਪਾਣੀ ਦੀ ਬੂੰਦ-ਬੂੰਦ ਨੂੰ ਬਚਾਉਣ ਦਾ ਸੱਚੇ ਦਿਲੋਂ ਅਹਿਦ ਕਰੀਏ।


-ਸਰਵਣ ਸਿੰਘ ਭੰਗਲਾਂ (ਸਮਰਾਲਾ)। ਮੋਬਾਈਲ ਨੰ. : 98725-54147

Posted By: Sukhdev Singh