ਬ੍ਰਹਮਾ ਚੇਲਾਨੀ


ਚੀਨ ਤੋਂ ਨਿਕਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜੇਕਰ ਚੀਨ ਨੇ ਸ਼ੁਰੂਆਤ ਵਿਚ ਇਸ ਦੀਆਂ ਸੂਚਨਾਵਾਂ ਲੁਕਾਉਣ ਦੀ ਥਾਂ ਕਾਰਗਰ ਕਦਮ ਚੁੱਕੇ ਹੁੰਦੇ ਤਾਂ ਅਜਿਹੇ ਵਿਸ਼ਵ ਪੱਧਰੀ ਸੰਕਟ ਦੀ ਨੌਬਤ ਹੀ ਨਹੀਂ ਆਉਂਦੀ। ਚੀਨ ਅਤੇ ਉਸ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਲਾਪਰਵਾਹੀ ਨੇ ਪੂਰੀ ਦੁਨੀਆ ਨੂੰ ਇਕ ਵੱਡੇ ਜਾਂ ਕਹਿ ਲਓ ਕਿ ਜਾਨਲੇਵਾ ਖ਼ਤਰੇ ਵਿਚ ਪਾ ਦਿੱਤਾ ਹੈ। ਉੱਥੇ ਲੋਕ ਇਸ ਵਾਇਰਸ ਦੇ ਸ਼ਿਕੰਜੇ ਵਿਚ ਫਸ ਕੇ ਦਮ ਤੋੜਦੇ ਰਹੇ ਅਤੇ ਚੀਨੀ ਪ੍ਰਸ਼ਾਸਨ ਝੂਠ ਦਾ ਸਹਾਰਾ ਲੈਂਦਾ ਰਿਹਾ। ਇਸ ਦੀ ਪੋਲ 21 ਜਨਵਰੀ ਨੂੰ ਜਾ ਕੇ ਖੁੱਲ੍ਹੀ ਜਦ ਚੀਨ ਨਾਲ ਜੁੜੀ ਇਨਫੈਕਸ਼ਨ ਦੇ ਮਾਮਲੇ ਥਾਈਲੈਂਡ ਅਤੇ ਤਾਇਵਾਨ ਵਿਚ ਵੀ ਸਾਹਮਣੇ ਆਏ ਜਦਕਿ ਪਹਿਲਾ ਮਾਮਲਾ ਵੁਹਾਨ ਵਿਚ ਦੋ ਮਹੀਨੇ ਪਹਿਲਾਂ ਹੀ ਸਾਹਮਣੇ ਆ ਗਿਆ ਸੀ। ਹੁਣ ਚੀਨ ਵਿਸ਼ਵ ਪੱਧਰੀ ਦਵਾਈ ਉਦਯੋਗ ਵਿਚ ਜ਼ਰੂਰੀ ਤੱਤਾਂ ਦੇ ਮੁੱਖ ਸਪਲਾਇਰ ਦੇ ਰੂਪ ਵਿਚ ਆਪਣੇ ਦਬਦਬੇ ਦੀ ਦਬੰਗਾਈ ਦਿਖਾਉਂਦੇ ਹੋਏ ਕਹਿ ਰਿਹਾ ਹੈ ਕਿ ਉਸ ਨੇ ਆਪਣੀ ਇਸ ਚੜ੍ਹਤ ਨੂੰ ਹਥਿਆਰ ਨਹੀਂ ਬਣਾਇਆ। ਚੀਨੀ ਨਿਊਜ਼ ਏਜੰਸੀ ਸ਼ਿਨਹੂਆ ਨੇ ਸਾਫ਼-ਸਪਸ਼ਟ ਲਹਿਜ਼ੇ ਵਿਚ ਕਿਹਾ ਹੈ ਕਿ ਜੇਕਰ ਚੀਨ ਇਸ ਸਮਰੱਥਾ ਨੂੰ ਢਾਲ ਬਣਾਉਂਦਾ ਤਾਂ ਅਮਰੀਕਾ ਵਿਚ ਕੋਰੋਨਾ ਦੇ ਮਾਮਲਿਆਂ ਦੀ ਭਿਆਨਕਤਾ ਦਾ ਸੈਲਾਬ ਆ ਜਾਂਦਾ। ਇਹ ਪਹਿਲਾ ਮੌਕਾ ਨਹੀਂ ਜਦ ਚੀਨ ਨੇ ਵਿਸ਼ਵ ਪੱਧਰੀ ਦਵਾ ਸਪਲਾਈ ਦੇ ਮਾਮਲੇ ਵਿਚ ਆਪਣੇ ਦਬਦਬੇ ਦਾ ਅਜਿਹਾ ਮੁਜ਼ਾਹਰਾ ਕੀਤਾ ਹੋਵੇ। ਚੀਨ ਐਕਟਿਵ ਫਾਰਮਾਸਿਊਟੀਕਲਜ਼ ਇੰਗ੍ਰੀਡੀਏਂਟਸ ਯਾਨੀ ਏਪੀਆਈ ਦਾ ਸਭ ਤੋਂ ਵੱਡਾ ਉਤਪਾਦਕ ਹੈ ਜਿਸ ਦਾ ਇਸਤੇਮਾਲ ਐਂਟੀਬਾਇਓਟਿਕ, ਵਿਟਾਮਿਨਜ਼, ਵੈਕਸੀਨ ਅਤੇ ਹੋਰ ਦਵਾਈਆਂ ਬਣਾਉਣ ਵਿਚ ਹੁੰਦਾ ਹੈ। ਚੀਨ ਦੇ ਅਰਥ ਸ਼ਾਸਤਰੀ ਲੀ ਡਾਓਕੁਈ ਨੇ ਚੀਨ ਵਿਰੁੱਧ ਚੁੱਕੇ ਜਾ ਰਹੇ ਕੁਝ ਕਦਮਾਂ ਦੇ ਜਵਾਬ ਵਿਚ ਬੀਤੇ ਸਾਲ ਏਪੀਆਈ ਦੀ ਬਰਾਮਦ ਨੂੰ ਘੱਟ ਕਰਨ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਨੇ ਨੈਸ਼ਨਲ ਕਾਂਗਰਸ ਵਿਚ ਕਿਹਾ ਸੀ, '' ਜਦ ਇਹ ਬਰਾਮਦ ਘੱਟ ਹੋ ਜਾਵੇਗੀ, ਉਦੋਂ ਕੁਝ ਵਿਕਸਤ ਦੇਸ਼ਾਂ ਦਾ ਸਿਹਤ ਢਾਂਚਾ ਢਹਿ-ਢੇਰੀ ਹੋ ਜਾਵੇਗਾ। ਹਾਲਾਂਕਿ ਕੋਵਿਡ-19 ਮਹਾਮਾਰੀ ਕਾਰਨ ਚੀਨੀ ਏਪੀਆਈ ਉਤਪਾਦਨ ਵਿਚ ਠਹਿਰਾਅ ਆ ਗਿਆ ਹੈ ਪਰ ਇਹ ਸਾਫ਼ ਹੈ ਕਿ ਚੀਨ ਵਿਚ ਦਵਾ ਅਤੇ ਹੋਰ ਬਣੀਆਂ ਵਸਤਾਂ ਸਸਤੇ ਵਿਚ ਤਿਆਰ ਹੋਣ ਦੀ ਦੁਨੀਆ ਬਹੁਤ ਵੱਡੀ ਕੀਮਤ ਦਾ ਭੁਗਤਾਨ ਕਰ ਚੁੱਕੀ ਹੈ। ਚੀਨ ਵਿਚ ਪਸਤ ਪਏ ਉਤਪਾਦਨ ਕਾਰਨ ਹੋਰ ਖੇਤਰਾਂ ਦੀ ਤਰ੍ਹਾਂ ਦਵਾਈਆਂ ਦੀ ਕੌਮਾਂਤਰੀ ਸਪਲਾਈ ਅਤੇ ਉਨ੍ਹਾਂ ਦੀਆਂ ਕੀਮਤਾਂ 'ਤੇ ਵੀ ਉਲਟ ਅਸਰ ਪਿਆ ਹੈ। ਭਾਰਤ ਦੁਨੀਆ ਵਿਚ ਸਭ ਤੋਂ ਵੱਧ ਜੈਨੇਰਿਕ ਦਵਾਈਆਂ ਬਣਾਉਂਦਾ ਹੈ ਪਰ ਚੀਨ ਤੋਂ ਏਪੀਆਈ ਸਪਲਾਈ ਵਿਚ ਅੜਿੱਕਾ ਪੈਣ ਕਾਰਨ ਭਾਰਤ ਨੇ ਇਸ ਮਹੀਨੇ ਤਮਾਮ ਆਮ ਦਵਾਈਆਂ ਦੀ ਬਰਾਮਦ ਨੂੰ ਸੀਮਤ ਕਰ ਦਿੱਤਾ ਹੈ ਤਾਂ ਜੋ ਘਰੇਲੂ ਪੱਧਰ 'ਤੇ ਦਵਾਈਆਂ ਦੀ ਕਿੱਲਤ ਨਾ ਹੋਵੇ। ਭਾਰਤ ਵਿਚ ਬਣਨ ਵਾਲੀਆਂ ਦਵਾਈਆਂ ਲਈ 70 ਫ਼ੀਸਦੀ ਏਪੀਆਈ ਚੀਨ ਤੋਂ ਆਉਂਦਾ ਹੈ। ਅਮਰੀਕਾ ਵਿਚ ਵਿਕਣ ਵਾਲੀਆਂ 97 ਫ਼ੀਸਦੀ ਐਂਟੀਬਾਇਓਟਿਕ ਦਵਾਈਆਂ ਵਿਚ ਚੀਨੀ ਏਪੀਆਈ ਹੀ ਲੱਗਦਾ ਹੈ। ਜੇਕਰ ਚੀਨ ਵਿਚ ਉਤਪਾਦਨ ਜਲਦ ਜ਼ੋਰ ਨਹੀਂ ਫੜਦਾ ਤਾਂ ਵਿਸ਼ਵ ਪੱਧਰ 'ਤੇ ਦਵਾਈਆਂ ਦੀ ਭਾਰੀ ਕਮੀ ਦਾ ਖ਼ਦਸ਼ਾ ਹੋਰ ਜ਼ਿਆਦਾ ਵੱਧ ਸਕਦਾ ਹੈ। ਕਈ ਦੇਸ਼ਾਂ ਵਿਚ ਤਾਂ ਦਵਾਈਆਂ ਦੀਆਂ ਕੀਮਤਾਂ ਵਿਚ ਭਾਰੀ ਇਜ਼ਾਫ਼ਾ ਵੀ ਹੋ ਗਿਆ ਹੈ ਜਿਸ ਵਿਚ ਕੋਵਿਡ-19 ਤੋਂ ਰੋਕਥਾਮ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇਖੀਏ ਤਾਂ ਚੀਨ ਕੋਵਿਡ-19 ਬਿਮਾਰੀ ਨੂੰ ਫੈਲਾਉਣ ਵਾਲਾ ਵੀ ਹੈ ਅਤੇ ਨਾਲ ਹੀ ਉਸ ਦੇ ਇਲਾਜ ਵਿਚ ਅੜਿੱਕਾ ਪਾਉਣ ਵਾਲਾ ਵੀ। ਜੇ ਚੀਨ ਨੇ ਇਸ ਮਹਾਮਾਰੀ 'ਤੇ ਉਦੋਂ ਰੋਕ ਲਗਾਉਣ ਲਈ ਉਪਾਅ ਕੀਤੇ ਹੁੰਦੇ ਜਦ ਉਸ ਨੇ ਵੁਹਾਨ ਵਿਚ ਸਿਰ ਚੁੱਕਿਆ ਸੀ ਤਾਂ ਦੁਨੀਆ ਨੂੰ ਇਕ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ। ਉਸ ਨੇ ਇਸ 'ਤੇ ਕਾਬੂ ਪਾਉਣ ਦੀ ਥਾਂ ਬਿਮਾਰੀ ਨੂੰ ਲੁਕਾਉਣ ਦੀ ਤਿੜਕਮਬਾਜ਼ੀ ਕੀਤੀ ਜਿਸ ਕਾਰਨ ਦੁਨੀਆ ਨੂੰ ਸਿਹਤ ਤੇ ਵਿੱਤੀ ਮੋਰਚੇ 'ਤੇ ਭਾਰੀ ਨੁਕਸਾਨ ਹੋਇਆ ਅਤੇ ਸਮਾਜਿਕ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ।

ਸੱਚਾਈ 'ਤੇ ਪਰਦਾ ਪਾਉਣ ਅਤੇ ਸ਼ੀਸ਼ਾ ਦਿਖਾਉਣ ਵਾਲਿਆਂ ਨੂੰ ਟਿਕਾਣੇ ਲਗਾਉਣ ਦਾ ਚੀਨ ਦਾ ਕਾਲਾ ਅਤੀਤ ਰਿਹਾ ਹੈ। ਸਾਮਵਾਦੀ ਸੰਸਕ੍ਰਿਤੀ, ਜਵਾਬਦੇਹੀ ਦੀ ਘਾਟ ਅਤੇ ਗੁਪਤਤਾ ਦੇ ਮਾਹੌਲ ਕਾਰਨ ਉੱਥੇ ਹਾਲਾਤ ਹੋਰ ਖ਼ਰਾਬ ਹੋਏ। ਚੀਨ ਦੀ ਪੁਲਿਸ ਨੇ ਕੋਰੋਨਾ ਵਿਰੁੱਧ ਚੇਤਾਵਨੀ ਦੇਣ ਵਾਲੇ ਅੱਠ ਡਾਕਟਰਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਸੀ। ਸੰਨ 2002-03 ਵਿਚ ਕਹਿਰ ਢਾਹੁਣ ਵਾਲਾ ਸਾਰਸ ਵੀ ਚੀਨ ਤੋਂ ਹੀ ਨਿਕਲਿਆ ਸੀ। ਉਸ 'ਤੇ ਚੀਨੀ ਪ੍ਰਸ਼ਾਸਨ ਤਕਰੀਬਨ ਮਹੀਨੇ ਕੁ ਤਕ ਪਰਦਾ ਪਾਉਂਦਾ ਰਿਹਾ ਅਤੇ ਉਸ ਵਿਰੁੱਧ ਮੁਹਿੰਮ ਛੇੜਨ ਵਾਲੇ ਡਾਕਟਰ ਨੂੰ ਫ਼ੌਜ ਨੇ ਡੇਢ ਮਹੀਨੇ ਤਕ ਆਪਣੀ ਕੈਦ ਵਿਚ ਰੱਖਿਆ ਸੀ। ਇੰਨਾ ਹੀ ਨਹੀਂ, ਬੀਤੇ 19 ਮਹੀਨਿਆਂ ਦੌਰਾਨ ਅਫਰੀਕਨ ਸਵਾਈਨ ਫਲੂ ਦੇ ਮਾਮਲਿਆਂ ਨੂੰ ਲੁਕਾਉਣ ਦਾ ਨਤੀਜਾ ਇਹ ਨਿਕਲਿਆ ਕਿ ਦੁਨੀਆ ਮਵੇਸ਼ੀਆਂ ਦੀਆਂ ਸਭ ਤੋਂ ਵੱਡੀਆਂ ਮਹਾਮਾਰੀਆਂ ਵਿਚੋਂ ਇਕ ਦੀ ਲਪੇਟ ਵਿਚ ਹੈ। ਇਸ ਕਾਰਨ ਲੱਖਾਂ ਸੂਰਾਂ ਨੂੰ ਮਾਰਨਾ ਪਿਆ।

ਕੋਵਿਡ-19 ਦੇ ਮਾਮਲੇ ਵਿਚ ਤਾਂ ਚੀਨ ਨੇ ਡਬਲਯੂਐੱਚਓ ਤਕ ਨੂੰ ਗੁਮਰਾਹ ਕੀਤਾ। 14 ਜਨਵਰੀ ਨੂੰ ਡਬਲਯੂਐੱਚਓ ਨੇ ਕਿਹਾ ਸੀ ਕਿ 'ਚੀਨ ਵਿਚ ਸਾਹਮਣੇ ਆਈ ਨਵੀਂ ਬਿਮਾਰੀ ਦੇ ਮਾਮਲੇ ਵਿਚ ਮਨੁੱਖ ਤੋਂ ਮਨੁੱਖ ਵਿਚ ਇਨਫੈਕਸ਼ਨ ਦੇ ਸੰਕੇਤ ਦਿਖਾਈ ਨਹੀਂ ਦਿੱਤੇ ਹਨ।' ਇਕ ਅਧਿਐਨ ਮੁਤਾਬਕ ਚੀਨੀ ਪ੍ਰਸ਼ਾਸਨ ਨੇ ਜੋ ਕਦਮ ਚੁੱਕੇ ਹਨ ਜੇ ਉਨ੍ਹਾਂ ਨੂੰ ਤਿੰਨ ਹਫ਼ਤੇ ਪਹਿਲਾਂ ਹੀ ਚੁੱਕ ਲਿਆ ਜਾਂਦਾ ਤਾਂ ਨਾ ਸਿਰਫ਼ ਚੀਨ ਵਿਚ ਕੋਰੋਨਾ ਦੇ ਮਾਮਲੇ 95 ਫ਼ੀਸਦੀ ਘੱਟ ਹੋ ਜਾਂਦੇ ਬਲਕਿ ਇਸ ਦਾ ਭੂਗੋਲਿਕ ਪ੍ਰਸਾਰ ਵੀ ਸੀਮਤ ਹੁੰਦਾ। ਚੀਨੀ ਕਮਿਉਨਿਸਟ ਪਾਰਟੀ ਦੀ ਪ੍ਰਾਪੇਗੰਡਾ ਇਕਾਈ ਦੀ ਮਦਦ ਨਾਲ ਸ਼ੀ ਜਿਨਪਿੰਗ ਪ੍ਰਸ਼ਾਸਨ ਹੁਣ ਇਹ ਧਾਰਨਾ ਬਣਾਉਣ ਵਿਚ ਰੁੱਝਿਆ ਹੋਇਆ ਹੈ ਕਿ ਕੋਵਿਡ-19 ਵਰਗੀ ਆਫ਼ਤ ਨੂੰ ਕੰਟਰੋਲ ਕਰਨ ਵਿਚ ਚੀਨ ਨੇ ਕਿੱਦਾਂ ਮਿਸਾਲ ਕਾਇਮ ਕੀਤੀ ਜਦਕਿ ਇਹ ਉਸ ਦੀ ਲਾਪਰਵਾਹੀ ਹੀ ਸੀ ਜਿਸ ਕਾਰਨ ਜਾਨਲੇਵਾ ਵਾਇਰਸ ਦੁਨੀਆ ਭਰ ਵਿਚ ਫੈਲਿਆ। ਅਜਿਹਾ ਲੱਗਦਾ ਹੈ ਕਿ ਦੁਨੀਆ ਵਿਚ ਸਭ ਤੋਂ ਅਮੀਰ ਤੇ ਸ਼ਕਤੀਸ਼ਾਲੀ ਤਾਨਾਸ਼ਾਹੀ ਲਈ ਸੱਤਾ ਦੀ ਭੁੱਖ ਹੀ ਸਭ ਤੋਂ 'ਤੇ ਹੈ ਅਤੇ ਇਨਸਾਨੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਸ਼ੀ ਜਿਨਪਿੰਗ ਪ੍ਰਸ਼ਾਸਨ ਦੀ ਕਰਤੂਤ ਦਾ ਦੁਨੀਆ 'ਤੇ ਬਹੁਤ ਦੂਰਗਾਮੀ ਪ੍ਰਭਾਵ ਪਿਆ ਹੈ। ਇਸ ਨਾਲ ਨਾ ਸਿਰਫ਼ ਸਿਹਤ ਦੇ ਮੋਰਚੇ 'ਤੇ ਹੰਗਾਮੀ ਸਥਿਤੀ ਉਤਪੰਨ ਹੋਈ ਹੈ ਬਲਕਿ ਆਮ ਆਵਾਜਾਈ ਅਤੇ ਵਪਾਰ ਵਿਚ ਵੀ ਅੜਿੱਕਾ ਪੈ ਗਿਆ ਹੈ। ਕੌਮਾਂਤਰੀ ਵਿੱਤੀ ਤੰਤਰ ਤ੍ਰਾਹੀਮਾਮ ਕਰ ਰਿਹਾ ਹੈ। ਸ਼ੇਅਰ ਬਾਜ਼ਾਰਾਂ ਵਿਚ ਤਬਾਹੀ ਦਾ ਮੰਜ਼ਰ ਹੈ। ਵਿਸ਼ਵ ਮੰਦੀ ਦੀਆਂ ਬਰੂਹਾਂ 'ਤੇ ਖੜ੍ਹਾ ਹੈ। ਜੇ ਕਿਸੇ ਹੋਰ ਦੇਸ਼ ਨੇ ਸੰਸਾਰ ਨੂੰ ਇੰਨੇ ਡੂੰਘੇ ਸੰਕਟ ਵਿਚ ਫਸਾਇਆ ਹੁੰਦਾ ਤਾਂ ਉਹ ਪੂਰੀ ਦੁਨੀਆ ਦੇ ਗੁੱਸੇ ਦਾ ਸ਼ਿਕਾਰ ਬਣਦਾ। ਚੀਨ ਆਪਣੇ ਆਰਥਿਕ ਰਸੂਖ ਅਤੇ ਸਪਲਾਈ ਤੰਤਰ 'ਤੇ ਪਕੜ ਕਾਰਨ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਤੋਂ ਬਚ ਨਿਕਲਿਆ ਹੈ।

ਇਸ ਸੰਕਟ ਦਾ ਬੁਨਿਆਦੀ ਸਬਕ ਇਹੀ ਹੈ ਕਿ ਲਗਾਤਾਰ ਜੁੜਦੀ ਅਤੇ ਇਕ-ਦੂਜੇ 'ਤੇ ਨਿਰਭਰ ਹੁੰਦੀ ਦੁਨੀਆ ਦੇ ਦੌਰ ਵਿਚ ਹਕੀਕਤ 'ਤੇ ਪਰਦਾ ਪਾਉਣਾ ਵਿਸ਼ਵੀਕਰਨ ਅਤੇ ਕੌਮਾਂਤਰੀ ਸੁਰੱਖਿਆ ਲਈ ਵੱਡਾ ਝਟਕਾ ਹੈ। ਕੋਵਿਡ-19 ਦੇ ਫੱਟ ਦਾ ਵਿਸ਼ਵ ਪੱਧਰੀ ਪ੍ਰਭਾਵ ਇਹੀ ਰੇਖਾਂਕਿਤ ਕਰਦਾ ਹੈ ਕਿ ਸ਼ੀ ਜਿਨਪਿੰਗ ਦੀ ਦਬੰਗਾਈ ਦੀ ਕੀਮਤ ਚੀਨ ਤੋਂ ਬਾਹਰ ਵੀ ਅਦਾ ਕਰਨੀ ਪੈ ਰਹੀ ਹੈ। ਦੁਨੀਆ ਨੂੰ ਇਸ ਸੰਕਟ ਤੋਂ ਹੋਰ ਸਬਕ ਲੈਣੇ ਚਾਹੀਦੇ ਹਨ। ਵਿਸ਼ਵ ਪੱਧਰੀ ਸਪਲਾਈ ਚੇਨ 'ਤੇ ਚੀਨ ਦੇ ਦਬਦਬੇ ਦੀ ਸਮੀਖਿਆ ਕੀਤੀ ਜਾਵੇ। ਦਵਾਈਆਂ ਅਤੇ ਵੈਕਸੀਨ ਦੇ ਮਾਮਲੇ ਵਿਚ ਚੀਨ 'ਤੇ ਨਿਰਭਰਤਾ ਘਟਾਉਣੀ ਹੋਵੇਗੀ। ਭਾਰਤੀ ਦਵਾਈ ਨਿਰਮਾਣਕਾਰਾਂ ਨੂੰ ਵੀ ਚੀਨੀ ਸਮੱਗਰੀ ਦਾ ਬਦਲ ਲੱਭਣਾ ਹੋਵੇਗਾ। ਭਾਰਤੀ ਅਰਥਚਾਰੇ ਦੀ ਚੰਗੀ ਸਿਹਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਚੀਨ 'ਤੇ ਲੋੜ ਤੋਂ ਵੱਧ ਨਿਰਭਰ ਨਾ ਹੋਇਆ ਜਾਵੇ। ਭਾਰਤ ਸਰਕਾਰ ਦੇਸ਼ ਵਿਚ ਕਾਰੋਬਾਰੀ ਮਾਹੌਲ ਨੂੰ ਸਰਲ ਅਤੇ ਸੁਖਾਵਾਂ ਬਣਾ ਕੇ ਚੀਨ 'ਤੇ ਨਿਰਭਰਤਾ ਘੱਟ ਕਰ ਸਕਦੀ ਹੈ। ਜਦ ਚੀਨ ਨੂੰ ਅਜਿਹੇ ਝਟਕੇ ਲੱਗਣੇ ਸ਼ੁਰੂ ਹੋਣਗੇ ਤਾਂ ਹੀ ਉਸ ਦੀ ਅਕਲ ਟਿਕਾਣੇ ਆਵੇਗੀ। ਦੁਨੀਆ ਦੀਆਂ ਮਹਾਸ਼ਕਤੀਆਂ ਖ਼ਾਸ ਤੌਰ 'ਤੇ ਅਮਰੀਕਾ ਅਤੇ ਚੀਨ ਦਾ ਜਦ ਤਕ ਗ਼ੈਰ-ਜ਼ਿੰਮੇਵਾਰਾਨਾ ਵਤੀਰਾ ਜਾਰੀ ਰਹਿੰਦਾ ਹੈ, ਉਦੋਂ ਤਕ ਦੁਨੀਆ ਨੂੰ ਅਜਿਹੀਆਂ ਮਨੁੱਖ ਦੁਆਰਾ ਸਿਰਜੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ।

-(ਲੇਖਕ ਰੱਖਿਆ ਮਾਮਲਿਆਂ ਦਾ ਵਿਸ਼ਲੇਸ਼ਕ ਹੈ)।

Posted By: Rajnish Kaur