-ਹਰਸ਼ ਵੀ. ਪੰਤ

ਬੀਤੇ ਸਾਲ ਦੀਆਂ ਗਰਮੀਆਂ ਤੋਂ ਤਮਾਮ ਉਤਰਾਅ-ਚਡ਼੍ਹਾਅ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਤਣਾਅ ਘਟਣ ਦੀ ਗੱਲ ਸਾਹਮਣੇ ਆਈ ਹੈ। ਚੀਨ ਨੇ ਪੈਂਗੋਂਗ ਝੀਲ ਦੇ ਦੋਵੇਂ ਪਾਸਿਆਂ ਤੋਂ ਪਿੱਛੇ ਹਟਣ ਦਾ ਫ਼ੈਸਲਾ ਲੈਂਦੇ ਹੋਏ ਉਸ ’ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਵਾਦਾਂ ਦਾ ਅੰਤ ਨਾ ਮੰਨਿਆ ਜਾਵੇ ਬਲਕਿ ਵਿਵਾਦਾਂ ਦੀ ਸਮਾਪਤੀ ਵਾਲੇ ਪਾਸੇ ਇਕ ਸ਼ੁਰੂਆਤ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਅਜੇ ਇਕ ਹੀ ਬਿੰਦੂ ਸੁਲਝਿਆ ਹੈ ਜਦਕਿ ਤਮਾਮ ਹੋਰ ਪਹਿਲੂ ਅਜੇ ਵੀ ਉਲਝੇ ਹੋਏ ਹਨ।

ਇਨ੍ਹਾਂ ਪਹਿਲੂਆਂ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਭਲੀਭਾਂਤ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਨੇ ਚੀਨ ਨਾਲ ਵਿਵਾਦਾਂ ਦੀ ਪੂਰੀ ਸੂਚੀ ਗਿਣਾਈ ਸੀ। ਚੀਨ ਨੂੰ ਇਹ ਮੁੱਦੇ ਸੁਲਝਾਉਣ ਲਈ ਵੀ ਕਾਹਲ ਕਰਨੀ ਹੋਵੇਗੀ ਕਿਉਂਕਿ ਸਿਰਫ਼ ਪੈਂਗੋਂਗ ਝੀਲ ਦੇ ਕਿਨਾਰਿਆਂ ਤੋਂ ਪਿੱਛੇ ਹਟਣਾ ਹੀ ਕਾਫ਼ੀ ਨਹੀਂ ਹੋਵੇਗਾ।

ਅਸਲ ਵਿਚ ਚੀਨੀ ਸਰਗਰਮੀਆਂ ਨੇ ਦੁਵੱਲੇ ਸਬੰਧਾਂ ਵਿਚ ਬੇਭਰੋਸਗੀ ਦਾ ਜੋ ਭਾਵ ਭਰਿਆ ਹੈ, ਉਸ ਦੀ ਭਰਪਾਈ ਲਈ ਚੀਨ ਨੂੰ ਵਾਧੂ ਯਤਨ ਕਰਨੇ ਪੈਣਗੇ।

ਸਵਾਲ ਇਹ ਉੱਠਦਾ ਹੈ ਕਿ ਅਡ਼ੀਅਲ ਚੀਨ ਆਖ਼ਰ ਝੁਕਣ ਲਈ ਰਾਜ਼ੀ ਕਿਸ ਤਰ੍ਹਾਂ ਹੋਇਆ? ਇਸ ਦਾ ਜਵਾਬ ਭਾਰਤ ਦੀ ਵਿਆਪਕ ਰਣਨੀਤੀ ਵਿਚ ਲੁਕਿਆ ਹੋਇਆ ਹੈ। ਭਾਰਤ ਨੇ ਚੀਨ ’ਤੇ ਕੂਟਨੀਤਕ, ਰਾਜਨੀਤਕ, ਆਰਥਿਕ ਅਤੇ ਫ਼ੌਜੀ ਸਹਿਤ ਹਰ ਸੰਭਵ ਮੋਰਚੇ ’ਤੇ ਦਬਾਅ ਵਧਾ ਕੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਕੂਟਨੀਤਕ ਮੋਰਚੇ ’ਤੇ ਭਾਰਤ ਨੇ ਕਵਾਡ ਵਰਗੇ ਸੰਗਠਨ ਵਿਚ ਨਵੀਂ ਜਾਨ ਪਾਉਣ ਦਾ ਕੰਮ ਕੀਤਾ।

ਚੀਨ ਦੀ ਕਾਟ ਲਈ ਆਕਾਰ ਲੈ ਰਹੇ ਇਸ ਸੰਗਠਨ ਵਿਚ ਪਹਿਲਾਂ ਤੋਂ ਹੀ ਸਰਗਰਮ ਅਮਰੀਕਾ ਅਤੇ ਜਾਪਾਨ ਦੇ ਨਾਲ ਹੀ ਭਾਰਤ ਨੇ ਹਾਲ ਹੀ ਵਿਚ ਮਾਲਾਬਾਰ ਵਿਖੇ ਸਾਂਝੀਆਂ ਜੰਗੀ ਮਸ਼ਕਾਂ ਲਈ ਆਸਟ੍ਰੇਲੀਆ ਨੂੰ ਵੀ ਸੱਦਾ ਦਿੱਤਾ। ਇਸ ਨਾਲ ਇਸ ਸੰਗਠਨ ਵਿਚ ਨਵੀਂ ਜਾਨ ਪਈ ਅਤੇ ਚੀਨ ਨੂੰ ਸਖ਼ਤ ਸੰਦੇਸ਼ ਗਿਆ।

ਕੋਰੋਨਾ ਕਾਰਨ ਕੌਮਾਂਤਰੀ ਪੱਧਰ ’ਤੇ ਚੀਨ ਵਿਰੁੱਧ ਪਨਪ ਰਹੇ ਅਸੰਤੋਸ਼ ਦਾ ਵੀ ਭਾਰਤ ਨੇ ਫ਼ਾਇਦਾ ਚੁੱਕਿਆ। ਇਸ ਨਾਲ ਵੀ ਚੀਨ ਦੇ ਰੁਖ਼ ’ਤੇ ਅਸਰ ਪਿਆ ਪਰ ਇਸ ਵਿਚ ਸਭ ਤੋਂ ਵੱਧ ਫ਼ੈਸਲਾਕੁੰਨ ਭੂਮਿਕਾ ਨਿਭਾਈ ਭਾਰਤ ਦੁਆਰਾ ਚੀਨ ’ਤੇ ਕੱਸੇ ਗਏ ਆਰਥਿਕ ਸ਼ਿਕੰਜੇ ਨੇ। ਚੀਨ ਜਲਦ ਤੋਂ ਜਲਦ ਦੁਨੀਆ ਦੀ ਸਭ ਤੋਂ ਵੱਡੀ ਮਹਾ-ਸ਼ਕਤੀ ਬਣਨਾ ਚਾਹੁੰਦਾ ਹੈ। ਇਸ ਮਕਸਦ ਦੀ ਪੂਰਤੀ ਲਈ ਉਹ ਉਸੇ ਅਨੁਪਾਤ ਵਿਚ ਆਪਣਾ ਆਰਥਿਕ ਰੁਤਬਾ ਵਧਾਉਣ ਵਿਚ ਲੱਗਾ ਹੋਇਆ ਹੈ।

ਅਜਿਹੇ ਵਿਚ ਭਾਰਤ ਨੇ ਆਰਥਿਕ ਪਾਬੰਦੀਆਂ ਜ਼ਰੀਏ ਚੀਨ ਦੀ ਦੁਖਦੀ ਰਗ ’ਤੇ ਚੋਟ ਕਰਨ ਦਾ ਕੰਮ ਕੀਤਾ। ਇਸੇ ਕਡ਼ੀ ਵਿਚ ਭਾਰਤ ਨੇ ਚੀਨ ਤੋਂ ਆਉਣ ਵਾਲੇ ਪ੍ਰਤੱਖ ਵਿਦੇਸ਼ੀ ਨਿਵੇਸ਼ ਅਰਥਾਤ ਐੱਫਡੀਆਈ ਨੂੰ ਲੈ ਕੇ ਨਵੀਆਂ ਵਿਵਸਥਾਵਾਂ ਕੀਤੀਆਂ, ਚੀਨੀ ਦੂਰਸੰਚਾਰ ਕੰਪਨੀਆਂ ਲਈ ਰਾਹ ਮੁਸ਼ਕਲ ਬਣਾਇਆ ਅਤੇ ਕਈ ਚੀਨੀ ਐਪਸ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ।

ਇਨ੍ਹਾਂ ਕਦਮਾਂ ’ਤੇ ਚੀਨ ਦੇ ਬੁਖਲਾਹਟ ਭਰੇ ਪ੍ਰਤੀਕਰਮ ਨੇ ਸੁਭਾਵਿਕ ਤੌਰ ’ਤੇ ਸੰਕੇਤ ਦਿੱਤਾ ਕਿ ਭਾਰਤ ਦਾ ਨਿਸ਼ਾਨਾ ਇਕਦਮ ਸਟੀਕ ਲੱਗਾ ਹੈ।

ਭਾਰਤ ਦੇ ਫ਼ੌਜੀ ਰੁਖ਼ ਨੇ ਵੀ ਚੀਨ ਨੂੰ ਆਪਣੀ ਉਸ ਰਣਨੀਤੀ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਮਜਬੂਰ ਕੀਤਾ ਜਿਸ ਵਿਚ ਉਹ ਆਪਣੀ ਤਾਕਤ ਦਾ ਰੋਹਬ ਦਿਖਾ ਕੇ ਗੁਆਂਢੀਆਂ ’ਤੇ ਮਾਨਸਿਕ ਚਡ਼੍ਹਤ ਬਣਾ ਕੇ ਆਪਣੇ ਹਿੱਤ ਸੇਧਣ ਦਾ ਕੰਮ ਕਰਦਾ ਹੈ। ਦੋਵਾਂ ਦੇਸ਼ਾਂ ਦੀ ਫ਼ੌਜੀ ਲੀਡਰਸ਼ਿਪ ਵਿਚਾਲੇ ਨੌਂ ਦੌਰ ਦੀ ਵਾਰਤਾ ਵਿਚ ਵੀ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਜਦ ਤਕ ਚੀਨ ਢੁੱਕਵੇਂ ਕਦਮ ਨਹੀਂ ਚੁੱਕਦਾ, ਉਦੋਂ ਤਕ ਇਸ ਅਡ਼ਿੱਕੇ ਦਾ ਕੋਈ ਹੱਲ ਨਿਕਲਣ ਤੋਂ ਰਿਹਾ।

ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਸਰਹੱਦ ’ਤੇ ਸ਼ਾਂਤੀ ਸਥਾਪਤ ਹੋਏ ਬਿਨਾਂ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣਾ ਮੁਸ਼ਕਲ ਹੈ। ਧਿਆਨ ਰਹੇ ਕਿ ਚੀਨ ਨਾਲ ਸਬੰਧ ਉਦੋਂ ਵਿਗਡ਼ ਗਏ ਸਨ ਜਦ ਗਲਵਾਨ ਵਾਦੀ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹਥਿਆਰਾਂ ਦੇ ਬਿਨਾਂ ਖ਼ੂਨੀ ਟਕਰਾਅ ਹੋਇਆ ਸੀ ਅਤੇ ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਸੰਘਰਸ਼ ਵਿਚ ਚੀਨੀ ਫ਼ੌਜੀਆਂ ਦਾ ਵੀ ਜਾਨੀ ਨੁਕਸਾਨ ਹੋਇਆ ਸੀ ਪਰ ਉਸ ਨੇ ਕਿਤੇ ਵੀ ਇਹ ਸਵੀਕਾਰ ਨਹੀਂ ਕੀਤਾ।

ਹਾਲ ਹੀ ਵਿਚ ਇਕ ਰੂਸੀ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਝਡ਼ਪ ਵਿਚ ਚੀਨ ਦੇ 45 ਫ਼ੌਜੀਆਂ ਦੇ ਮਰਨ ਦੀ ਗੱਲ ਸਾਹਮਣੇ ਆਈ ਹੈ। ਇਸ ਨੁਕਸਾਨ ਕਾਰਨ ਚੀਨ ਨੂੰ ਸਪਸ਼ਟ ਸੰਦੇਸ਼ ਮਿਲਿਆ ਕਿ ਭਾਰਤ ਤੋਂ ਉਸ ਨੂੰ ਕਰਾਰਾ ਜਵਾਬ ਮਿਲਣਾ ਤੈਅ ਹੈ।

ਉਹ ਇਸ ਤੱਥ ਤੋਂ ਵੀ ਭਲੀਭਾਂਤ ਜਾਣੂ ਹੈ ਕਿ ਉੱਚੇ ਰਣ ਖੇਤਰ ਵਿਚ ਭਾਰਤੀ ਸੈਨਿਕਾਂ ਵਰਗਾ ਤਜਰਬਾ ਤੇ ਯੁੱਧ ਕਲਾ ਉਸ ਦੇ ਫ਼ੌਜੀ ਦਸਤਿਆਂ ਕੋਲ ਨਹੀਂ ਹੈ। ਭਾਰਤ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਪਹਿਲਾਂ ਪਲਕ ਨਹੀਂ ਝਪਕਾਉਣ ਵਾਲਾ। ਭਾਰਤ ਦਾ ਰੁਖ਼ ਸਾਫ਼ ਸੀ ਕਿ ਜੇਕਰ ਚੀਨ ਇਸ ਅਡ਼ਿੱਕੇ ਨੂੰ ਲੰਬਾ ਖਿੱਚਣਾ ਚਾਹੁੰਦਾ ਹੈ ਤਾਂ ਭਾਰਤ ਨੂੰ ਇਸ ਤੋਂ ਵੀ ਗੁਰੇਜ਼ ਨਹੀਂ। ਇਸ ਨਾਲ ਉਨ੍ਹਾਂ ਹੋਰ ਗੁਆਂਢੀ ਦੇਸ਼ਾਂ ਨੂੰ ਵੀ ਹੌਸਲਾ ਮਿਲਿਆ ਜੋ ਚੀਨ ਦੀ ਦਾਦਾਗਿਰੀ ਤੋਂ ਪਰੇਸ਼ਾਨ ਹਨ। ਕੌਮਾਂਤਰੀ ਰੁਖ਼ ਅਤੇ ਦਬਾਅ ਨੇ ਵੀ ਚੀਨ ਨੂੰ ਪ੍ਰਭਾਵਿਤ ਕੀਤਾ।

ਇਨ੍ਹੀਂ ਦਿਨੀਂ ਦੁਨੀਆ ਭਰ ਵਿਚ ਭਾਰਤ ਦੀ ਵੈਕਸੀਨ ਦੋਸਤੀ ਵਾਲੀ ਕੂਟਨੀਤੀ ਦੀਆਂ ਧੁੰਮਾਂ ਪਈਆਂ ਹੋਈਆਂ ਹਨ। ਭਾਰਤ ਉਨ੍ਹਾਂ ਦੇਸ਼ਾਂ ਨੂੰ ਵੀ ਕੋਰੋਨਾ ਟੀਕਾ ਉਪਲਬਧ ਕਰਵਾ ਰਿਹਾ ਹੈ ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਆਮ ਭਾਰਤੀਆਂ ਨੇ ਸੁਣੇ ਵੀ ਨਹੀਂ ਹੋਣਗੇ। ਅਕਸਰ ਭਾਰਤੀ ਸੱਤਾ ਦੀ ਭੰਡੀ ਕਰਨ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਕ ਨੇ ਭਾਰਤ ਤੋਂ ਵੈਕਸੀਨ ਮੰਗੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ।

ਇਸ ਮਾਮਲੇ ਵਿਚ ਦੁਨੀਆ ਚੀਨ ਨੂੰ ਸਮੱਸਿਆ ਵਧਾਉਣ ਵਾਲੇ ਅਤੇ ਭਾਰਤ ਨੂੰ ਸਮੱਸਿਆ ਦਾ ਹੱਲ ਮੁਹੱਈਆ ਕਰਵਾਉਣ ਵਾਲੇ ਮੁਲਕ ਦੇ ਰੂਪ ਵਿਚ ਦੇਖ ਰਹੀ ਹੈ। ਇਸ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਪ੍ਰਤੀ ਚੰਗੀਆਂ ਭਾਵਨਾਵਾਂ ਅਤੇ ਮਾਹੌਲ ਬਣਾਇਆ ਹੈ।

ਚੀਨ ਅਮਰੀਕਾ ਵਿਚ ਸੱਤਾ ਤਬਦੀਲੀ ਤੋਂ ਬਾਅਦ ਆਪਣੇ ਪ੍ਰਤੀ ਰੁਖ਼ ਵਿਚ ਤਬਦੀਲੀ ਦੀ ਉਮੀਦ ਕਰ ਰਿਹਾ ਸੀ ਪਰ ਬਾਇਡਨ ਪ੍ਰਸ਼ਾਸਨ ਦੇ ਰੁਖ਼ ਕਾਰਨ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ ਕਿਉਂਕਿ ਰਾਸ਼ਟਰਪਤੀ ਬਾਇਡਨ ਨੇ ਤਕਨੀਕ, ਵਪਾਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਨਾਲ ਸਖ਼ਤੀ ਨਾਲ ਨਜਿੱਠਣ ਦੇ ਸੰਕੇਤ ਦਿੱਤੇ ਹਨ। ਚੀਨ ਨਾਲ ਸਿੱਝਣ ਲਈ ਭਾਰਤ ਕੋਲ ਅਜਿਹੇ ਬਦਲ ਪਹਿਲਾਂ ਵੀ ਸਨ ਪਰ ਉਸ ਤਰ੍ਹਾਂ ਦੀ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਸੀ ਜੋ ਇਨ੍ਹਾਂ ਬਦਲਾਂ ਨੂੰ ਅਜਮਾਉਣ ਲਈ ਜ਼ਰੂਰੀ ਸੀ।

ਪ੍ਰਧਾਨ ਮੰਤਰੀ ਨੇ ਉਹ ਇੱਛਾ ਸ਼ਕਤੀ ਦਿਖਾਈ। ਭਾਰਤ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਚੀਨ ਨਾਲੋਂ ਤਾਕਤ ਅਤੇ ਸੋਮਿਆਂ ਵਿਚ ਘੱਟ ਹੋਣ ਦੇ ਬਾਵਜੂਦ ਭਾਰਤ ਉਸ ਦੀ ਅੱਖ ਵਿਚ ਅੱਖ ਪਾ ਕੇ ਖਡ਼੍ਹਾ ਹੋ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਤਮ-ਨਿਰਭਰ ਭਾਰਤ ਮੁਹਿੰਮ ਜ਼ਰੀਏ ਇਸ ਚੁਣੌਤੀ ਨੂੰ ਮੌਕਾ ਬਣਾ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ ਭਾਰਤੀ ਵਿਦੇਸ਼ ਨੀਤੀ ਨੇ ਨਵੇਂ ਤੇਵਰਾਂ ਵਾਲੀ ਨਵੀਂ ਕਰਵਟ ਲਈ ਹੈ।

ਹੁਣ ਚੀਨ ਭਾਵੇਂ ਹੀ ਪਿੱਛੇ ਹਟਣ ਨੂੰ ਤਿਆਰ ਹੋ ਗਿਆ ਹੈ ਪਰ ਇਕ ਗੱਲ ਪੱਕੀ ਹੈ ਕਿ ਅਸਲ ਕੰਟਰੋਲ ਰੇਖਾ ਅਰਥਾਤ ਐੱਲਏਸੀ ’ਤੇ ਅਜੇ ਹਾਲਾਤ ਅਸਥਿਰ ਬਣੇ ਰਹਿਣਗੇ।

ਬੀਤੇ ਇਕ ਸਾਲ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੋ ਖੱਪਾ ਵਧਿਆ ਹੈ, ਉਹ ਆਸਾਨੀ ਨਾਲ ਭਰਨ ਵਾਲਾ ਨਹੀਂ। ਹੁਣ ਭਾਰਤ ਦੀ ਵਿਦੇਸ਼ ਨੀਤੀ ਅਤੇ ਫ਼ੌਜੀ ਰਣਨੀਤੀ ਵਿਚ ਚੀਨ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਭਾਰਤ ਨੂੰ ਚੀਨ ਤੋਂ ਜ਼ਿਆਦਾ ਚੌਕੰਨਾ ਇਸ ਰਹਿਣਾ ਹੋਵੇਗਾ ਕਿਉਂਕਿ ਚੀਨ ਵਾਅਦਾ-ਖ਼ਿਲਾਫ਼ੀ ਲਈ ਬਦਨਾਮ ਹੈ।

ਉਹ ਭਾਰਤ ਵਿਰੁੱਧ ਪਾਕਿਸਤਾਨ, ਨੇਪਾਲ ਤੇ ਸ੍ਰੀਲੰਕਾ ਆਦਿ ਦਾ ਇਸਤੇਮਾਲ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਇਸ ਕੰਮ ਲਈ ਉਹ ਉਨ੍ਹਾਂ ਮੁਲਕਾਂ ਨੂੰ ਵੱਡਾ ਕਰਜ਼ਾ ਦੇ ਕੇ ਇਕ ਤਰ੍ਹਾਂ ਨਾਲ ਆਪਣਾ ਗੁਲਾਮ ਹੀ ਬਣਾ ਲੈਂਦਾ ਹੈ।

ਇਸ ਦੀ ਜਿਊਂਦੀ-ਜਾਗਦੀ ਮਿਸਾਲ ਪਾਕਿਸਤਾਨ ਹੈ। ਉਹ ਚੀਨ ਅੱਗੇ ਪੂਰੀ ਤਰ੍ਹਾਂ ਹਥਿਆਰ ਸੁੱਟ ਚੁੱਕਾ ਹੈ ਅਤੇ ਉਸ ਦੇ ਕਰਜ਼ੇ ਦੇ ਬੋਝ ਹੇਠ ਇਸ ਕਦਰ ਦੱਬ ਚੁੱਕਾ ਹੈ ਕਿ ਉਸ ਦੀਆਂ ਉਂਗਲਾਂ ’ਤੇ ਨੱਚ ਰਿਹਾ ਹੈ ਅਤੇ ਆਪਣਾ ਵੱਡਾ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ ਹੈ ਜੋ ਭਾਰਤ ਲਈ ਖ਼ਤਰੇ ਦੀ ਘੰਟੀ ਹੈ।

-(ਅਬਜ਼ਰਵਰ ਰਿਸਰਚ ਫਾਊਂਡੇਸ਼ਨ ’ਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਨਿਰਦੇਸ਼ਕ) -response@jagran.com

Posted By: Jagjit Singh