-ਡਾ. ਰਣਜੀਤ ਸਿੰਘ

ਜਦੋਂ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਉਦੋਂ ਦੇਸ਼ ਵਿਚ ਅਨਾਜ ਦੀ ਘਾਟ ਸੀ ਅਤੇ ਸਰਹੱਦਾਂ 'ਤੇ ਵੀ ਲੜਾਈ ਸ਼ੁਰੂ ਹੋ ਗਈ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਦੇਸ਼ ਦੇ ਦੋ ਮਹੱਤਵਪੂਰਨ ਅੰਗ ਕਿਸਾਨ ਤੇ ਜਵਾਨ ਹਨ। ਰੋਟੀ ਇਨਸਾਨ ਦੀ ਮੁੱਢਲੀ ਲੋੜ ਹੈ ਅਤੇ ਰੋਟੀ ਤਾਂ ਕਿਸਾਨ ਦੇ ਯਤਨਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਦੇਸ਼ ਦੀ ਸੁਰੱਖਿਆ ਲਈ ਤਾਕਤਵਰ ਫ਼ੌਜ ਦੀ ਲੋੜ ਹੈ। ਉਨ੍ਹਾਂ ਦੇਸ਼ ਦੇ ਲੋਕਾਂ ਨੂੰ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ। ਅਨਾਜ ਦੀ ਘਾਟ ਨੂੰ ਪੂਰੀ ਕਰਨ ਲਈ ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਹਫ਼ਤੇ ਵਿਚ ਇਕ ਦਿਨ ਵਰਤ ਰੱਖਣ ਵਾਸਤੇ ਵੀ ਆਖਿਆ। 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਦਾ ਭਾਵ ਸੀ ਕਿ ਕਿਸਾਨ ਅਤੇ ਫ਼ੌਜੀ ਜਵਾਨ ਦੀ ਦੇਸ਼ ਲਈ ਵਿਸ਼ੇਸ਼ ਮਹੱਤਤਾ ਹੈ। ਇਨ੍ਹਾਂ ਦੀ ਭਲਾਈ ਬਾਰੇ ਸੋਚਣਾ ਦੇਸ਼ ਦੀ ਸਰਕਾਰ ਅਤੇ ਲੋਕਾਂ ਦਾ ਫ਼ਰਜ਼ ਹੈ। ਫ਼ੌਜੀ ਆਪਣੀ ਜਾਨ ਨੂੰ ਤਲੀ 'ਤੇ ਰੱਖ ਕੇ ਬਹੁਤ ਸਾਰੇ ਦੁੱਖ ਝੱਲਦੇ ਹੋਏ ਸਰਹੱਦਾਂ ਦੀ ਰਾਖੀ ਕਰਦੇ ਹਨ। ਸਰਕਾਰ ਵੱਲੋਂ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਰਕਾਰ ਉਨ੍ਹਾਂ ਨੂੰ ਤਨਖ਼ਾਹ, ਰੋਟੀ, ਵਰਦੀ ਤੇ ਰਹਿਣ ਦੀ ਥਾਂ ਦਿੰਦੀ ਹੈ। ਇਕ ਮਿੱਥੇ ਸਮੇਂ ਦੀ ਨੌਕਰੀ ਕਰਨ ਪਿੱਛੋਂ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ ਅਤੇ ਮੁੜ ਉਹ ਕੋਈ ਹੋਰ ਧੰਦਾ ਵੀ ਕਰ ਸਕਦੇ ਹਨ। ਬਦਕਿਸਮਤੀ ਨਾਲ ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਪਰਿਵਾਰ ਨੂੰ ਪੈਨਸ਼ਨ ਮਿਲਦੀ ਹੈ। ਉਨ੍ਹਾਂ ਨੂੰ ਰਾਸ਼ਨ ਤੇ ਹੋਰ ਲੋੜੀਂਦੀਆਂ ਵਸਤਾਂ ਬਾਜ਼ਾਰ ਨਾਲੋਂ ਸਸਤੇ ਮੁੱਲ 'ਤੇ ਦਿੱਤੀਆਂ ਜਾਂਦੀਆਂ ਹਨ। ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਹੱਕ ਹੈ। ਫ਼ੌਜੀਆਂ ਦੇ ਹੱਕਾਂ ਦੀ ਰਾਖੀ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਹਨ।

ਇਹ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਜਾਂਦਾ। ਮੋਦੀ ਜੀ ਨੇ ਅਗਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵੀ ਟੀਚਾ ਮਿੱਥਿਆ ਹੈ। ਸਰਕਾਰ ਨੇ ਖੇਤੀ ਵਿਭਾਗ ਦੇ ਨਾਂ ਨਾਲ ਕਿਸਾਨ ਭਲਾਈ ਸ਼ਬਦ ਤਾਂ ਜੋੜ ਦਿੱਤਾ ਹੈ ਪਰ ਅਜੇ ਤਕ ਕਿਸਾਨ ਭਲਾਈ ਲਈ ਕੋਈ ਠੋਸ ਸਕੀਮ ਨਹੀਂ ਉਲੀਕੀ ਗਈ। ਸਾਰੇ ਪ੍ਰਾਣੀਆਂ ਨਾਲੋਂ ਕਿਸਾਨ ਦੀ ਜੂਨ ਸਭ ਤੋਂ ਔਖੀ ਹੈ। ਉਸ ਨੂੰ ਗਰਮੀ-ਸਰਦੀ ਹਰ ਮੌਸਮ ਵਿਚ ਸਵੇਰ ਤੋਂ ਲੈ ਕੇ ਸ਼ਾਮ ਤਕ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਇੰਨੀ ਸਖ਼ਤ ਮਿਹਨਤ ਵਸੋਂ ਦਾ ਹੋਰ ਕੋਈ ਅੰਗ ਨਹੀਂ ਕਰਦਾ। ਉਹ ਇਨਸਾਨ ਦੀ ਸਭ ਤੋਂ ਮੁੱਢਲੀ ਲੋੜ ਰੋਟੀ ਸਿਰਜਦਾ ਹੈ। ਸਰਹੱਦ 'ਤੇ ਫ਼ੌਜੀ ਵੀ ਨਹੀਂ ਲੜ ਸਕਣਗੇ ਜੇਕਰ ਉਹ ਢਿੱਡੋਂ ਭੁੱਖੇ ਹੋਣਗੇ। ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ :

'ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ।'

ਭੁੱਖਿਆਂ ਤਾਂ ਭਗਤੀ ਵੀ ਨਹੀਂ ਹੋ ਸਕਦੀ ਹੈ। ਇਸੇ ਲਈ ਕਿਸੇ ਭਗਤ ਨੇ ਪਰਮਾਤਮਾ ਨੂੰ ਆਖਿਆ ਸੀ, “ਸਾਥੋਂ ਭੁੱਖਿਆਂ ਭਗਤੀ ਨਾ ਹੋਵੇ, ਇਹ ਲੈ ਫੜ ਮਾਲਾ ਆਪਣੀ” ਕਿਸੇ ਵੀ ਦੇਸ਼, ਕੌਮ ਜਾਂ ਪਰਿਵਾਰ ਦਾ ਮਾਣ-ਸਤਿਕਾਰ ਉਦੋਂ ਹੀ ਹੁੰਦਾ ਹੈ ਜਦੋਂ ਉਨ੍ਹਾਂ ਦੀ ਕੋਠੀ ਵਿਚ ਦਾਣੇ ਹੁੰਦੇ ਹਨ। ਇਹ ਆਖਿਆ ਜਾਂਦਾ ਹੈ, “ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।” ਕਿਸਾਨ ਨਿਰੀ ਸਖ਼ਤ ਮਿਹਨਤ ਹੀ ਨਹੀਂ ਕਰਦਾ ਸਗੋਂ ਕੁਦਰਤ ਦੀ ਮਾਰ ਵੀ ਸਭ ਤੋਂ ਵੱਧ ਉਸੇ ਨੂੰ ਝੱਲਣੀ ਪੈਂਦੀ ਹੈ। ਜਦੋਂ ਤਕ ਫ਼ਸਲ ਪੱਕ ਕੇ ਉਸ ਦੇ ਘਰ ਨਾ ਪਹੁੰਚ ਜਾਵੇ, ਖ਼ਤਰੇ ਦੀ ਤਲਵਾਰ ਹਮੇਸ਼ਾ ਉਸ ਦੇ ਸਿਰ 'ਤੇ ਲਟਕਦੀ ਰਹਿੰਦੀ ਹੈ। ਵੱਧ ਬਾਰਿਸ਼ ਹੋ ਗਈ ਜਾਂ ਸੋਕਾ ਪੈ ਗਿਆ, ਫ਼ਸਲ ਮਾਰੀ ਜਾਂਦੀ ਹੈ। ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਹੋ ਜਾਵੇ ਤਾਂ ਫ਼ਸਲ ਤਬਾਹ ਹੋ ਜਾਂਦੀ ਹੈ। ਖੇਤ ਵਿਚ ਖੜ੍ਹੀ ਪੱਕੀ ਫ਼ਸਲ ਨੂੰ ਜੇਕਰ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਭਵਿੱਖ ਵੀ ਧੂਏਂ ਨਾਲ ਭਰ ਜਾਂਦਾ ਹੈ। ਜੇ ਫ਼ਸਲ ਚੰਗੀ ਹੋ ਵੀ ਜਾਵੇ ਪਰ ਮੰਡੀ ਦੀ ਮਾਰ ਪੈ ਜਾਵੇ ਤਾਂ ਵੀ ਉਸ ਦਾ ਜਿਊਂਦਿਆਂ ਹੀ ਮਰਨ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਕਿਸਾਨ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਵੀ ਸਮਰੱਥ ਨਹੀਂ ਹੈ। ਇਹ ਸਮਝ ਲੈਣਾ ਕਿ ਦੇਸ਼ ਅਨਾਜ ਵਿਚ ਆਤਮ ਨਿਰਭਰ ਹੋ ਗਿਆ ਹੈ, ਇਸ ਲਈ ਕਿਸਾਨ ਦੀ ਭਲਾਈ ਵੱਲੋਂ ਮੁੱਖ ਮੋੜ ਲਿਆ ਜਾਵੇ, ਗ਼ਲਤ ਧਾਰਨਾ ਹੈ। ਇਹ ਗ਼ਲਤਫਹਿਮੀ ਹੈ ਕਿ ਦੇਸ਼ ਆਤਮ ਨਿਰਭਰ ਹੋ ਗਿਆ ਹੈ। ਅਜੇ ਵੀ ਦੇਸ਼ ਦੀ ਅੱਧੀ ਵਸੋਂ ਕੁਪੋਸ਼ਣ ਦੀ ਸ਼ਿਕਾਰ ਹੈ। ਅੱਧੇ ਬੱਚੇ ਜਨਮ ਸਮੇਂ ਹੀ ਕਮਜ਼ੋਰ ਪੈਦਾ ਹੁੰਦੇ ਹਨ। ਦੇਸ਼ ਦੀ ਮਜ਼ਬੂਤੀ ਲਈ ਮਜ਼ਬੂਤ ਸਰੀਰਾਂ ਦੀ ਲੋੜ ਹੈ। ਜਦੋਂ ਕੁਦਰਤ ਜਾਂ ਮੰਡੀ ਦੀ ਮਾਰ ਪੈਂਦੀ ਹੈ ਤਾਂ ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ। ਇਸੇ ਕਾਰਨ ਗ਼ਰੀਬੀ ਤੋਂ ਸਤਾਏ ਹੋਏ ਕਿਸਾਨਾਂ ਨੂੰ ਮਜਬੂਰ ਹੋ ਕੇ ਖ਼ੁਦਕੁਸ਼ੀ ਕਰਨੀ ਪੈਂਦੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਹੈ ਜਦੋਂ ਕੋਈ ਨਾ ਕੋਈ ਕਿਸਾਨ ਖ਼ੁਦਕੁਸ਼ੀ ਨਾ ਕਰਦਾ ਹੋਵੇ। ਬਾਕੀ ਸਾਰੇ ਵਰਗ ਆਪਣੇ ਲਈ ਕਾਰ ਕਮਾਈ ਕਰਦੇ ਹਨ ਪਰ ਕਿਸਾਨ ਹੀ ਹੈ ਜਿਹੜਾ ਦੂਜਿਆਂ ਲਈ ਭੋਜਨ ਪੈਦਾ ਕਰਦਾ ਹੈ। ਉਸ ਦੀ ਪੈਦਾਵਾਰ ਨੂੰ ਖ਼ਰੀਦਦਾਰ ਚੁੱਕ ਲੈਂਦਾ ਹੈ ਅਤੇ ਜੋ ਚਾਹਵੇ ਮੁੱਲ ਦੇ ਦਿੰਦਾ ਹੈ। ਕੀ ਕਦੇ ਕਿਸੇ ਹੋਰ ਵਰਗ ਨਾਲ ਅਜਿਹਾ ਹੋਇਆ ਹੈ। ਸਨਅਤਕਾਰ ਆਪਣੇ ਮਾਲ ਦਾ ਮੁੱਲ ਆਪ ਨਿਰਧਾਰਤ ਕਰਦਾ ਹੈ। ਵਪਾਰੀ ਅਤੇ ਦੁਕਾਨਦਾਰ ਵੀ ਆਪਣਾ ਮਾਲ ਆਪਣੀ ਮਰਜ਼ੀ ਨਾਲ ਵੇਚਦਾ ਹੈ। ਇੱਥੋਂ ਤਕ ਕਿ ਇਕ ਹੁਨਰੀ ਕਾਮਾ ਵੀ ਆਪਣੀ ਉਜਰਤ ਆਪ ਨਿਸ਼ਚਿਤ ਕਰਦਾ ਹੈ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸਾਨਾਂ ਦੀ ਭਲਾਈ ਬਾਰੇ ਵੀ ਜਵਾਨਾਂ ਵਾਂਗ ਹੀ ਸੋਚਿਆ ਜਾਵੇ। ਦੇਸ਼ ਦੀ ਅੱਧੀਓਂ ਵੱਧ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀ 'ਤੇ ਹੀ ਨਿਰਭਰ ਕਰਦੀ ਹੈ।

ਦੇਸ਼ ਵਿਚ ਬਹੁ-ਗਿਣਤੀ ਛੋਟੇ ਕਿਸਾਨਾਂ ਦੀ ਹੈ ਜਿਨ੍ਹਾਂ ਦੀ ਆਮਦਨ ਸਰਕਾਰ ਦੇ ਚੌਥਾ ਦਰਜਾ ਮੁਲਾਜ਼ਮਾਂ ਤੋਂ ਵੀ ਘੱਟ ਹੈ। ਉਹ ਗ਼ਰੀਬ ਹਨ ਅਤੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਦੇਸ਼ ਵਾਸੀਆਂ ਅਤੇ ਸਰਕਾਰਾਂ ਦਾ ਜਿਵੇਂ ਆਪਣੇ ਜਵਾਨਾਂ ਦਾ ਖ਼ਿਆਲ ਰੱਖਣਾ ਫ਼ਰਜ਼ ਬਣਦਾ ਹੈ ਉਸੇ ਤਰ੍ਹਾਂ ਦੇਸ਼ ਦੇ ਅੰਨਦਾਤੇ ਕਿਸਾਨ ਬਾਰੇ ਸੋਚਣਾ ਵੀ ਸਰਕਾਰ ਤੇ ਦੇਸ਼ਵਾਸੀਆਂ ਦਾ ਮੁੱਢਲਾ ਫ਼ਰਜ਼ ਹੈ। ਕਿਸਾਨ ਪਿੰਡਾਂ ਵਿਚ ਰਹਿੰਦੇ ਹਨ ਜਿੱਥੇ ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ। ਭੋਜਨ ਤੋਂ ਪਿੱਛੋਂ ਇਹ ਦੋਵੇਂ ਮਹੱਤਵਪੂਰਨ ਮੁੱਢਲੀਆਂ ਲੋੜਾਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਬੱਚੇ ਪੜ੍ਹਾਈ ਕਰ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਖੇਤੀ ਦੇ ਵਿਕਾਸ ਲਈ ਵੀ ਵਿੱਦਿਆ ਮੁੱਢਲੀ ਲੋੜ ਹੈ। ਪਿੰਡਾਂ ਵਿਚ ਸਿਹਤ ਸਹੂਲਤਾਂ ਨਾ ਹੋਣ ਦੇ ਬਰਾਬਰ ਹਨ। ਸ਼ਹਿਰਾਂ ਦੇ ਨਿੱਜੀ ਹਸਪਤਾਲਾਂ ਦਾ ਖ਼ਰਚਾ ਛੋਟਾ ਕਿਸਾਨ ਨਹੀਂ ਕਰ ਸਕਦਾ। ਇੰਜ ਬਿਮਾਰੀ ਸਮੇਂ ਉਹ ਲੋੜੀਂਦੀਆਂ ਸਿਹਤ-ਸਹੂਲਤਾਂ ਤੋਂ ਵਿਹੂਣਾ ਰਹਿ ਜਾਂਦਾ ਹੈ।

ਚੌੜੀਆਂ ਸੜਕਾਂ, ਫਲਾਈਓਵਰ, ਚੰਨ 'ਤੇ ਪੁੱਜਣਾ ਆਦਿ ਮਹੱਤਵਪੂਰਨ ਹਨ ਪਰ ਕਿਸੇ ਵੀ ਦੇਸ਼ ਦੇ ਵਿਕਾਸ ਦਾ ਅੰਦਾਜ਼ਾ ਉੱਥੋਂ ਦੇ ਸ਼ਹਿਰੀਆਂ ਦੇ ਵਿਕਾਸ ਤੋਂ ਲਗਾਇਆ ਜਾ ਸਕਦਾ ਹੈ। ਜੇਕਰ ਦੇਸ਼ ਦੀ ਅੱਧੀ ਵਸੋਂ ਵਿੱਦਿਆ ਅਤੇ ਸਿਹਤ ਸਹੂਲਤਾਂ ਤੋਂ ਵਿਹੂਣੀ ਹੈ ਅਤੇ ਕੁਪੋਸ਼ਣ ਦਾ ਸ਼ਿਕਾਰ ਹੈ ਤਾਂ ਉਹ ਦੇਸ਼ ਕਦੇ ਵੀ ਵਿਕਸਤ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੋ ਸਕਦਾ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਵਿਚ ਵਿੱਦਿਆ ਤੇ ਸਿਹਤ-ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਾਰਾ ਧਿਆਨ ਪਿੰਡਾਂ ਦੇ ਵਿਕਾਸ ਵੱਲ ਦੇਣਾ ਚਾਹੀਦਾ ਹੈ। ਭਾਰਤ ਤਾਂ ਵਸਦਾ ਹੀ ਪਿੰਡਾਂ ਵਿਚ ਹੈ। ਜੇ ਪਿੰਡ ਖ਼ੁਸ਼ਹਾਲ ਹੋਣਗੇ ਤਾਂ ਹੀ ਦੇਸ਼ ਖ਼ੁਸ਼ਹਾਲ ਹੋ ਸਕੇਗਾ।

ਸਰਕਾਰ ਨੂੰ ਕਿਸਾਨਾਂ ਖ਼ਾਸ ਤੌਰ 'ਤੇ ਛੋਟੇ ਕਿਸਾਨਾਂ ਲਈ ਪੈਨਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕਿਸਾਨ ਨੂੰ 60 ਸਾਲ ਦੀ ਉਮਰ ਪਿੱਛੋਂ ਪੈਨਸ਼ਨ ਦੇਣੀ ਚਾਹੀਦੀ ਹੈ ਤਾਂ ਜੋ ਬੁਢਾਪੇ ਵਿਚ ਉਸ ਨੂੰ ਰੁਲਣਾ ਨਾ ਪਵੇ। ਸਰਕਾਰ ਵੱਲੋਂ ਕਿਸਾਨ ਪੈਨਸ਼ਨ ਫੰਡ ਕਾਇਮ ਕੀਤਾ ਜਾਵੇ। ਇਸ ਫੰਡ ਵਿਚ ਕਿਸਾਨ ਨੂੰ ਬੀਜ ਤੇ ਮਸ਼ੀਨਾਂ ਦੀ ਖ਼ਰੀਦ ਲਈ ਦਿੱਤੀ ਜਾਣ ਵਾਲੀ ਰਾਹਤ ਪਾਈ ਜਾ ਸਕਦੀ ਹੈ ਕਿਉੇਂਕਿ ਬੀਜਾਂ ਤੇ ਮਸ਼ੀਨਾਂ 'ਤੇ ਦਿੱਤੀ ਜਾਣ ਵਾਲੀ ਰਿਆਇਤ ਦਾ ਕਿਸਾਨ ਨੂੰ ਕੋਈ ਬਹੁਤਾ ਲਾਭ ਨਹੀਂ ਹੁੰਦਾ। ਕਿਸਾਨ ਮੰਡੀ ਵਿਚ ਜਦੋਂ ਆਪਣੀ ਉਪਜ ਵੇਚਦਾ ਹੈ ਤਾਂ ਪੈਨਸ਼ਨ ਸੈੱਸ ਲਗਾਇਆ ਜਾ ਸਕਦਾ ਹੈ। ਖਾਦ, ਬੀਜ, ਕੀਟਨਾਸ਼ਕ, ਨਦੀਨ ਨਾਸ਼ਕ ਅਤੇ ਹੋਰ ਖੇਤੀ ਲੋੜਾਂ ਦੀ ਵਿਕਰੀ ਸਮੇਂ ਵੀ ਦੁਕਾਨਦਾਰ ਤੋਂ ਪੈਨਸ਼ਨ ਸੈਸ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕਈ ਹੋਰ ਵਸੀਲੇ ਵੀ ਲੱਭੇ ਜਾ ਸਕਦੇ ਹਨ।

ਇਕ ਕਿਸਾਨ ਰਾਹਤ ਕੋਸ਼ ਬਣਾਇਆ ਜਾਵੇ। ਇਸ ਕੋਸ਼ 'ਚੋਂ ਕਿਸਾਨ ਨੂੰ ਉਸ 'ਤੇ ਕੁਦਰਤੀ ਮਾਰ ਪੈਣ 'ਤੇ ਤੁਰੰਤ ਰਾਹਤ ਦਿੱਤੀ ਜਾਵੇ। ਮੀਂਹ, ਹਨੇਰੀ, ਬਿਮਾਰੀ, ਕੀੜਿਆਂ ਦਾ ਹਮਲਾ, ਅੱਗ ਆਦਿ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਜੇ ਸਰਕਾਰ ਸਨਅਤ ਦੀ ਬਹਾਲੀ ਲਈ ਸਨਅਤਕਾਰਾਂ ਦੇ ਲੱਖਾਂ-ਕਰੋੜਾਂ ਰੁਪਏ ਮਾਫ਼ ਕਰ ਸਕਦੀ ਹੈ ਤਾਂ ਕਿਸਾਨਾਂ ਲਈ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਸਨਅਤੀ ਵਿਕਾਸ ਵੀ ਉਦੋਂ ਹੋ ਸਕਦਾ ਹੈ ਜਦੋਂ ਉਸ ਲਈ ਮੰਡੀ ਹੋਵੇ। ਕਿਸਾਨ ਸਭ ਤੋਂ ਵੱਡੀ ਮੰਡੀ ਹਨ ਪਰ ਖ਼ਰੀਦ ਤਾਂ ਉਹ ਉਦੋਂ ਹੀ ਕਰਨਗੇ ਜਦੋਂ ਉਨ੍ਹਾਂ ਕੋਲ ਖ਼ਰੀਦ ਸ਼ਕਤੀ ਹੋਵੇਗੀ। ਦੇਸ਼ ਦੇ ਸੰਤੁਲਿਤ ਵਿਕਾਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਲਈ ਵਿਸ਼ੇਸ਼ ਵਿਕਾਸ ਪ੍ਰੋਗਰਾਮ ਉਲੀਕਿਆ ਜਾਵੇ। ਜੇ ਉਸ ਨੂੰ ਕਰਜ਼ੇ ਦੀ ਲੋੜ ਹੈ ਤਾਂ ਬੈਂਕਾਂ ਵੱਲੋਂ ਸਸਤੀਆਂ ਦਰਾਂ 'ਤੇ ਕਰਜ਼ਾ ਦਿੱਤਾ ਜਾਵੇ। ਕਰਜ਼ਾ ਪ੍ਰਾਪਤੀ ਲਈ ਬਹੁਤੀ ਖੱਜਲਖੁਆਰੀ ਨਾ ਹੋਵੇ ਤਾਂ ਜੋ ਉਸ ਨੂੰ ਸ਼ਾਹੂਕਾਰਾਂ ਦੇ ਚੁੰਗਲ 'ਚੋਂ ਬਚਾਇਆ ਜਾ ਸਕੇ। 'ਜੈ ਜਵਾਨ, ਜੈ ਕਿਸਾਨ' ਨੂੰ ਸਾਰਥਕ ਰੂਪ ਦੇਣ ਦੀ ਲੋੜ ਹੈ।

-ਮੋਬਾਈਲ ਨੰ. : 94170-87328

Posted By: Susheel Khanna