ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ 125 ਪੰਨਿਆਂ ਦੀ ਇਕ ਹਾਲੀਆ ਰਿਪੋਰਟ 'ਚ ਚੀਨ ਦੀ ਵਧਦੀ ਸੈਨਿਕ ਸ਼ਕਤੀ 'ਤੇ ਚਿੰਤਾ ਪ੍ਰਗਟਾਈ ਗਈ ਹੈ। ਇਸ ਦੇ ਨਾਲ ਹੀ ਬੀਜਿੰਗ ਦੁਨੀਆ 'ਚ ਆਰਥਿਕ ਸਾਮਰਾਜਵਾਦ ਦੀ ਮੁਹਿੰਮ ਵੀ ਚਲਾ ਰਿਹਾ ਹੈ।

ਇਸ ਲਈ ਉਹ ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਕਰਜ਼ੇ ਦੇ ਜਾਲ 'ਚ ਫਸਾ ਕੇ ਉਨ੍ਹਾਂ ਦੀ ਜ਼ਮੀਨ ਕਬਜ਼ਾਉਣ ਦੀ ਜੁਗਤ 'ਚ ਹੈ। ਇਨ੍ਹਾਂ ਦੇਸ਼ਾਂ ਦੇ ਬਾਜ਼ਾਰ ਤੇ ਕੱਚੇ ਮਾਲ ਦੀ ਪੂਰਤੀ ਲਈ ਉਨ੍ਹਾਂ ਦੇ ਵਸੀਲਿਆਂ 'ਤੇ ਵੀ ਚੀਨ ਦੀ ਨੀਅਤ ਖ਼ਰਾਬ ਹੈ। ਉੱਤਰੀ ਤੇ ਦੱਖਣੀ ਅਮਰੀਕਾ ਤੋਂ ਲੈ ਕੇ ਯੂਰਪ, ਅਫ਼ਰੀਕਾ ਤੇ ਏਸ਼ੀਆ ਤਕ ਦੁਨੀਆ ਦੇ ਹਰ ਕੋਨੇ 'ਚ ਚੀਨ ਆਪਣੇ ਪੈਰ ਪਸਾਰ ਰਿਹਾ ਹੈ।

ਦੁਨੀਆ ਭਰ ਦੇ ਬਾਜ਼ਾਰ ਉਸ ਦੇ ਸਸਤੇ ਉਤਪਾਦਾਂ ਕਾਰਨ ਖਿੱਚੇ ਜਾ ਰਹੇ ਹਨ, ਜੋ ਸਥਾਨਕ ਅਰਥਚਾਰਿਆਂ ਨੂੰ ਬਰਬਾਦ ਕਰਨ 'ਤੇ ਤੁਲੇ ਹਨ। ਚੀਨ ਦੇ ਉਭਾਰ ਕਾਰਨ ਪਿਛਲੇ ਕੁਝ ਸਾਲਾਂ 'ਚ ਅਮਰੀਕਾ ਨੂੰ ਹਿੰਦ-ਪ੍ਰਸ਼ਾਂਤ ਖੇਤਰ 'ਚ ਆਪਣੀ ਸੈਨਿਕ ਮੌਜੂਦਗੀ ਵਧਾਉਣ 'ਤੇ ਮਜਬੂਰ ਹੋਣਾ ਪੈ ਰਿਹਾ ਹੈ।

ਪਿਛਲੇ ਸਾਲ ਜਾਰੀ ਅਮਰੀਕੀ ਰੱਖਿਆ ਰਣਨੀਤੀ 'ਚ ਰੂਸ ਤੇ ਚੀਨ ਨਾਲ ਕਰੜੇ ਮੁਕਾਬਲੇ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਗਿਆ ਸੀ। ਇਸ 'ਚ ਦਾਅਵਾ ਕੀਤਾ ਗਿਆ ਕਿ ਚੀਨ ਦੀ ਵਧਦੀ ਸੈਨਿਕ ਸ਼ਕਤੀ ਤੇ ਰੂਸ ਦੇ ਹਮਲਾਵਰ ਰੁਖ ਨੇ ਦੁਨੀਆ ਭਰ 'ਚ ਅਮਰੀਕੀ ਫ਼ੌਜ ਦੀ ਬੜ੍ਹਤ ਨੂੰ ਕਮਜ਼ੋਰ ਕੀਤਾ ਹੈ

ਸੈਨਿਕ ਮੋਰਚੇ 'ਤੇ ਚੀਨ ਦੇ ਭਾਰੀ ਖ਼ਰਚੇ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਸਬੰਧੀ ਵੱਡੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ।

ਅਧਿਕਾਰਕ ਤੌਰ 'ਤੇ ਚੀਨ ਰੱਖਿਆ 'ਤੇ 157 ਅਰਬ ਡਾਲਰ ਖ਼ਰਚ ਕਰ ਰਿਹਾ ਹੈ ਜਦਕਿ ਅਮਰੀਕਾ ਦਾ ਰੱਖਿਆ ਬਜਟ ਹਾਲੇ ਵੀ 602 ਅਰਬ ਡਾਲਰ ਹੈ। ਭਾਰਤ ਨੇ ਵੀ 2017 'ਚ ਰੱਖਿਆ 'ਤੇ 52 ਅਰਬ ਡਾਲਰ ਖ਼ਰਚ ਕੀਤੇ।

ਅਮਰੀਕਾ ਨੂੰ ਚੀਨ ਦੀ ਸੈਨਿਕ ਚੁਣੌਤੀ ਹਾਲੇ ਤਕ ਸਿਰਫ਼ ਪੱਛਮੀ ਪ੍ਰਸ਼ਾਂਤ ਮਹਾਸਾਗਰ ਤਕ ਹੀ ਸੀਮਤ ਸੀ ਪਰ ਬੀਜਿੰਗ ਹੁਣ ਅਜਿਹੀ ਸਮਰੱਥਾ ਹਾਸਲ ਕਰਨ 'ਚ ਜੁਟਿਆ ਹੈ ਕਿ ਉਸ ਦੀ ਸੈਨਿਕ ਸ਼ਕਤੀ ਦੇ ਦਾਇਰੇ ਦਾ ਖੇਤਰੀ ਗੁਆਂਢੀਆਂ ਤੋਂ ਪਰ੍ਹੇ ਤਕ ਵਿਸਤਾਰ ਹੋਵੇ। ਬੀਜਿੰਗ ਨੇ ਪੰਜਵੀਂ ਪੀੜ੍ਹੀ ਦਾ ਉੱਨਤ ਲੜਾਕੂ ਜਹਾਜ਼, ਐਂਟੀ ਸ਼ਿਪ ਬੈਲੇਸਟਿਕ ਮਿਜ਼ਾਈਲ ਤੇ ਡੀਜ਼ਲ-ਇਲੈਕਟ੍ਰਾਨਿਕ ਪਣਡੁੱਬੀਆਂ ਬਣਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ।

ਆਪਣੀਆਂ ਹੋਰਨਾਂ ਤਾਕਤਾਂ ਦੇ ਨਾਲ ਹੀ ਇਨ੍ਹਾਂ ਸਮਰੱਥਾਵਾਂ ਨਾਲ ਬੀਜਿੰਗ ਨੂੰ ਨਾ ਸਿਰਫ਼ ਪੂਰਬ ਤੇ ਦੱਖਣੀ ਪੂਰਬੀ ਏਸ਼ੀਆਈ ਗੁਆਂਢੀਆਂ ਤੋਂ ਬੜ੍ਹਤ ਹਾਸਲ ਹੋ ਜਾਂਦੀ ਹੈ ਸਗੋਂ ਉਨ੍ਹਾਂ ਦੀ ਸੁਰੱਖਿਆ ਲਈ ਅਮਰੀਕੀ ਦਖ਼ਲ ਦੀ ਰਾਹ ਰੋਕਣ 'ਚ ਵੀ ਉਹ ਸਮਰੱਥ ਹੋ ਗਿਆ ਹੈ। ਰੱਖਿਆ ਦੇ ਮੋਰਚੇ 'ਤੇ ਉਸ ਦੀਆਂ ਤਮਾਮ ਕਵਾਇਦਾਂ ਹੁਣ ਰੰਗ ਲਿਆ ਰਹੀਆਂ ਹਨ।

ਇਸ ਸੂਰਤ 'ਚ ਜੇ ਤਾਈਵਾਨ ਜਾਂ ਅਮਰੀਕਾ ਦੇ ਦੂਜੇ ਸਹਿਯੋਗੀਆਂ ਦਾ ਚੀਨ ਨਾਲ ਸੰਘਰਸ਼ ਛਿੜਦਾ ਹੈ ਤਾਂ ਉਨ੍ਹਾਂ ਦੀ ਰੱਖਿਆ ਲਈ ਅਮਰੀਕਾ ਸਾਹਮਣੇ ਚੁਣੌਤੀ ਹੋਰ ਸਖ਼ਤ ਹੋਵੇਗੀ।

ਚੀਨ ਨੇ ਬਾਈਡੂ-3 ਸੈਟੇਲਾਈਟ ਦੇ ਸਫ਼ਲ ਪ੍ਰੀਖਣ ਦੇ ਨਾਲ ਹੀ ਆਪਣੇ ਪੁਲਾੜ ਆਧਾਰਤ ਨੇਵੀਗੇਸ਼ਨ ਸਿਸਟਮ ਨੂੰ ਬਹੁਤ ਦਰੁਸਤ ਕਰ ਲਿਆ ਹੈ। ਇਸ ਨਾਲ ਉਹ ਦੁਸ਼ਮਣ ਦੇ ਟਿਕਾਣਿਆਂ 'ਤੇ ਬਹੁਤ ਬਾਰੀਕੀ ਨਾਲ ਨਿਸ਼ਾਨਾ ਲਗਾ ਸਕਦਾ ਹੈ।

ਚੀਨੀ ਫ਼ੌਜ ਹੁਣ ਯੁੱਧ ਦੇ ਮੈਦਾਨ 'ਚ ਬਾਜ਼ੀ ਮਾਰ ਸਕਦੀ ਹੈ। ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਤੋਂ ਲੈ ਕੇ ਲੰਬੀ ਰੇਂਜ ਦੀਆਂ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕਵਾਂਟਸ ਕੰਪਿਊਟਰਿੰਗ ਦੇ ਮਿਸ਼ਰਣ ਨਾਲ ਚੀਨ ਨੇ ਸੈਨਿਕ ਮੋਰਚੇ 'ਤੇ ਅਜਿਹੀ ਤਰੱਕੀ ਕੀਤੀ ਹੈ, ਜਿਸ ਨੇ ਦੁਨੀਆ ਸਾਹਮਣੇ ਇਕ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ।

ਚੀਨੀ ਹਵਾਈ ਫ਼ੌਜ 'ਚ ਇਲੈਕਟ੍ਰੋਮੈਗਨੇਟਿਕ ਰੇਲ ਗਨ ਦੇ ਰੂਪ 'ਚ ਜ਼ਿਆਦਾ ਮਾਰ ਕਰਨ ਵਾਲਾ ਹਥਿਆਰ ਜੋੜਿਆ ਗਿਆ ਹੈ, ਜਿਸ ਨੂੰ 'ਸੁਪਰਗਨ' ਦਾ ਨਾਂ ਵੀ ਦਿੱਤਾ ਜਾ ਰਿਹਾ ਹੈ। ਇਹ ਹਵਾ 'ਚ ਵੀ ਬੇਹੱਦ ਤੇਜ਼ ਤੇ ਅਚੂਕ ਨਿਸ਼ਾਨਾ ਲਾ ਸਕਦੀ ਹੈ ਤੇ ਏਅਰਕਰਾਫਟ ਮਿਜ਼ਾਈਲ ਨੂੰ ਕਾਫ਼ੀ ਦੂਰੀ ਤੋਂ ਹੀ ਸਟੀਕਤਾ ਨਾਲ ਨਸ਼ਟ ਕਰ ਸਕਦੀ ਹੈ।

ਆਪਣੇ ਸ਼ਕਤੀਸ਼ਾਲੀ ਵਾਰ ਨਾਲ ਇਹ ਕਿਸੇ ਜਹਾਜ਼ ਨੂੰ ਵੀ ਡੁਬੋ ਸਕਦੀ ਹੈ। ਚੀਨ ਦੀ ਹਾਈਪਰਸੋਨਿਕ ਮਿਜ਼ਾਈਲ ਵੀ ਟੀਚੇ ਤੋਂ ਭਟਕੇ ਬਿਨਾਂ ਹੀ 5,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਗਤੀ ਨਾਲ ਉਡਾਣ ਭਰ ਸਕਦੀ ਹੈ।

ਹਥਿਆਰ ਪ੍ਰਣਾਲੀ ਜ਼ਿਆਦਾਤਰ ਮਿਜ਼ਾਈਲਾਂ 'ਚ ਸੰਨ੍ਹ ਲਾਉਣ 'ਚ ਸਮਰੱਥ ਹੈ। ਚੀਨ ਦੀ ਤਾਕਤ ਏਨੀ ਵਧ ਗਈ ਹੈ ਕਿ ਉਹ ਜਿਸ ਦੇਸ਼ 'ਤੇ ਹਮਲਾ ਕਰੇਗਾ, ਉਸ ਨੂੰ ਸੰਭਲਣ ਦਾ ਮੌਕਾ ਨਹੀਂ ਦੇਵੇਗਾ। ਇਹ ਉਸ ਦੇਸ਼ ਦੀ ਚੇਤਾਵਨੀ ਪ੍ਰਣਾਲੀ ਤੇ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਵੀ ਤਹਿਸ-ਨਹਿਸ ਕਰ ਸਕਦਾ ਹੈ।

ਦੱਖਣੀ ਚੀਨ ਸਾਗਰ 'ਚ ਵੀ ਚੀਨ ਦੂਰ-ਦੁਰਾਡੇ ਦੇ ਇਲਾਕਿਆਂ 'ਚ ਮਿਜ਼ਾਈਲ ਸ਼ੈਲਟਰ , ਅਤਿਆਧੁਨਿਕ ਸੈਂਸਰ ਤੇ ਰਾਡਾਰ ਸਿਸਟਮ ਨਾਲ ਲੈਸ ਸੈਨਿਕ ਸਹੂਲਤਾਂ ਵਾਲੀਆਂ ਚੌਕੀਆਂ ਵਿਕਸਤ ਕਰ ਰਿਹਾ ਹੈ। ਪਾਣੀ ਅੰਦਰ ਨਿਗਰਾਨੀ ਲਈ ਵੀ ਉਸ ਨੇ ਨਵੀਂ ਤਕਨੀਕ ਈਜਾਦ ਕੀਤੀ ਹੈ।

ਇਸ ਦੇ ਦੋ ਫਾਇਦੇ ਹਨ। ਇਕ ਤਾਂ ਚੀਨੀ ਪਣਡੁੱਬੀਆਂ ਨੂੰ ਟੀਚੇ 'ਤੇ ਨਿਸ਼ਾਨਾ ਲਗਾਉਣ 'ਚ ਸਹੂਲੀਅਤ ਹੋਵੇਗੀ ਤੇ ਦੂਜਾ ਚੀਨ ਦੇ ਸਮੁੰਦਰੀ ਰੇਸ਼ਮ ਮਾਰਗ ਨੂੰ ਵੀ ਸੁਰੱਖਿਆ ਮਿਲੇਗੀ। ਜਹਾਜ਼ਾਂ, ਉਪਗ੍ਰਹਾਂ ਤੇ ਜਲਮਗਨ ਗਲਾਈਡਰਾਂ ਦੀ ਵਰਤੋਂ ਨਾਲ ਇਹ ਪ੍ਰਣਾਲੀ ਦੱਖਣੀ ਚੀਨ ਸਾਗਰ ਤੇ ਹਿੰਦ-ਪ੍ਰਸ਼ਾਂਤ ਮਹਾਸਾਗਰਾਂ 'ਚ ਪਾਣੀ ਦੇ ਅੰਦਰੂਨੀ ਦ੍ਰਿਸ਼ ਨਾਲ ਜੁੜੇ ਤਮਾਮ ਅੰਕੜੇ ਇਕੱਠੇ ਕਰ ਸਕਦੀ ਹੈ।

ਵਿਦੇਸ਼ਾਂ 'ਚ ਕੀਤੇ ਚੀਨੀ ਨਿਵੇਸ਼ ਦੇ ਵੀ ਹੁਣ ਨਤੀਜੇ ਸਾਹਮਣੇ ਆ ਰਹੇ ਹਨ।

ਵਿਆਪਕ ਆਲਮੀ ਮੌਜੂਦਗੀ ਲਈ ਵਿਆਕੁਲ ਚੀਨ ਨੂੰ ਇਸ ਨਾਲ ਦੂਜੇ ਦੇਸ਼ਾਂ 'ਚ ਸਮੁੰਦਰੀ ਬੰਦਰਗਾਹ ਬਣਾਉਣ ਦਾ ਮੌਕਾ ਮਿਲਿਆ। ਚੀਨੀ ਰਣਨੀਤੀਕਾਰ ਇਸ 'ਤੇ ਵੀ ਵਿਚਾਰ ਕਰ ਰਹੇ ਹਨ ਕਿ ਹਿੰਦ-ਪ੍ਰਸ਼ਾਂਤ ਖੇਤਰ ਤੇ ਉੱਤਰ-ਪੂਰਬੀ ਅਫ਼ਰੀਕਾ 'ਚ ਆਪਣੀ ਸੈਨਿਕ ਪ੍ਰਭੂਸੱਤਾ ਨੂੰ ਕਿਸ ਤਰ੍ਹਾਂ ਬਣਾਵੇ, ਜਿਸ ਨਾਲ ਉਸ ਦਾ ਫਾਰਸ ਦੀ ਖਾੜੀ ਜਿਹੇ ਪ੍ਰਮੁੱਖ ਸਮੁੰਦਰੀ ਮਾਰਗਾਂ ਨਾਲ ਸਿੱਧਾ ਸਰੋਕਾਰ ਹੋਵੇ।

ਇਹ ਚੀਨ ਦੀ ਸਮੁੰਦਰੀ ਜੀਵਨ ਰੇਖਾ ਦੀ ਧੁਰੀ ਮੰਨੇ ਜਾਂਦੇ ਹਨ। ਵਪਾਰ ਤੇ ਆਧਾਰਿਕ ਸੰਰਚਨਾ ਨਾਲ ਜੁੜੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰਾਜੈਕਟ ਦਾ ਵੀ ਇਹੋ ਮਕਸਦ ਹੈ , ਜਿਸ ਨਾਲ ਚੀਨ ਨੂੰ ਏਸ਼ੀਆ ਤੇ ਯੂਰਪ ਨਾਲ ਜੋੜਨਾ ਹੈ। ਇਸ ਨਾਲ ਚੀਨ ਨੂੰ ਆਪਣੇ ਸਮੁੰਦਰੀ ਤੱਟ ਤੋਂ ਹਜ਼ਾਰਾਂ ਮੀਲ ਦੂਰ ਤਸਕਰਾਂ ਨਾਲ ਨਜਿੱਠਣ, ਸੰਕਟ ਤੋਂ ਉੱਭਰਣ ਤੇ ਹਵਾਈ ਫ਼ੌਜ ਦੇ ਅਭਿਆਸ 'ਚ ਮਦਦ ਮਿਲੇਗੀ। ਆਰਕਟਿਕ ਮਹਾਸਾਗਰ, ਬਾਲਟਿਕ ਸਾਗਰ ਤੇ ਹੋਰਨਾਂ ਤਮਾਮ ਦੂਰ-ਦੁਰਾਡੇ ਦੇ ਸਮੁੰਦਰੀ ਮਾਰਗਾਂ ਤਕ ਉਸ ਦਾ ਦਬਦਬਾ ਵਧਿਆ ਹੈ।

ਚੀਨੀ ਸਮੁੰਦਰੀ ਫ਼ੌਜ ਵੀ ਬੇਹੱਦ ਸਮਰੱਥਾਵਾਨ ਜੰਗੀ ਬੇੜੇ ਵਿਕਸਤ ਕਰਨ 'ਚ ਜੁਟੀ ਹੈ। ਇਸ ਨਾਲ ਆਲਮੀ ਸ਼ਕਤੀ ਸੰਤੁਲਨ 'ਚ ਪੱਲੜਾ ਵੀ ਚੀਨ ਵੱਲ ਝੁਕੇਗਾ। ਸੁਰੱਖਿਆ ਕਾਰਨਾਂ ਪੱਖੋਂ ਮਹੱਤਵਪੂਰਨ ਜਿਬੂਤੀ 'ਚ ਵੀ ਚੀਨ ਦਾ ਪਹਿਲਾ ਵਿਦੇਸ਼ੀ ਫ਼ੌਜੀ ਅੱਡਾ ਸ਼ੁਰੂ ਹੋ ਚੁੱਕਿਆ ਹੈ। ਬੀਜਿੰਗ ਆਰਥਿਕ ਸਿਕੰਜ਼ੇ ਤੇ ਹਮਲਾਵਰ ਕੂਟਨੀਤੀ ਦਾ ਵੀ ਸਹਾਰਾ ਲੈ ਰਿਹਾ ਹੈ। ਪਾਕਿਸਤਾਨ ਦੇ ਖਸਤਾ ਆਰਥਿਕ ਹਾਲਾਤ ਦਾ ਵੀ ਚੀਨ ਭਰਪੂਰ ਲਾਹਾ ਲੈ ਰਿਹਾ ਹੈ, ਜਿਸ ਨੂੰ ਉਸ ਨੇ ਇਕ ਤਰ੍ਹਾਂ ਨਾਲ ਆਪਣੀ ਜਾਗੀਰ ਬਣਾ ਲਿਆ ਹੈ। ਭਾਰਤ ਨਾਲ ਦੁਸ਼ਮਣੀ ਦੀ ਸਾਂਝੀ ਭਾਵਨਾ ਵੀ ਇਨ੍ਹਾਂ ਦੇਸ਼ਾਂ ਨੂੰ ਨਜ਼ਦੀਕ ਲਿਆਈ ਹੈ।

ਭਾਰਤ ਦੇ ਗੁਆਂਢੀ ਦੇਸ਼ਾਂ 'ਚ ਵੀ ਭਾਰੀ ਨਿਵੇਸ਼ ਜ਼ਰੀਏ ਚੀਨ ਇਨ੍ਹਾਂ ਨੂੰ ਲੁਭਾਉਣ 'ਚ ਜੁਟਿਆ ਹੋਇਆ ਹੈ। ਚੀਨ ਦੇ ਜ਼ਿਆਦਾਤਰ ਗੁਆਂਢੀ ਉਸ ਦੇ ਦਬਦਬੇ ਅੱਗੇ ਮੌਨ ਹੈ। ਆਪਣੇ ਆਕਾਰ, ਆਬਾਦੀ ਤੇ ਹੋਰਨਾਂ ਪੈਮਾਨਿਆਂ ਦੇ ਆਧਾਰ 'ਤੇ ਭਾਰਤ ਹੀ ਇਸ ਨੂੰ ਚੁਣੌਤੀ ਦੇਣ ਦੇ ਸਮਰੱਥ ਹੈ।

ਭਾਰਤ ਨੂੰ ਅਸਲ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੌਰ ਤੋਂ ਚੱਲੀਆਂ ਆ ਰਹੀਆਂ ਸਮਾਜਵਾਦੀ ਨੀਤੀਆਂ ਦਾ ਖਾਮਿਆਜ਼ਾ ਭੁਗਤਣਾ ਪਿਆ। ਇਸ ਕਾਰਨ ਭਾਰਤ ਚੀਨ ਤੋਂ ਪੱਛੜਦਾ ਚਲਾ ਗਿਆ ਜਦਕਿ 1980 ਦੇ ਦਹਾਕੇ 'ਚ ਭਾਰਤ ਦਾ ਜੀਡੀਪੀ ਚੀਨ ਤੋਂ ਜ਼ਿਆਦਾ ਸੀ।

ਭਾਰਤ ਕੋਲ ਫ਼ੌਜੀ ਤਿਆਰੀਆਂ ਲਈ ਵਿੱਤੀ ਵਸੀਲਿਆਂ ਦੀ ਕਮੀ ਹੈ। ਜਿੱਥੇ ਚੀਨ ਪੰਜਵੀਂ ਪੀੜ੍ਹੀ ਦਾ ਉੱਨਤ ਲੜਾਕੂ ਜਹਾਜ਼ ਬਣਾ ਕੇ ਮਾਰੂ ਹਥਿਆਰਾਂ ਦਾ ਜ਼ਖ਼ੀਰਾ ਵਧਾ ਰਿਹਾ ਹੈ, ਉੱਥੇ ਹੀ ਭਾਰਤੀ ਹਵਾਈ ਫ਼ੌਜ ਦੀ ਘੱਟੋ-ਘੱਟ ਜ਼ਰੂਰਤ ਨੂੰ ਪੂਰਾ ਕਰਨ ਲਈ ਰਾਫੇਲ ਜਹਾਜ਼ ਖ਼ਰੀਦ ਨੂੰ ਹੀ ਕੁਝ ਨੇਤਾ ਅਟਕਾਉਣ 'ਚ ਅੜੇ ਹਨ। ਅਜਿਹੇ ਨੇਤਾਵਾਂ ਦੇ ਇਰਾਦਿਆਂ 'ਤੇ ਪਾਣੀ ਫੇਰਨ ਲਈ ਜਨਤਾ ਨੂੰ ਅੱਗੇ ਆਉਣਾ ਪਵੇਗਾ ਤਾਂ ਕਿ ਭਾਰਤ ਸੈਨਿਕ ਤੇ ਆਰਥਿਕ ਤੌਰ 'ਤੇ ਮਜ਼ਬੂਤ ਬਣ ਸਕੇ। ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ।

-ਆਰਪੀ ਸਿੰਘ

ਲੇਖਕ ਸੇਵਾਮੁਕਤ ਫ਼ੌਜੀ ਅਧਿਕਾਰੀ ਹੈ।

Posted By: Arundeep