ਜਿਵੇਂ ਕੋਰੀ ਸਲੇਟ 'ਤੇ ਲਿਖੇ ਅੱਖਰ ਮਿਟਣ ਤੋਂ ਬਾਅਦ ਵੀ ਆਪਣੀ ਝਲਕ ਦਿੰਦੇ ਰਹਿੰਦੇ ਹਨ, ਉਸੇ ਤਰ੍ਹਾਂ ਬਾਲ ਮਨਾਂ 'ਤੇ ਉਕਰੀਆਂ ਤਸਵੀਰਾਂ ਅਮਿੱਟ ਯਾਦਾਂ ਬਣ ਕੇ ਹਮੇਸ਼ਾ ਉਨ੍ਹਾਂ ਦੇ ਚੇਤਿਆਂ ਵਿਚ ਵਸੀਆਂ ਰਹਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਇਹ ਤਸਵੀਰਾਂ ਸਹੀ, ਸੱਚੀਆਂ ਅਤੇ ਸਾਰਥਕ ਹੋਣ। ਇਕ ਘਟਨਾ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਗੱਲ ਪ੍ਰਾਇਮਰੀ ਸਕੂਲ ਦੀ ਸਵੇਰ ਦੀ ਸਭਾ ਦੀ ਹੈ। ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਅਤੇ ਆਪਣੇ-ਆਪ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਅਧਿਆਪਕ ਵੱਲੋਂ ਅੱਜ ਨਹਾ ਕੇ ਨਾ ਆਉਣ ਵਾਲੇ ਬੱਚਿਆਂ ਨੂੰ ਹੱਥ ਖੜ੍ਹਾ ਕਰਨ ਲਈ ਕਿਹਾ ਗਿਆ। ਕੁਝ ਬੱਚਿਆਂ ਨੇ ਹੱਥ ਖੜ੍ਹੇ ਕਰ ਦਿੱਤੇ ਪਰ ਪਹਿਲੀ ਜਮਾਤ ਦਾ ਇਕ ਬੱਚਾ ਚੰਨੀ ਜੋ ਆਪਣੇ ਭੋਲੇਪਨ ਅਤੇ ਮਾਸੂਮ ਚਿਹਰੇ ਕਾਰਨ ਅਧਿਆਪਕਾਂ ਦਾ ਹਰਮਨਪਿਆਰਾ ਸੀ, ਉਸ ਨੇ ਹੱਥ ਖੜ੍ਹਾ ਨਾ ਕੀਤਾ। ਮੈਡਮ ਜੀ ਨੇ ਕੋਲ ਜਾ ਕੇ ਬੜੇ ਪਿਆਰ ਨਾਲ ਪੁੱਛਿਆ, ''ਪੁੱਤ! ਲੱਗਦਾ ਤਾਂ ਨਹੀਂ ਕਿ ਤੂੰ ਨਹਾ ਕੇ ਆਇਆ ਹੈ।'' ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਅਤੇ ਕਿਹਾ “ਨਹਾ ਕੇ ਆਇਆ ਹਾਂ ਜੀ।'' ਮੈਡਮ ਨੇ ਊਸ ਨੂੰ ਮਨਾਉਣ ਲਈ ਕਿਹਾ, ''ਮੇਰੇ ਕੋਲ ਇਕ ਮਸ਼ੀਨ ਹੈ ਜੋ ਸੱਚ-ਝੂਠ ਦਾ ਪਤਾ ਲਗਾਉਂਦੀ ਹੈ।'' ਮੈਡਮ ਨੇ ਭਾਰ ਤੋਲਣ ਵਾਲੀ ਮਸ਼ੀਨ ਮੰਗਵਾਈ ਅਤੇ ਹੇਠ ਰੱਖਦੇ ਹੋਏ ਕਿਹਾ, ''ਤੈਨੂੰ ਇਸ ਮਸ਼ੀਨ 'ਤੇ ਖੜ੍ਹਾ ਕਰ ਦਿੰਦੇ ਹਾਂ। ਜੇ ਤੂੰ ਝੂਠ ਬੋਲਿਆ ਤਾਂ ਇਸ 'ਤੇ ਲਾਲ ਬੱਤੀ ਜਗ ਜਾਵੇਗੀ। ਆ ਜਾ ਚੜ੍ਹ ਜਾ ਮਸ਼ੀਨ 'ਤੇ।''।ਹੁਣ ਚੰਨੀ ਸੋਚਾਂ ਵਿਚ ਪੈ ਗਿਆ ਕਿ ਕਿਤੇ ਸੱਚੀਂ ਮਸ਼ੀਨ ਨੇ ਝੂਠ ਫੜ ਲਿਆ ਤਾਂ ਕੀ ਹੋਵੇਗਾ।। ਮੈਡਮ ਚੰਨੀ ਦੇ ਮਾਸੂਮ ਚਿਹਰੇ ਅਤੇ ਝੁਕੀਆਂ ਹੋਈਆਂ ਅੱਖਾਂ ਤੋਂ ਸਮਝ ਗਏ ਸੀ ਕਿ ਚੰਨੀ ਅੱਜ ਨਹਾ ਕੇ ਨਹੀਂ ਆਇਆ।। ਉਨ੍ਹਾਂ ਚੰਨੀ ਤੇ ਹੋਰ ਬੱਚਿਆਂ ਨੂੰ ਰੋਜ਼ ਸਵੇਰੇ ਨਹਾ ਕੇ ਸਕੂਲ ਪਹੁੰਚਣ ਲਈ ਸਮਝਾਉਂਦੇ ਹੋਏ ਜਮਾਤਾਂ ਵਿਚ ਭੇਜ ਦਿੱਤਾ। ਭਾਵੇਂ ਇਹ ਛੋਟੀ ਜਿਹੀ ਘਟਨਾ ਹੈ ਪਰ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਚੰਨੀ ਭਾਰ ਤੋਲਣ ਵਾਲੀ ਮਸ਼ੀਨ ਨੂੰ ਹੁਣ ਸੱਚ-ਝੂਠ ਫੜਨ ਵਾਲੀ ਮਸ਼ੀਨ ਸਮਝੇਗਾ? ਕੀ ਬੱਚਿਆਂ ਦੇ ਅਣਭੋਲ ਮਨਾਂ ਵਿਚ ਕਿਸੇ ਵੀ ਚੀਜ਼ ਲਈ ਕਿਸੇ ਤਰ੍ਹਾਂ ਦਾ ਕੋਈ ਡਰ ਬਿਠਾਉਣਾ ਜਾਂ ਗ਼ਲਤ ਜਾਣਕਾਰੀ ਦੇਣਾ ਠੀਕ ਹੈ? ਕੀ ਇਹ ਗ਼ਲਤ ਜਾਣਕਾਰੀਆਂ ਬੱਚਿਆਂ ਦੇ ਮਨਾਂ ਨੂੰ ਕਮਜ਼ੋਰ ਤਾਂ ਨਹੀਂ ਬਣਾ ਦੇਣਗੀਆਂ? ਜਾਣੇ-ਅਣਜਾਣੇ ਬੱਚੇ ਆਪਣੇ ਆਲੇ-ਦੁਆਲੇ ਅਤੇ ਘਰ ਤੋਂ ਬਹੁਤ ਕੁਝ ਅਜਿਹਾ ਸਿੱਖ ਲੈਂਦੇ ਹਨ ਜੋ ਮੂਲੋਂ ਸਹੀ ਨਹੀਂ ਅਤੇ ਫਿਰ ਸਹੀ ਗਿਆਨ ਤਕ ਪਹੁੰਚਣ ਲਈ ਕਈ ਵਾਰ ਉਨ੍ਹਾਂ ਨੂੰ ਬਹੁਤ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਘਟਨਾ ਨੇ ਸਿੱਧੇ ਸ਼ਬਦਾਂ ਵਿਚ ਇਹ ਮਹਿਸੂਸ ਕਰਵਾਇਆ ਕਿ ਅਧਿਆਪਕ ਦੀ ਜ਼ਿੰਮੇਵਾਰੀ ਬੱਚੇ ਨੂੰ ਨਾ ਸਿਰਫ਼ ਸਹੀ ਗਿਆਨ ਦੇਣ ਬਲਕਿ ਗਿਆਨ ਨੂੰ ਅਸਲ ਜ਼ਿੰਦਗੀ 'ਚ ਵਰਤਣਾ ਸਿਖਾਉਣ ਦੀ ਵੀ ਹੈ। ਜਮਾਤ ਵਿਚ ਅਧਿਆਪਕ ਵੱਲੋਂ ਜੋ ਵੀ ਸਿਖਾਇਆ ਜਾਵੇ, ਉਹ ਬੱਚੇ ਦੀ ਰੋਜ਼ਾਨਾ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਉਣ ਵਿਚ ਮਦਦ ਕਰੇ।

-ਹਰਜੀਤ ਕੌਰ।

Posted By: Sukhdev Singh