-ਬਿ੍ਗੇ. ਕੁਲਦੀਪ ਸਿੰਘ ਕਾਹਲੋਂ

ਭਾਰਤ-ਚੀਨ ਦਰਮਿਆਨ ਸਮਝੌਤੇ ਦੇ ਪਹਿਲੇ ਪੜਾਅ ਅਨੁਸਾਰ ਪੂਰਬੀ ਲੱਦਾਖ ’ਚ ਪੈਂਦੀ 135 ਕਿਲੋਮੀਟਰ ਵਾਲੀ ਪੈਂਗੋਂਗ ਤਸੋ ਝੀਲ ਦੇ ਉੱਤਰ ਤੇ ਦੱਖਣ ਵੱਲ ਤਾਇਨਾਤ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਆਪੋ-ਆਪਣੇ ਤੈਅਸ਼ੁਦਾ ਟਿਕਾਣਿਆਂ ’ਤੇ ਵਾਪਸ ਪਰਤਣ ਉਪਰੰਤ ਉੱਚ ਮਿਲਟਰੀ ਅਧਿਕਾਰੀਆਂ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਮੋਲਡੋ ਇਲਾਕੇ ’ਚ 20 ਫਰਵਰੀ ਨੂੰ ਸ਼ੁਰੂ ਹੋਈ ਸੀ। ਭਾਰਤੀ ਦਲ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫ. ਜਨਰਲ ਪੀ. ਜੇ. ਕੇ. ਮੈਨਨ ਅਤੇ ਚੀਨ ਵੱਲੋਂ ਦੱਖਣੀ ਸ਼ਿਨਜਿਆਂਗ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਇਸ ਮੀਟਿੰਗ ’ਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਨਵੀਨ ਸ਼੍ਰੀਵਾਸਤਵਾ ਨੇ ਵੀ ਸ਼ਿਰਕਤ ਕੀਤੀ।

ਸੌਲਾਂ ਘੰਟੇ ਦੀ ਮੀਟਿੰਗ ਦੌਰਾਨ ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਐੱਲਏਸੀ ’ਤੇ ਆਮ ਵਰਗੇ ਹਾਲਾਤ ਦੀ ਬਹਾਲੀ ਅਤੇ ਅੜਿੱਕਾ ਖ਼ਤਮ ਕਰਨ ਖਾਤਰ ਹਾਟ ਸਪਿ੍ਰੰਗ, ਗੋਗਰਾ, ਡੇਮਚੋਕ ਦੇਪਸਾਂਗ ’ਚੋਂ ਵੀ ਚੀਨੀ ਫ਼ੌਜ ਨੂੰ ਪਿੱਛੇ ਹਟਾਉਣਾ ਹੋਵੇਗਾ। ਇਹ ਦੇਖਣ ’ਚ ਆਇਆ ਹੈ ਕਿ ਜਦੋਂ ਵੀ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਨਾਲ ਮਿਲਟਰੀ, ਕੂਟਨੀਤਕ ਤੇ ਰਾਜਸੀ ਪੱਧਰ ’ਤੇ ਗੱਲਬਾਤ ਦਾ ਸਿਲਸਿਲਾ ਅੱਗੇ ਵੱਧਣ ਲੱਗਦਾ ਹੈ ਜਾਂ ਕੋਈ ਸਮਝੌਤਾ ਹੁੰਦਾ ਹੈ ਤਾਂ ਬੀਜਿੰਗ ਉਸ ਵਿਚ ਕਈ ਭਸੂੜੀਆਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਜਿਸ ਕਰਕੇ ਸਮਝੌਤੇ ਰੱਦ ਹੋ ਜਾਂਦੇ ਹਨ। ਇਸ ਦਾ ਪ੍ਰਤੱਖ ਪਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਹੁਣ ਜਦੋਂ ਕਿ ਮਿਲਟਰੀ ਪੱਧਰ ਤੇ 10ਵੇਂ ਗੇੜ ਦੀ ਗੱਲਬਾਤ ਚੱਲ ਰਹੀ ਸੀ ਤਾਂ ਚੀਨ ਦੇ ਰੱਖਿਆ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਰਨਲ ਰੇਨ ਗੋਊਕਿਆਂਗ ਨੇ ਗਲਵਾਨ ਘਾਟੀ ’ਚ ਬੀਤੇ ਸਾਲ 15 ਜੂਨ ਹੋਈ ਖ਼ੂਨੀ ਝੜਪ ਦੀ ਜ਼ਿੰਮੇਵਾਰੀ ਭਾਰਤ ਦੇ ਸਿਰ ਮੜ੍ਹਦਿਆਂ ਆਪਣੇ 5 ਸੈਨਿਕਾਂ ਨੂੰ ਕੇਂਦਰੀ ਮਿਲਟਰੀ ਕਮਿਸ਼ਨ ਵੱਲੋਂ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਜਿਨ੍ਹਾਂ ’ਚੋਂ 4 ਮਰਨ ਉਪਰੰਤ ਤੇ ਇਕ ਜ਼ਖ਼ਮੀ ਫੋਰਸ ਕਮਾਂਡਰ ਸ਼ਾਮਲ ਹੈ। ਅਸਲੀਅਤ ਤਾਂ ਇਹ ਹੈ ਗਲਵਾਨ ਘਾਟੀ ’ਚ ਚੀਨ ਦੇ ਫ਼ੌਜੀਆਂ ਨੇ ਸਮਝੌਤੇ ਦੀ ਉਲੰਘਣਾ ਕਰਦਿਆਂ ਰਾਡਾਂ, ਡੰਡਿਆਂ, ਪੱਥਰਾਂ ਨਾਲ ਸਾਡੇ ਜਵਾਨਾਂ ’ਤੇ ਹਮਲਾ ਕੀਤਾ ਸੀ। ਸਾਡੇ ਸੂਰਬੀਰ ਜੰਗਜੂਆਂ ਨੇ ਉਨ੍ਹਾਂ ਦੇ ਡੰਡੇ-ਸੋਟੇ ਖੋਹ ਕੇ ਦੁਸ਼ਮਣ ਨੂੰ ਚੋਖਾ ਨੁਕਸਾਨ ਪਹੁੰਚਾਇਆ। ਇਸ ਖ਼ੂਨੀ ਝੜਪ ’ਚ ਬਿਹਾਰ ਪਲਟਨ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿਚ 3 ਫੀਲਡ ਰੈਜੀਮੈਂਟ ਤੇ 3 ਪੰਜਾਬ ਪਲਟਨ ਦੇ ਪੰਜਾਬੀ ਯੋਧੇ ਵੀ ਸ਼ਾਮਲ ਸਨ। ਇਨ੍ਹਾਂ ਨੂੰ 26 ਜਨਵਰੀ ਨੂੰ ਬਹਾਦਰੀ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ ਹੈ।

ਹੁਣ ਜਦੋਂ ਵਿਦੇਸ਼ੀ ਏਜੰਸੀਆਂ ਨੇ ਚੀਨ ਦੇ ਮਰਨ ਵਾਲੇ ਸੈਨਿਕਾਂ ਦੀ ਗਿਣਤੀ 45 ਦੇ ਆਸ-ਪਾਸ ਦੱਸੀ ਤਾਂ ਚੀਨ ਅੰਦਰ ਹੀ ਕਈ ਤਿੱਖੀਆਂ ਸੁਰਾਂ ਵੀ ਉੱਠਣ ਲਗ ਪਈਆਂ ਹਨ। ਖ਼ਬਰਾਂ ਅਨੁਸਾਰ ਬੀਜਿੰਗ ਦੇ ਤਿੰਨ ਮੰਨੇ-ਪ੍ਰਮੰਨੇ ਪੱਤਰਕਾਰਾਂ ਨੇ ਗਲਵਾਨ ਘਾਟੀ ’ਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਕਿੰਤੂ-ਪ੍ਰੰਤੂ ਕੀਤੇ ਤਾਂ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਇੱਥੇ ਮੈਨੂੰ ਕਈ ਵਾਰ ਭਾਜਪਾ ਦੇ ਐੱਮਪੀ ਸੁਬਰਾਮਣੀਅਮ ਸਵਾਮੀ ਵੱਲੋਂ ਸੁਣਾਈਆਂ ਜਾਂਦੀਆਂ ਖ਼ਰੀਆਂ-ਖ਼ਰੀਆਂ ਗੱਲਾਂ ਦੀ ਯਾਦ ਆ ਜਾਂਦੀ ਹੈ। ਵੀਹ ਫਰਵਰੀ ਨੂੰ ਉਨ੍ਹਾਂ ਨੇ ਆਪਣੀ ਪਾਰਟੀ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀਆਂ ਕਰਦਿਆਂ ਕੁਝ ਇੰਜ ਟਵੀਟ ਕੀਤਾ। ‘‘ਚੀਨ ਤੇ ਭਾਰਤ ’ਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਚੀਨ ਦੀ ਸਰਕਾਰ ਸਹੀ ਖ਼ਬਰਾਂ ਨੂੰ ਵੀ ਡਿਲੀਟ ਕਰਵਾ ਦਿੰਦੀ ਹੈ ਜਦੋਂਕਿ ਭਾਰਤ ਵਿਚ ਪੀਐੱਮਓ ਦੇ ਫੇਕ ਆਈਡੀ ਬਿ੍ਰਗੇਡ ਗ਼ਲਤ ਖ਼ਬਰਾਂ ਪਲਾਂਟ ਕਰਵਾ ਦਿੰਦੀ ਹੈ।’’ ਸਵਾਮੀ ਤਾਂ ਪਹਿਲਾਂ ਵੀ ਕਿਸਾਨ ਅੰਦੋਲਨ ਤੇ ਟੂਲ ਕਿੱਟ ਵਰਗੇ ਮਸਲਿਆਂ ’ਤੇ ਤਿੱਖੇ ਤੇਵਰ ਦਿਖਾ ਚੁੱਕਾ ਹੈ। ਬੀਤੇ ਵਰ੍ਹੇ 10 ਸਤੰਬਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਦਰਮਿਆਨ ਲੰਬੇ ਸਮੇਂ ਤਕ ਮਾਸਕੋ ਵਿਖੇ ਮੀਟਿੰਗ ਮਗਰੋਂ ਭਾਰਤ-ਚੀਨ ਵਿਚਾਲੇ ਫ਼ੌਜਾਂ ਨੂੰ ਪਿੱਛੇ ਹਟਾਉਣ ਬਾਰੇ ਸਹਿਮਤੀ ਉਪਰੰਤ 5 ਸੂਤਰੀ ਫਾਰਮੂਲੇ ਬਾਰੇ ਸਾਂਝਾ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਬੀਜਿੰਗ ਪਹੁੰਚ ਕੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੋਨਬਿਨ ਨੇ 29 ਸਤੰਬਰ ਨੂੰ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਇਹ ਕਿਹਾ ਗਿਆ ਕਿ ਚੀਨ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਤੇ ਭਾਰਤ ਇਸ ਖੇਤਰ ਵਿਚ ਫ਼ੌਜੀ ਉਦੇਸ਼ ਨਾਲ ਢਾਂਚਾਗਤ ਵਿਕਾਸ ਕਰ ਰਿਹਾ ਹੈ। ਉਸ ਨੂੰ ਇਸ ’ਤੇ ਜਲਦ ਤੋਂ ਜਲਦ ਰੋਕ ਲਗਾਉਣੀ ਚਾਹੀਦੀ ਹੈ। ਪੈਂਤੜੇਬਾਜ਼ੀ ਮਾਰਦਿਆਂ ਇਹ ਵੀ ਕਿਹਾ ਕਿ ਬੀਜਿੰਗ ਐੱਲਏਸੀ ਦੀ ਧਾਰਨਾ ਤੇ 1959 ਦੇ ਆਪਣੇ ਸਿਧਾਂਤ ਨੂੰ ਮੰਨਦਾ ਹੈ।

ਇਸ ਦਾ ਅਰਥ ਤਾਂ ‘ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ’ ਵਾਲਾ ਕੱਢਿਆ ਜਾ ਸਕਦਾ ਹੈ। ਫਿਰ ਚੀਨ ’ਤੇ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਹੈ? ਦਰਅਸਲ ਬੀਜਿੰਗ ਮਾਓ ਜ਼ੇ ਤੰੁਗ ਦੇ ਸਿਧਾਂਤ ਅਨੁਸਾਰ ਤਿੱਬਤ ਨੂੰ ਸੱਜੇ ਹੱਥ ਦੀ ਹਥੇਲੀ ਅਤੇ ਲੱਦਾਖ, ਨੇਪਾਲ, ਸਿੱਕਿਮ, ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਨੂੰ ਪੰਜ ਉਂਗਲਾਂ ਸਮਝਦਾ ਹੈ। ਉਹ ਇਨ੍ਹਾਂ ਨੂੰ ਮੁਕਤ ਕਰਵਾਉਣਾ ਲਾਜ਼ਮੀ ਸਮਝਦਾ ਹੈ। ਇਹ ਇਕ ਵੱਡਾ ਕਾਰਨ ਹੈ ਕਿ ਸਰਹੱਦੀ ਵਿਵਾਦ ਦਾ ਹੱਲ ਲੱਭਣ ਲਈ ਚੀਨ ਨਾਲ ਪੰਚਸ਼ੀਲ ਤੋਂ ਲੈ ਕੇ ਕਈ ਸੰਧੀਆਂ ਤੇ ਦਰਜਨਾਂ ਵਾਰ ਕੂਟਨੀਤਕ ਤੇ ਰਾਜਸੀ ਪੱਧਰ ’ਤੇ ਮੀਟਿੰਗਾਂ ਵੀ ਹੋਈਆਂ ਤੇ ਦਰਜਨਾਂ ਵਾਰ ਕੂਟਨੀਤਕ ਰਾਜਸੀ ਪੱਧਰ ’ਤੇ ਮੀਟਿੰਗਾਂ ਵੀ ਹੋਈਆਂ ਪਰ ਉਸ ਨੇ ਵਾਰ-ਵਾਰ ਇਨ੍ਹਾਂ ਸਮਝੌਤਿਆਂ ਨੂੰ ਖੋਖਲੇ ਸਿੱਧ ਕੀਤਾ ਕਿਉਂਕਿ ਉਸ ਦੇ ਇਰਾਦੇ ਨੇਕ ਨਹੀਂ। ਬੀਤੇ ਸਾਲ ਦੇ ਸ਼ੁਰੂ ’ਚ ਪੀਐੱਲਏ ਨੇ ਉੱਚ ਪਰਬਤੀ ਇਲਾਕੇ ਤਿੱਬਤ ਵਿਚ ਜੰਗੀ ਮਸ਼ਕਾਂ ਕਰਦੇ ਸਮੇਂ ਪੂਰਬੀ ਲੱਦਾਖ ’ਚ ਪੈਂਦੀ 823 ਕਿੱਲੋਮੀਟਰ ਵਾਲੀ ਐੱਲਏਸੀ ਦੇ ਇਰਦ-ਗਿਰਦ ਤੋਪਾਂ, ਟੈਂਕਾਂ, ਸੰਚਾਰ ਸਾਧਨਾਂ ਤੇ ਅਸਲੇ ਦੇ ਭੰਡਾਰ ਆਦਿ ਸਮੇਤ ਭਾਰੀ ਗਿਣਤੀ ਵਿਚ ਫ਼ੌਜ ਦੀ ਪਾਲਬੰਦੀ ਸ਼ੁਰੂ ਕਰ ਦਿੱਤੀ। ਗੰਨ ਪੋਜ਼ੀਸ਼ਨਾਂ ਤਿਆਰ ਹੋਣ ਲੱਗ ਪਈਆਂ ਤੇ ਹਵਾਈ ਅੱਡੇ ਵੀ ਸਰਗਰਮ ਕਰ ਦਿੱਤੇ ਗਏ। ਫਿਰ ਪੀਐੱਲਏ ਦੀ ਕੁਝ ਫੋਰਸ ਨੇ ਐੱਲਏਸੀ ਪਾਰ ਕਰ ਕੇ 5-6 ਮਈ ਨੂੰ ਪੈਂਗੋਂਗ ਤਸੋ ਝੀਲ ਦੇ ਉੱਤਰ-ਪੂਰਬ ਵੱਲੋਂ ਭਾਰਤੀ ਖੇਤਰ ’ਚ ਪ੍ਰਵੇਸ਼ ਕਰ ਕੇ ਫਿੰਗਰ 4 ਤੇ 5 ਦਰਮਿਆਨ ਪੈਟਰੋਲਿੰਗ ਕਰ ਰਹੀ ਸਾਡੀ ਫ਼ੌਜੀ ਟੁਕੜੀ ’ਤੇ ਤਾਰਾਂ ਵਾਲੇ ਸਰੀਏ ਤੇ ਪੱਧਰਾਂ ਆਦਿ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਸਾਡੇ ਕੁਝ ਜਵਾਨ ਜ਼ਖ਼ਮੀ ਵੀ ਹੋਏ।

ਹੁਣ 9 ਮਹੀਨਿਆਂ ਤੋਂ ਵੱਧ ਸਮੇਂ ਉਪਰੰਤ ਮਿਲਟਰੀ, ਕੂਟਨੀਤਕ ਤੇ ਰਾਜਨੀਤਕ ਪੱਧਰ ’ਤੇ ਅਨੇਕਾਂ ਮੀਟਿੰਗਾਂ ਉਪਰੰਤ ਹੋਏ ਸਮਝੌਤੇ ’ਚ ਪਹਿਲੇ ਪੜਾਅ ਅਨੁਸਾਰ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਪੈਂਗੋਂਗ ਤਸੋ ਤੋਂ ਪਿੱਛੇ ਤਾਂ ਹਟਾਈਆਂ ਪਰ ਤਾਜ਼ਾ ਖ਼ਬਰਾਂ ਅਨੁਸਾਰ ਚੀਨ ਨੇ ਪਿੱਛੇ ਹਟਾਈ ਗਈ ਫ਼ੌਜ ਨੂੰ ਪੈਂਗੋਂਗ ਤਸੋ ਤੋਂ ਕੇਵਲ 100 ਕਿੱਲੋਮੀਟਰ ਦੀ ਵਿੱਥ ’ਤੇ ਰੁਟੋਗ ਕਾਊਂਟੀ ਬੇਸ ’ਤੇ ਹੀ ਤਾਇਨਾਤ ਕੀਤਾ ਹੈ ਜਿੱਥੇ ਕਿ ਚੀਨ ਦੀ ਫ਼ੌਜ ਦੀ ਗਿਣਤੀ ਪਹਿਲਾਂ ਹੀ 50 ਹਜ਼ਾਰ ਦੇ ਕਰੀਬ ਹੈ। ਚੀਨ ਦੇ ਮੋਲਰੋ ਇਲਾਕੇ ਵਿਚ 10ਵੇਂ ਗੇੜ ਦੀ ਮੀਟਿੰਗ ਦੌਰਾਨ ਹਾਟ ਸਪਰਿੰਗ, ਗੰਗਰਾ, ਪੈਟਰੋਲਿੰਗ ਪੁਆਇੰਟ ਤੇ ਡੇਮਚੋਕ ਆਦਿ ਤੋਂ ਫ਼ੌਜ ਦੀ ਵਾਪਸੀ ਨੂੰ ਲੈ ਕੇ ਵਿਚਾਰ-ਚਰਚਾ ਤਾਂ ਹੋਈ ਪਰ ਸਿੱਟਾ ਅਜੇ ਕੋਈ ਨਹੀਂ ਨਿਕਲਿਆ। ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਦੌਰ ਦੀ ਮੀਟਿੰਗ ਉਪਰੰਤ ਕੁਝ ਫ਼ੈਸਲੇ ਲਏ ਜਾਣ। ਅਸਲ ਸਮੱਸਿਆ ਤਾਂ 16 ਹਜ਼ਾਰ ਫੁੱਟ ਦੀ ਉੱਚਾਈ ਵਾਲੇ 900 ਵਰਗ ਕਿੱਲੋਮੀਟਰ ’ਚ ਫੈਲੇ ਦੇਪਸਾਂਗ ਸਮਤਲ ਰਣਨੀਤਕ ਮਹੱਤਤਾ ਵਾਲੇ ਇਲਾਕੇ ਦੀ ਹੈ ਜੋ ਕਿ ਸਿਉਂਕ ਦਰਿਆ ਦੇ ਉੱਤਰ ਵੱਲ ਪੈਂਦਾ ਹੈ। ਇਸ ਦੇ ਜ਼ਿਆਦਾਤਰ ਖੇਤਰਫਲ ’ਤੇ ਭਾਰਤੀ ਫ਼ੌਜ ਕਾਬਜ਼ ਹੈ ਤੇ ਪੀਐੱਲਏ ਪੂਰਬ ਵਾਲੇ ਹਿੱਸੇ ’ਚ ਤਾਇਨਾਤ ਹੈ ਜਿੱਥੇ ਕਿ ਚੀਨੀ ਫ਼ੌਜ ਨੇ ਤਕਰੀਬਨ 18 ਕਿੱਲੋਮੀਟਰ ਤਕ ਸਾਡੇ ਇਲਾਕੇ ’ਚ ਪ੍ਰਵੇਸ਼ ਕਰ ਕੇ ਪੈਟਰੋਲਿੰਗ ’ਤੇ ਪਾਬੰਦੀ ਲਾ ਦਿੱਤੀ ਹੈ।

ਇਹ ਉਹ ਐੱਲਏਸੀ ਵਾਲਾ ਇਲਾਕਾ ਹੈ ਜਿੱਥੇ ਬੀਤੇ ਸਾਲ ਤੋਂ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਡਟੀਆਂ ਹੋਈਆਂ ਹਨ ਜਿਨ੍ਹਾਂ ਨੂੰ ਘੱਟ ਕਰਨ ਦੀ ਲੋੜ ਹੈ, ਨਹੀਂ ਤਾਂ ਚੰਗਿਆੜੀ ਕਦੇ ਵੀ ਭੜਕ ਸਕਦੀ ਹੈ। ਇਸੇ ਰਣਨੀਤਕ ਮਹੱਤਤਾ ਵਾਲੇ ਇਲਾਕੇ ’ਚੋਂ ਚੀਨ 16700 ਫੁੱਟ ਦੀ ਉੱਚਾਈ ਵਾਲੇ ਦੌਲਤ ਬੰਗ ਓਲਡੀ (ਡੀਓਬੀ) ਨੂੰ ਚੁਣੌਤੀ ਦੇ ਸਕਦਾ ਹੈ। ਇਸੇ ਇਲਾਕੇ ਤੋਂ 18176 ਫੁੱਟ ਦੀ ਬੁਲੰਦੀ ਵਾਲਾ ਕਾਰਕੋਰਮ ਪਾਸ ਪੈਂਦਾ ਹੈ। ਦਰਅਸਲ, ਡਰੈਗਨ ਡੀਬੀਓ ਨੂੰ ਪਾਕਿਸਤਾਨ ਵੱਲੋਂ ਸੰਨ 1963 ’ਚ ਤੋਹਫ਼ੇ ਵਿਚ ਮਿਲੀ ਸ਼ਗਸਮ ਘਾਟੀ ਨੂੰ ਨਾਲ ਜੋੜਨ ਵਾਲਾ ਮੁੱਦਾ ਲੁਕੋਈ ਬੈਠਾ ਹੈ। ਇਸ ਦੇ ਨਾਲ ਹੀ 255 ਕਿੱਲੋਮੀਟਰ ਵਾਲੀ ਸਾਤੀ ਦਰਬੁਕ-ਸਿਓਂਕ ਡੀਬੀਓ ਸੜਕ ਫੱਟੜ ਹੋਣ ਯੋਗ ਹੈ। ਹਕੀਕਤ ਤਾਂ ਇਹ ਵੀ ਹੈ ਕਿ ਚੀਨ ਦੇਪਸਾਂਗ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨਾਲ ਜੋੜ ਕੇ ਗਿਲਗਿਤ-ਬਾਲਤਿਸਤਾਨ ਨੂੰ ਕਬਜ਼ੇ ਹੇਠ ਲੈਣਾ ਚਾਹੁੰਦਾ ਹੈ। ਦੇਪਸਾਂਗ ਇਲਾਕੇ ਦੀ ਅਹਿਮੀਅਤ ਦਾ ਪਤਾ ਇਸ ਗੱਲੋਂ ਵੀ ਲੱਗਦਾ ਹੈ ਕਿ ਕਦੇ ਇੱਥੇ ਚੀਨ ਦੇ ਹੈਲੀਕਾਪਟਰ ਘੁੰਮਦੇ ਰਹਿੰਦੇ ਹਨ ਅਤੇ ਕਦੇ ਚੀਨੀ ਇੱਥੋਂ ਦੇ ਪੱਥਰਾਂ ’ਤੇ ਡਰੈਗਨ ਬਣਾ ਦਿੰਦੇ ਹਨ। ਇਹ ਕੌੜੀ ਸੱਚਾਈ ਹੈ ਕਿ ਚੀਨ ਦੇ ਇਰਾਦੇ ਨੇਕ ਨਹੀਂ ਅਤੇ ਨੀਅਤ ਵੀ ਸਾਫ਼ ਨਹੀਂ ਹੈ। ਇਸੇ ਲਈ ਉਹ ਸਮਝੌਤਿਆਂ ਨੂੰ ਭੰਗ ਕਰਨ ਦਾ ਆਦੀ ਹੋ ਚੁੱਕਾ ਹੈ।

-(ਲੇਖਕ ਰੱਖਿਆ ਵਿਸ਼ਲੇਸ਼ਕ ਹੈ)।

-ਸੰਪਰਕ ਨੰ. : 0172-2740991

Posted By: Jagjit Singh