-ਬਲਰਾਜ ਸਿੱਧੂ ਐੱਸਪੀ

ਚੀਨ ਇਸ ਵੇਲੇ ਸਰਹੱਦ 'ਤੇ ਜੰਗੀ ਹਾਲਾਤ ਪੈਦਾ ਕਰ ਕੇ ਭਾਰਤ ਨੂੰ ਬੁਰੀ ਤਰ੍ਹਾਂ ਤੰਗ-ਪਰੇਸ਼ਾਨ ਕਰ ਰਿਹਾ ਹੈ। ਪੰਦਰਾਂ ਜੂਨ 2020 ਨੂੰ ਲੱਦਾਖ ਦੀ ਗਲਵਾਨ ਵਾਦੀ ਵਿਖੇ ਹੋਈ ਖ਼ੂਨੀ ਝੜਪ 'ਚ ਭਾਰਤ ਦੇ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਆਪਣੇ ਮਰੇ ਸੈਨਿਕਾਂ ਦੀ ਸਹੀ ਗਿਣਤੀ ਨਹੀਂ ਦੱਸੀ। ਫਿਰ ਵੀ ਇਕ ਅੰਦਾਜ਼ੇ ਮੁਤਾਬਕ ਉਸ ਦੇ 45 ਦੇ ਲਗਪਗ ਸੈਨਿਕ ਮਾਰੇ ਗਏ ਸਨ। ਚੀਨ ਅਤੇ ਭਾਰਤ ਵਿਚਲੀ ਸਰਹੱਦ ਨੂੰ ਮੈਕਮੋਹਨ ਲਾਈਨ ਕਿਹਾ ਜਾਂਦਾ ਹੈ। ਇਹ ਸਰਹੱਦ 1914 ਈਸਵੀ ਵਿਚ ਬ੍ਰਿਟਿਸ਼ ਕਰਨਲ ਸਰ ਹੈਨਰੀ ਮੈਕਮੋਹਨ ਅਤੇ ਤਿੱਬਤ ਸਰਕਾਰ ਦੇ ਨੁਮਾਇੰਦੇ ਲੋਂਚਨ ਸਾਤਰਾ ਦੀ ਅਗਵਾਈ ਹੇਠਲੇ ਡੈਲੀਗੇਸ਼ਨਾਂ ਦਰਮਿਆਨ ਸ਼ਿਮਲਾ ਵਿਖੇ ਹੋਏ ਇਕ ਲਿਖਤੀ ਸਮਝੌਤੇ ਦੁਆਰਾ ਨਿਸ਼ਚਿਤ ਕੀਤੀ ਗਈ ਸੀ। ਤਿੱਬਤ ਉਸ ਵੇਲੇ ਇਕ ਆਜ਼ਾਦ ਦੇਸ਼ ਸੀ ਪਰ ਸੰਨ 1951 ਵਿਚ ਚੀਨ ਨੇ ਤਿੱਬਤ 'ਤੇ ਕਬਜ਼ਾ ਕਰ ਲਿਆ ਅਤੇ ਭਾਰਤ ਦਾ ਗੁਆਂਢੀ ਬਣ ਬੈਠਾ।

ਚੀਨ ਇਸ ਸਮਝੌਤੇ ਨੂੰ ਬ੍ਰਿਟਿਸ਼ ਸਰਕਾਰ ਦਾ ਧੱਕਾ ਮੰਨਦਾ ਹੈ। ਉਸ ਅਨੁਸਾਰ 1914 'ਚ ਭਾਰਤ ਤੇ ਤਿੱਬਤ ਆਜ਼ਾਦ ਦੇਸ਼ ਨਹੀਂ ਸਨ। ਇਸ ਲਈ ਉਹ ਸਮਝੌਤਾ ਹੁਣ ਲਾਗੂ ਨਹੀਂ ਹੁੰਦਾ। ਚੀਨ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ 65000 ਸਕੁਏਅਰ ਕਿਲੋਮੀਟਰ ਇਲਾਕੇ 'ਤੇ ਆਪਣਾ ਦਾਅਵਾ ਕਰਦਾ ਹੈ। ਭਾਰਤ ਅਤੇ ਚੀਨ ਦੀ ਸਰਹੱਦ 3488 ਕਿਲੋਮੀਟਰ ਲੰਬੀ ਹੈ। ਲੱਦਾਖ ਅਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੀ ਹਮਲਾਵਰ ਨੀਤੀ ਕਮਿਊਨਿਸਟ ਰਾਜ ਦੇ ਬਾਨੀ ਮਾਓ ਜ਼ੇ ਤੁੰਗ ਦੀ ਪਾਲਿਸੀ 'ਤੇ ਆਧਾਰਿਤ ਹੈ ਕਿ ਜਿਸ ਵੀ ਇਲਾਕੇ ਨੂੰ ਚੀਨ ਆਪਣਾ ਸਮਝਦਾ ਹੈ, ਉਸ ਨੂੰ ਤਾਕਤ ਨਾਲ ਹੜੱਪ ਕਰ ਲੈਣਾ ਚਾਹੀਦਾ ਹੈ। ਦੱਖਣੀ ਚੀਨ ਸਾਗਰ ਵਿਚ ਚੀਨ ਦੀ ਟੱਕਰ ਸੁਪਰ ਪਾਵਰ ਅਮਰੀਕਾ ਨਾਲ ਹੈ ਕਿਉਂਕਿ ਉੱਥੇ ਅਮਰੀਕਾ ਨੇ ਤਾਇਵਾਨ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਜਿਸ ਵਿਚ ਏਅਰਕਰਾਫਟ ਕੈਰੀਅਰ ਜਹਾਜ਼ ਵੀ ਸ਼ਾਮਲ ਹਨ, ਤਾਇਨਾਤ ਕਰ ਰੱਖਿਆ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਸਮਝਦਾ ਹੈ ਅਤੇ ਹਮੇਸ਼ਾ ਉਸ ਨੂੰ ਹੜੱਪਣ ਦੀ ਤਾਕ ਵਿਚ ਰਹਿੰਦਾ ਹੈ। ਪਰ ਅਮਰੀਕਾ ਦੀ ਮੌਜੂਦਗੀ ਕਾਰਨ ਉਹ ਅਜਿਹਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਅਸਲ ਵਿਚ ਚੀਨ ਦੀ ਨਜ਼ਰ ਦੱਖਣੀ ਚੀਨ ਸਾਗਰ ਦੀ ਤਲਹੱਟੀ ਵਿਚ ਮੌਜੂਦ ਅਥਾਹ ਤੇਲ ਅਤੇ ਖਣਿਜ ਪਦਾਰਥਾਂ 'ਤੇ ਹੈ। ਕਈ ਵਾਰ ਚੀਨ ਅਤੇ ਅਮਰੀਕਾ ਦੇ ਗਸ਼ਤੀ ਜੰਗੀ ਜਹਾਜ਼ ਖ਼ਤਰਨਾਕ ਹੱਦ ਤਕ ਇਕ-ਦੂਸਰੇ ਦੇ ਨਜ਼ਦੀਕ ਆ ਚੁੱਕੇ ਹਨ। ਲੱਦਾਖ ਵਿਚ ਚੀਨ ਦੀ ਟੱਕਰ ਦੁਨੀਆ ਦੀ ਉੱਭਰ ਰਹੀ ਆਰਥਿਕ ਤਾਕਤ ਭਾਰਤ ਨਾਲ ਹੈ। ਚੀਨ ਦੀ ਫ਼ੌਜ ਇਸ ਵੇਲੇ ਸੰਸਾਰ ਦੀ ਸਭ ਤੋਂ ਵੱਡੀ (22 ਲੱਖ) ਹੈ ਅਤੇ ਭਾਰਤ ਦੀ ਨੰਬਰ ਦੋ 'ਤੇ (15 ਲੱਖ) ਹੈ।

ਭਾਰਤ ਅਤੇ ਅਮਰੀਕਾ ਨਾਲ ਸਿੱਧੀ ਟੱਕਰ ਲੈਣ ਦੀ ਚੀਨ ਦੀ ਕੋਈ ਮਨਸ਼ਾ ਨਹੀਂ ਹੈ। ਉਸ ਦਾ ਮੁੱਖ ਕੰਮ ਦੋਵਾਂ ਨੂੰ ਇੰਨਾ ਤੰਗ-ਪਰੇਸ਼ਾਨ ਕਰਨਾ ਹੈ ਕਿ ਉਹ ਥੱਕ-ਹਾਰ ਕੇ ਮੈਦਾਨ ਵਿੱਚੋਂ ਪਿੱਛੇ ਹਟ ਜਾਣ। ਭਾਰਤ ਦੀ ਮੁੱਖ ਮੁਸ਼ਕਲ ਇਹ ਹੈ ਕਿ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਿਆਂਮਾਰ ਵਰਗੇ ਭਾਰਤ ਦੇ ਸਾਰੇ ਗੁਆਂਢੀ ਚੀਨ ਦੇ ਪਿੱਛਲੱਗ ਬਣ ਚੁੱਕੇ ਹਨ। ਉਹ ਇਨ੍ਹਾਂ ਦੇਸ਼ਾਂ ਨੂੰ ਕਰੋੜਾਂ ਡਾਲਰ ਦੀ ਆਰਥਿਕ ਅਤੇ ਸੈਨਿਕ ਮਦਦ ਮੁਹੱਈਆ ਕਰ ਰਿਹਾ ਹੈ। ਗਲਵਾਨ ਵਾਦੀ ਦੀ ਝੜਪ ਤੋਂ ਬਾਅਦ ਚੀਨੀ ਮੀਡੀਆ ਨੇ ਭਾਰਤ ਨੂੰ ਇਕ ਹਮਲਾਵਰ, ਹਿੰਸਕ ਅਤੇ ਵਿਸਥਾਰਵਾਦੀ ਦੇਸ਼ ਵਜੋਂ ਪ੍ਰਚਾਰਿਆ ਹੈ। ਚੀਨੀ ਫ਼ੌਜ ਦੀ ਪੱਛਮੀ ਕਮਾਂਡ ਦੇ ਮੁਖੀ ਜ਼ਹਾਉ ਜੌਂਗਕੀ ਨੇ ਤਾਂ ਭਾਰਤ ਨੂੰ ਕਾਫ਼ੀ ਧਮਕੀਆਂ ਵੀ ਦਿੱਤੀਆਂ ਹਨ। ਜ਼ਹਾਉ ਨੂੰ ਚੀਨੀ ਫ਼ੌਜ ਦਾ ਸਭ ਤੋਂ ਵੱਧ ਕੱਟੜ ਤੇ ਯੁੱਧ ਪ੍ਰੇਮੀ ਪ੍ਰਵਿਰਤੀ ਵਾਲਾ ਕਮਾਂਡਰ ਸਮਝਿਆ ਜਾਂਦਾ ਹੈ। ਚੀਨ ਇਸ ਖੇਤਰ ਵਿਚ ਧੱਕੇਸ਼ਾਹੀ ਵਾਲੀ ਨੀਤੀ ਅਪਣਾ ਰਿਹਾ ਹੈ ਅਤੇ ਭਾਰਤੀ ਫ਼ੌਜ ਸਿਰਫ਼ ਚੀਨ ਨੂੰ ਆਪਣੇ ਖੇਤਰ 'ਤੇ ਕਬਜ਼ਾ ਕਰਨ ਤੋਂ ਰੋਕਣ ਲਈ ਰੱਖਿਆਤਮਕ ਪੈਂਤੜੇ ਅਪਣਾ ਰਹੀ ਹੈ। ਗਲਵਾਨ ਘਾਟੀ ਦੀ ਝੜਪ ਵੇਲੇ ਵੀ ਭਾਰਤ ਨੇ ਇਹੀ ਪਹੁੰਚ ਅਪਣਾਈ ਸੀ। ਚੀਨ ਦੀ ਇਸ ਧੋਖੇਬਾਜ਼ੀ ਨੇ ਭਾਰਤ ਨੂੰ ਬਹੁਤ ਤਲਖ ਸਿੱਖਿਆ ਦਿੱਤੀ ਹੈ ਅਤੇ ਉਸ ਦੇ ਚੀਨ ਪ੍ਰਤੀ ਸਾਰੇ ਭੁਲੇਖੇ ਦੂਰ ਹੋ ਗਏ ਹਨ। ਇਹੀ ਨਹੀਂ, 29-30 ਅਗਸਤ ਦੀ ਰਾਤ ਨੂੰ ਚੁਸ਼ੂਲ ਵਿਖੇ ਹੋਈ ਝੜਪ 'ਚ ਭਾਰਤ ਦੀ ਤਿੱਬਤੀ ਸ਼ਰਨਾਰਥੀਆਂ 'ਤੇ ਆਧਾਰਿਤ ਫ਼ੌਜੀ ਟੁਕੜੀ (ਸਪੈਸ਼ਲ ਫਰੰਟੀਅਰ ਫੋਰਸ) ਨੇ ਵੀ ਹਿੱਸਾ ਲਿਆ ਸੀ। ਉਨ੍ਹਾਂ ਨੇ ਇਸ ਠੰਢੇ ਯੱਖ ਪਹਾੜੀ ਖੇਤਰ ਵਿਚ ਲੜਨ ਦੌਰਾਨ ਉੱਚ ਕੋਟੀ ਦੀ ਬਹਾਦਰੀ ਵਿਖਾਈ ਅਤੇ ਚੀਨੀ ਫ਼ੌਜ ਨੂੰ ਮੁਸ਼ਕਲ ਵਿਚ ਪਾ ਦਿੱਤਾ।

ਜਿਸ ਗੱਲ ਨੇ ਚੀਨ ਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ, ਉਹ ਸੂਬੇਦਾਰ ਨਾਈਮਾ ਤੇਨਜ਼ਿਨ ਦੀ ਸ਼ਹੀਦੀ ਸੀ। ਇਸ ਸ਼ਹੀਦੀ ਨੇ ਸਾਰੇ ਸੰਸਾਰ ਵਿਚ ਬਿਖਰੇ ਹੋਏ ਤਿੱਬਤੀ ਭਾਈਚਾਰੇ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਵਿਚ ਤਿੱਬਤ ਦੀ ਆਜ਼ਾਦੀ ਪ੍ਰਤੀ ਨਵੀਂ ਤਾਂਘ ਅਤੇ ਤੜਫ਼ ਪੈਦਾ ਹੋਈ ਹੈ। ਨਵੀਂ ਦਿੱਲੀ ਸਮੇਤ ਬਹੁਤ ਸਾਰੇ ਦੇਸ਼ਾਂ ਵਿਚ ਚੀਨੀ ਦੂਤਘਰਾਂ ਦੇ ਬਾਹਰ ਤਿੱਬਤੀਆਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਹਨ। ਚੀਨ ਦੀ ਲੰਬੇ ਸਮੇਂ ਦੀ ਨੀਤੀ ਹੈ ਕਿ ਭਾਰਤ ਨੂੰ ਲਗਾਤਰ ਤੰਗ ਕੀਤਾ ਜਾਵੇ ਤਾਂ ਜੋ ਉਸ ਦੀਆਂ ਕੂਟਨੀਤਕ ਅਤੇ ਸੁਰੱਖਿਆ ਨੀਤੀਆਂ ਪ੍ਰਤੀ ਭਾਰਤੀ ਜਨਤਾ ਵਿਚ ਨਾਂਹ-ਪੱਖੀ ਅਕਸ ਬਣੇ। ਉਸ ਦੀਆਂ ਇਨ੍ਹਾਂ ਹੀ ਚਾਲਾਂ ਨੂੰ ਭਾਂਪ ਕੇ 2013 ਵਿਚ ਤਤਕਾਲੀ ਨੈਸ਼ਨਲ ਸਕਿਉਰਿਟੀ ਸਲਾਹਕਾਰ ਬੋਰਡ ਦੇ ਚੇਅਰਮੈਨ ਸ਼ਿਆਮ ਸਰਨ ਨੇ ਭਾਰਤ ਸਰਕਾਰ ਨੂੰ ਇਕ ਰਿਪੋਰਟ ਪੇਸ਼ ਕੀਤੀ ਸੀ ਕਿ ਭਾਰਤ-ਚੀਨ ਸਰਹੱਦ 'ਤੇ ਫ਼ੌਜ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੀ ਗਸ਼ਤ ਹੋਰ ਵਧਾਈ ਜਾਵੇ ਅਤੇ ਸਰਹੱਦ ਉੱਪਰਲੀਆਂ 65 ਚੌਕੀਆਂ ਨੂੰ ਵਧਾ ਕੇ 300 ਕੀਤਾ ਜਾਵੇ। ਉਸ ਨੇ ਤੱਥਾਂ ਸਹਿਤ ਦੱਸਿਆ ਸੀ ਕਿ ਚੀਨ ਸਰਹੱਦ 'ਤੇ ਆਪਣੀ ਫ਼ੌਜ ਦੀ ਗਿਣਤੀ 'ਚ ਭਾਰੀ ਵਾਧਾ ਕਰ ਰਿਹਾ ਹੈ ਅਤੇ ਨਵੀਆਂ ਛਾਉਣੀਆਂ ਅਤੇ ਹਵਾਈ ਪੱਟੀਆਂ ਦੀ ਉਸਾਰੀ ਕਰ ਰਿਹਾ ਹੈ। ਚੀਨ ਜਦੋਂ ਚਾਹੇ ਆਪਣੀ ਫ਼ੌਜ ਅੱਗੇ ਵਧਾ ਕੇ ਰਣਨੀਤਕ ਪੱਖੋਂ ਬੇਹੱਦ ਸੰਵੇਦਨਸ਼ੀਲ ਦੇਪਸ਼ਾਂਗ ਵਰਗੀਆਂ ਅਹਿਮ ਚੋਟੀਆਂ 'ਤੇ ਕਬਜ਼ਾ ਜਮਾ ਸਕਦਾ ਹੈ। ਪਰ ਉਸ ਵੇਲੇ ਭਾਰਤ ਸਰਕਾਰ ਕਈ ਹੋਰ ਮਸਲਿਆਂ ਵਿਚ ਉਲਝੀ ਹੋਣ ਕਾਰਨ ਰਿਪੋਰਟ ਵੱਲ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ।

ਸੰਨ 2014 ਦੀ ਚੀਨੀ ਘੁਸਪੈਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਰਿਪੋਰਟ ਸਹੀ ਸੀ। ਹੁਣ ਭਾਰਤ ਸਰਹੱਦ ਦੇ ਕਈ ਹਿੱਸਿਆਂ ਵਿਚ ਗਸ਼ਤ ਹੀ ਨਹੀਂ ਕਰ ਸਕਦਾ ਕਿਉਂਕਿ ਚੀਨ ਨੇ ਰਾਕੀ ਨਾਲਾ ਤਕ ਕਬਜ਼ਾ ਜਮਾ ਲਿਆ ਹੈ। ਹੁਣ ਸਰਕਾਰ ਕੋਲ ਇਸ ਮਸਲੇ ਨੂੰ ਸਖ਼ਤ ਤਰੀਕੇ ਨਾਲ ਨਿਪਟਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ। ਇਸ ਵੇਲੇ ਭਾਰਤ ਨੂੰ ਤਿੰਨ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ, ਚੀਨ ਵੱਲੋਂ ਆਇਆ ਕੋਰੋਨਾ ਵਾਇਰਸ ਹੈ ਜਿਸ ਕਾਰਨ ਭਾਰਤ ਦੀ ਆਰਥਿਕਤਾ ਮਨਫ਼ੀ 23% ਤਕ ਸੁੰਗੜ ਗਈ ਹੈ। ਦੂਸਰੀ, ਚੀਨ ਦੀਆਂ ਛੇੜਖਾਨੀਆਂ ਕਾਰਨ ਭਾਰਤ ਨੂੰ ਆਰਮੀ, ਨੇਵੀ ਅਤੇ ਏਅਰ ਫੋਰਸ ਨੂੰ ਜੰਗੀ ਹਾਲਾਤ ਕਾਰਨ ਹਾਈ ਅਲਰਟ 'ਤੇ ਰੱਖਣ ਲਈ ਭਾਰੀ ਖ਼ਰਚਾ ਸਹਿਣ ਕਰਨਾ ਪੈ ਰਿਹਾ ਹੈ ਅਤੇ ਅਰਬਾਂ ਡਾਲਰ ਦੇ ਨਵੇਂ ਆਧੁਨਿਕ ਹਥਿਆਰ ਵਿਦੇਸ਼ਾਂ ਤੋਂ ਖ਼ਰੀਦਣੇ ਪੈ ਰਹੇ ਹਨ। ਚੀਨ ਤਾਂ ਅਜਿਹੇ ਖ਼ਰਚੇ ਬਰਦਾਸ਼ਤ ਕਰ ਸਕਦਾ ਹੈ ਪਰ ਭਾਰਤ ਵਾਸਤੇ ਵਿਕਾਸ ਦੇ ਬਾਕੀ ਕੰਮ ਛੱਡ ਕੇ ਸਾਰਾ ਧਿਆਨ ਇਸ ਖ਼ਰਚੇ ਵੱਲ ਲਗਾਉਣਾ ਬਹੁਤ ਕਠਿਨ ਹੈ। ਤੀਸਰਾ, ਭਾਰਤ ਪਾਕਿਸਤਾਨ ਵੱਲੋਂ ਵੀ ਨਜ਼ਰ ਨਹੀਂ ਹਟਾ ਸਕਦਾ ਜਿਸ ਨੂੰ ਚੀਨ ਭਾਰਤ ਨੂੰ ਪਰੇਸ਼ਾਨ ਕਰਨ ਲਈ ਸ਼ਹਿ ਅਤੇ ਮਦਦ ਦੇ ਰਿਹਾ ਹੈ। ਇਸ ਵੇਲੇ ਭਾਰਤ ਨੂੰ ਰੂਸ ਅਤੇ ਅਮਰੀਕਾ ਨੂੰ ਛੱਡ ਕੇ ਕਿਸੇ ਹੋਰ ਦੇਸ਼ ਤੋਂ ਕੂਟਨੀਤਕ ਜਾਂ ਸੈਨਿਕ ਮਦਦ ਨਹੀਂ ਮਿਲ ਰਹੀ। ਈਯੂ ਦੇ ਮੁਖੀ ਜਰਮਨੀ ਦੇ ਚੀਨ ਨਾਲ ਗਹਿਰੇ ਆਰਥਿਕ ਹਿੱਤ ਜੁੜੇ ਹੋਏ ਹਨ। ਇਸ ਲਈ ਈਯੂ ਤੋਂ ਵੀ ਕੋਈ ਕੂਟਨੀਤਕ ਮਦਦ ਦੀ ਉਮੀਦ ਨਹੀਂ ਹੈ। ਭਵਿੱਖ 'ਚ ਅਮਰੀਕਾ ਬਾਰੇ ਵੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉੱਥੇ ਚੋਣਾਂ ਹੋਣ ਜਾ ਰਹੀਆਂ ਹਨ। ਜੇ ਟਰੰਪ ਦੁਬਾਰਾ ਰਾਸ਼ਟਰਪਤੀ ਨਹੀਂ ਬਣਦਾ ਤਾਂ ਅਮਰੀਕਾ ਦੀਆਂ ਚੀਨ ਪ੍ਰਤੀ ਨੀਤੀਆਂ 'ਚ ਵੱਡਾ ਬਦਲਾਅ ਹੋਵੇਗਾ।

ਮੌਜੂਦਾ ਹਾਲਾਤ ਅਨੁਸਾਰ ਚੀਨ ਦਾ ਵੀ ਭਾਰਤ ਨਾਲ ਖੁੱਲ੍ਹਮ-ਖੁੱਲ੍ਹੀ ਜੰਗ ਕਰਨ ਦਾ ਕੋਈ ਇਰਾਦਾ ਨਹੀਂ ਲੱਗਦਾ। ਉਹ ਭਾਰਤ ਵੱਲੋਂ ਉਸ 'ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਅਤੇ ਐਪਾਂ ਆਦਿ ਬੰਦ ਕਰਨ ਦਾ ਬਦਲਾ ਲੈਣ 'ਤੇ ਉਤਾਰੂ ਹੈ। ਉਹ ਸਿਰਫ਼ ਛੇੜਖਾਨੀਆਂ ਕਰ ਕੇ ਭਾਰਤ ਦਾ ਵੱਧ ਤੋਂ ਵੱਧ ਆਰਥਿਕ ਨੁਕਸਾਨ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤ ਅੱਕ ਕੇ ਬਿਨਾਂ ਲੜੇ ਗੋਡੇ ਟੇਕ ਦੇਵੇ। ਉਹ ਜਾਣਦਾ ਹੈ ਕਿ ਭਾਰਤ ਉਸ 'ਤੇ ਹਮਲਾ ਨਹੀਂ ਕਰ ਸਕਦਾ ਕਿਉਂਕਿ ਉਸ ਨੇ ਕਦੇ ਵੀ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ। ਰੂਸ ਤੇ ਅਮਰੀਕਾ ਭਾਵੇਂ ਭਾਰਤ ਦੀ ਮਦਦ ਕਰਨ ਦਾ ਦਮ ਭਰਦੇ ਹਨ ਪਰ ਉਹ ਜੰਗ ਸਮੇਂ ਭਾਰਤ ਦੀ ਸਿੱਧੀ ਸੈਨਿਕ ਮਦਦ ਲਈ ਅੱਗੇ ਨਹੀਂ ਆਉਣਗੇ। ਦੋਵੇਂ ਵਪਾਰੀ ਦੇਸ਼ ਹਨ। ਭਾਰਤ-ਚੀਨ ਦੇ ਝਗੜੇ 'ਚ ਹੀ ਉਨ੍ਹਾਂ ਦਾ ਫ਼ਾਇਦਾ ਹੈ। ਉਹ ਭਾਰਤ ਨੂੰ ਅਰਬਾਂ ਡਾਲਰ ਦੇ ਹਥਿਆਰ ਵੇਚ ਕੇ ਉਸ ਦਾ ਸ਼ੋਸ਼ਣ ਹੀ ਕਰ ਰਹੇ ਹਨ। ਸੋ, ਭਾਰਤ ਨੂੰ ਚਾਹੀਦਾ ਹੈ ਉਹ ਸੈਨਿਕ ਹੱਲ ਦੇ ਨਾਲ-ਨਾਲ ਕੂਟਨੀਤਕ ਚੈਨਲ ਵੀ ਖੁੱਲ੍ਹੇ ਰੱਖੇ ਤੇ ਜਲਦ ਇਸ ਝਗੜੇ ਨੂੰ ਖ਼ਤਮ ਕਰੇ ਤਾਂ ਜੋ ਦੇਸ਼ 'ਤੇ ਪੈ ਰਹੇ ਭਾਰੀ ਆਰਥਿਕ ਦਬਾਅ ਤੇ ਰਣਨੀਤਕ ਸੰਕਟ ਤੋਂ ਛੁਟਕਾਰਾ

ਮਿਲ ਸਕੇ।-ਸੰਪਰਕ : 95011-00062

Posted By: Jagjit Singh