ਭਾਰਤ ਅਤੇ ਚੀਨ ਦੇ ਸੀਨੀਅਰ ਫ਼ੌਜੀ ਅਫ਼ਸਰਾਂ ਵਿਚਾਲੇ ਹੋਈ ਗੱਲਬਾਤ ਬੇਨਤੀਜਾ ਰਹਿਣ 'ਤੇ ਕੋਈ ਹੈਰਾਨੀ ਨਹੀਂ ਹੈ। ਚੀਨ ਦੀ ਬਦਨੀਅਤੀ ਨੂੰ ਦੇਖਦੇ ਹੋਏ ਇਸ ਦੇ ਹੀ ਆਸਾਰ ਸਨ ਕਿ ਇਸ ਗੱਲਬਾਤ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਬੀਤੀਆਂ ਛੇ ਵਾਰ ਦੀਆਂ ਵਾਰਤਾਵਾਂ ਦਾ ਹੋਇਆ ਹੈ। ਹੁਣ ਭਾਰਤ ਨੂੰ ਇਸ ਸਿੱਟੇ 'ਤੇ ਪੁੱਜਣ ਵਿਚ ਦੇਰ ਨਹੀਂ ਕਰਨੀ ਚਾਹੀਦੀ ਕਿ ਚੀਨ ਆਪਣੇ ਅੜੀਅਲ ਰਵੱਈਏ ਤੋਂ ਬਾਜ਼ ਆਉਣ ਵਾਲਾ ਨਹੀਂ ਹੈ ਅਤੇ ਉਸ ਨਾਲ ਨਜਿੱਠਣ ਲਈ ਕੁਝ ਹੋਰ ਉਪਾਅ ਕਰਨੇ ਹੋਣਗੇ। ਇਨ੍ਹਾਂ ਉਪਰਾਲਿਆਂ ਦੀ ਜ਼ਰੂਰਤ ਚੀਨ ਦੇ ਇਸ ਬੇਤੁਕੇ ਬਿਆਨ ਤੋਂ ਬਾਅਦ ਹੋਰ ਵੱਧ ਗਈ ਹੈ ਕਿ ਉਹ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ। ਇਸ ਬੇਹੂਦਗੀ ਦਾ ਸਿੱਧਾ ਅਤੇ ਚੀਨ ਨੂੰ ਆਸਾਨੀ ਨਾਲ ਸਮਝ ਵਿਚ ਆਉਣ ਵਾਲਾ ਜਵਾਬ ਇਹੀ ਹੋ ਸਕਦਾ ਹੈ ਕਿ ਭਾਰਤ ਵੀ ਕਥਿਤ 'ਇਕ ਚੀਨ' ਨੀਤੀ ਨੂੰ ਖ਼ਾਰਜ ਕਰਦਾ ਹੈ ਅਤੇ ਇਹ ਮਾਨਤਾ ਹੈ ਕਿ ਤਿੱਬਤ ਅਤੇ ਤਾਇਵਾਨ 'ਤੇ ਉਸ ਦਾ ਨਾਜਾਇਜ਼ ਕਬਜ਼ਾ ਹੈ। ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਦਿੱਤੇ ਗਏ ਚੀਨ ਦੇ ਤਾਜ਼ਾ ਬਿਆਨ ਨਾਲ ਉਸ ਅੰਦੇਸ਼ੇ ਦੀ ਪੁਸ਼ਟੀ ਹੁੰਦੀ ਹੈ ਜਿਸ ਨੂੰ ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਇਲਾਕਿਆਂ ਵਿਚ 44 ਪੁਲਾਂ ਦੀ ਘੁੰਡ-ਚੁਕਾਈ ਦੌਰਾਨ ਜ਼ਾਹਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਭਾਰਤ ਵਿਰੁੱਧ ਸਾਜ਼ਿਸ਼ ਘੜ ਰਹੇ ਹਨ। ਚੀਨ ਨੇ ਇਨ੍ਹਾਂ ਪੁਲਾਂ ਦੇ ਨਿਰਮਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰ ਕੇ ਉਨ੍ਹਾਂ ਦੇ ਅੰਦੇਸ਼ੇ ਨੂੰ ਸਹੀ ਸਿੱਧ ਕਰਨ ਦਾ ਹੀ ਕੰਮ ਕੀਤਾ ਹੈ। ਇਹ ਹਾਸੋਹੀਣਾ ਹੈ ਕਿ ਚੀਨ ਖ਼ੁਦ ਤਾਂ ਭਾਰਤ ਨਾਲ ਲੱਗਦੀ ਸਰਹੱਦ ਦੇ ਨੇੜੇ ਹਰ ਤਰ੍ਹਾਂ ਦਾ ਨਿਰਮਾਣ ਕਾਰਜ ਕਰਨ ਵਿਚ ਲੱਗਾ ਹੋਇਆ ਹੈ ਪਰ ਇਹ ਚਾਹ ਰਿਹਾ ਹੈ ਕਿ ਭਾਰਤ ਅਜਿਹਾ ਨਾ ਕਰੇ। ਅਜਿਹੇ ਵਿਚ ਇਹੀ ਜ਼ਰੂਰਤ ਹੈ ਕਿ ਭਾਰਤ ਚੀਨ ਦੇ ਨਿਰਮੂਲ ਇਤਰਾਜ਼ਾਂ 'ਤੇ ਬਿਲਕੁਲ ਧਿਆਨ ਨਾ ਦੇਵੇ। ਚੀਨ ਨੂੰ ਬਿਨਾਂ ਕਿਸੇ ਲਾਗ-ਲਪੇਟ ਦੇ ਇਹ ਦੱਸਣ ਦਾ ਵੀ ਵਕਤ ਆ ਗਿਆ ਹੈ ਕਿ ਜੇਕਰ ਉਹ ਭਾਰਤ ਦੇ ਹਿੱਤਾਂ ਦੀ ਚਿੰਤਾ ਕਰਨ ਨੂੰ ਤਿਆਰ ਨਹੀਂ ਤਾਂ ਉਸ ਦੇ ਹਿੱਤਾਂ ਦੀ ਵੀ ਪਰਵਾਹ ਸੰਭਵ ਨਹੀਂ। ਕਿਉਂਕਿ ਚੀਨ ਆਪਣੇ ਹਮਲਾਵਰ ਰਵੱਈਏ ਕਾਰਨ ਲਗਪਗ ਹਰ ਗੁਆਂਢੀ ਦੇਸ਼ ਨੂੰ ਤੰਗ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਲਈ ਭਾਰਤ ਨੂੰ ਵਿਸ਼ਵ ਮੰਚ 'ਤੇ ਇਹ ਸਵਾਲ ਚੁੱਕਣਾ ਚਾਹੀਦਾ ਹੈ ਕਿ ਆਖ਼ਰ ਇਸ ਦਾ ਕੀ ਮਤਲਬ ਕਿ ਕੌਮਾਂਤਰੀ ਨਿਯਮਾਂ-ਕਾਨੂੰਨਾਂ ਨੂੰ ਬੇਸ਼ਰਮੀ ਨਾਲ ਅੰਗੂਠਾ ਦਿਖਾਉਣ ਵਾਲਾ ਕੋਈ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਿਆ ਰਹੇ? ਆਪਣੀ ਆਰਥਿਕ ਤਾਕਤ ਦੇ ਨਸ਼ੇ ਵਿਚ ਚੂਰ ਚੀਨੀ ਹੁਕਮਰਾਨਾਂ ਦੀ ਜੇਕਰ ਕਿਸੇ ਨਾਲ ਤੁਲਨਾ ਹੋ ਸਕਦੀ ਹੈ ਤਾਂ ਹਿਟਲਰ ਦੇ ਜ਼ਮਾਨੇ ਵਾਲੇ ਨਾਜ਼ੀ ਜਰਮਨੀ ਨਾਲ ਜਾਂ ਫਿਰ ਅੱਜ ਦੇ ਉੱਤਰੀ ਕੋਰੀਆ ਨਾਲ। ਭਾਰਤ ਨੂੰ ਇਸ ਨੂੰ ਲੈ ਕੇ ਦੁਨੀਆ ਨੂੰ ਖ਼ਬਰਦਾਰ ਕਰਨ ਦੀ ਜ਼ਰੂਰਤ ਹੈ ਕਿ ਪਰਮਾਣੂ ਹਥਿਆਰ ਸੰਪੰਨ ਚੀਨ ਆਲਮੀ ਢਾਂਚੇ ਨੂੰ ਤਹਿਸ-ਨਹਿਸ ਕਰਨ 'ਤੇ ਉਤਾਰੂ ਹੈ। ਉਹ ਕਿਸੇ ਵੀ ਵੇਲੇ ਦੁਨੀਆ ਦੇ ਅਮਨ-ਚੈਨ ਨੂੰ ਲਾਂਬੂ ਲਾ ਸਕਦਾ ਹੈ। ਚੀਨ ਵਿਸ਼ਵ ਨੂੰ ਕੋਰੋਨਾ ਦੀ ਸੌਗਾਤ ਦੇਣ 'ਤੇ ਵੀ ਸ਼ਰਮਿੰਦਾ ਨਹੀਂ। ਉਸ ਨੂੰ ਭਾਰਤ ਦੀ ਅਮਰੀਕਾ ਨਾਲ ਨੇੜਤਾ ਬਹੁਤ ਪਰੇਸ਼ਾਨ ਕਰਦੀ ਹੈ। ਇਸੇ ਲਈ ਉਹ ਭਾਰਤ ਦੇ ਹਿੱਤਾਂ ਨੂੰ ਢਾਹ ਲਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ। ਦੂਜੇ ਬੰਨੇ ਉਸ ਦਾ ਸਾਥ ਦੇ ਕੇ ਪਾਕਿਸਤਾਨ ਭਾਰਤ ਨਾਲ ਕਿੜ ਕੱਢ ਰਿਹਾ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਦੋਵੇਂ ਬਦਨੀਅਤ ਗੁਆਂਢੀਆਂ ਨੂੰ ਹਰਗਿਜ਼ ਹਲਕੇ ਵਿਚ ਨਹੀਂ ਲੈਣਾ ਚਾਹੀਦਾ।

Posted By: Jagjit Singh