ਲੱਦਾਖ ਨਾਲ ਲੱਗਦੀ ਸਰਹੱਦ 'ਤੇ ਭਾਰਤ ਤੇ ਚੀਨ ਦਾ ਕਾਟੋ-ਕਲੇਸ਼ ਛੇਤੀ ਖ਼ਤਮ ਹੋਣ ਦੀ ਉਮੀਦ ਹੈ। ਇਸ ਬਾਬਤ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਨੇ ਅਮਰੀਕਾ ਦੇ ਵਿਚੋਲਗੀ ਦੇ ਪ੍ਰਸਤਾਵ ਨੂੰ ਖ਼ਾਰਿਜ ਕਰ ਦਿੱਤਾ ਹੈ। ਚੀਨ ਨੇ ਕਿਹਾ ਹੈ ਕਿ ਉਹ ਤੇ ਭਾਰਤ ਗੱਲਬਾਤ ਰਾਹੀਂ ਮਸਲਾ ਸੁਲਝਾ ਲੈਣਗੇ। ਭਾਰਤ ਨੇ ਕਿਹਾ ਹੈ ਕਿ ਗੁਆਂਢੀ ਨਾਲ ਮੁੱਦੇ ਦਾ ਸ਼ਾਂਤਮਈ ਹੱਲ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਕੋਰੋਨਾ ਕਾਰਨ ਖ਼ਰਾਬ ਹੋਏ ਆਪਣੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਝੂਠੀ ਬਿਆਨਬਾਜ਼ੀ ਲਈ ਬਦਨਾਮ ਹਨ। ਬੀਤੇ ਦਿਨ ਵੀ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਹੈ ਅਤੇ ਚੀਨ ਕਾਰਨ ਉਨ੍ਹਾਂ ਦਾ ਮੂਡ ਖ਼ਰਾਬ ਹੈ ਜਦਕਿ ਮੋਦੀ ਤੇ ਟਰੰਪ ਦੀ ਇਸ ਦੌਰਾਨ ਕੋਈ ਗੱਲਬਾਤ ਹੋਈ ਹੀ ਨਹੀਂ। ਉਨ੍ਹਾਂ ਦੋਵਾਂ 'ਚ ਆਖ਼ਰੀ ਵਾਰ 4 ਅਪ੍ਰੈਲ ਨੂੰ ਗੱਲ ਹੋਈ ਸੀ। ਚੀਨ ਤੇ ਭਾਰਤ ਵਿਚਾਲੇ ਤਾਜ਼ਾ ਮਾਮਲਾ ਲੱਦਾਖ ਦਾ ਹੈ ਜਿੱਥੇ ਚੀਨ ਨੇ ਸਰਹੱਦ ਦੇ ਨੇੜੇ ਲਗਪਗ 6,000 ਫ਼ੌਜੀ ਤਾਇਨਾਤ ਕੀਤੇ ਹਨ। ਦੂਜੇ ਪਾਸੇ ਭਾਰਤੀ ਫ਼ੌਜ ਨੇ ਵੀ ਇਨ੍ਹਾਂ ਖੇਤਰਾਂ 'ਚ ਆਪਣੀ ਨਫ਼ਰੀ ਵਧਾ ਲਈ ਹੈ। ਚੀਨ ਨੂੰ ਭਾਰਤੀ ਫ਼ੌਜ ਡਟ ਕੇ ਜਵਾਬ ਦੇ ਰਹੀ ਹੈ। ਉਂਜ ਚੀਨ ਆਪਣੇ ਜ਼ਿਆਦਾਤਰ ਗੁਆਂਢੀਆਂ ਨਾਲ ਰੇੜਕਾ ਪਾਈ ਰੱਖਦਾ ਹੈ। ਭਾਰਤ ਨਾਲ ਵੀ ਉਹ ਸ਼ੁਰੂ ਤੋਂ ਹੀ ਧੋਖਾ ਕਰਦਾ ਆਇਆ ਹੈ। ਡੋਕਲਾਮ ਖੇਤਰ 'ਚ ਵੀ ਭਾਰਤ ਤੇ ਚੀਨ 2017 'ਚ ਆਹਮੋ-ਸਾਹਮਣੇ ਹੋਏ ਸਨ। ਹੁਣ ਵੀ 5 ਮਈ ਤੋਂ ਬਾਅਦ ਭਾਰਤ ਅਤੇ ਚੀਨ ਦੇ ਫ਼ੌਜੀ ਵੱਖ-ਵੱਖ ਥਾਵਾਂ 'ਤੇ ਤਿੰਨ ਵਾਰ ਉਲਝ ਚੁੱਕੇ ਹਨ। ਸਦੀਆਂ ਪੁਰਾਣੇ ਵਪਾਰਕ ਅਤੇ ਸੱਭਿਆਚਾਰਕ ਸਬੰਧ ਹੋਣ ਦੇ ਬਾਵਜੂਦ ਭਾਰਤ ਨਾਲ ਚੀਨ ਦਾ ਵਰਤਾਰਾ ਚੰਗੇ ਗੁਆਂਢੀ ਵਾਲਾ ਨਹੀਂ ਰਿਹਾ। ਇਕ ਸਮਾਂ ਸੀ ਜਦੋਂ ਹਿੰਦੀ-ਚੀਨੀ ਭਾਈ-ਭਾਈ ਦੇ ਨਾਅਰੇ ਲੱਗੇ ਸਨ। ਬਦਲੇ 'ਚ ਚੀਨ ਨੇ ਭਾਰਤ ਨਾਲ ਜੰਗ ਛੇੜ ਲਈ ਸੀ ਅਤੇ ਲਗਪਗ 35000 ਕਿਲੋਮੀਟਰ ਰਕਬੇ 'ਤੇ ਕਬਜ਼ਾ ਕਰ ਲਿਆ ਸੀ। ਕਈ ਥਾਵਾਂ 'ਤੇ ਦੋਵੇਂ ਧਿਰਾਂ ਆਪੋ-ਆਪਣਾ ਦਾਅਵਾ ਕਰਦੀਆਂ ਹਨ। ਇਸੇ ਲਈ ਦੋਵਾਂ ਦੇਸ਼ਾਂ ਵਿਚਾਲੇ ਸਮੇਂ-ਸਮੇਂ ਟਕਰਾਅ ਹੁੰਦਾ ਰਿਹਾ ਹੈ। ਬੀਤੇ ਕੁਝ ਸਾਲਾਂ 'ਚ ਚੀਨ ਨੇ ਭਾਰਤ ਦੇ ਗੁਆਂਢੀ ਮੁਲਕਾਂ ਪ੍ਰਤੀ ਆਪਣੀ ਰਣਨੀਤੀ ਬਦਲੀ ਹੈ। ਹੁਣ ਉਹ ਪਾਕਿਸਤਾਨ ਦੇ ਨਾਲ-ਨਾਲ ਨੇਪਾਲ ਤੇ ਸ੍ਰੀਲੰਕਾ ਨੂੰ ਵੀ ਭਾਰਤ ਖ਼ਿਲਾਫ਼ ਚਾਬੀ ਭਰ ਰਿਹਾ ਹੈ। ਆਪਣੇ 'ਵਨ ਬੈਲਟ ਵਨ ਰੋਡ' ਪ੍ਰਾਜੈਕਟ ਤਹਿਤ ਚੀਨ ਭਾਰਤ ਨਾਲ ਲੱਗਦੇ ਦੇਸ਼ਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਰਿਹਾ ਹੈ। ਹੁਣ ਉਹ ਹਿੰਦ ਮਹਾਸਾਗਰ 'ਤੇ ਨਜ਼ਰ ਰੱਖਣਾ ਚਾਹੁੰਦਾ ਹੈ। ਭਾਰਤ ਨੇ ਹਮੇਸ਼ਾ ਚੀਨ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਤਾਜ਼ਾ ਮਾਮਲੇ 'ਚ ਵੀ ਉਸ ਵੱਲੋਂ ਕਿਤੇ ਵੀ ਸਰਹੱਦ ਦੀ ਉਲੰਘਣਾ ਨਹੀਂ ਕੀਤੀ ਗਈ ਹੈ। ਚੀਨੀ ਫ਼ੌਜ ਤੇ ਮੀਡੀਆ ਮਾਮਲੇ ਨੂੰ ਬਿਨਾਂ ਵਜ੍ਹਾ ਚੁੱਕ ਰਹੇ ਹਨ। ਚੀਨ ਨੂੰ ਇਸ ਵੇਲੇ ਅਜਿਹੇ ਮਸਲੇ ਨਹੀਂ ਖੜ੍ਹੇ ਕਰਨੇ ਚਾਹੀਦੇ। ਚੀਨ 'ਚੋ ਸ਼ੁਰੂ ਹੋ ਕੇ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਬਾਕੀ ਮੁਲਕਾਂ ਵਾਂਗ ਚੀਨ ਦੇ ਅਰਥਚਾਰੇ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਇਹ ਸਮਾਂ ਸਰਹੱਦ ਨੂੰ ਲੈ ਕੇ ਲੜਨ ਦਾ ਨਹੀਂ ਸਗੋਂ ਕੋਰੋਨਾ ਦੇ ਖ਼ਾਤਮੇ ਲਈ ਮਿਲ ਕੇ ਕੰਮ ਕਰਨ ਦਾ ਹੈ। ਇਹ ਚੰਗੀ ਗੱਲ ਹੈ ਕਿ ਦੋਵਾਂ ਦੇਸ਼ਾਂ ਨੇ ਅਮਰੀਕਾ ਨੂੰ ਜਵਾਬ ਦਿੱਤਾ ਹੈ ਕਿ ਉਹ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾ ਲੈਣਗੇ। ਚੀਨ ਤਣਾਅ ਖ਼ਤਮ ਕਰੇ ਅਤੇ ਭਾਰਤ ਨਾਲ ਰਿਸ਼ਤੇ ਸੁਖਾਵੇਂ ਬਣਾਵੇ ਕਿਉਂਕਿ ਟਕਰਾਅ ਦੋਵਾਂ ਦੇਸ਼ਾਂ ਨੂੰ ਬਰਬਾਦੀ ਵੱਲ ਲੈ ਕੇ ਜਾਵੇਗਾ।

Posted By: Susheel Khanna