-ਹਿਰਦੇ ਨਾਰਾਇਣ ਦੀਕਸ਼ਤ

ਭਾਰਤ ਵੱਖ-ਵੱਖ ਧਰਮਾਂ-ਫਿਰਕਿਆਂ ਤੇ ਸੰਸਕ੍ਰਿਤੀਆਂ ਦਾ ਦੇਸ਼ ਹੈ। ਪ੍ਰਾਚੀਨ ਸੱਭਿਅਤਾ ਦਾ ਪੰਘੂੜਾ ਰਿਹਾ ਭਾਰਤ ਇਕ ਸਮੁੰਦਰ ਵਾਂਗ ਹੈ ਜਿਸ ਵਿਚ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੀਆਂ ਨਦੀਆਂ ਰਲ ਕੇ ਇਕ-ਮਿੱਕ ਹੋ ਜਾਂਦੀਆਂ ਹਨ। ਦੇਖਿਆ ਜਾਵੇ ਤਾਂ ਹਿੰਦੂ ਮਾਣ-ਮਰਿਆਦਾ ਅਸਲ ਵਿਚ ਅਦੁੱਤੀ ਹੈ। ਇਹ ਵਿਸ਼ਵ ਦੇ ਲੋਕ ਮੰਗਲ ਲਈ ਸਰਗਰਮ ਵਿਰਾਟ ਮਨੁੱਖੀ ਸੰਵੇਦਨਾ ਹੈ। ਇਹ ਭਾਰਤੀ ਉਪ-ਮਹਾਦੀਪ ਦੇ ਲੋਕਾਂ ਦੀ ਜੀਵਨ-ਸ਼ੈਲੀ ਹੈ। ਹਿੰਦੂ ਧਰਮ ਦਾ ਆਪਣਾ ਦਰਸ਼ਨ ਹੈ। ਆਪਣਾ ਅਹਿਸਾਸ ਹੈ ਅਤੇ ਖ਼ਾਸ ਵਿਗਿਆਨਕ ਵਿਵੇਕ ਵੀ ਪਰ ਹਿੰਦੂ ਆਪਣੀ ਹੀ ਮਾਤ-ਭੂਮੀ ’ਤੇ ਸੈਂਕੜੇ ਸਾਲਾਂ ਤੋਂ ਅਪਮਾਨਿਤ ਹੁੰਦੇ ਰਹੇ ਹਨ। ਇਹ 2016 ਦੀ ਗੱਲ ਹੈ ਜਦ ਸੰਸਦ ਦੇ ਉੱਚ ਸਦਨ ਵਿਚ ਹਿੰਦੂ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਤੁਲਨਾ ‘ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ’ ਨਾਲ ਕੀਤੀ ਗਈ ਸੀ। ਉਦੋਂ ਵੀ ਭਾਰਤ ਭਗਤੀ ਅਤੇ ਭਾਰਤ ਧ੍ਰੋਹ ਨੂੰ ਇਕ ਦੱਸਣ ਦੀ ਕੋਸ਼ਿਸ਼ ਹੋਈ ਸੀ। ਹਿੰਦੂ ਮਾਣ-ਮਰਿਆਦਾ ’ਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਹਿੰਦੂਤਵ ਅਤੇ ਅੱਤਵਾਦ ਇੱਕੋ ਜਿਹੇ ਦੱਸੇ ਗਏ ਹਨ। ਸੰਸਾਰ ਦੇ ਇਤਿਹਾਸ ਵਿਚ ਅਜਿਹੀ ਤੁਲਨਾ ਵਿਲੱਖਣ ਹੈ। ਖੁਰਸ਼ੀਦ ਨੇ ਆਪਣੀ ਕਿਤਾਬ ਦੇ ‘ਦਿ ਸੈਫਰਨ ਸਕਾਈ’ ਅਧਿਆਇ ਵਿਚ ਲਿਖਿਆ ਹੈ ਕਿ ‘ਸਾਧੂ ਸੰਤ ਸਨਾਤਨ ਧਰਮ ਅਤੇ ਕਲਾਸੀਕਲ ਹਿੰਦੂਇਜ਼ਮ ਨੂੰ ਜਾਣਦੇ-ਮੰਨਦੇ ਹਨ। ਹੁਣ ਉਸ ਨੂੰ ਕਿਨਾਰੇ ਕਰ ਕੇ ਨਵਾਂ ਹਿੰਤੂਤਵ ਸਿਰਜਿਆ ਜਾ ਰਿਹਾ ਹੈ ਜੋ ਆਈਐੱਸ ਅਤੇ ਬੋਕੋ ਹਰਮ ਵਰਗੇ ਜਹਾਦੀ ਇਸਲਾਮੀ ਸੰਗਠਨਾਂ ਵਰਗਾ ਹੈ। ਖੁਰਸ਼ੀਦ ਦੇ ਇਸ ਰੁਖ਼ ’ਤੇ ਸਿਆਸਤ ਭਖ ਗਈ ਹੈ।

ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਅਸੀਂ ਭਾਵੇਂ ਹੀ ਹਿੰਦੂ ਧਰਮ ਦੀ ਮਿਲੀ-ਜੁਲੀ ਸੰਸਕ੍ਰਿਤੀ ਤੋਂ ਅਲੱਗ ਇਕ ਰਾਜਨੀਤਕ ਵਿਚਾਰ ਮੰਨੀਏ ਪਰ ਹਿੰਦੂਤਵ ਦੀ ਤੁਲਨਾ ਆਈਐੱਸ ਵਰਗੇ ਸੰਗਠਨਾਂ ਨਾਲ ਕਰਨਾ ਤੱਥਾਤਮਕ ਤੌਰ ’ਤੇ ਗ਼ਲਤ ਹੈ।’ ਓਥੇ ਹੀ ਰਾਹੁਲ ਗਾਂਧੀ ਅਤੇ ਸ਼ਸ਼ੀ ਥਰੂਰ ਨੇ ਆਪੋ-ਆਪਣੇ ਤਰੀਕੇ ਨਾਲ ਖੁਰਸ਼ੀਦ ਦਾ ਸਮਰਥਨ ਕੀਤਾ ਹੈ। ਦਰਅਸਲ ਸੈਕੂਲਰਵਾਦੀ (ਧਰਮ-ਨਿਰਪੱਖਤਾ ਦੇ ਧਾਰਨੀ) ਅਤੇ ਕਥਿਤ ਉਦਾਰਵਾਦੀ ਹਿੰਦੂ ਧਰਮ ਨੂੰ ਕੱਟੜ ਅਤੇ ਹਿੰਸਕ ਦੱਸਦੇ ਰਹੇ ਹਨ। ਜਦਕਿ ਭਾਰਤ ਵਿਚ ਹਿੰਦੂ ਬਹੁਮਤ ਹੀ ਲੋਕਤੰਤਰ ਅਤੇ ਅਸਲੀ ਧਰਮ-ਨਿਰਪੱਖਤਾ ਦੀ ਗਾਰੰਟੀ ਹੈ। ਖੁਰਸ਼ੀਦ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਰਤ ਦਾ ਹਿੰਦੂਤਵ ਅਸਲ ਵਿਚ ਆਈਐੱਸ ਵਰਗਾ ਹੁੰਦਾ ਤਾਂ ਕੀ ਉਹ ਇੱਥੇ ਇਸ ਤਰ੍ਹਾਂ ਦੀ ਕਿਤਾਬ ਲਿਖ ਸਕਦੇ ਸਨ? ਕੀ ਮੁਸਲਿਮ ਦੇਸ਼ਾਂ ਵਿਚ ਇਸਲਾਮ ਦੀ ਨੁਕਤਾਚੀਨੀ ਸੰਭਵ ਹੈ। ਧਰਮ-ਨਿਰਪੱਖ ਦੇਸ਼ ਹੋਣ ਕਾਰਨ ਹੀ ਉਨ੍ਹਾਂ ਨੂੰ ਇੱਥੇ ਅਜਿਹੇ ਹਮਲਾਵਰ ਫਿਰਕੂ ਲੇਖ ਲਿਖਣ ਦੀ ਖੁੱਲ੍ਹ ਹੈ। ਖੱਬੇ-ਪੱਖੀ ਅਤੇ ਖੁਰਸ਼ੀਦ ਵਰਗੇ ਲੋਕ ਹਿੰਦੂ ਸਮਾਜ ’ਤੇ ਹਮਲਾਵਰ ਲੇਖਨ-ਭਾਸ਼ਣ ਕਰਦੇ ਹਨ ਪਰ ਕੁਰਾਨ ’ਤੇ ਉਨ੍ਹਾਂ ਦਾ ਇਕ ਵੀ ਭਾਸ਼ਣ ਨਹੀਂ ਹੈ। ਬਦਕਿਸਮਤੀ ਨਾਲ ਭਾਰਤ ਦਾ ਧਰਮ/ਸਨਾਤਨ ਧਰਮ/ਹਿੰਦੂ ਧਰਮ ਰਿਲੀਜਨ ਜਾਂ ਮਜ਼ਹਬ ਵਰਗਾ ਮੰਨਿਆ ਜਾਂਦਾ ਹੈ। ਉਹ ਹਿੰਦੂ ਧਰਮ ਨੂੰ ਹਿੰਦੂਇਜ਼ਮ ਕਹਿੰਦੇ ਹਨ। ਇਜ਼ਮ ਦਾ ਅਰਥ ਵਿਚਾਰ ਜਾਂ ਇਕ ਵਾਦ ਹੁੰਦਾ ਹੈ। ਹਰੇਕ ਵਾਦ ਦਾ ਵਿਵਾਦ ਵੀ ਹੁੰਦਾ ਹੈ। ਹਿੰਦੂ ਚੇਤਨਾ ਵਾਦ ਨਹੀਂ ਹੈ। ਸਮਾਜਵਾਦ, ਸਾਮਵਾਦ, ਮਾਰਕਸਵਾਦ, ਪੂੰਜੀਵਾਦ, ਭੌਤਿਕਵਾਦ, ਅਧਿਆਤਮਿਕਵਾਦ ਵਰਗੇ ਅਨੇਕਾਂ ਵਾਦਾਂ ਤੋਂ ਲੋਕ ਜਾਣੂ ਹਨ। ਸਾਰੇ ਵਾਦ ਤਤਕਾਲੀ ਸਮਾਜ ਦੀ ਮੁੱਖ-ਧਾਰਾ ਤੋਂ ਅਲੱਗ ਨਵੀਂ ਧਾਰਾ ਦੀ ਪ੍ਰਤੀਨਿਧਤਾ ਕਰਦੇ ਹਨ। ਹਿੰਦੂ ਮਾਣ-ਮਰਿਆਦਾ ਵਾਦ ਨਹੀਂ ਹੈ। ਇਹ ਮੌਲਿਕ ਹੈ। ਇਸੇ ਤਰ੍ਹਾਂ ਹਿੰਦੂ ਸ਼ਬਦ ਵਿਚ ਤਵ ਜੋੜ ਕੇ ਹਿੰਦੂਤਵ ਬਣਿਆ ਹੈ। ਤਵ ਦਾ ਅੰਗਰੇਜ਼ੀ ਅਨੁਵਾਦ ਨੈਸ ਹੈ। ਨੈਸ ਜਾਂ ਤਵ ਦਾ ਅਰਥ ਹੈ ਹੋਣਾ। ਅੰਗਰੇਜ਼ੀ ਵਿਚ ਸਟੇਟ ਆਫ ਬੀਇੰਗ। ਹਿੰਦੂਤਵ ਅਰਥਾਤ ਹਿੰਦੂਨੈਸ। ਹਿੰਦੂ ਚਿੰਤਨ ਅਤੇ ਧਰਮ ਪਰੰਪਰਾ ਦੇ ਵਿਰੋਧੀ ਹਿੰਦੂਇਜ਼ਮ ਅਤੇ ਹਿੰਦੂਤਵ ਦੀ ਵਿਆਖਿਆ ਵੋਟ ਬੈਂਕ ਦੇ ਲਿਹਾਜ਼ ਨਾਲ ਕਰਦੇ ਹਨ। ਹਿੰਦੂ ਇਸਲਾਮ ਅਤੇ ਇਸਾਈਅਤ ਦੀ ਤਰ੍ਹਾਂ ਇਕਮਾਤਰ ਰਚਨਾ ਨਹੀਂ ਹੈ। ਹਿੰਦੂ ਬਹੁਕੋਸ਼ੀ ਧਰਮ ਹੈ। ਡਾ. ਅੰਬੇਡਕਰ ਨੇ ‘ਰਿਡਲਜ਼ ਇਨ ਹਿੰਦੂਇਜ਼ਮ’ ਵਿਚ ਤਮਾਮ ਪ੍ਰਸ਼ਨ ਚੁੱਕੇ ਹਨ ਕਿ ‘ਹਿੰਦੂ ਪੱਥਰ ਪੂਜਦੇ ਹਨ, ਨਦੀਆਂ ਪੂਜਦੇ ਹਨ, ਕੁਝ ਪਸ਼ੂਆਂ ਨੂੰ ਪੂਜਦੇ ਹਨ। ਕਿਸੇ ਹਿੰਦੂ ਤੋਂ ਪੁੱਛੋ ਕਿ ਉਹ ਹਿੰਦੂ ਕਿਉਂ ਹੈ। ਉਹ ਇਸ ਦਾ ਸਿੱਧਾ ਉੱਤਰ ਨਹੀਂ ਦੇ ਸਕਦਾ।’ ਹਿੰਦੂ ਪਰੰਪਰਾ ਦੇ ਅੰਦਰ ਅਨੇਕ ਰੀਤੀਆਂ ਹਨ। ਅਨੇਕ ਅਹਿਸਾਸ ਹਨ। ਇਹ ਆਸਤਿਕਤਾ ਦੇ ਨਾਲ-ਨਾਲ ਵਿਵੇਕਸ਼ੀਲ ਦਰਸ਼ਨ ਵੀ ਹੈ। ਹਜ਼ਾਰਾਂ ਦੇਵੀ-ਦੇਵਤੇ ਹਨ, ਤਰਕ ਹੈ, ਤਰਕਹੀਣਤਾ ਹੈ।

ਹਿੰਦੂ ਧਰਮ ਦਾ ਜਨਮ ਕਿਸੇ ਦੇਵਦੂਤ ਦੇ ਐਲਾਨ ਕਾਰਨ ਨਹੀਂ ਹੋਇਆ। ਵੈਦਿਕ ਕਾਲ ਤੋਂ ਪਹਿਲਾਂ ਦਰਸ਼ਨ ਦਾ ਵਿਕਾਸ ਹੋਇਆ। ਰਿੱਗਵੇਦ ਦੇ ਰਚਨਾਕਾਰ ਵਿਦਵਾਨਾਂ ਨੇ ਕੁਦਰਤ ਦੇ ਅੰਦਰ ਇਕ ਅੰਤਰ-ਸੰਗੀਤ ਦੇਖਿਆ ਕੁਦਰਤ ਨੂੰ ਨਿਯਮਬੱਧ ਦੇਖਿਆ। ਉਨ੍ਹਾਂ ਨੇ ਕੁਦਰਤ ਦੀ ਨਿਯਮਬੱਧਤਾ ਦਾ ਨਾਮ ਰੁੱਤਾਂ ਰੱਖਿਆ। ਤਾਪ ਦੇਣਾ ਅਗਨੀ ਦਾ ਧਰਮ ਹੈ। ਹੇਠਾਂ ਵੱਲ ਵਹਿਣਾ ਅਤੇ ਰਸਪੂਰਨ ਹੋਣਾ ਜਲ ਦਾ ਧਰਮ ਹੈ। ਇਸੇ ਤਰ੍ਹਾਂ ਬੀਜ ਦਾ ਮਿੱਟੀ-ਪਾਣੀ ਸਹਾਰੇ ਪੌਦਾ ਬਣਨਾ, ਪੌਦੇ ਵਿਚ ਕਲੀ ਖਿੜਨੀ, ਫੁੱਲ ਖਿੜਨਾ ਅਤੇ ਫਿਰ ਬੀਜ ਬਣਨਾ ਇਹ ਸਭ ਨਿਯਮਬੱਧ ਹੈ। ਪੂਰਵਜਾਂ ਨੇ ਇਸ ਤੋਂ ਪ੍ਰੇਰਿਤ ਹੋ ਕੇ ਸਮਾਜ ਲਈ ਵੀ ਇਕ ਜ਼ਾਬਤਾ ਸ਼ਾਸਤਰ ਬਣਾਇਆ ਸੀ ਜਿਸ ਨੂੰ ਸਨਾਤਨ ਧਰਮ ਕਿਹਾ ਗਿਆ ਹੈ। ਸਨਾਤਨ ਅਰਥਾਤ ਜੋ ਸਦਾ ਤੋਂ ਹੈ। ਨਿੱਤ ਨਵਾਂ ਹੈ। ਸਨਾਤਨ ਵੈਦਿਕ ਧਰਮ ਦਾ ਤੇਜ਼ ਵਿਕਾਸ ਹੋਇਆ ਹੈ। ਗਾਂਧੀ ਜੀ ਨੇ ਜਵਾਹਰਲਾਲ ਨਹਿਰੂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਸੀ, ‘ਮੇਰੇ ਲਈ ਹਿੰਦੂਤਵ ਛੱਡਣਾ ਅਸੰਭਵ ਹੈ। ਹਿੰਦੂਤਵ ਕਾਰਨ ਮੈਂ ਇਸਾਈਅਤ, ਇਸਲਾਮ ਅਤੇ ਹੋਰ ਧਰਮਾਂ ਨਾਲ ਪ੍ਰੇਮ ਕਰਦਾ ਹਾਂ। ਇਸ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਜਾਵੇਗਾ ਤਾਂ ਮੇਰੇ ਕੋਲ ਕੁਝ ਵੀ ਨਹੀਂ ਬਚੇਗਾ।’ ਹਿੰਦੂ ਦਰਸ਼ਨ ਦਾ ਮਕਸਦ ਲੋਕ ਮੰਗਲ ਹੈ ਪਰ ਗਾਂਧੀ ਦੇ ਰਾਜਨੀਤਕ ਜਾਨਸ਼ੀਨਾਂ ਦੀ ਦ੍ਰਿਸ਼ਟੀ ਵਿਚ ਹਿੰਦੂਤਵ ਆਈਐੱਸ ਅਤੇ ਬੋਕੋ ਹਰਮ ਵਰਗਾ ਹੈ। ਤਵਾਰੀਖ਼ ਗਵਾਹੀ ਭਰਦੀ ਹੈ ਕਿ ਹਿੰਦੂ ਕਦੇ ਵੀ ਹਮਲਾਵਰ ਨਹੀਂ ਰਹੇ। ਡਾ. ਰਾਮ ਮਨੋਹਰ ਲੋਹੀਆ ਸਮਾਜਵਾਦੀਆਂ ਦੇ ਨਾਇਕ ਸਨ। ਉਨ੍ਹਾਂ ਨੇ ‘ਸੁਗੁਣ, ਨਿਰਗੁਣ ਧਰਮ ’ਤੇ ਇਕ ਦ੍ਰਿਸ਼ਠੀ’ ਵਿਚ ਲਿਖਿਆ, ‘ਅਸੀਂ ਆਤਮ-ਸਮਰਪਣ ਦੀ ਹਾਨੀ ਨੂੰ ਖ਼ਤਮ ਕਰਨਾ ਸਿੱਖੀਏ ਅਤੇ ਇਹ ਉਦੋਂ ਹੋਵੇਗਾ ਜਦ ਹਿੰਦੂ ਧਰਮ ਵਿਚ ਤੁਸੀਂ ਮੁਹਾਰਤ ਹਾਸਲ ਕਰ ਲਓ।’ ਹਿੰਦੂਤਵ ਦੀ ਮੁਹਾਰਤ ਲਾਜ਼ਮੀ ਹੈ ਪਰ ਅੱਜ ਭਾਰਤ ਦੇ ਸਮਾਜਵਾਦੀ ਗਾਂਧੀ, ਲੋਹੀਆ ਤੋਂ ਬਹੁਤ ਦੂਰ ਹਨ। ਹਿੰਦੂਤਵ ਦਾ ਅਪਮਾਨ ਸਮਾਜਵਾਦੀ ਸੋਚ ਵਿਚ ਧਰਮ-ਨਿਰਪੱਖਤਾ ਹੈ। ਹਿੰਦੂ ਜੀਵਨ ਰਚਨਾ ਸਰਲ, ਤਰਲ ਹੈ। ਹਿੰਦੂ ਹੋਣ ਦਾ ਆਪਣਾ ਖ਼ਾਸ ਆਨੰਦ ਹੈ। ਹਿੰਦੂ ਭੌਤਿਕਵਾਦੀ ਹੋ ਸਕਦੇ ਹਨ। ਉਨ੍ਹਾਂ ’ਤੇ ਧਰਮ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਨੂੰ ਰੂਹਾਨੀਅਤ ਦੇ ਧਾਰਨੀ ਹੋਣ ਦੀ ਆਜ਼ਾਦੀ ਹੈ। ਉਨ੍ਹਾਂ ’ਤੇ ਕਿਸੇ ਧਰਮ ਗ੍ਰੰਥ ਦਾ ਬੋਝ ਨਹੀਂ ਹੈ। ਉਹ ਕੋਈ ਵੀ ਵਿਚਾਰ ਅਪਣਾ ਸਕਦੇ ਹਨ। ਪੁਨਰ-ਜਨਮ ਪ੍ਰਾਚੀਨ ਹਿੰਦੂ ਵਿਸ਼ਵਾਸ ਹੈ। ਹਿੰਦੂ ਵਿਵੇਕ ਵਿਚ ਇਸ ਧਾਰਨਾ ਪ੍ਰਤੀ ਵੀ ਅੰਧ-ਵਿਸ਼ਵਾਸ ਨਹੀਂ ਹੈ। ਇਹ ਸ਼ਾਸਤਰਾਂ ਵਿਚ ਵੀ ਬਹਿਸ ਦਾ ਵਿਸ਼ਾ ਰਿਹਾ ਹੈ। ਅੰਧ-ਵਿਸ਼ਵਾਸ ਰਹਿਤ ਲੋਕਤੰਤਰ ਹਿੰਦੂਆਂ ਦੀ ਹੀ ਦੇਣ ਹੈ। ਹਿੰਦੂਤਵ ਨੂੰ ਫਿਰਕਾਪ੍ਰਸਤ, ਹਿੰਸਕ ਸਿੱਧ ਕਰਨ ਦੀ ਹਿਮਾਕਤ ਮੁਸਲਿਮ ਵੋਟ ਬੈਂਕ ਲੋਭੀ ਸਿਆਸੀ ਪਾਰਟੀਆਂ ਨੇ ਕੀਤੀ। ਬੇਸ਼ੱਕ ਹਿੰਦੂ ਅਤੇ ਹਿੰਦੂਤਵ ਨੂੰ ਅੱਤਵਾਦੀ ਸਿੱਧ ਕਰਨਾ ਸੰਸਾਰ ਦੇ 1.5 ਅਰਬ ਤੋਂ ਵੱਧ ਲੋਕਾਂ ਦਾ ਅਪਮਾਨ ਕਰਨ ਵਾਂਗ ਹੈ। ਹਿੰਦੂ ਆਪਣੀ ਸਮਰੱਥਾ, ਪ੍ਰਤਿਭਾ, ਯੋਗਤਾ ਦੇ ਨਾਲ ਦੁਨੀਆ ਦੀ ਸਾਧਨ-ਸੰਪੰਨਤਾ-ਸੁੱਖ ਲਈ ਸਰਗਰਮ ਹਨ ਪਰ ਇਹੀ ਹਿੰਦੂ ਇਕ ਵਾਰ ਫਿਰ ਤੋਂ ਕਟਹਿਰੇ ਵਿਚ ਖੜ੍ਹੇ ਕੀਤੇ ਗਏ, ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਮੁੱਢਲਾ ਸਵਾਲ ਹੈ ਕਿ ਹਿੰਦੂ ਕਦੋਂ ਤਕ ਅਪਮਾਨਿਤ ਹੋਣਗੇ। ਸਹਿਣਸ਼ੀਲਤਾ ਦੀ ਵੀ ਕੋਈ ਹੱਦ ਹੁੰਦੀ ਹੈ। ਇਹ ਸ਼ੁਭ ਸੰਕੇਤ ਹੈ ਕਿ ਹਿੰਦੂ ਸਮਾਜ ਜਾਗ ਗਿਆ ਹੈ। ਅਜਿਹੇ ਕਥਨ ਬਰਦਾਸ਼ਤ ਤੋਂ ਬਾਹਰ ਹਨ। ਉਸ ਨੂੰ ਆਪਣੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਪਤਾ ਲੱਗ ਗਿਆ ਹੈ। ਇਸੇ ਵਜ੍ਹਾ ਕਾਰਨ ਹਿੰਦੂਆਂ ਦੇ ਵਿਰੁੱਧ ਬੋਲਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੀ ਸਾਫਟ ਹਿੰਦੂਤਵ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਉਹ ਹਿੰਦੂਆਂ ਦੀਆਂ ਵੋਟਾਂ ਲੈਣ ਖ਼ਾਤਰ ਮੰਦਰ-ਦਰ-ਮੰਦਰ ਘੁੰਮ ਕੇ ਖ਼ੁਦ ਨੂੰ ਹਿੰਦੂ ਹਿਤੈਸ਼ੀ ਵਜੋਂ ਪੇਸ਼ ਕਰ ਰਹੇ ਹਨ। ਭਾਰਤ ਦਾ ਸੰਵਿਧਾਨ ਧਰਮ-ਨਿਰਪੱਖਤਾ ਦੀ ਦੁਹਾਈ ਦਿੰਦਾ ਹੈ। ਇਸ ਲਈ ਸਾਨੂੰ ਧਰਮ-ਨਿਰਪੱਖਤਾ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ਹੈ ਨਾ ਕਿ ਕਿਸੇ ਖ਼ਾਸ ਧਰਮ ਨੂੰ ਨਿਸ਼ਾਨਾ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ।

-(ਲੇਖਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਹੈ)

Posted By: Jatinder Singh