-ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਭਾਰਤ-ਚੀਨ ਦੇ ਰਿਸ਼ਤੇ-ਨਾਤੇ ਕਦੇ ਵੀ ਸਥਿਰ ਨਹੀਂ ਰਹੇ। ਖ਼ਾਸ ਤੌਰ ’ਤੇ 3488 ਕਿਲੋਮੀਟਰ ਵਾਲਾ ਸਰਹੱਦੀ ਮਸਲਾ ਗਾਹੇ-ਬਗਾਹੇ ਨਰਮ ਤੇ ਫਿਰ ਸਰਗਰਮ ਬਣਿਆ ਰਿਹਾ। ਬੀਤੇ ਇਕ ਸਾਲ ਤੋਂ ਪੂਰਬੀ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੇ ਸਿੱਕਿਮ ਤਕ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦਰਮਿਆਨ ਟਕਰਾਅ ਵੱਧਦਾ-ਘੱਟਦਾ ਰਿਹਾ ਜਦਕਿ ਪੂਰਬੀ ਲੱਦਾਖ ਸੈਕਟਰ ਤਾਂ ਬੀਤੇ 14 ਮਹੀਨਿਆਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਖ਼ਾਸ ਤੌਰ ’ਤੇ ਜਦੋਂ ਬੀਤੇ ਸਾਲ 15 ਜੂਨ ਨੂੰ ਗਲਵਾਨ ਘਾਟੀ ’ਚ ਖ਼ੂਨੀ ਝੜਪ ਦੌਰਾਨ ਸਾਡੇ 20 ਬਹਾਦਰ ਜਵਾਨਾਂ ਨੇ ਕੁਰਬਾਨੀ ਦਿੱਤੀ ਤਾਂ ਜੰਗ ਦੇ ਬੱਦਲ ਮੰਡਰਾਉਣ ਲੱਗ ਪਏ ਸਨ ਪਰ ਖ਼ਤਰਾ ਟਲ ਗਿਆ। ਹੁਣ ਫਿਰ ਲੱਦਾਖ ਸੈਕਟਰ ’ਚ ਤਾਇਨਾਤ ਚੀਨੀ ਫ਼ੌਜ ਦੀ ਹਲਚਲ ਨੂੰ ਲੈ ਕੇ ਕੁਝ ਮੀਡੀਆ ਰਿਪੋਰਟਾਂ ਆ ਰਹੀਆਂ ਹਨ।

ਕਈ ਕਿਸਮ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ। ਸਰਹੱਦ ’ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਆਪਣੇ ਸੈਨਿਕਾਂ ਦੀ ਅਦਲਾ-ਬਦਲੀ ਤਾਂ ਜ਼ਰੂਰ ਕੀਤੀ ਹੋਵੇਗੀ ਪਰ ਬੀਜਿੰਗ ਨੇ ਆਪਣੀ ਵਿਸਥਾਰਵਾਦੀ ਨੀਤੀ ਨਹੀਂ ਤਿਆਗੀ। ਇਸ ਤੋਂ ਪਹਿਲਾਂ ਕਿ ਲੱਦਾਖ ਸੈਕਟਰ ਬਾਰੇ ਚਰਚਾ ਕੀਤੀ ਜਾਵੇ, ਚੀਨ ਦੀਆਂ ਰਣਨੀਤਕ ਚਾਲਾਂ ਨੂੰ ਸਮਝਣ ਦੀ ਲੋੜ ਹੈ। ਚੀਨ ਵਿਸਥਾਰਵਾਦੀ ਨੀਤੀ ਤਹਿਤ ਛੋਟੇ ਮੁਲਕਾਂ ਨੂੰ ਭਰਮਾਉਣ ਤੇ ਧਮਕਾਉਣ ਵਾਲੀ ਕੋਝੀ ਨੀਤੀ ’ਤੇ ਚੱਲ ਰਿਹਾ ਹੈ। ਲੰਬੇ ਅਰਸੇ ਤੋਂ ਬੀਜਿੰਗ ਗੁਆਂਢੀ ਮੁਲਕਾਂ ਜਿਵੇਂ ਕਿ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਅਫ਼ਗਾਨਿਸਤਾਨ, ਮਾਲਦੀਵ ਆਦਿ ਨੂੰ ਆਰਥਿਕ ਤੇ ਮਿਲਟਰੀ ਪੱਖੋਂ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਉਨ੍ਹਾਂ ਦੇ ਅੰਦਰੂਨੀ ਮਸਲਿਆਂ ’ਚ ਦਖ਼ਲਅੰਦਾਜ਼ੀ ਕਰ ਕੇ ਭਾਰਤ ਦੀ ਹਰ ਪੱਖੋਂ ਘੇਰਾਬੰਦੀ ਕਰਨਾ ਚਾਹੁੰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਖਣੀ ਚੀਨ ਸਾਗਰ ’ਤੇ ਆਪਣਾ ਦਾਅਵਾ ਠੋਕ ਕੇ ਕਈ ਟਾਪੂਆਂ ਨੂੰ ਆਪਣੇ ਅਧਿਕਾਰ ਹੇਠ ਲੈਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਬੀਤੇ ਕੁਝ ਮਹੀਨਿਆਂ ਤੋਂ ਸੇਨਕਾਕੂ ਟਾਪੂ ਦੀ ਜੰਗੀ ਬੇੜਿਆਂ ਨਾਲ ਘੇਰਾਬੰਦੀ ਕਰ ਰੱਖੀ ਹੈ। ਉਹ ਫਿਲਪੀਨ, ਤਾਇਵਾਨ, ਵੀਅਤਨਾਮ, ਬਰੁਨੇਈ ਦੀਆਂ ਸਮੰੁਦਰੀ ਹੱਦਾਂ ਤਕ ਪਹੁੰਚ ਕੇ ਇਨ੍ਹਾਂ ਮੁਲਕਾਂ ਨੂੰ ਹਥਿਆਉਣਾ ਚਾਹੰੁਦਾ ਹੈ।

ਹਾਲ ਹੀ ਵਿਚ ਮਲੇਸ਼ੀਆ ਦੇ ਵਿਦੇਸ਼ ਮੰਤਰੀ ਹਿਸਾਮੂਦੀਨ ਹੁਸੈਨ ਨੇ ਇਹ ਇਲਜ਼ਾਮ ਲਾਇਆ ਸੀ ਕਿ ਚੀਨ ਦੇ 16 ਫਾਈਟਰ ਜਹਾਜ਼ਾਂ ਨੇ ਉਸ ਦੇ ਬੋਰਨੀਓ ਟਾਪੂ ਅਤੇ ਡਰਵਾਕ ਦੇ ਤਟਵਰਤੀ ਇਲਾਕੇ ਦੇ ਹਵਾਈ ਖੇਤਰ ’ਚ ਘੁਸਪੈਠ ਕੀਤੀ ਹੈ। ਚੀਨ-ਪਾਕਿਸਤਾਨ ਦੀ ਘਿਉ-ਖਿਚੜੀ ਵਾਲੇ ਸਬੰਧਾਂ ਨੂੰ ਕੌਣ ਨਹੀਂ ਜਾਣਦਾ। ਅਫ਼ਗਾਨਿਸਤਾਨ ’ਚ ਸ਼ਾਂਤੀ ਪ੍ਰਕਿਰਿਆ ਬਹਾਲ ਕਰਨ ਖ਼ਾਤਰ ਚੀਨ, ਪਕਿਸਤਾਨ ਦੇ ਸਹਿਯੋਗ ਨਾਲ ਉੱਥੋਂ ਦੀ ਮੌਜੂਦਾ ਸਰਕਾਰ ਤੇ ਤਾਲਿਬਾਨ ਵਿਚਾਲੇ ਸੁਲ੍ਹਾ-ਸਫ਼ਾਈ ਦੀਆਂ ਕੋਸ਼ਿਸ਼ਾਂ ’ਚ ਸਰਗਰਮ ਹੋ ਗਿਆ ਹੈ। ਚੀਨ ਕੂਟਨੀਤਕ ਦ੍ਰਿਸ਼ਟੀ ਨਾਲ ਪਾਕਿਸਤਾਨ ਜ਼ਰੀਏ ਅਫ਼ਗਾਨਿਸਤਾਨ ’ਚ ਆਪਣਾ ਫ਼ਾਇਦਾ ਦੇਖ ਰਿਹਾ ਹੈ। ਇਸ ਮਾਮਲੇ ’ਚ ਭਾਰਤ ਤਾਂ ਪੱਛੜ ਚੁੱਕਾ ਹੈ। ਜ਼ਿਕਰਯੋਗ ਹੈ ਕਿ 3 ਜੂਨ ਨੂੰ ਤਿੰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਚੌਥੀ ਵਰਚੂਅਲ ਗੱਲਬਾਤ ਹੋਈ ਜਿਸ ਦੀ ਪ੍ਰਧਾਨਗੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕੀਤੀ। ਇਸ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਹਨੀਫ ਅਤਮਰ ਸ਼ਾਮਲ ਸਨ। ਇਸ ਦਾ ਪ੍ਰਭਾਵ ਭਾਰਤ ’ਤੇ ਤਾਂ ਪਵੇਗਾ ਹੀ?

ਚੀਨ ਦੀ ਅਮਰੀਕਾ ਨਾਲ ਖਹਿਬਾਜ਼ੀ ਦਾ ਕਾਰਨ ਮੁੱਖ ਤੌਰ ’ਤੇ ਵਿਸ਼ਵ ਦੀ ਸਰਦਾਰੀ ਹੈ। ਇਸ ਸਿਲਸਿਲੇ ’ਚ ਚੀਨ, ਅਮਰੀਕਾ ਤੇ ਰੂਸ ਦੀਆਂ ਵਿਦੇਸ਼ ਤੇ ਰਣਨੀਤਕ ਨੀਤੀਆਂ ਵੀ ਭਾਰਤ ਦੀ ਵਿਦੇਸ਼ ਤੇ ਰੱਖਿਆ ਨੀਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਸੀਮਾਵਰਤੀ ਉੱਚ ਪਰਬਤੀ ਇਲਾਕਿਆਂ ’ਚ ਤਾਇਨਾਤ ਫ਼ੌਜਾਂ ਦੀ ਅਦਲਾ-ਬਦਲੀ ਅਕਸਰ ਗਰਮ ਰੁੱਤੇ ਹੁੰਦੀ ਰਹਿੰਦੀ ਹੈ। ਤਿੱਬਤ ’ਚ ਮਿਲਟਰੀ ਸਕੀਮਾਂ ਦੌਰਾਨ ਚੀਨ ਦੀ ਮੇਨਲੈਂਡ ਤੋਂ ਹਵਾਈ ਜਹਾਜ਼ਾਂ ਸਮੇਤ ਤਕਨੀਕੀ ਯੂਨਿਟਾਂ ਦੀ ਵੀ ਸ਼ਮੂਲੀਅਤ ਕੋਈ ਵੱਡਾ ਮਸਲਾ ਨਹੀਂ ਹੈ। ਅਸਲ ਸਮੱਸਿਆ ਤਾਂ ਚੀਨ ਦੀ ਖੋਟੀ ਨੀਅਤ ਹੈ। ਬੀਤੇ ਸਾਲ ਦੇ ਸ਼ੁਰੂ ’ਚ ਪੀਐੱਲਏ ਨੇ ਤਿੱਬਤ ’ਚ ਜੰਗੀ ਅਭਿਆਨ ਸਿਰੇ ਚਾੜ੍ਹਨ ਉਪਰੰਤ ਪੂਰਬੀ ਲੱਦਾਖ ’ਚ ਪੈਂਦੀ 823 ਕਿਲੋਮੀਟਰ ਲੰਬੀ ਐੱਲਏਸੀ ਦੇ ਆਲੇ-ਦੁਆਲੇ ਤੋਪਾਂ, ਟੈਂਕਾਂ, ਜਹਾਜ਼ਾਂ, ਸੰਚਾਰ ਸਾਧਨਾਂ ਤੇ ਅਸਲੇ ਦੇ ਭੰਡਾਰਾਂ ਸਮੇਤ ਗੰਨ ਪੁਜ਼ੀਸ਼ਨਾਂ ਤਿਆਰ ਕਰ ਕੇ ਪਾਲਬੰਦੀ ਸ਼ੁਰੂ ਦਿੱਤੀ ਸੀ।

ਇਸੇ ਲਈ ਉਸ ਦੇ ਕੁਝ ਸੈਨਿਕ 5-6 ਮਈ ਨੂੰ ਪੈਂਗੋਗ ਤਸੋ ਝੀਲ ਦੇ ਉੱਤਰ-ਪੂਰਬ ਵੱਲੋਂ ਭਾਰਤੀ ਖੇਤਰ ’ਚ ਪ੍ਰਵੇਸ਼ ਕਰ ਕੇ ਘਿਨੌਣੀਆਂ ਚਾਲਾਂ ’ਤੇ ਉਤਰ ਆਏ ਅਤੇ ਸਾਡੇ ਖ਼ੁਫ਼ੀਆ ਤੰਤਰ ਨੂੰ ਪਤਾ ਹੀ ਉਸ ਸਮੇਂ ਲੱਗਾ ਜਦੋਂ ਚੀਨੀ ਫ਼ੌਜੀਆਂ ਨੇ ਫਿੰਗਰ 5 ਤੇ 4 ਵਿਚਾਲੇ ਪੈਟਰੋਲਿੰਗ ਕਰ ਰਹੇ ਸੁਰੱਖਿਆ ਫੋਰਸ ਦੇ ਜਵਾਨਾਂ ’ਤੇ ਤਾਰਾਂ, ਸਰੀਏ ਆਦਿ ਨਾਲ ਹਮਲਾ ਕਰ ਦਿੱਤਾ। ਜਦੋਂ ਮਿਲਟਰੀ ਤੇ ਕੂਟਨੀਤਕ ਪੱਧਰ ’ਤੇ ਕਈ ਮੀਟਿੰਗਾਂ ਦੇ ਬਾਵਜੂਦ ਅਣ-ਅਧਿਕਾਰਤ ਤੌਰ ’ਤੇ ਡੇਰੇ ਜਮਾਈ ਬੈਠੇ ਚੀਨੀਆਂ ਨੂੰ ਖਦੇੜਿਆ ਨਾ ਜਾ ਸਕਿਆ ਤਾਂ ਭਾਰਤੀ ਫ਼ੌਜ ਨੇ ਰਣਨੀਤਕ ਚਾਲ ਚੱਲਦਿਆਂ ਫਿੰਗਰ 4 ਦੇ ਦੱਖਣ ਵੱਲ ਪੈਂਦੇ 15 ਹਜ਼ਾਰ ਫੁੱਟ ਦੀ ਬੁਲੰਦੀ ਵਾਲੇ ਕੈਲਾਸ਼ ਰੇਂਜ ’ਤੇ 6-7 ਖ਼ਾਲੀ ਪਈਆਂ ਉੱਚ ਪਰਬਤੀ ਚੋਟੀਆਂ ’ਤੇ ਕਬਜ਼ਾ ਕਰ ਲਿਆ। ਇਹ ਉਹ ਮਹੱਤਵਪੂਰਨ ਇਲਾਕਾ ਹੈ ਜਿੱਥੋਂ ਪੀਐੱਲਏ ਦੇ ਬੇਸ ਕੈਂਪ ਮੋਲਦੋ ਤੇ ਉਸ ਦੀਆਂ ਗੰਨ ਪੁਜ਼ੀਸ਼ਨਾਂ ਅਤੇ ਟੈਂਕਾਂ ’ਤੇ ਨਿਗਰਾਨੀ ਰੱਖੀ ਜਾ ਸਕਦੀ ਹੈ। ਫਿਰ ਜਾ ਕੇ ਬੀਜਿੰਗ ਨੂੰ ਝਟਕਾ ਲੱਗਾ ਤਾਂ ਉਸ ਨੇ ਸਮਝੌਤਾ ਕਰ ਕੇ ਫਿੰਗਰ ਏਰੀਆ ਖ਼ਾਲੀ ਤਾਂ ਕੀਤਾ ਪਰ ਕੈਲਾਸ਼ ਰੇਂਜ ਵਾਲਾ ਬੇਹੱਦ ਰਣਨੀਤਕ ਮਹੱਤਤਾ ਵਾਲਾ ਇਲਾਕਾ ਵੀ ਸਾਡੇ ਹੱਥੋਂ ਜਾਂਦਾ ਰਿਹਾ ਜੋ ਸਾਡੀ ਵੱਡੀ ਭੁੱਲ ਸੀ। ਦਸਵੇਂ ਗੇੜ ਦੀ ਮੀਟਿੰਗ ਉਪਰੰਤ ਦੋਵਾਂ ਮੁਲਕਾਂ ਵਿਚਾਲੇ ਇਹ ਵੀ ਤੈਅ ਹੋਇਆ ਕਿ 48 ਘੰਟਿਆਂ ਦੇ ਅੰਦਰ ਦੇਪਸਾਂਗ, ਗੋਗਰਾ-ਹਾਟ ਸਪਰਿੰਗ ਪੈਪ੍ਰੋਲਿੰਗ ਪੁਆਇੰਟ 14, 15 ਤੇ 07 ਆਦਿ ਵਿਵਾਦਤ ਇਲਾਕਿਆਂ ’ਚ ਫ਼ੌਜਾਂ ਹਟਾਉਣ ਬਾਰੇ ਗੱਲਬਾਤ ਜਾਰੀ ਰਹੇਗੀ।

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ 50 ਦਿਨ ਬੀਤਣ ਉਪਰੰਤ 11ਵੇਂ ਗੇੜ ਦੀ ਹਲਕੀ-ਫੁਲਕੀ ਗੱਲਬਾਤ 9 ਅਪ੍ਰੈਲ ਨੂੰ ਹੋਈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਦੇਪਸਾਂਗ ਸਮਤਲ ਇਲਾਕੇ ਦੇ 18 ਕੁ ਕਿਲੋਮੀਟਰ ਘੇਰੇ ’ਚ ਚੀਨ ਨੇ ਬਫਰ ਜ਼ੋਨ ਬਣਾ ਰੱਖਿਆ ਹੈ ਜਿਸ ਦੀਆਂ 16 ਹਜ਼ਾਰ ਫੁੱਟ ਤੋਂ ਵੱਧ ਉੱਚਾਈ ਵਾਲੀਆਂ ਦੋ ਚੌਕੀਆਂ ਬੈਟਲਟੈਂਕ ਅਤੇ ਵਾਈ ਜੰਕਸ਼ਨ ਤੋਂ ਸਾਡੀ ਫ਼ੌਜ ਦੀ ਪੈਟਰੋਲਿੰਗ ਵਿਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸੰਨ 2013 ’ਚ ਜਦੋਂ ਇਸੇ ਇਲਾਕੇ ’ਚ ਚੀਨੀ ਸੈਨਿਕਾਂ ਨੇ 18 ਕੁ ਕਿਲੋਮੀਟਰ ਤਕ ਘੁਸਪੈਠ ਕਰ ਕੇ ਤੰਬੂ ਗੱਡ ਲਏ ਸਨ ਤਾਂ ਉਸ ਸਮੇਂ ਦੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਸੀ। ਫਿਰ ਸੰਨ 2014 ’ਚ ਚੁਮਾਰ ਸੈਕਟਰ ਵਿਖੇ ਤੇ 2017 ’ਚ ਡੋਕਲਾਮ ਵਿਖੇ 73 ਦਿਨਾਂ ਤਕ ਜਦੋਜਹਿਦ ਜਾਰੀ ਰਹੀ। ਯਾਦ ਰਹੇ ਕਿ ਦੇਪਸਾਂਗ ਉਹ ਰਣਨੀਤਕ ਮਹੱਤਵ ਵਾਲਾ ਇਲਾਕਾ ਹੈ ਜਿੱਥੋਂ ਕਿ ਚੀਨ ਸਾਡੀ 16700 ਫੁੱਟ ਦੀ ਉੱਚਾਈ ਵਾਲੀ ਦੌਲਤ ਬੇਗ ਹਵਾਈ ਪਟੜੀ ਨੂੰ ਚੁਣੌਤੀ ਦੇ ਸਕਦਾ ਹੈ। ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ ’ਚ ਅੜਿੱਕਾ ਅਜੇ ਖ਼ਤਮ ਨਹੀਂ ਹੋਇਆ ਕਿ ਬੀਤੇ ਮਈ ਦੇ ਮਹੀਨੇ ਇਸ ਵਾਰ ਤਾਂ ਚੀਨ ਨੇ ਪਾਕਿਸਤਾਨ ਨੂੰ ਨਾਲ ਸ਼ਾਮਲ ਕਰ ਕੇ ਤਿੱਬਤ ’ਚ ਐੱਲਏਸੀ ਦੇ ਨੇੜੇ ਜੰਗੀ ਮਸ਼ਕਾਂ ਕੀਤੀਆਂ। ਚੀਨ-ਪਾਕਿਸਤਾਨ ਦੀ ਸਾਂਝੀ ਮਿਲਟਰੀ ਸ਼ਕਤੀ ਦਾ ਪ੍ਰਗਟਾਵਾ ਕਰ ਕੇ ਭਾਰਤ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਗਿਆ ਸੀ। ਬੀਤੇ ਵਰ੍ਹੇ ਜਦੋਂ ਪੀਐੱਲਏ ਦੀ ਕੁਝ ਫੋਰਸ ਐੱਲਓਸੀ ਪਾਰ ਕਰ ਕੇ ਫਿੰਗਰ ਏਰੀਆ ਤਕ ਪ੍ਰਵੇਸ਼ ਕਰ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੈਨਾ ਮੁਖੀ ਜਨਰਲ ਐੱਮ. ਐੱਮ. ਨਰਵਾਨੇ ਨੇ ਇਹ ਦਾਅਵਾ ਕੀਤਾ ਸੀ ਕਿ ਭਾਰਤ ਨੇ ਇਕ ਇੰਚ ਜ਼ਮੀਨ ਵੀ ਨਹੀਂ ਗੁਆਈ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੜੀ ਸੂਝਬੂਝ ਨਾਲ ਸਿਆਸੀ ਤੇ ਕੂਟਨੀਤਕ ਤੌਰ ’ਤੇ ਚੀਨ ਦੇ ਵਿਦੇਸ਼ ਮੰਤਰੀ ਨੂੰ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਚੀਨ ਵਿਵਾਦਤ ਇਲਾਕਿਆਂ ’ਚੋਂ ਫ਼ੌਜਾਂ ਵਾਪਸ ਬੁਲਾ ਕੇ 5 ਮਈ 2020 ਵਾਲੀ ਸਥਿਤੀ ਬਹਾਲ ਕਰੇ। ਉਨ੍ਹਾਂ ਨੇ ਬੀਤੀ 5 ਮਈ ਨੂੰ ਲੰਡਨ ਵਿਖੇ ਵਿਸ਼ਵ-ਵਿਆਪੀ ਕਾਨਫਰੰਸ ਦੌਰਾਨ ਇੰਜ ਹੀ ਕਿਹਾ। ਇਹ ਸੱਚਾਈ ਹੈ ਕਿ ਜਦੋਂ ਤਕ ਸਰਹੱਦੀ ਇਲਾਕੇ ’ਚ ਤਣਾਅਪੂਰਨ ਮਾਹੌਲ ਹੈ, ਉਦੋਂ ਤਕ ਚੰਗੇ ਸਬੰਧ ਕਾਇਮ ਕਰਨਾ ਕਠਿਨ ਹੋਵੇਗਾ। ਅੰਤ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਸਾਵਧਾਨੀ ਹਟੀ, ਦੁਰਘਟਨਾ ਘਟੀ। ਜੇ ਰਾਜਸੀ ਨੇਤਾ ਸਿਆਸੀ ਮਤਭੇਦ ਨੂੰ ਲੰਬਿਤ ਰੱਖਦੇ ਹੋਏ ਇਕਜੁੱਟ ਹੋ ਕੇ ਦੇਸ਼ ਦੀਆਂ ਅੰਦਰੂਨੀ ਸਮੱਸਿਆਵਾਂ ਜਿਵੇਂ ਕਿ ਕੋਵਿਡ-19 ਦੀ ਦੂਸਰੀ ਤੇ ਸੰਭਾਵਿਤ ਤੀਸਰੀ ਲਹਿਰ, ਕਿਸਾਨ ਅੰਦੋਲਨ, ਵਿਕਾਸ ਦਰ ’ਚ ਕਮੀ, ਵੱਧ ਰਹੀ ਬੇਰੁਜ਼ਗਾਰੀ, ਸੈਨਿਕ ਵਰਗ ਦੀਆਂ ਚੁਣੌਤੀਆਂ ਵਰਗੀਆਂ ਸਮੱਸਿਆਵਾਂ ਵੱਲ ਧਿਆਨ ਦੇਣ। ਵਿਦੇਸ਼ੀ ਖ਼ਤਰਿਆਂ ਨਾਲ ਨਜਿੱਠਣ ਖ਼ਾਤਰ ਹਥਿਆਰਬੰਦ ਸੈਨਾਵਾਂ ਦੀਆਂ ਜੰਗੀ ਲੋੜਾਂ ਤੇ ਵਿੱਤੀ ਘਾਟਾਂ ਨੂੰ ਪੂਰਾ ਕਰਨ ਵੱਲ ਵਧਿਆ ਜਾਵੇ ਤਾਂ ਕਿ ਅਸੀਂ ਫਿਰ ਧੋਖਾ ਨਾ ਖਾ ਜਾਈਏ।

-(ਲੇਖਕ ਰੱਖਿਆ ਵਿਸ਼ਲੇਸ਼ਕ ਹੈ)।

-ਟੈਲੀਫੋਨ ਨੰ. : 0172-2740991

-response0jagran.com

Posted By: Susheel Khanna