-ਮਨਮੋਹਨ ਸਿੰਘ ਦਾਊਂ

ਸਾਡੇ ਬਾਸੂ ਘਰ (ਦਾਊਂ) ਤੋਂ ਥੋੜ੍ਹੀ ਦੂਰ ਸਾਡਾ ਬਾੜਾ ਹੁੰਦਾ ਸੀ। ਇਹ ਬਾੜਾ ਮੇਰੇ ਬਚਪਨ ਦੀਆਂ ਯਾਦਾਂ ’ਚ ਵਸਿਆ ਰਿਹਾ। ਇਸ ਬਾੜੇ ਦੇ ਪਿੱਛੇ ਟੋਭਾ ਹੁੰਦਾ ਸੀ ਜਿਸ ਵਿਚ ਪਾਣੀ ਭਰਿਆ ਰਹਿੰਦਾ ਸੀ। ਸਾਡੇ ਬਾੜੇ ਦੇ ਆਲੇ-ਦੁਆਲੇ ਹੋਰ ਘਰ ਵੀ ਸਨ। ਪਿੰਡ ਦੀ ਸਾਂਝੀ ਥਾਂ ਵਾਂਗ, ਇਸ ਬਾੜੇ ’ਚ ਕਈ ਵਾਰ ਪਿੰਡ ਵਾਸੀ ਸਾਡੇ ਪਿਤਾ ਜੀ ਨੂੰ ਮਿਲਣ ਵੀ ਆਉਂਦੇ ਅਤੇ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦੇ। ਪਹਿਲਾਂ-ਪਹਿਲ ਇਸ ਬਾੜੇ ਦੀ ਝਿੰਗਾਂ ਨਾਲ ਬਾੜ ਹੁੰਦੀ ਸੀ। ਫਿਰ ਕੱਚੀ ਕੰਧ ਦੀ ਚਾਰਦੀਵਾਰੀ ਕਰ ਦਿੱਤੀ ਗਈ। ਪੜਦਾ ਹੋ ਗਿਆ ਅਤੇ ਸੁਰੱਖਿਆ ਵੀ ਹੋ ਗਈ। ਬਾੜੇ ਦੀਆਂ ਚੀਜ਼ਾਂ ਦੀ ਰਾਖੀ ਵੀ ਹੋ ਗਈ।

ਸਾਡੇ ਬਾੜੇ ਵਿਚ ਮੇਰੀ ਸੋਝੀ ਤੋਂ ਪਹਿਲਾਂ ਦਾ ਇਕ ਨੁੱਕਰੇ ਸੁਆਂਜਣੇ ਦਾ ਰੁੱਖ ਹੁੰਦਾ ਸੀ। ਪਿੰਡ ’ਚ ਸੁਆਂਜਣੇ ਦਾ ਹੋਰ ਕੋਈ ਰੁੱਖ ਨਹੀਂ ਸੀ। ਇਸ ਪਹਾੜੀ ਰੁੱਖ ਨੂੰ ਸਾਡੇ ਕਿਸੇ ਬਜ਼ੁਰਗ ਨੇ ਲਾਇਆ ਸੀ। ਇਸ ਨੂੰ ਜਦੋਂ ਫੁੱਲਾਂ ਦੇ ਗੁੱਛੇ ਲੱਗਦੇ ਤਾਂ ਮੈਨੂੰ ਬੜੇ ਚੰਗੇ ਲੱਗਦੇ। ਇਨ੍ਹਾਂ ਫੁੱਲਾਂ ਦੀ ਮਾਤਾ ਜੀ ਸਬਜ਼ੀ ਬਣਾ ਕੇ ਸਾਨੂੰ ਖੁਆਉਂਦੇ। ਥੋੜ੍ਹੀ ਜਿਹੀ ਕੁੜੱਤਣ ਜ਼ਰੂਰ ਹੁੰਦੀ ਪਰ ਅਸੀਂ ਮਚਾਕੇ ਲਾ ਕੇ ਖਾ ਲੈਂਦੇ। ਫੁੱਲਾਂ ਤੋਂ ਬਾਅਦ ਫਲੀਆਂ ਲੱਗਦੀਆਂ। ਲੰਬੀਆਂ-ਲੰਬੀਆਂ ਲਟਕਦੀਆਂ ਫਲੀਆਂ ਹਰੀਆਂ-ਕਚੂਰ ਸੁੰਦਰ ਲੱਗਦੀਆਂ। ਫਲੀਆਂ ਨੂੰ ਕੱਟ ਕੇ ਤੇ ਆਲੂ ਪਾ ਕੇ ਮਾਤਾ ਜੀ ਸਬਜ਼ੀ ਤਿਆਰ ਕਰਦੇ। ਫਲੀਆਂ ਦੀ ਸਬਜ਼ੀ ਗੁਣਕਾਰੀ ਮੰਨੀ ਜਾਂਦੀ ਸੀ। ਮਾਤਾ ਜੀ ਮੈਨੂੰ ਸੁਆਂਜਣੇ ਉੱਤੇ ਚੜ੍ਹਨ ਤੋਂ ਖ਼ਬਰਦਾਰ ਕਰਦੇ। ਸੁਆਂਜਣੇ ਦੀ ਲੱਕੜ ਬਹੁਤ ਕੱਚੀ ਹੁੰਦੀ ਹੈ ਜੋ ਛੇਤੀ ਟੁੱਟ ਜਾਂਦੀ ਹੈ। ਇਸੇ ਲਈ ਟਹਿਣੀ ਜਾਂ ਟਹਿਣਾ ਛੇਤੀ ਟੁੱਟ ਜਾਂਦਾ। ਖੂੰਜੇ ਖੜਿ੍ਹਆ ਇਹ ਸੁਆਂਜਣਾ ਮੈਨੂੰ ਪਹਿਰੇਦਾਰ ਵਾਂਗੂ ਲੱਗਦਾ। ਫਲੀਆਂ ’ਤੇ ਧਾਰੀਆਂ ਹੁੰਦੀਆਂ ਤੇ ਮੈਂ ਗਿਣਨ ਲੱਗਦਾ, 9 ਹੁੰਦੀਆਂ। ਮਾਤਾ ਜੀ ਇਨ੍ਹਾਂ ਫਲੀਆਂ ਨੂੰ ਕੱਟ ਕੇ ਅਚਾਰ ਵੀ ਬਣਾਉਂਦੇ। ਇਸ ਦੀ ਗੂੰਦ ਵੀ ਅਸੀਂ ਤੋੜਦੇ। ਕਦੇ-ਕਦੇ ਇਸ ਦੇ ਪੱਤੇ ਪਸ਼ੂਆਂ ਨੂੰ ਵੀ ਪਾਉਂਦੇ। ਮੈਨੂੰ ਸੁਆਂਜਣਾ ਨਾਂ ਵੀ ਗਹਿਣੇ ਵਾਂਗ ਟੁਣਕਵਾਂ ਲੱਗਦਾ। ਮੈਨੂੰ ਮਾਣ ਹੁੰਦਾ ਕਿ ਸਾਡੇ ਬਾੜੇ ਤੋਂ ਬਿਨਾਂ ਪਿੰਡ ਵਿਚ ਕੋਈ ਹੋਰ ਸਆਂਜਣਾ ਦਾ ਰੁੱਖ ਨਹੀਂ ਸੀ ਹੁੰਦਾ। ਕੱਚੀ ਕੰਧੋਲੀ ਦੇ ਨਾਲ ਇਕ ਪੁਰਾਣਾ ਕਿੱਕਰ ਦਾ ਰੁੱਖ ਹੁੰਦਾ ਸੀ। ਦਸੰਬਰ ਦੇ ਮਹੀਨੇ ਇਸ ਨੂੰ ਪੀਲੇ ਰੰਗ ਦੇ ਗੋਲ ਖੁਸ਼ਬੂਦਾਰ ਡੰਡੀਦਾਰ ਫੁੱਲਾਂ ਦੇ ਗੁੱਛੇ ਖਿੜਦੇ। ਕਿੱਕਰ ਪੀਲੀ ਫੁਲਕਾਰੀ ਵਰਗਾ ਜਾਪਦਾ। ਮਾਰਚ-ਅਪ੍ਰੈਲ ’ਚ ਡੰਡੀ ਸਮੇਤ ਚਪਟੇ ਸਲੇਟੀ ਰੰਗ ਦੇ ਤੁੱਕੇ ਲਮਕਣ ਲੱਗਦੇ। ਬੱਕਰੀਆਂ ਦੇ ਮਾਲਕ ਸਾਡੀ ਕਿੱਕਰ ਦੇ ਤੁੱਕੇ ਬੱਕਰੀਆਂ ਲਈ ਲੈ ਜਾਂਦੇ। ਪਿਤਾ ਜੀ ਕਿੱਕਰ ਦੀਆਂ ਕੂਲੀਆਂ-ਕੂਲੀਆਂ ਟਾਹਣੀਆਂ ਤੋਂ ਸਾਡੇ ਲਈ ਦਾਤਣਾਂ ਤਿਆਰ ਕਰਦੇ। ਉਹ ਦੱਸਦੇ ਕਿ ਦੰਦਾਂ ਦੀ ਸੰਭਾਲ ਲਈ ਦਾਤਣ ਬਹੁਤ ਲਾਭਕਾਰੀ ਹੁੰਦੀ ਹੈ। ਪਿਤਾ ਜੀ ਦਾ ਕਹਿਣਾ ਮੰਨ ਕੇ ਸਾਰੇ ਭੈਣ-ਭਰਾ ਸਵੇਰੇ-ਸਵੇਰੇ ਦਾਤਣਾਂ ਕਰਦੇ। ਕਿੱਕਰ ਦੀਆਂ ਝਿੰਗਾਂ ਨੂੰ ਲੱਗੀਆਂ ਤਿੱਖੀਆਂ ਸੂਲਾਂ ਅਸੀਂ ਧਰਤੀ ’ਚ ਗੱਡ ਕੇ ਕਈ ਖੇਡਾਂ ਖੇਡਦੇ। ਦਿਆਲੋ ਸਾਡੀ ਕਿੱਕਰ ਦੇ ਤੁੱਕਿਆਂ ਦਾ ਅਚਾਰ ਬਣਾਉਣ ਵਿਚ ਬੜੀ ਮਸ਼ਹੂਰ ਸੀ। ਸਾਨੂੰ ਬਣਿਆ ਹੋਇਆ ਅਚਾਰ ਦੇ ਜਾਂਦੀ। ਪਿਤਾ ਜੀ ਦੱਸਦੇ ਕਿ ਕਿੱਕਰ ਦੀ ਲੱਕੜ ਬਹੁਤ ਤਕੜੀ ਤੇ ਮਜ਼ਬੂਤ ਹੁੰਦੀ ਹੈ। ਖੇਤੀਬਾੜੀ ਦੇ ਸੰਦਾਂ ਲਈ, ਕੋਹਲੂ, ਹਲਟ, ਕਿਸ਼ਤੀਆਂ ਦੇ ਚੱਪੂ ਤੇ ਤਰਖਾਣਾ ਕੰਮ ਦੇ ਸੰਦਾਂ ਦੇ ਦਸਤਿਆਂ ’ਚ ਬਹੁਤ ਕੰਮ ਆਉਂਦੀ। ਕਿੱਕਰ ਮੈਨੂੰ ਹੋਰ ਵੀ ਪਿਆਰੀ-ਪਿਆਰੀ ਲੱਗਦੀ। ਇਸ ਦੀਆਂ ਸੂਲਾਂ ਭੁੱਲ ਜਾਂਦੀਆਂ। ਹਰਨਾਮਾ ਆਪਣੀਆਂ ਬੱਕਰੀਆਂ ਨੂੰ ਇਸ ਦੀ ਲੁੰਗ ਖੁਆਉਣ ਆਉਂਦਾ। ਬਾੜੇ ’ਚ ਰੌਣਕ ਲੱਗ ਜਾਂਦੀ। ਮਿੰਟਾਂ ’ਚ ਹੀ ਬੱਕਰੀਆਂ ਲੁੰਗ ਨੂੰ ਮੜੱਕ ਜਾਂਦੀਆਂ। ਕਿੱਕਰ ਦੇ ਇਕ ਪਾਸੇ ਟਾਹਲੀ (ਸੀਹੋਂ) ਦਾ ਛੋਟਾ ਜਿਹਾ ਰੁੱਖ ਹੁੰਦਾ ਸੀ। ਬਹਾਰ ਦੀ ਰੁੱਤੇ ਦੀਆਂ ਕੂਲੀਆਂ-ਕੂਲੀਆਂ ਪੱਤੀਆਂ ਤੇ ਕਰੂੰਬਲਾਂ ਮਨ ਮੋਹ ਲੈਂਦੀਆਂ। ਟਾਹਲੀ ਦੇ ਨਾਲ ਪਸ਼ੂ ਬੰਨ੍ਹਣ ਲਈ ਇਕ ਖੁਰਲੀ ਹੁੰਦੀ ਸੀ। ਸਰਦੀਆਂ ’ਚ ਚੜ੍ਹਦੇ ਸੂਰਜ ਦੀ ਸਵੇਰ ਦੀ ਧੁੱਪ ਦਾ ਨਿੱਘ ਮਾਣਨ ਲਈ ਅਸੀਂ ਖੁਰਲੀ ’ਤੇ ਬੈਠ ਜਾਂਦੇ। ਕਦੇ-ਕਦੇ ਆਪਣੀ ਪੰਜਾਬੀ ਦੀ ਪਾਠ-ਪੁਸਤਕ ’ਚੋਂ ਕਵਿਤਾਵਾਂ ਯਾਦ ਕਰਦੇ। ਮਾਤਾ ਜੀ ਜਦੋਂ ਬਾੜੇ ’ਚ ਗੇੜਾ ਮਾਰਨ ਆਉਂਦੇ, ਅਸੀਂ ਉੱਚੀ-ਉੱਚੀ ਕਵਿਤਾਵਾਂ ਗਾਉਣ ਲੱਗਦੇ। ਉਹ ਖ਼ੁਸ਼ ਹੁੰਦੇ। ਸਾਨੂੰ ਚਾਅ ਚੜ੍ਹ ਜਾਂਦਾ।

ਬਾੜੇ ’ਚ ਇਕ ਨਿੰਮ ਦਾ ਰੁੱਖ ਵੀ ਸੀ, ਬਹੁਤਾ ਵੱਡਾ ਨਹੀਂ ਸੀ। ਨਿੰਮ ਦੀਆਂ ਟਾਹਣੀਆਂ ਕਈ ਕੰਮਾਂ ਲਈ ਵਰਤੀਆਂ ਜਾਂਦੀਆਂ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕਣਕ ਡਰੰਮਾਂ ’ਚ ਭਰ ਕੇ ਰੱਖਦੇ ਤਾਂ ਉਸ ਵਿਚ ਨਿੰਮ ਦੇ ਪੱਤੇ ਰੱਖੇ ਜਾਂਦੇ ਤਾਂ ਜੋ ਸੁਸਰੀ ਨਾ ਲੱਗੇ। ਧੂਣਾ ਕਰਨ ਲਈ ਵੀ ਬਰਸਾਤ ਮੌਕੇ ਨਿੰਮ ਦੀਆਂ ਟਾਹਣੀਆਂ ਨਾਲ ਧੂੰਆਂ ਕੀਤਾ ਜਾਂਦਾ ਤਾਂ ਜੋ ਮੱਛਰ-ਮੱਖੀ ਤੋਂ ਬਚਾਅ ਰਹੇ। ਨਿੰਮ ਦੀਆਂ ਨਮੋਲੀਆਂ ਪੀਲੀਆਂ-ਪੀਲੀਆਂ ਸੁੰਦਰ ਲੱਗਦੀਆਂ। ਕਈ ਗੁਆਂਢਣਾਂ ਇਨ੍ਹਾਂ ਤੋਂ ਸਾਬਣ ਬਣਾਉਣ ਲਈ ਇਨ੍ਹਾਂ ਨੂੰ ਇਕੱਠੀਆਂ ਕਰ ਕੇ ਲੈ ਜਾਂਦੀਆਂ। ਨਿੰਮ ਦੇ ਗੁਣਾਂ ਬਾਰੇ ਬਜ਼ੁਰਗ ਈਸ਼ਰ ਸਿੰਘ ਕਈ ਗੱਲਾਂ ਦੱਸਦਾ, ਇਹ ਹਵਾ ਨੂੰ ਸ਼ੁੱਧ ਕਰਦੀ। ਇਸ ਦੇ ਪੱਤੇ ਕੌੜੇ ਜ਼ਰੂਰ ਹੁੰਦੇ ਪਰ ਗੁਣਕਾਰੀ ਬਹੁਤ ਹਨ। ਦਵਾਈਆਂ ਬਣਾਉਣ ਦੇ ਕੰਮ ਆਉਣ ਵਾਲੀ ਨਿੰਮ ਲਾਉਣੀ ਚੰਗੀ ਹੈ। ਬਾੜੇ ਦੇ ਇਕ ਪਾਸੇ ਦੋ ਸਫ਼ੈਦੇ ਦੇ ਰੁੱਖ ਵੀ ਸਨ। ਉਹ ਬਹੁਤ ਉੱਚੇ ਹੋ ਗਏ ਸਨ। ਉਨ੍ਹਾਂ ਦੇ ਪੱਤਿਆਂ ਦਾ ਸੁਆਦ ਚੱਖਦੇ। ਉਨ੍ਹਾਂ ਦੇ ਫਿੱਕੇ ਪੀਲੇ ਫੁੱਲ ਥੱਲੇ ਝੜੇ ਹੁੰਦੇ। ਅਸੀਂ ਉਤਾਂਹ ਨੂੰ ਤੱਕਣ ਲੱਗਦੇ। ਇਨ੍ਹਾਂ ਦੇ ਸੁਰਮਈ ਰੰਗੇ ਸਾਫ਼ ਗੋਲ-ਮੋਲ ਤਣਿਆਂ ਨੂੰ ਜੱਫੀਆਂ ਪਾਉਂਦੇ। ‘ਇਹ ਰੁੱਖ ਮੇਰਾ, ਔਹ ਰੁੱਖ ਤੇਰਾ’ ਕਹਿ-ਕਹਿ ਕੇ ਖੇਡਾਂ ਦਾ ਆਨੰਦ ਲੈਂਦੇ। ਬਾਅਦ ’ਚ ਮੈਨੂੰ ਪਤਾ ਲੱਗਿਆ ਕਿ ਭਾਰਤ ’ਚ ਇਸ ਨੂੰ ਆਸਟ੍ਰੇਲੀਆ ਤੋਂ ਲਿਆਂਦਾ ਗਿਆ ਸੀ। ਇਸ ਦੀ ਸਖ਼ਤ ਲੱਕੜ ਫਰਨੀਚਰ ਲਈ ਵਰਤੀ ਜਾਂਦੀ ਹੈ। ਇਸ ਦੀ ਖੇਤੀ ਵੀ ਕੀਤੀ ਜਾਂਦੀ। ਸਾਡਾ ਇਹ ਬਾੜਾ ਮੇਰੇ ਹਾਣੀਆਂ ਲਈ ਖੇਡ-ਮੈਦਾਨ ਹੁੰਦਾ ਸੀ ਕਿਉਂਕਿ ਅਸੀਂ ਕੋਟਲਾ-ਛਪਾਕੀ, ਛੂਹਣ-ਛਣੀਕਾ, ਕਾਠ ਕਠੋਲੀ, ਲੁੱਕਣ-ਮੀਚੀ, ਪਿੱਠੂ, ਪੀਂਚੋਂ, ਗੇਂਦ-ਗੀਟੇ, ਪਿਲ-ਟੱਕਾ, ਘੁੱਤੀ ਰੀਠੇ-ਬੰਦੇ ਵਰਗੀਆਂ ਖੇਡਾਂ ਦਾ ਆਨੰਦ ਮਾਣਦੇ। ਹੁਣ ਇਹ ਖੇਡਾਂ ਲੋਪ ਹੁੰਦੀਆਂ ਜਾ ਰਹੀਆਂ ਹਨ। ਇਸ ਬਾੜੇ ਵਿਚ ਪਿਤਾ ਜੀ ਨੇ ਦੋ-ਤਿੰਨ ਵਾਰ ਅੰਬ ਦਾ ਬੂਟਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ, ਕਈ ਉਪਾਅ ਵੀ ਕੀਤੇ। ‘ਇਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ’ ਪ੍ਰੋ. ਮੋਹਨ ਸਿੰਘ ਦੀ ਕਵਿਤਾ ਯਾਦ ਆਉਣ ਲੱਗਦੀ ਪਰ ਮੇਰੀ ਇਹ ਇੱਛਾ ਪੂਰੀ ਨਾ ਹੋ ਸਕੀ। ਮਾਤਾ ਜੀ ਨੂੰ ਸਬਜ਼ੀਆਂ ਬੀਜਣ ਦਾ ਸ਼ੌਂਕ ਸੀ। ਜ਼ਮੀਨ ਤਿਆਰ ਕਰ ਕੇ ਇਕ ਨੁੱਕਰੇ ਪਾਲਕ ਬੀਜ ਦਿੰਦੇ, ਗਾਜਰ-ਮੂਲੀਆਂ ਬੀਜ ਦਿੰਦੇ। ਅਸੀਂ ਵੀ ਬੀਜੀਆਂ ਸਬਜ਼ੀਆਂ ਦੀ ਦੇਖ-ਭਾਲ ਕਰਦੇ। ਬਰਸਾਤ-ਰੁੱਤੇ ਘੀਆ ਦੀਆਂ ਵੇਲਾਂ ਰੁੱਖਾਂ ’ਤੇ ਚੜ੍ਹ ਜਾਂਦੀਆਂ। ਤਿਆਰ ਹੋਈ ਘੀਆ ਤੋੜ ਕੇ ਮਾਤਾ ਜੀ ਨੂੰ ਦਿੰਦੇ। ਘਰ ਦੀ ਘੀਆ ਰਿੰਨ੍ਹੀ ਹੋਈ ਤੇ ਮਾਤਾ ਜੀ ਦੇ ਹੱਥੀਂ ਤਿਆਰ ਕੀਤੀ ਸਬਜ਼ੀ ਹੁਣ ਵੀ ਚੇਤੇ ਆ ਜਾਂਦੀ ਹੈ। ਮਾਂ ਦੀ ਮਮਤਾ ਦੀ ਸੁਗੰਧੀ ਬਾੜੇ ’ਚੋਂ ਆਉਣ ਲੱਗਦੀ ਤੇ ਬਾੜੇ ’ਚ ਜਾਣਾ ਸਾਨੂੰ ਚੰਗਾ-ਚੰਗਾ ਲੱਗਦਾ। ਰੁੱਖ ਦੀ ਛਾਂ ਤੇ ਮਾਂ ਦੀ ਛਾਂ ਨੂੰ ਕੌਣ ਭੁੱਲ ਸਕਦਾ। ਸਮਾਂ ਗੁਜ਼ਰਨ ਦੇ ਨਾਲ ਤਬਦੀਲੀ ਆਈ ਤੇ ਬਾੜੇ ’ਚ ਉਹ ਰੁੱਖ ਨਹੀਂ ਰਹੇ। ਬਾੜੇ ਵਾਲੀ ਥਾਂ ਕਮਰਿਆਂ ਦੀ ਉਸਾਰੀ ਹੋ ਗਈ ਹੈ। ਬੀਤੇ ਦੀਆਂ ਕੁਝ ਯਾਦਾਂ ਜਿਵੇਂ ਭੁੱਲਦੀਆਂ ਨਹੀਂ, ਉਵੇਂ ਹੀ ਬਾੜੇ ’ਚ ਲੱਗੇ ਰੁੱਖਾਂ ਨਾਲ ਜੁੜੀਆਂ ਯਾਦਾਂ ਮੇਰੇ ਦਿਲੋ-ਦਿਮਾਗ ’ਚ ਵਸੀਆਂ ਰਹਿੰਦੀਆਂ ਹਨ।

-ਮੋਬਾਈਲ : 98151-23900

Posted By: Shubham Kumar