-ਰਾਬਿੰਦਰ ਸਿੰਘ ਰੱਬੀ

ਤਰਸ ਕਰੋ ਕੁਝ ਮਾਂ ਬੋਲੀ ’ਤੇ, ਕਿਉਂ ਜੜ੍ਹ ਵੱਢਣ ਲੱਗੇ ਹੋ।

ਕਲਮ ਘੜੋ, ਕਿਉਂ ਆਰੇ ਜੜ੍ਹ ਦੇ ਵਿਚ ਟਿਕਾਈ ਜਾਂਦੇ ਹੋ। (ਅਮਰ ਸੂਫੀ)। ਪੰਜਾਬੀ ਦੇ ਸ਼ਬਦ ਮੂੰਹ ’ਚੋਂ ਕਿਰਦੇ ਨੇ ਤਾਂ ਲੱਗਦਾ ਹੈ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ਹੋਣ। ਪੰਜਾਬੀ ਬੰਦਾ ਪੰਜਾਬੀ ਨੂੰ ਪਛਾਣਦਾ ਹੈ। ਲੱਖਾਂ ਮੀਲ ਬੈਠਾ ਵੀ ਪੰਜਾਬੀ ਦੀ ਟੋਹ ਲੈਂਦਾ ਹੈ। ਭਾਵੇਂ ਉਸ ਦਾ ਕੋਈ ਸਕਾ ਪੰਜਾਬ ਵਿਚ ਨਾ ਵੀ ਰਹਿੰਦਾ ਹੋਵੇ ਤਾਂ ਵੀ ਬਿੜਕ ਰੱਖਦੈ ਕਿ ‘ਮੇਰੇ ਪੰਜਾਬ’ ਵਿਚ ਕੀ ਹੋ ਰਿਹੈ। ਪੰਜਾਬੀ ਗਾਣੇ ਸੁਣ ਕੇ ਪੱਬਾਂ ਭਾਰ ਨੱਚ-ਨੱਚ ਫਾਥਾ ਹੋ ਜਾਂਦੈ। ਬੋਲੀ ਬੋਲਣ ਨੂੰ ਜਦੋਂ ਤਰਸਦੈ ਤਾਂ ਕਦੇ ਗੁਰਦੁਆਰੇ, ਕਦੇ ਸਾਂਝੇ ਸਮਾਗਮਾਂ ਉੱਤੇ ਆਪਣੇ ਮਨ ਦੀ ਭੜਾਸ ਕੱਢਦੈ। ਕਦੇ-ਕਦਾਈਂ ਪੰਜਾਬ ਰਹਿੰਦੇ ਆਪਣੇ ਕਿਸੇ ਬੇਲੀ ਨੂੰ ਫੋਨ ਲਾ ਲੈਂਦੈ। ਅਜਿਹਾ ਕੀ ਹੈ ਪੰਜਾਬੀ ਵਿਚ? ਅਜਿਹਾ ਕੀ ਹੈ ਮਾਂ-ਬੋਲੀ ਵਿਚ? ਜੋ ਦੇਸ਼-ਵਿਦੇਸ਼ ਵੱਸਦੇ ਨੂੰ ਵੀ ਖਿੱਚਾਂ ਪੈਂਦੀਆਂ ਹਨ। ਸਾਨੂੰ ਭਾਸਦੈ ਕਿ ਸਾਡੇ ਕਣ-ਕਣ ਵਿਚ ਇਹੋ ਵਸੀ ਹੋਈ ਹੈ। ਸਾਡੀ ਜੀਭ ਇਸ ਨੂੰ ਬੋਲ ਕੇ ਸੁਆਦ-ਸੁਆਦ ਹੋ ਜਾਂਦੀ ਹੈ।

ਮਨ ਮਿਠਾਸ ਨਾਲ਼ ਭਰ ਜਾਂਦੈ। ਇਹ ਤਸਵੀਰ ਦਾ ਇਕ ਪਾਸਾ ਹੀ ਹੈ। ਦੂਜਾ ਪਾਸਾ ਰੁੱਖਾ ਹੈ। ਕੁੜੱਤਣ ਨਾਲ ਭਰਿਐ। ਇੱਥੇ ਬੇਭਰੋਸਗੀ ਦਾ ਆਲਮ ਹੈ। ਭਰਾ-ਭਰਾ ਵੱਲ ਟੇਢੇ ਢੰਗ ਨਾਲ ਦੇਖ ਰਿਹੈ। ਮਾਂ ਤੋਂ ਮੁਨਕਰ ਹੋ ਰਿਹੈ। ਆਪਸੀ ਦੂਰੀ ਵਧ ਰਹੀ ਹੈ। ਪਹਿਲਾਂ ਇਸ ਉੱਤੇ ਧਰਮ ਦਾ ਗ਼ਲਬਾ ਪਾ ਦਿੱਤਾ ਗਿਐ। ਇਹ ਫੈਲਾ ਦਿੱਤਾ ਗਿਆ ਕਿ ਹਿੰਦੂਆਂ ਦੀ ਭਾਸ਼ਾ ਹਿੰਦੀ ਹੈ। ਮੁਸਲਮਾਨਾਂ ਦੀ ਉਰਦੂ ਅਤੇ ਸਿੱਖਾਂ ਦੀ ਪੰਜਾਬੀ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਜਾਓ, ਤੁਹਾਨੂੰ ਅਜਿਹਾ ਨਹੀਂ ਮਿਲੇਗਾ। ਦੁਨੀਆ ਨੂੰ ਕੀ, ਤੁਸੀਂ ਭਾਰਤ ਦੇ ਕਿਸੇ ਵੀ ਰਾਜ ਵਿਚ ਜਾਓ, ਤੁਹਾਨੂੰ ਹਰ ਰਾਜ ਦੇ ਲੋਕ ਇਕ ਦਿਸਣਗੇ ਬਸ਼ਰਤੇ ਕਿ ਉੱਥੇ ਕਿਸੇ ਨੇ ਪੰਜਾਬ ਵਾਂਗ ਧਰਮ ਦੇ ਆਧਾਰ ’ਤੇ ਨਾਗ ਨਾ ਫੇਰਿਆ ਹੋਵੇ। ਬੰਗਾਲੀਆਂ ਦੀ ਭਾਸ਼ਾ ਬੰਗਾਲੀ ਹੋਵੇਗੀ।

ਅਸਾਮੀਆਂ ਦੀ ਅਸਾਮੀ, ਤਾਮਿਲਨਾਡੂ ਦੀ ਤਾਮਿਲ, ਕਰਨਾਟਕ ਦੀ ਕੰਨੜ, ਗੁਜਰਾਤ ਦੀ ਗੁਜਰਾਤੀ, ਮਹਾਰਾਸ਼ਟਰ ਦੀ ਮਰਾਠੀ, ਅਰੁਣਾਚਲ ਪ੍ਰਦੇਸ਼ ਦੀ ਮੋਨ, ਆਂਧਰਾ ਪ੍ਰਦੇਸ਼ ਦੀ ਤੇਲਗੂ, ਓਡੀਸ਼ਾ ਦੀ ਉੜੀਆ, ਕੇਰਲ ਦੀ ਮਲਿਆਲਮ, ਗੋਆ ਦੀ ਕੋਂਕਣੀ, ਮਿਜ਼ੋਰਮ ਦੀ ਮਿਜ਼ੋ, ਮੇਘਾਲਿਆ ਦੀ ਖਾਸੀ ਗਾਰ, ਰਾਜਸਥਾਨ ਦੀ ਰਾਜਸਥਾਨੀ, ਤ੍ਰਿਪੁਰਾ ਦੀ ਤ੍ਰਿਪੁਰੀ, ਸਿੱਕਮ ਦੀ ਸਿੱਕਮੀ, ਜੰਮੂ ਕਸ਼ਮੀਰ ਦੀ ਡੋਗਰੀ ਅਤੇ ਹਿਮਾਚਲ ਪ੍ਰਦੇਸ਼ ਦੀ ਪਹਾੜੀ ਭਾਸ਼ਾ ਹੋਵੇਗੀ। ਕਈ ਰਾਜਾਂ ਵਿਚ ਸਥਾਨਕ ਭਾਸ਼ਾ ਦੇ ਨਾਲ-ਨਾਲ ਹਿੰਦੀ ਵੀ ਬੋਲੀ, ਲਿਖੀ ਅਤੇ ਪੜ੍ਹੀ ਜਾਂਦੀ ਹੈ। ਇੱਥੋਂ ਤਕ ਕਿ ਨਾਗਾਲੈਂਡ ’ਚ ਅੰਗਰੇਜ਼ੀ ਅਤੇ ਅੰਗਾਮੀ ਵੀ ਹੈ। ਕਹਿਣ ਦਾ ਮੋਟਾ-ਮੋਟਾ ਅਰਥ ਇਹ ਹੈ ਕਿ ਰਾਜ ਦੇ ਲੋਕ ਆਪਣੀ ਭਾਸ਼ਾ ਨੂੰ ਲੈ ਕੇ ਇਕਮੱਤ ਹੁੰਦੇ ਹਨ ਪਰ ਜਿਸ ਪੰਜਾਬ ਦੀਆਂ ਸਿਫ਼ਤਾਂ ਮੈਂ ਉੱਤੇ ਕੀਤੀਆਂ ਹਨ, ਉੱਥੇ ਅਜਿਹਾ ਨਹੀਂ ਹੋ ਰਿਹਾ ਜਾਂ ਅਜਿਹਾ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਦੇ ਵੱਖ-ਵੱਖ ਕਾਰਨ ਹਨ। ਇਕ ਕਾਰਨ ਤਾਂ ਮੈਂ ਲਿਖ ਹੀ ਚੁੱਕਾ ਹਾਂ ਕਿ ਭਾਸ਼ਾ ਨੂੰ ਧਰਮ ਨਾਲ ਜੋੜ ਦਿੱਤਾ ਗਿਆ ਹੈ। ਹੁਣ ਦੂਜਾ ਵੱਡਾ ਕਾਰਨ ਹੈ ਕਿ ਭਾਸ਼ਾ ਨੂੰ ਆਰਥਿਕਤਾ ਨਾਲ ਜੋੜ ਕੇ ‘ਰਹਿੰਦੀ-ਖੂੰਹਦੀ ਕਸਰ’ ਵੀ ਕੱਢੀ ਜਾ ਰਹੀ ਹੈ। ਵੱਡੇ-ਵੱਡੇ ਅਦਾਰਿਆਂ, ਸਕੂਲਾਂ ਅਤੇ ਸੰਸਥਾਵਾਂ ਵਿਚ ਪੰਜਾਬੀ ਬੋਲਣ ਦੇ ਮੌਕੇ ਹੀ ਨਹੀਂ ਦਿੱਤੇ ਜਾਂਦੇ। ਉੱਥੇ ਸਿਰਫ਼ ਅੰਗਰੇਜ਼ੀ ਹੀ ਪੜ੍ਹਾਈ ਜਾਂਦੀ ਹੈ। ਉਨ੍ਹਾਂ ਨੂੰ ਦੇਖ ਕੇ ਛੋਟੇ ਸਕੂਲ ਵੀ ਅਜਿਹਾ ਹੀ ਕਰਦੇ ਹਨ।

ਸਿੱਟੇ ਵਜੋਂ ਨਾ ਬੱਚੇ ਅੰਗਰੇਜ਼ੀ ਸਿੱਖਦੇ ਹਨ ਅਤੇ ਨਾ ਹੀ ਪੰਜਾਬੀ। ‘ਚੰਗੇ-ਚੰਗੇ’ ਅਤੇ ‘ਮਾੜੇ-ਮੋਟੇ’ ਅਦਾਰਿਆਂ ਵਿਚ ਪੜ੍ਹੇ ਵਿਦਿਆਰਥੀ ਪੰਜਾਬੀ ਪੱਖੋਂ ਕੋਰੇ ਜਾਂ ‘ਅੰਗਹੀਣ’ ਹੁੰਦੇ ਹਨ। ਹਰ ‘ਸਰਦਾ-ਪੁੱਜਦਾ’ ਪੰਜਾਬੀ ਆਪਣੀ ਬੋਲੀ ਨੂੰ ‘ਬਿਲੇ ਲਾਉਣ’ ਦੀ ਤਿਆਰੀ ਕਰੀ ਬੈਠਾ ਹੈ। ਇਹ ਵੀ ਇਕ ਸੱਚ ਹੈੇ। ਅਜੋਕੇ ਮਾਹੌਲ ਵਿਚ ਇਹ ਮੁੱਦਾ ਧਾਰਮਿਕ ਨਾਲੋਂ ਵੱਧ ਆਰਥਿਕ ਬਣ ਗਿਆ ਹੈ। ਹੁਣ ਤਾਂ ‘ਚੰਗੇ-ਚੰਗੇ’ ਬੀਬੀਆਂ ਦਾੜ੍ਹੀਆਂ ਵਾਲੇ ਵੀ ਆਪਣੇ ਬੱਚੇ ਅਜਿਹੇ ਸਕੂਲਾਂ ਵਿਚ ਭੇਜਣ ’ਚ ਮਾਣ ਮਹਿਸੂਸ ਕਰਦੇ ਹਨ ਜਿੱਥੇ ਕਿ ਪੰਜਾਬੀ ਦਰਕਿਨਾਰ ਕੀਤੀ ਹੁੰਦੀ ਹੈ।

ਦੁਰਗਤੀਆਂ ਦੇ ਮਸਲੇ ਵਿਚ ਅਗਲਾ ਸਵਾਲ ਸ਼ੁੱਧ ਪੰਜਾਬੀ ਦਾ ਹੈ। ਅਸੀਂ ਜੇਕਰ ਕੋਈ ਅੰਗਰੇਜ਼ੀ ਦਾ ਸ਼ਬਦ ਲਿਖਣਾ ਹੋਵੇ ਤਾਂ ਸੌ ਬੰਦਿਆਂ ਤੋਂ ਪੁੱਛਦੇ ਹਾਂ ਪਰ ਪੰਜਾਬੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਇੱਥੇ ਹਰ ਕੋਈ ਹੀ ਪੰਜਾਬੀ ਦਾ ‘ਮਾਸਟਰ’ ਹੈ। ਇਸ ਵਿਚ ਵੀ ਦੋ ਰਾਵਾਂ ਹਨ। ਇਕ ਤਾਂ ਪੰਜਾਬੀ ਦੇ ਪ੍ਰਮਾਣੀਕਰਨ ਦੀ ਸਮੱਸਿਆ ਹੈ ਕਿ ਸ਼ਬਦ ਕਿੰਜ ਲਿਖਿਆ ਜਾਵੇ? ਅਜੇ ਪੰਜਾਬੀ ਸਮਾਜ ਇਸ ਬਾਰੇ ਇਕਮੱਤ ਨਹੀਂ ਹੈ ਪਰ ਮੈਂ ਉਨ੍ਹਾਂ ਸ਼ਬਦਾਂ ਦੀ ਗੱਲ ਕਰਦਾ ਹਾਂ ਜਿਨ੍ਹਾਂ ਨੂੰ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਵਿਚ ਵੀ ਗ਼ਲਤੀਆਂ ਦੀ ਭਰਮਾਰ ਦਿਖਾਈ ਦਿੰਦੀ ਹੈ। ਸਾਡੀਆਂ ਕਿਤਾਬਾਂ, ਅਖ਼ਬਾਰਾਂ, ਮੈਗਜ਼ੀਨਾਂ, ਹਸਪਤਾਲਾਂ, ਬੱਸ ਅੱਡਿਆਂ, ਸਟੇਸ਼ਨਾਂ, ਮੀਲ ਪੱਥਰਾਂ, ਬੋਰਡਾਂ, ਏਟੀਐੱਮ ਮਸ਼ੀਨਾਂ ਦੀਆਂ ਪਰਚੀਆਂ, ਬਿਜਲੀ ਬੋਰਡ ਦੇ ਬਿੱਲਾਂ ਦੀਆਂ ਪਰਚੀਆਂ, ਸੱਦਾ ਪੱਤਰਾਂ, ਫੇਸਬੁੱਕੀ ਪੋਸਟਾਂ ਅਤੇ ਚੰਗੇ ‘ਕਹਿੰਦੇ-ਕਹਾਉਂਦੇ ਅਦਾਰਿਆਂ’ ਦੇ ਨਾਵਾਂ ਵਿਚ ਵੀ ਗ਼ਲਤੀਆਂ ਦੀ ਭਰਮਾਰ ਹੁੰਦੀ ਹੈ। ‘ਰਾਜ ਭਾਸ਼ਾ ਐਕਟ’ ਬਣਿਆ ਹੈ ਜੋ ਕਹਿੰਦਾ ਹੈ ਕਿ ਪੰਜਾਬ ਵਿਚ ਸਰਕਾਰੀ ਕੰਮਾਂ ਲਈ ਪੰਜਾਬੀ ਦੀ ਵਰਤੋਂ ਕੀਤੀ ਜਾਣੀ ਹੈ। ‘ਗਲ਼ ਪਿਆ ਢੋਲ ਵਜਾਉਣ ਵਾਂਗ’ ਅਦਾਰਿਆਂ ਨੇ ਕਰਤੀ ਪੰਜਾਬੀ ਦੀ ਵਰਤੋਂ ਸ਼ੁਰੂ। ਮੈਂ ’ਕੇਰਾਂ ਇਕ ਹਸਪਤਾਲ (ਨਾਂ ਨਹੀਂ ਲੈਂਦਾ) ਵਿਚ ਗਿਆ। ਉਸ ਦੇ ਕਮਰੇ ਦੀ ਇਕ ਛੋਟੀ ਜਿਹੀ ਉਦਾਹਰਨ ਦਿਖਾਉਂਦਾ ਹਾਂ।

‘ਦੰਦਾ’ ਦਾ ਵਿਭਾਗ (ਦੰਦਾਂ), ਦੰਦਾਂ ਦੀ ‘ਸੇਹਤ’ ਦੇ ਨੁਕਤੇ (ਸਿਹਤ), ਡਾਕਟਰ ਨੂੰ ਛੇ ਮਹੀਨੇ ‘ਬਾਦ’ (ਬਾਅਦ) ਮਿਲੋ। ਬੱਚਿਆਂ ਨੂੰ ਫਲੋਰਾਇਡ ਮੰਜਨ ਨਾਲ ਬੁਰਸ਼ ‘ਕਰਵਾਅੋ’ (ਕਰਵਾਓ)। ਇਹ ਨਹੀਂ ਕਿ ਇਨ੍ਹਾਂ ਲੋਕਾਂ ਨੂੰ ਸਹੀ ਪੰਜਾਬੀ ਨਹੀਂ ਆਉਂਦੀ ਜਾਂ ਇਹ ਪੰਜਾਬੀ ਨਹੀਂ ਸਿੱਖ ਸਕਦੇ ਪਰ ਇਨ੍ਹਾਂ ਵਿਚ ਸੁਹਿਰਦਤਾ ਦੀ ਘਾਟ ਹੈ। ਇਹ ‘ਪੜ੍ਹੇ-ਲਿਖੇ’ ਹਨ ਪਰ ਆਪਣੀ ਮਾਂ-ਬੋਲੀ ਵੱਲ ਪਿੱਠ ਕਰੀ ਖੜ੍ਹੇ ਹਨ। ਜਦੋਂ ਸਾਡੇ ਜਾਗਰੂਕ ‘ਪੜ੍ਹੇ-ਲਿਖੇ’ ਅਜਿਹਾ ਕਰਦੇ ਹਨ, ਫਿਰ ਅਨਪੜ੍ਹਾਂ ਜਾਂ ਅਧਪੜ੍ਹਾਂ ਦਾ ਕੀ ਕਹਿਣਾ। ਇਸੇ ਲਈ ਬੱਸਾਂ, ਟਰੱਕਾਂ, ਸੜਕਾਂ ਅਤੇ ਅੱਡਿਆਂ ਉੱਤੇ ‘ਉੱਡਦੀ ਖੇਹ’ ਆਪਾਂ ਰੋਜ਼ ਹੀ ਦੇਖਦੇ ਹਾਂ। ਕਿੰਨਿਆਂ ਨੇ ਇਹ ਸਤਰਾਂ ਪੜ੍ਹੀਆਂ ਨੇ :

= ਸਿਰ ਤੇ ਬਾਜੂ/ਬਾਹ (ਬਾਂਹ) ਬਾਹਰ ਨਾ ਕੱਡੋ (ਕੱਢੋ)।

= 1,2,3 ਸੀਟਾਂ ਤੇ (’ਤੇ) ਸੋਣਾ (ਸੌਣਾਂ) ਮਨਾ (ਮਨ੍ਹਾਂ) ਹੈ।

= ਠੰਡਾ (ਠੰਢਾ) ਪਾਣੀ ਪੀਓ।

‘ਸੋਸ਼ਲ ਮੀਡੀਏ’ ਕਾਰਨ ਗ਼ਲਤ ਪੰਜਾਬੀ ਵਾਲਿਆਂ ਨੇ ਹੋਰ ਰੰਗਤ ਫੜੀ ਹੈ। ਹੁਣ ਹਰ ਕੋਈ ਪੱਤਰਕਾਰ ਹੈ। ਕਿਸੇ ਤਰ੍ਹਾਂ ਦਾ ਵੀ ਭਾਵਕ ਪੋਸਟਰ ਬਣਾ ਕੇ ਅਗਲਾ ਗਰੁੱਪ ਵਿਚ ਸੁੱਟ ਦਿੰਦਾ ਹੈ। ਬਸ, ਫਿਰ ਕੀ ਹੁੰਦਾ ਹੈ? ‘ਦੜੈਂ-ਦੜੈਂ’ ਸਾਰੇ ਉਸੇ ਨੂੰ ਅੱਗੇ ਤੋਂ ਅੱਗੇ ਭੇਜੀ ਜਾਂਦੇ ਹਨ ਪਰ ਸੰਜੀਦਾ ਬੰਦਿਆਂ ਨੂੰ ਉਹ ਭਾਵੁਕ ਪੋਸਟਰ ਵੀ ‘ਵਿਹੁ ਵਰਗਾ’ ਲੱਗਦਾ ਹੈੇ। ਸਾਡੇ ਚੈਨਲਾਂ ’ਚ ਵੀ ਗ਼ਲਤ ਪੰਜਾਬੀ ਲਿਖਣ ਦੀ ਦੌੜ ਲੱਗੀ ਹੋਈ ਹੈ। ਉਨ੍ਹਾਂ ਦੀ ‘ਬਰੇਕਿੰਗ ਨਿਊਜ਼’ ਪੜ੍ਹ-ਪੜ੍ਹ ਕੇ ਉਨ੍ਹਾਂ ਉੱਤੇ ਹਾਸਾ ਵੀ ਆਉਂਦਾ ਹੈ ਅਤੇ ਰੋਣਾ ਵੀ। ਚੈਨਲਾਂ ਦੇ ਬਹੁਤੇ ‘ਐਂਕਰਾਂ’ ਨੇ ਤਾਂ ‘ਣ’ ਨੂੰ ਉਂਜ ਹੀ ਤਿਲਾਂਜਲੀ ਦਿੱਤੀ ਹੋਈ ਹੈ। ਅਸੀਂ ਏਟੀਐਮ ਮਸ਼ੀਨਾਂ ਚਲਾਉਣ ਵੇਲੇ ਪੰਜਾਬੀ ਦੀ ਵਰਤੋਂ ਕਰ ਰਹੇ ਹਾਂ? ਨਹੀਂ, ਇਸੇ ਲਈ ਹੌਲੀ-ਹੌਲੀ ਪੰਜਾਬੀ ਏਟੀਐੱਮ ਮਸ਼ੀਨਾਂ ਵਿੱਚੋਂ ‘ਅਗਲਿਆਂ’ ਗ਼ਾਇਬ ਕਰ ਦਿੱਤੀ ਹੈ। ਆਓ, ਅਸੀਂ

ਪੰਜਾਬੀ ਲਿਖਣ, ਵਰਤਣ ਦੀ ਆਦਤ ਪਾਈਏ ਅਤੇ ‘ਸ਼ੁੱਧ ਪੰਜਾਬੀ’ ਲਿਖਣ ਦੀ ਆਦਤ ਪਾਈਏ।

-ਮੋਬਾਈਲ : 89689-46129

Posted By: Jatinder Singh