ਆਖ਼ਰ ਚੀਨ ਨੇ ਮੰਨ ਹੀ ਲਿਆ ਹੈ ਕਿ ਕਸ਼ਮੀਰ ਭਾਰਤ-ਪਾਕਿਸਤਾਨ ਦਾ ਦੁਵੱਲਾ ਮਸਲਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਪਹਿਲਾਂ ਤੋਂ ਬਿਲਕੁਲ ਉਲਟ ਹੈ। ਕੁਝ ਦਿਨ ਪਹਿਲਾਂ ਚੀਨ ਨੇ ਕਿਹਾ ਸੀ ਕਿ ਕਸ਼ਮੀਰ ਸਮੱਸਿਆ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਉਸ ਦੀਆਂ ਤਜਵੀਜ਼ਾਂ ਅਧੀਨ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਉਸ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਦਾ ਆਪਸੀ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੀਦਾ ਹੈ। ਇਹ ਉਹੀ ਚੀਨ ਹੈ ਜਿਸ ਨੇ ਸੰਯੁਕਤ ਰਾਸ਼ਟਰ ਵਿਚ ਧਾਰਾ 370 ਨੂੰ ਲੈ ਕੇ ਪਾਕਿਸਤਾਨ ਦਾ ਸਾਥ ਦਿੱਤਾ ਸੀ। ਚੀਨ ਦਾ ਤਾਜ਼ਾ ਬਿਆਨ ਬਹੁਤ ਮਹੱਤਵਪੂਰਨ ਹੈ। ਕਾਬਿਲੇਗ਼ੌਰ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਦੌਰੇ 'ਤੇ ਆਉਣਗੇ। ਉਹ ਭਾਰਤ ਤੇ ਚੀਨ ਦਰਮਿਆਨ ਗ਼ੈਰ-ਰਸਮੀ ਸਿਖ਼ਰ ਸੰਮੇਲਨ ਲਈ 11-12 ਅਕਤੂਬਰ ਨੂੰ ਭਾਰਤ 'ਚ ਰਹਿਣਗੇ। ਸੰਮੇਲਨ ਦੌਰਾਨ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਵੇਗੀ। ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਇਸ ਮਸਲੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਿਆ ਸੀ। ਇਸ ਗੱਲ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ 'ਚੋਂ ਚੀਨ ਨੇ ਹੀ ਪਾਕਿਸਤਾਨ ਦਾ ਸਾਥ ਦਿੱਤਾ ਸੀ ਅਤੇ ਪ੍ਰੀਸ਼ਦ ਵਿਚ ਆਪਣੀ ਤਾਕਤ ਨੂੰ ਵਰਤਦਿਆਂ ਇਸ ਮਸਲੇ ਨੂੰ ਵਿਚਾਰਨ ਲਈ ਕਿਹਾ ਸੀ। ਇਸ ਤਰ੍ਹਾਂ ਅਸਿੱਧੇ ਢੰਗ ਨਾਲ ਚੀਨ ਪਾਕਿਸਤਾਨ ਦੇ ਸਮਰਥਨ 'ਚ ਖੜ੍ਹ ਗਿਆ ਸੀ। ਦੂਜੇ ਪਾਸੇ ਬਾਕੀ ਦੁਨੀਆ ਭਾਰਤ ਦੇ ਨਾਲ ਖੜ੍ਹੀ ਸੀ। ਦੋਵਾਂ ਦੇਸ਼ਾਂ ਵਿਚਾਲੇ ਇਕ ਸਮਝ ਵਿਕਸਤ ਹੋਈ ਹੈ ਕਿ ਸਰਹੱਦੀ ਵਿਵਾਦ ਛੇਤੀ ਹੱਲ ਨਹੀਂ ਹੋਣ ਵਾਲਾ। ਫਿਰ ਕਿਉਂ ਨਾ ਇਸ ਨੂੰ ਇਕ ਪਾਸੇ ਰੱਖ ਕੇ ਵਪਾਰ 'ਤੇ ਜ਼ੋਰ ਦਿੱਤਾ ਜਾਵੇ। ਆਖ਼ਰ ਪਾਕਿਸਤਾਨ ਨੂੰ ਚੀਨ ਇੰਨਾ ਪਸੰਦ ਕਿਉਂ ਕਰਦਾ ਹੈ? ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਹੈ ਚੀਨ-ਪਾਕਿ ਆਰਥਿਕ ਗਲਿਆਰਾ ਅਤੇ ਦੂਜਾ ਕਾਰਨ ਹੈ ਪਾਕਿਸਤਾਨ ਨਾਲ ਹਥਿਆਰਾਂ ਦਾ ਕਾਰੋਬਾਰ। ਚੀਨ-ਪਾਕਿ ਆਰਥਿਕ ਗਲਿਆਰਾ ਇਕ ਬਹੁਤ ਵੱਡਾ ਵਪਾਰਕ ਪ੍ਰਾਜੈਕਟ ਹੈ ਜਿਸ ਦਾ ਉਦੇਸ਼ ਦੱਖਣੀ-ਪੱਛਮੀ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੋਂ ਚੀਨ ਦੇ ਉੱਤਰੀ-ਪੱਛਮੀ ਖੇਤਰ ਦੇ ਸ਼ਿਨਜਿਆਂਗ ਤਕ ਆਵਾਜਾਈ ਸ਼ੁਰੂ ਕਰਨਾ। 2442 ਕਿਲੋਮੀਟਰ ਲੰਬੇ ਗਲਿਆਰੇ 'ਤੇ 46 ਅਰਬ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ। ਗਲਿਆਰਾ ਮਕਬੂਜ਼ਾ ਕਸ਼ਮੀਰ, ਗਿਲਗਿਤ-ਬਾਲਟਿਸਤਾਨ ਅਤੇ ਬਲੋਚਿਸਤਾਨ ਤੋਂ ਲੰਘ ਕੇ ਨਿਕਲੇਗਾ। ਹਾਲਾਂਕਿ ਭਾਰਤ ਨੇ ਗਲਿਆਰੇ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ ਗ਼ੈਰ-ਕਾਨੂੰਨੀ ਮੰਨਿਆ ਹੈ ਕਿਉਂਕਿ ਇਹ ਮਕਬੂਜ਼ਾ ਕਸ਼ਮੀਰ 'ਚੋਂ ਲੰਘਦਾ ਹੈ ਜਿਸ 'ਤੇ ਭਾਰਤ ਦਾ ਹੱਕ ਹੈ। ਇਸ ਮਾਮਲੇ ਵਿਚ ਭਾਰਤ ਨੇ ਇਤਰਾਜ਼ ਦਰਜ ਕੀਤਾ ਸੀ ਪਰ ਚੀਨ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਸੀ। ਜੇਕਰ ਦੂਜੇ ਵੱਡੇ ਕਾਰਨ ਹਥਿਆਰਾਂ ਦੇ ਕਾਰੋਬਾਰ ਪੱਖੋਂ ਦੇਖੀਏ ਤਾਂ ਪਾਕਿਸਤਾਨ ਚੀਨ ਲਈ ਚੰਗੀ ਜਗ੍ਹਾ ਹੈ ਜਿੱਥੇ ਉਹ ਆਪਣੇ ਹਥਿਆਰ ਸੌਖੇ ਵੇਚ ਸਕਦਾ ਹੈ। ਵੈਸੇ ਵੀ ਪਾਕਿਸਤਾਨ ਚੀਨ ਦੇ ਨੇੜੇ ਹੈ ਅਤੇ ਹਥਿਆਰਾਂ ਦੀ ਮੰਡੀ ਹੈ। ਇਹ ਗੱਲ ਦੇਖਣ ਵਾਲੀ ਹੈ ਕਿ ਚੀਨ ਸਮੇਂ-ਸਮੇਂ ਭਾਰਤ ਨੂੰ ਲੈ ਕੇ ਆਪਣੀ ਨੀਤੀ ਬਦਲਦਾ ਰਹਿੰਦਾ ਹੈ ਅਤੇ ਭਾਰਤ ਦੇ ਵਿਕਾਸ ਵਿਚ ਅੜਿੱਕੇ ਖੜ੍ਹੇ ਕਰਨ ਲਈ ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਦੀ ਵਰਤੋਂ ਕਰ ਰਿਹਾ ਹੈ। ਹਿੰਦੀ-ਚੀਨੀ ਭਾਈ-ਭਾਈ ਕਹਿ ਕੇ ਪਹਿਲਾਂ ਵੀ ਭਾਰਤ ਧੋਖਾ ਖਾ ਚੁੱਕਾ ਹੈ। ਤਾਜ਼ਾ ਹਾਲਾਤ ਦੇਖੀਏ ਤਾਂ ਜਿਸ ਤਰੀਕੇ ਨਾਲ ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਨੂੰ ਬਾਕੀ ਦੇਸ਼ਾਂ ਦਾ ਸਾਥ ਮਿਲਿਆ ਹੈ, ਜਿਸ ਦੇ ਮੱਦੇਨਜ਼ਰ ਹੀ ਚੀਨ ਨੇ ਆਪਣਾ ਰੌਂਅ ਬਦਲਿਆ ਹੈ। ਚੀਨ ਦੇ ਬਿਆਨ 'ਤੇ ਕਿਹਾ ਜਾ ਸਕਦਾ ਹੈ ਕਿ ਦੇਰ-ਆਇਦ, ਦਰੁਸਤ-ਆਇਦ।

Posted By: Jagjit Singh