ਗਿਰਗਿਟ ਵਾਂਗ ਰੰਗ ਬਦਲ ਰਹੇ ਚੀਨ ਨੂੰ ਇਹ ਜਵਾਬ ਦੇ ਕੇ ਭਾਰਤ ਨੇ ਆਪਣੇ ਹਮਲਾਵਰ ਰੁਖ਼ ਦਾ ਮੁਜ਼ਾਹਰਾ ਕੀਤਾ ਹੈ ਕਿ ਉਸ ਨੂੰ 1959 ਦੇ ਉਸ ਦੇ ਪ੍ਰਸਤਾਵ ਵਾਲੀ ਅਸਲ ਕੰਟਰੋਲ ਰੇਖਾ ਨਾ ਤਾਂ ਪਹਿਲਾਂ ਮਨਜ਼ੂਰ ਸੀ ਅਤੇ ਨਾ ਹੁਣ ਹੈ। ਇਹ ਹਮਲਾਵਰ ਰੁਖ਼ ਆਪਸੀ ਸੰਵਾਦ ਦੇ ਨਾਲ-ਨਾਲ ਫ਼ੌਜੀ ਮੁਹਾਜ਼ਾਂ 'ਤੇ ਵੀ ਬਣਾਈ ਰੱਖਣਾ ਹੋਵੇਗਾ-ਠੀਕ ਉਸੇ ਤਰ੍ਹਾਂ ਜਿਵੇਂ ਇਹ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਚੀਨੀ ਫ਼ੌਜੀਆਂ ਨੇ ਸਰਹੱਦ 'ਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫ਼ੌਜੀ ਗੋਲ਼ੀ ਚਲਾਉਣ ਤੋਂ ਝਿਜਕਣਗੇ ਨਹੀਂ। ਚੀਨ ਦੇ ਨਵੇਂ ਬੇਸੁਰੇ ਰਾਗ ਨੂੰ ਖ਼ਾਰਜ ਕਰਨ ਅਤੇ ਉਸ ਨੂੰ ਉਸੇ ਦੀ ਭਾਸ਼ਾ ਵਿਚ ਦੋ-ਟੁੱਕ ਜਵਾਬ ਦੇਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਉਹ ਇਸ ਤੱਥ ਨੂੰ ਲੁਕਾ ਕੇ ਆਪਣੀ ਬਦਨੀਅਤੀ ਹੀ ਜ਼ਾਹਰ ਕਰ ਰਿਹਾ ਹੈ ਕਿ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਉਸ ਨੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਜੋ ਪ੍ਰਸਤਾਵ ਭੇਜਿਆ ਸੀ, ਉਹ ਖ਼ੁਦ ਉਨ੍ਹਾਂ ਨੇ ਵੀ ਠੁਕਰਾ ਦਿੱਤਾ ਸੀ। ਇਹ ਚੰਗਾ ਹੋਇਆ ਕਿ ਭਾਰਤ ਨੇ ਚੀਨ ਦੇ ਛੇ ਦਹਾਕੇ ਪੁਰਾਣੇ ਇਸ ਇਕ-ਪੱਖੀ ਪ੍ਰਸਤਾਵ ਨੂੰ ਮਨਮਰਜ਼ੀ ਵਾਲਾ ਕਰਾਰ ਦਿੰਦੇ ਹੋਏ ਸਰਹੱਦੀ ਵਿਵਾਦ ਸੁਲਝਾਉਣ ਸਬੰਧੀ ਉਨ੍ਹਾਂ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿਚ 1959 ਵਾਲੇ ਉਸ ਦੇ ਪ੍ਰਸਤਾਵ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਹੈ। ਚੀਨ ਨੇ ਆਪਣੇ ਇਕ-ਪੱਖੀ ਅਤੇ ਨਾ-ਮੰਨਣਯੋਗ ਕਰਾਰ ਦਿੱਤੇ ਗਏ ਪ੍ਰਸਤਾਵ ਦਾ ਜ਼ਿਕਰ ਕਰ ਕੇ ਇਹੀ ਸੰਕੇਤ ਦਿੱਤਾ ਹੈ ਕਿ ਉਹ ਆਸਾਨੀ ਨਾਲ ਮੰਨਣ ਵਾਲਾ ਨਹੀਂ ਹੈ। ਹੁਣ ਇਸ ਦਾ ਅੰਦੇਸ਼ਾ ਹੋਰ ਵੱਧ ਗਿਆ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਬਣੀ ਸਹਿਮਤੀ ਦੇ ਆਧਾਰ 'ਤੇ ਅੱਗੇ ਵਧਣ ਵਾਲਾ ਨਹੀਂ ਹੈ। ਅਜਿਹੇ ਵਿਚ ਭਾਰਤ ਲਈ ਇਹ ਜ਼ਰੂਰੀ ਹੈ ਕਿ ਉਹ ਕੋਰ ਕਮਾਂਡਰ ਪੱਧਰ ਦੀ ਪਿਛਲੀ ਗੱਲਬਾਤ ਵਿਚ ਜੋ ਸਹਿਮਤੀ ਬਣੀ ਸੀ ਕਿ ਦੋਵੇਂ ਦੇਸ਼ ਸਰਹੱਦ 'ਤੇ ਹੋਰ ਵੱਧ ਫ਼ੌਜ ਨਹੀਂ ਭੇਜਣਗੇ, ਉਸ ਵਿਚ ਖ਼ੁਦ ਨੂੰ ਬੰਨ੍ਹਿਆ ਹੋਇਆ ਮੰਨ ਕੇ ਨਾ ਚੱਲੇ। ਚੀਨ ਨੇ ਪਿਛਲੇ ਤਿੰਨ-ਚਾਰ ਮਹੀਨਿਆਂ ਵਿਚ ਜਿਸ ਤਰ੍ਹਾਂ ਫ਼ੌਜੀ ਪੱਧਰ 'ਤੇ ਹੋਈ ਗੱਲਬਾਤ ਦੇ ਉਲਟ ਕੰਮ ਕੀਤਾ ਹੈ, ਉਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਉਸ ਦੇ ਇਰਾਦੇ ਨੇਕ ਨਹੀਂ ਹਨ। ਉਸ 'ਤੇ ਇਕ ਪਲ ਲਈ ਵੀ ਯਕੀਨ ਨਹੀਂ ਕੀਤਾ ਜਾਣਾ ਚਾਹੀਦਾ। ਵੈਸੇ ਵੀ ਧੋਖੇਬਾਜ਼ੀ ਉਸ ਦੀ ਪੁਰਾਣੀ ਆਦਤ ਹੈ। ਹੁਣ ਤਾਂ ਉਹ ਇਸ ਭਰਮ-ਭੁਲੇਖੇ ਦਾ ਵੀ ਸ਼ਿਕਾਰ ਹੈ ਕਿ ਹਰ ਮਾਮਲੇ ਵਿਚ ਦੁਨੀਆ ਨੂੰ ਉਸ ਦੀ ਗੱਲ ਨੂੰ ਹੀ ਦਰੁਸਤ ਮੰਨਣਾ ਚਾਹੀਦਾ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦ ਕੋਈ ਦੇਸ਼ ਆਪਣੀ ਤਾਕਤ ਦੇ ਘੁਮੰਡ ਵਿਚ ਚੂਰ ਹੋ ਜਾਂਦਾ ਹੈ। ਚੀਨ ਦੇ ਅੜੀਅਲ ਵਤੀਰੇ ਨੂੰ ਦੇਖਦੇ ਹੋਏ ਉਸ ਦੇ ਅੱਗੇ ਇਹ ਸਪਸ਼ਟ ਕਰਨ ਦੀ ਜ਼ਰੂਰਤ ਹੈ ਕਿ ਜੇਕਰ ਉਹ ਪੁਰਾਣੇ ਸਮਝੌਤਿਆਂ ਨੂੰ ਮਹੱਤਵ ਦੇਣ ਤੋਂ ਇਨਕਾਰ ਕਰੇਗਾ ਤਾਂ ਫਿਰ ਭਾਰਤ ਲਈ ਵੀ ਅਜਿਹਾ ਕਰਨਾ ਸੰਭਵ ਨਹੀਂ ਰਹਿ ਜਾਵੇਗਾ। ਜੇਕਰ ਚੀਨ ਲੱਦਾਖ ਅਤੇ ਅਰੁਣਾਚਲ 'ਤੇ ਆਪਣਾ ਦਾਅਵਾ ਠੋਕਣਾ ਨਹੀਂ ਛੱਡਦਾ ਤਾਂ ਫਿਰ ਭਾਰਤ ਲਈ ਵੀ ਇਹੀ ਢੁੱਕਵਾਂ ਹੋਵੇਗਾ ਕਿ ਉਹ ਤਿੱਬਤ ਨੂੰ ਲੈ ਕੇ ਉਸ ਦੇ ਨਾਲ ਹੋਏ ਕਰਾਰਾਂ ਨੂੰ ਖ਼ਾਰਜ ਕਰਨ ਲਈ ਅੱਗੇ ਵਧੇ। ਚੀਨ ਦੇ ਵਤੀਰੇ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਭਾਰਤ ਨਾਲ ਚੱਲ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣਾ ਨਹੀਂ ਚਾਹੁੰਦਾ। ਉਸ ਦਾ ਮਕਸਦ ਤਾਂ ਭਾਰਤ ਦੀ ਜ਼ਮੀਨ ਹੜੱਪਣਾ ਹੈ। ਚੀਨ ਭਾਵੇਂ ਸੁਲ੍ਹਾ ਦੀਆਂ ਗੱਲਾਂ ਕਰੇ ਪਰ ਉਸ ਦੇ ਮਾੜੇ ਮਨਸੂਬਿਆਂ ਤੋਂ ਬੇਹੱਦ ਚੌਕਸ ਰਹਿਣ ਦੀ ਲੋੜ ਹੈ। ਉਹ ਸਰਹੱਦੀ ਵਿਵਾਦ ਨੂੰ ਹਵਾ ਦੇ ਕੇ ਕੋਰੋਨਾ ਦੇ ਮੁੱਦੇ 'ਤੇ ਦੁਨੀਆ ਦਾ ਧਿਆਨ ਵੀ ਭਟਕਾਉਣਾ ਚਾਹੁੰਦਾ ਹੈ।

Posted By: Jagjit Singh