ਜਿਉਂ-ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਾ ਹੈ, ਨੀਲੇ ਆਸਮਾਨ ’ਚ ਰੰਗ-ਬਰੰਗੀਆਂ ਪਤੰਗਾਂ ਦੀ ਗਿਣਤੀ ਵਧਦੀ ਜਾਂਦੀ ਹੈ । ਬੱਚੇ ਬੜੇ ਸ਼ੌਕ ਨਾਲ ਆਪਣੀ ਪਸੰਦ ਦੇ ਪਤੰਗ ਖ਼ਰੀਦਦੇ ਅਤੇ ਉਡਾਉਂਦੇ ਹਨ ਪਰ ਜੇ ਪਤੰਗ ਉਡਾ ਰਹੇ ਬੱਚਿਆਂ ਨੂੰ ਸਹੀ ਅਗਵਾਈ ਨਾ ਮਿਲੇ ਤਾਂ ਉਨ੍ਹਾਂ ਦਾ ਇਹ ਚਾਅ ਕਈ ਵਾਰ ਬਹੁਤ ਮਹਿੰਗਾ ਵੀ ਪੈ ਸਕਦਾ ਹੈ । ਇਨ੍ਹਾਂ ਦਿਨਾਂ ’ਚ ਬਾਜ਼ਾਰਾਂ ’ਚ ਪਤੰਗ ਉਡਾਉਣ ਵਾਲੀਆਂ ਡੋਰਾਂ ਦੀ ਵਿਕਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ । ਸਭ ਤੋਂ ਵਧੇਰੇ ਮੰਗ ਚੀਨੀ ਡੋਰ ਦੀ ਹੁੰਦੀ ਹੈ । ਚੀਨੀ ਡੋਰ ਪਲਾਸਟਿਕ ਦੀ ਅਜਿਹੀ ਡੋਰ ਹੈ, ਜਿਸ ਦੀ ਧਾਰ ਬਹੁਤ ਤਿੱਖੀ ਹੁੰਦੀ ਹੈ । ਹਲਕੀ ਜਿਹੀ ਹੱਥ ’ਚ ਫਿਰਨ ’ਤੇ ਵੀ ਇਹ ਡੂੰਘਾ ਜ਼ਖ਼ਮ ਕਰ ਦਿੰਦੀ ਹੈ । ਹਾਲਾਂਕਿ ਸਰਕਾਰ ਨੇ ਇਸ ਡੋਰ ਦੀ ਵਿਕਰੀ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਕੁਝ ਸਵਾਰਥੀ ਅਤੇ ਲਾਲਚੀ ਕਿਸਮ ਦੇ ਲੋਕ ਇਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਟੋਰ ਕਰ ਕੇ ਰੱਖਦੇ ਹਨ ਅਤੇ ਚੋਰੀ-ਛਿਪੇ ਵੇਚਦੇ ਹਨ । ਬੱਚੇ ਅਤੇ ਨੌਜਵਾਨ ਇਕ-ਦੂਜੇ ਦੀਆਂ ਵੱਧ ਤੋਂ ਵੱਧ ਪਤੰਗਾਂ ਕੱਟਣ ਲਈ ਇਸ ਡੋਰ ਨੂੰ ਖ਼ਰੀਦਦੇ ਹਨ । ਚੀਨੀ ਡੋਰ ਨੂੰ ਖ਼ਰੀਦਣ ਸਮੇਂ ਉਨ੍ਹਾਂ ਨੂੰ ਇਹ ਇਲਮ ਨਹੀਂ ਹੁੰਦਾ ਕਿ ਇਹ ਡੋਰ ਕਿਸੇ ਦੀ ਜਾਨ ਦਾ ਖੌਅ ਵੀ ਬਣ ਸਕਦੀ ਹੈ । ਬਹੁਤ ਸਾਰੇ ਮਾਸੂਮ ਪਰਿੰਦੇ ਵੀ ਇ ਡੋਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ । ਕਿਸੇ ਦੀ ਲੱਤ ਕੱਟੀ ਜਾਂਦੀ ਹੈ ਤੇ ਕਿਸੇ ਦੇ ਖੰਭ। ਕਈ ਵਾਰ ਇਹ ਬੇਜ਼ੁਬਾਨ ਪੰਛੀ ਚੀਨੀ ਡੋਰ ’ਚ ਉਲਝ ਕੇ ਤੜਫ਼-ਤੜੜ ਕੇ ਮਰਦੇ ਹਨ । ਕਈ ਵਾਰ ਅਵਾਰਾ ਪਸ਼ੂ ਕੁਝ ਖਾਣ ਲਈ ਲੱਭਦਿਆਂ ਗਲੀਆਂ, ਮੁਹੱਲਿਆਂ ’ਚ ਇੱਧਰ -ਉੱਧਰ ਖਿੱਲਰੀਆਂ ਇਨ੍ਹਾਂ ਡੋਰਾਂ ਨੂੰ ਵੀ ਨਿਗਲ ਲੈਂਦੇ ਹਨ ਤੇ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ । ਅੱਜਕੱਲ੍ਹ ਚੀਨੀ ਡੋਰ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਹਰ ਰੋਜ਼ ਇਸ ਨਾਲ ਗੰਭੀਰ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਪੜ੍ਹਨ / ਸੁਣਨ ਨੂੰ ਮਿਲਦੀਆਂ ਹਨ । ਪਿਛਲੇ ਦਿਨੀਂ ਹੀ ਇਕ ਚਾਰ ਸਾਲਾਂ ਦੇ ਬੱਚੇ ਦਾ ਚਿਹਰਾ ਚੀਨੀ ਡੋਰ ਨਾਲ ਬੁਰੀ ਤਰ੍ਹਾਂ ਕੱਟਿਆ ਗਿਆ । ਇਹ ਡੋਰ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਕਰਦੀ ਹੈ । ਇਸ ਡੋਰ ਨੇ ਕਈ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਇਸ ਕੁਲਹਿਣੀ ਡੋਰ ਨਾਲ ਹੁੰਦੇ ਨੁਕਸਾਨ ਸਬੰਧੀ ਰੋਜ਼ਾਨਾ ਖ਼ਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਹਨ ਪਰ ਲੋਕਾਂ ’ਚ ਫਿਰ ਵੀ ਜਾਗਰੂਕਤਾ ਨਹੀਂ ਆਉਂਦੀ। ਸਰਕਾਰ ਦੀ ਸਖ਼ਤੀ ਦੇ ਬਾਵਜੂਦ ਇਸ ਦੀ ਵਿਕਰੀ ਅਤੇ ਖ਼ਰੀਦਦਾਰੀ ’ਤੇ ਬਹੁਤਾ ਫ਼ਰਕ ਨਹੀਂ ਪੈ ਰਿਹਾ । ਬਸੰਤ ਪੰਚਮੀ ਵਰਗੇ ਤਿਉਹਾਰ ਮਨਪ੍ਰਚਾਵੇ ਦੇ ਵੱਡੇ ਮੌਕੇ ਹੁੰਦੇ ਹਨ। ਇਨ੍ਹਾਂ ਤਿਉਹਾਰਾਂ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਨੂੰ ਮੁਕਾਬਲੇ ਦੀ ਤਰ੍ਹਾਂ ਨਾ ਲੈ ਕੇ ਖ਼ੁਸ਼ੀਆਂ ਦੇ ਸਾਧਨਾਂ ਦੇ ਤੌਰ ’ਤੇ ਲੈਣਾ ਚਾਹੀਦਾ ਹੈ। ਬੱਚਿਆਂ ਨੂੰ ਸਮਝਾਉਣਾ ਤੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿਉਹਾਰ ਮਨਾਉਣਾ ਗਲਤ ਨਹੀਂ ਪਰ ਇਸ ਨੂੰ ਇਸ ਤਰ੍ਹਾਂ ਮਨਾਓ ਕਿ ਕਿਸੇ ਦੂਜੇ ਨੂੰ ਕੋਈ ਨੁਕਸਾਨ ਨਾ ਹੋਵੇ । ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਪਤੰਗ ਉਡਾ ਰਹੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ । ਚੀਨੀ ਡੋਰ ਨੂੰ ਖ਼ਰੀਦਣ ਤੋਂ ਬੱਚਿਆਂ ਨੂੰ ਵਰਜਿਆ ਜਾਵੇ । ਸਰਕਾਰ ਦੇ ਨਾਲ-ਨਾਲ ਕੁਝ ਸਮਾਜ-ਸੇਵੀ ਸੰਸਥਾਵਾਂ ਵੀ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੀਆਂ ਹਨ । ਇਨ੍ਹਾਂ ਸੰਸਥਾਵਾਂ ਵੱਲੋਂ ਚੀਨੀ ਡੋਰ ’ਚ ਫਸੇ ਪੰਛੀਆਂ ਨੂੰ ਕੱਢ ਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ । ਅਜਿਹੀਆਂ ਸੰਸਥਾਵਾਂ ਵੱਲੋਂ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਆਮ ਲੋਕ ਡੋਰਾਂ ’ਚ ਫਸੇ ਮਾਸੂਮ ਪਰਿੰਦਿਆਂ ਬਾਰੇ ਜਾਣਕਾਰੀ ਦੇ ਸਕਣ । ਨਾਲ ਹੀ ਇਨ੍ਹਾਂ ਨੰਬਰਾਂ ਰਾਹੀਂ ਚੀਨੀ ਡੋਰ ਵੇਚਣ ਵਾਲਿਆਂ ਬਾਰੇ ਵੀ ਸੂਚਿਤ ਕੀਤਾ ਜਾ ਸਕਦਾ ਹੈ। ਕਈ ਥਾਈਂ ਪੁਲਿਸ ਨੇ ਚੀਨੀ ਡੋਰ ਵਰਤਣ ਵਾਲਿਆਂ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਨਾ ਸ਼ੁਰੂ ਕੀਤਾ ਹੈ। ਅਜਿਹਾ ਸਖ਼ਤ ਫ਼ੈਸਲਾ ਸ਼ਲਾਘਾਯੋਗ ਹੈ। ਹੋਰਨਾਂ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਏਦਾਂ ਦੀ ਸਖ਼ਤੀ ਕਰਨ ਦੀ ਲੋੜ ਹੈ। ਸਭ ਕਾਸੇ ਦੀ ਜ਼ਿੰਮੇਵਾਰੀ ਮਹਿਜ਼ ਸਰਕਾਰ ਅਤੇ ਪੁਲਿਸ ’ਤੇ ਹੀ ਨਹੀਂ ਸੁੱਟ ਦੇਣੀ ਚਾਹੀਦੀ, ਸਾਨੂੰ ਖ਼ੁਦ ਵੀ ਇਸ ਪਾਸੇ ਵੱਲ ਸੋਚਣਾ ਚਾਹੀਦਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਚੀਨੀ ਡੋਰ ਨਾਲ ਵਾਪਰ ਚੁੱਕੇ ਹਾਦਸਿਆਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ । ਆਪਣੇ ਦੋਸਤਾਂ , ਰਿਸ਼ਤੇਦਾਰਾਂ ਤੇ ਹੋਰਨਾਂ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ । ਸਾਨੂੰ ਸਭ ਨੂੰ ਜਾਗਰੂਕ ਨਾਗਰਿਕ ਬਣ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਜ਼ਖ਼ਮੀ ਪਸ਼ੂ-ਪੰਛੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ।

ਗੁਰਲੀਨ ਕੌਰ

ਸੰਪਰਕ ਨੰਬਰ : 78146-54133

Posted By: Jagjit Singh