-ਮੁਖਤਾਰ ਗਿੱਲ

ਬੇਰਹਿਮ ਹਾਦਸਾ ਭਾਵੇਂ ਕੁਝ ਦਿਨ ਪਹਿਲਾਂ ਵਾਪਰਿਆ ਸੀ ਜਦੋਂ ਕਾਲੇ ਧੂੰਏਂ ਦੇ ਸੰਘਣੇ ਬੱਦਲ ਕਾਰਨ ਮੇਰੀਆਂ ਅੱਖਾਂ ਜਲਣ ਨਾਲ ਤੜਫੀਆਂ ਸਨ। ਸਾਹਮਣੇ ਅੱਗ ਦੀਆਂ ਲਪਟਾਂ ਸਨ, ਹਨੇਰਾ ਸੀ ਪਰ ਉਸ ਮੰਦਭਾਗੇ ਦ੍ਰਿਸ਼ ਦੀ ਯਾਦ ਜਦੋਂ ਵੀ ਆਉਂਦੀ ਹੈ ਤਾਂ ਉਸ ਦੇ ਦਿੱਤੇ ਡੂੰਘੇ ਜ਼ਖ਼ਮ ਦੀ ਚੀਸ ਬਹੁਤ ਸਤਾਉਂਦੀ ਹੈ। ਉਸ ਮਾਸੂਮ ਜਿਹੇ ਬੱਚੇ ਨਾਲ ਮੇਰਾ ਮੋਹ ਵਾਲਾ ਰਿਸ਼ਤਾ ਵੀ ਤਾਂ ਕੁਝ ਪਲਾਂ-ਛਿਣਾਂ ਦਾ ਹੀ ਸੀ ਅਤੇ ਉਸ ਨਿੱਕੇ ਪੌਦੇ ਨੂੰ ਆਪਣੇ ਘਰ ਦੇ ਸਾਹਮਣੇ, ਸੜਕ ਕਿਨਾਰੇ ਮੇਰੇ ਪੋਤੇ ਨੇ ਲਗਾਇਆ ਸੀ। ਉਸ ਨੂੰ ਇਹ ਸਕੂਲ ਵੱਲੋਂ ਪ੍ਰਸ਼ਾਦਿ ਦੇ ਰੂਪ ਵਿਚ ਮਿਲਿਆ ਸੀ। ਬੜੇ ਕੋਮਲ ਤੇ ਹਰੇ-ਕਚੂਰ ਪੱਤਿਆਂ ਵਾਲੇ ਨਿੱਕੇ ਪੌਦੇ ਦੀ ਸਾਂਭ-ਸੰਭਾਲ ਉਸ ਤੋਂ ਬਾਅਦ ਮੈਂ ਹੀ ਕਰਦਾ ਸਾਂ। ਮੇਰੇ ਲਈ ਇਹ ਨਿੱਕਾ ਪੌਦਾ ਕੁਦਰਤ ਦੀ ਅਨਮੋਲ ਦਾਤ ਸੀ। ਧੂੜ 'ਚ ਲਿਪਟੀ ਸ਼ਾਮ ਨੂੰ ਮੈਂ ਮੋਟਰਸਾਈਕਲ ਲੈ ਕੇ ਆਪਣੇ ਦੋਸਤ ਦੇ ਫਾਰਮ ਹਾਊਸ ਵੱਲ ਜਾਣ ਲਈ ਨਿਕਲਿਆ ਸਾਂ। ਅਜੇ ਪਿੰਡ ਵਾਲੀ ਨਹਿਰ ਦੇ ਅੱਡੇ ਵਾਲਾ ਪੁਲ ਹੀ ਲੰਘਿਆ ਸੀ ਕਿ ਸੜਕ ਦੇ ਦੋਹੀਂ ਪਾਸੀਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਲਗਾਈ ਅੱਗ ਨੇ ਦਿਨ ਦੇ ਲੌਢੇ ਵੇਲੇ ਨੂੰ ਰਾਤ ਦੇ ਹਨੇਰੇ ਵਿਚ ਬਦਲ ਦਿੱਤਾ ਸੀ। ਆਬੋ-ਹਵਾ ਵਿਚ ਧੁਆਂਖੀ ਧੁੰਦ ਦੀ ਚਾਦਰ ਪਸਰੀ ਹੋਈ ਸੀ। ਸਾਹ ਘੋਟੂ ਪ੍ਰਦੂਸ਼ਿਤ ਹਵਾ ਨੇ ਪਰੇਸ਼ਾਨ ਕੀਤਾ ਹੋਇਆ ਸੀ। ਸਿਆਲੀ ਦਿਨ ਛੋਟੇ ਹੁੰਦੇ ਹਨ। ਉੱਤੋਂ ਛਾਈ ਧੁੰਦ ਕਾਰਨ ਘੱਟ ਦਿਖਾਈ ਦੇਣ ਕਾਰਨ ਸੜਕ ਦੁਰਘਟਨਾਵਾਂ ਹੋ ਰਹੀਆਂ ਸਨ। ਮੇਰੇ ਅੱਗੇ ਦਰਖਤ ਨਾਲ ਕਿਸੇ ਵਾਹਨ ਦੇ ਟਕਰਾਉਂਦਿਆਂ ਅੱਗ ਦਾ ਗੋਲਾ ਉੱਚਾ ਉੱਠਿਆ। ਫਿਰ ਦੋ ਗੱਡੀਆਂ ਦੇ ਇਕ-ਦੂਜੀ ਵਿਚ ਵੱਜਣ ਦਾ ਖੜਕਾ ਸੁਣਾਈ ਦਿੱਤਾ। ਕੁਝ ਮਿੰਟ ਪਹਿਲਾਂ ਮੇਰੇ ਕੋਲੋਂ ਦੀ ਅੱਗੇ ਲੰਘੀ ਉਸ ਖ਼ੁਸ਼ਹਾਲ ਪਰਿਵਾਰ ਦੀ ਕਾਰ, ਕਾਹਲੀ ਦੀ ਭੇਟ ਚੜ੍ਹ ਕੇ ਅੱਗ ਦੀ ਲਪੇਟ ਵਿਚ ਆ ਗਈ ਸੀ। ਦੁੱਧ ਵਾਲਾ ਛੋਟਾ ਹਾਥੀ ਵੀ ਕਿਸੇ ਹੋਰ ਵਾਹਨ ਨਾਲ ਟਕਰਾ ਕੇ ਉਲਟ ਗਿਆ ਸੀ। ਮੈਂ ਮੋਟਰਸਾਈਕਲ ਸੜਕ ਦੇ ਉਸ ਕਿਨਾਰੇ ਵੱਲ ਕਰ ਲਿਆ ਜਿੱਧਰ ਅਜੇ ਅੱਗ ਨਹੀਂ ਸੀ ਪਹੁੰਚੀ। ਧੂੰਏਂ ਅਤੇ ਗਰਦ-ਗੁਬਾਰ ਕਾਰਨ ਅਚਾਨਕ ਕਿਸੇ ਵਾਹਨ ਨੇ ਮੇਰੇ ਮੋਟਰਸਾਈਕਲ ਨੂੰ ਆ ਟੱਕਰ ਮਾਰੀ ਅਤੇ ਮੈਂ ਮੋਟਰਸਾਈਕਲ ਸਮੇਤ ਝੋਨੇ ਦੇ ਵੱਢ ਵਿਚ ਡਿੱਗ ਪਿਆ। ਧੂੜ ਤੇ ਕਾਲੇ ਧੂੰਏ ਵਿਚ ਘਿਰਿਆ ਹੋਣ ਕਰ ਕੇ ਸਾਹ ਲੈਣਾ ਵੀ ਮੁਸ਼ਕਲ ਸੀ। ਮੈਂ ਨੀਮ ਬੇਹੋਸ਼ ਵੱਢ ਵਿਚ ਕਿੰਨਾ ਚਿਰ ਪਿਆ ਰਿਹਾ। ਹੋਸ਼ ਆਈ ਤਾਂ ਐਂਬੂਲੈਂਸ 108 ਦੇ ਹੂਟਰ ਦੀ ਆਵਾਜ਼ ਸੁਣ ਕੇ ਲੱਗਾ ਉਹ ਜ਼ਖ਼ਮੀਆਂ ਨੂੰ ਹਸਪਤਾਲ ਲੈ ਗਈ ਹੈ। ਮੈਂ ਅੱਡੇ ਦੇ ਹਸਪਤਾਲ ਪਹੁੰਚਿਆ।

ਕੰਬਾਈਨਾਂ ਨਾਲ ਝੋਨੇ ਦੀ ਕਟਾਈ ਦੌਰਾਨ ਉੱਡਦੀ ਧੂੜ ਦੇ ਕਣਾਂ ਅਤੇ ਕੰਡ ਕਾਰਨ ਮੈਨੂੰ ਐਲਰਜੀ ਹੋ ਜਾਂਦੀ ਹੈ। ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਜਦੋਂ ਸਿਰ 'ਤੇ ਕੋਈ ਘਰ ਦੀ ਜ਼ਿੰਮੇਵਾਰੀ ਨਹੀਂ ਸੀ ਹੁੰਦੀ, ਅਸੀਂ ਕੁਝ ਦੋਸਤ ਕਿਸੇ ਸ਼ਾਂਤ ਤੇ ਪੁਰ ਸਕੂਨ ਪਹਾੜੀ ਸਥਾਨ 'ਤੇ ਪਹੁੰਚ ਜਾਂਦੇ ਸਾਂ। ਕੁਝ ਦਿਨ ਲੰਬੇ ਅਤੇ ਹਰੇ-ਭਰੇ ਚੀੜ੍ਹ ਅਤੇ ਦੇਵਦਾਰ ਦੇ ਰੁੱਖਾਂ 'ਤੇ ਜੀਵਨ ਦਾ ਰਾਗ ਅਲਾਪ ਰਹੀ ਕੁਦਰਤ, ਪੰਛੀਆਂ ਦੀ ਚਹਿਚਹਾਟ ਅਤੇ ਨੀਮ ਗ਼ੁਲਾਬੀ ਠੰਢ ਵਿਚ ਕੁਦਰਤ ਦੀ ਅਦੁੱਤੀ ਖ਼ੂਬਸੂਰਤੀ ਮਾਣਿਆ ਕਰਦੇ ਸਾਂ ਪਰ ਪਹਾੜਾਂ ਦੀ ਮਹਿੰਗਾਈ ਸਾਨੂੰ ਬਹੁਤੇ ਦਿਨ ਠਹਿਰਨ ਦੀ ਆਗਿਆ ਹੀ ਕਦੋਂ ਦਿੰਦੀ ਸੀ। ਮੈਂ ਫਿਰ ਪਿੰਡ ਦੀ ਧੂੜ ਅਤੇ ਧੁਆਂਖੀ ਧੁੰਦ ਵਿਚ ਹੁੰਦਾ ਸਾਂ।

ਆਪਣੇ ਦੋਸਤ ਦਾ ਸੱਦਾ ਪ੍ਰਵਾਨ ਕਰ ਕੇ ਮੈਂ ਕੁਝ ਦਿਨਾਂ ਲਈ ਉਸ ਦੇ ਰਾਵੀ ਨਦੀ ਦੇ ਧੁੱਸੀ ਬੰਨ੍ਹ ਨੇੜਲੇ ਸੰਘਣੇ ਰੁੱਖਾਂ ਦੀ ਝਿੜੀ ਵਿਚਲੇ ਫਾਰਮ ਹਾਊਸ 'ਚ ਗੁਜ਼ਾਰਨ ਦਾ ਫ਼ੈਸਲਾ ਲਿਆ ਸੀ। ਸੋ ਮੈਂ ਨਿੱਤ ਵਰਤੋਂ ਅਤੇ ਲਿਖਣ-ਪੜ੍ਹਨ ਦਾ ਸਾਮਾਨ ਲੈ ਕੇ ਫਾਰਮ ਹਾਊਸ ਵੱਲ ਨਿਕਲ ਤੁਰਿਆ ਸਾਂ। ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਬਾਦਸਤੂਰ ਜਾਰੀ ਸੀ। ਪਹਿਲਾਂ ਸੜਕਾਂ 'ਤੇ ਬੇਮੁਹਾਰੇ ਕਾਲਾ ਧੂੰਆਂ ਛੱਡਦੇ, ਪ੍ਰਦੂਸ਼ਣ ਫੈਲਾਉਂਦੇ, ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਉਂਦੇ, ਦਨਦਨਾਉਂਦੇ ਘੜੁੱਕੇ, ਕੰਡਮ ਟਰੱਕ, ਆਟੋ ਅਤੇ ਹੁਣ ਨਿੱਤ ਹਾਦਸਿਆਂ ਨੂੰ ਆਵਾਜ਼ਾਂ ਮਾਰਦੇ ਮੋਟਰਸਾਈਕਲਾਂ ਦੇ ਪਿੱਛੇ ਰੇਹੜੀਆਂ ਬੰਨ੍ਹ ਕੇ ਬਣਾਏ 'ਦੇਸੀ ਜੁਗਾੜ' ਬਿਨਾਂ ਕਿਸੇ ਕਾਨੂੰਨੀ ਡਰ-ਭੈਅ ਦੇ ਸਾਮਾਨ ਅਤੇ ਸਵਾਰੀਆਂ ਢੋਅ ਰਹੇ ਹਨ।

ਵਣ ਵਿਭਾਗ ਵੱਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਰੁੱਖਾਂ ਨੂੰ ਪਰਾਲੀ ਦੀ ਅੱਗ ਨੇ ਝੁਲਸਾ ਦਿੱਤਾ ਸੀ। ਉਨ੍ਹਾਂ ਦੀਆਂ ਟਹਿਣੀਆਂ ਉੱਤੇ ਆਲ੍ਹਣੇ ਬਣਾ ਕੇ ਆਪਣੇ ਬੋਟਾਂ ਨੂੰ ਪਾਲ ਰਹੇ ਪੰਛੀ ਵੀ ਜ਼ਿਆਦਾਤਰ ਸੜ ਕੇ ਮਰ ਗਏ ਸਨ। ਪਹਿਲਾਂ ਅਸਾਂ ਕੱਚੇ ਘਰਾਂ ਦੀ ਥਾਂ ਕੰਕਰੀਟ ਦੀਆਂ ਕੋਠੀਆਂ ਬਣਾਈਆਂ। ਵਿਹੜਿਆਂ ਵਿਚਲੇ ਅਤੇ ਆਲੇ-ਦੁਆਲੇ ਦੇ ਰੁੱਖਾਂ 'ਤੇ ਆਰੀ ਫੇਰੀ। ਚਿੜੀਆਂ ਨੂੰ ਉਜਾੜਿਆ। ਪੰਛੀ ਵੀ ਹਿਜਰਤ ਕਰ ਗਏ। ਰੁੱਖ ਅਗਨ ਦੀ ਅਸਹਿ ਪੀੜਾ ਹੰਢਾ ਰਹੇ ਸਨ। ਮੈਂ ਸੋਚਿਆ ਕਿ ਮਨੁੱਖ ਤੇ ਰੁੱਖ ਦਾ ਆਦਿ ਜੁਗਾਦਿ ਤੋਂ ਰਿਸ਼ਤਾ ਹੈ। ਦਰਖਤ ਸਾਡੇ ਜੀਵਨ ਦਾ ਸੁਹਜ ਹਨ। ਸ਼ੁੱਧ ਆਬੋ-ਹਵਾ ਅਤੇ ਜੀਵਨ ਦਾਤੀ ਆਕਸੀਜਨ ਭੇਟ ਸਰੂਪ ਦਿੰਦੇ ਹਨ। ਧਰਤੀ ਦੀ ਤਪਸ਼ ਘਟਾਉਂਦੇ ਹਨ। ਤਰੇਲ 'ਚ ਨਹਾਤੇ ਇਨ੍ਹਾਂ ਦੇ ਨਿੱਕੇ-ਨਿੱਕੇ, ਕੂਲੇ-ਕੂਲੇ ਹਰੇ-ਕਚੂਰ ਪੱਤੇ ਸਵੇਰ ਦੀ ਸੈਰ ਕਰਨ ਵਾਲਿਆਂ ਦੀਆਂ ਅੱਖਾਂ ਨੂੰ ਠੰਢਕ ਪਹੁੰਚਾਉਂਦੇ ਸਨ। ਮੈਂ ਸਵੇਰੇ ਸੈਰ ਵੇਲੇ ਇਨ੍ਹਾਂ ਦੀਆਂ ਨਿੱਕੀਆਂ, ਨਾਜ਼ੁਕ ਅਤੇ ਹਰੀਆਂ-ਭਰੀਆਂ ਟਾਹਣੀਆਂ ਉੱਤੇ ਨਿੱਕੀਆਂ ਚਿੜੀਆਂ ਨੂੰ ਖੇਡਦਿਆਂ ਵੇਖਦਾ ਸੀ। ਪਰਾਲੀ ਦੀ ਅੱਗ ਦੀਆਂ ਲਪਟਾਂ ਨੇ ਇਨ੍ਹਾਂ ਬਾਲ ਪੌਦਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।

ਰਸਤੇ 'ਚ ਪੈਂਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੱਗੇ ਸਿਰ ਝੁਕਾ ਕੇ ਲੰਘਣ ਹੀ ਲੱਗਾ ਸਾਂ ਕਿ ਉੱਥੇ ਬਤੌਰ ਮੈਨੇਜਰ ਡਿਊਟੀ ਨਿਭਾ ਰਹੇ ਦੋਸਤ ਸੁਰਿੰਦਰ ਸਿੰਘ ਬੇਦੀ ਯਾਦ ਆਏ। ਮੋਟਰਸਾਈਕਲ ਇਕ ਪਾਸੇ ਖੜ੍ਹਾ ਕਰ ਕੇ ਜੋੜਾ ਘਰ ਵਿਚ ਬੂਟ ਰੱਖੇ। ਮੱਥਾ ਟੇਕ ਕੇ ਅਤੇ ਪ੍ਰਸ਼ਾਦਿ ਲੈ ਕੇ ਮੈਂ ਮੈਨੇਜਰ ਦੇ ਦਫ਼ਤਰ ਵੱਲ ਜਾ ਰਿਹਾ ਸਾਂ। ਇੰਨੇ ਨੂੰ ਇਕ ਛੋਟੇ ਪਰ ਬੜੇ ਮਾਸੂਮ ਬੱਚੇ ਨੇ ਮੈਨੂੰ ਹੱਥ ਹਿਲਾ ਕੇ ਪਕੁਰਿਆ। ਮੈਂ ਉਸ ਨੂੰ ਦੁਲਾਰ ਕੇ ਪ੍ਰਸ਼ਾਦਿ ਦਿੱਤਾ ਹੀ ਸੀ ਕਿ ਪਾਰਕ 'ਚ ਬੈਠੀ ਔਰਤ ਮੇਰੇ ਵੱਲ ਆਈ ਅਤੇ ਸਤਿ ਸ੍ਰੀ ਅਕਾਲ ਬੁਲਾ ਕੇ ਕਹਿਣ ਲੱਗੀ, 'ਮਾਸਟਰ ਜੀ! ਮੈਂ ਸੁੱਖੀ ਹਾਂ, ਚੱਕ ਤੁਹਾਡੇ ਕੋਲ ਪੜ੍ਹਦੀ ਰਹੀ ਹਾਂ।'

'ਸਰਪੰਚ ਦੀ ਬੇਟੀ' ਮੈਂ ਪਛਾਣਦਿਆਂ ਉਸ ਦੇ ਸਿਰ 'ਤੇ ਪਿਆਰ ਦਿੱਤਾ। ਫਿਰ ਉਸ ਨੇ ਆਪਣੇ ਪਤੀ, ਬੇਟੀ ਅਤੇ ਬੇਟੇ ਨਾਲ ਮਿਲਾਇਆ। ਮੈਂ ਉਨ੍ਹਾਂ ਨੂੰ ਅਸੀਸ ਦੇ ਕੇ ਮਾਸੂਮ ਬੱਚੇ ਵੱਲ ਵੇਖਦਾ, ਉਸ 'ਚੋਂ ਕਿਸੇ ਆਪਣੇ ਗੁਆਚੇ ਬੱਚੇ ਦੀ ਝਲਕ ਤੱਕਦਾ ਮੈਨੇਜਰ ਸਾਹਿਬ ਦੇ ਦਫ਼ਤਰ ਵੱਲ ਨੂੰ ਤੁਰ ਪਿਆ ਅਤੇ ਉਹ ਲੰਗਰ ਹਾਲ ਵੱਲ ਚਲੇ ਗਏ।

ਮੈਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਅੱਗੇ ਦੋ ਕੁ ਕਿਲੋਮੀਟਰ ਹੀ ਗਿਆ ਸਾਂ ਕਿ ਮੇਰਾ ਬਾਈਕ ਬੰਦ ਹੋ ਗਿਆ। ਮੋਟਰ ਮਕੈਨਿਕ ਤਿੰਨ ਕਿਲੋਮੀਟਰ ਪਿੱਛੇ ਅੱਡੇ 'ਚ ਹੀ ਮਿਲ ਸਕਦਾ ਸੀ। ਬੜਾ ਖਪਿਆ ਪਰ ਖਪਾਈ ਤੋਂ ਬਾਅਦ ਮੋਟਰਸਾਈਕਲ ਸਟਾਰਟ ਹੋ ਗਿਆ। ਮੈਂ ਆਪਣੀ ਮੰਜ਼ਿਲ ਵੱਲ ਜਾ ਰਿਹਾ ਸਾਂ ਕਿ ਪਿੱਛੋਂ ਆ ਰਹੀ ਕਾਰ ਮੇਰੇ ਨੇੜੇ ਆ ਕੇ ਹੌਲੀ ਹੋਈ। ਅਗਲੀ ਸੀਟ 'ਤੇ ਬੈਠੇ ਬੱਚੇ ਨੇ ਫਿਰ ਮੁਸਕਰਾ ਕੇ ਹੱਥ ਹਿਲਾ ਕੇ ਬਾਏ-ਬਾਏ ਕੀਤਾ। ਉਸ ਦੇ ਭੋਲੇ-ਭਾਲੇ ਚਿਹਰੇ ਅਤੇ ਮਾਸੂਮ ਮੁਸਕਰਾਹਟ 'ਚੋਂ ਮੈਨੂੰ ਆਪਣਾ ਪੋਤਾ, ਨਿੱਕਾ ਪੌਦਾ ਵਿਖਾਈ ਦਿੱਤਾ। ਉਸ ਦੀ ਮੰਮੀ ਨੇ ਸਿਰ ਝੁਕਾ ਕੇ ਮੈਨੂੰ ਦੁਆ-ਸਲਾਮ ਕੀਤੀ। ਕਾਰ ਅੱਗੇ ਲੰਘ ਗਈ।

ਹਸਪਤਾਲ ਦੇ ਵਾਰਡ 'ਚੋਂ ਬਾਹਰ ਆ ਰਹੇ ਮੇਰੇ ਵਾਕਿਫ਼ ਡਾਕਟਰ ਨੇ ਦੱਸਿਆ, 'ਬੱਚਾ ਐਕਸਪਾਇਰ ਹੋ ਗਿਆ। ਜ਼ਖ਼ਮੀ ਔਰਤ ਦੀ ਹਾਲਤ ਨਾਜ਼ੁਕ ਹੈ। ਅਸੀਂ ਅੰਮ੍ਰਿਤਸਰ ਰੈਫਰ ਕਰ ਰਹੇ ਹਾਂ। ਹੋਰ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ।' ਪਿਛਲੇ ਮਹੀਨੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਬੇਕਾਬੂ ਹੋ ਕੇ ਸਕੂਲ ਵੈਨ ਡਿਫੈਂਸ ਡਰੇਨ ਵਿਚ ਡਿੱਗੀ ਸੀ ਤਾਂ ਇਸੇ ਵਾਰਡ ਵਿਚ ਮਰਨ ਵਾਲਿਆਂ ਬੱਚਿਆਂ ਵਿਚ ਮੇਰਾ ਪੋਤਰਾ ਵੀ ਸੀ। ਹਾਦਸੇ ਦੇ ਸ਼ਿਕਾਰ ਬੱਚੇ ਦੇ ਉਦਾਸ ਤੇ ਸੋਗਮਈ ਸਦਮੇ ਨੂੰ ਹਿੱਕ ਨਾਲ ਲਾਈ ਮੈਂ ਵਾਪਸ ਘਰ ਜਾ ਰਿਹਾ ਸਾਂ ਕਿ ਕਿਸੇ ਸੰਘਣੇ ਰੁੱਖ ਦੇ ਪੱਤਿਆਂ ਵਿਚ ਛੁਪੀ ਕੋਇਲ ਦਰਦ ਭਰੀ ਆਵਾਜ਼ 'ਚ 'ਮਾਸੂਮ ਸੋਗਮਈ ਗੀਤ' ਗਾ ਰਹੀ ਸੀ।

-ਮੋਬਾਈਲ ਨੰ. : 98140 82217

Posted By: Sukhdev Singh