ਸਮਾਜਿਕ ਸੰਗਠਨਾਂ ਵੱਲੋਂ ਬਾਲੜੀਆਂ ਦੀ ਸੁਰੱਖਿਆ ਤੇ ਔਰਤਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਚਲਾਈਆਂ ਗਈਆਂ ਮੁਹਿੰਮਾਂ ਅਤੇ ਕੌਮੀ ਮਹਿਲਾ ਕਮਿਸ਼ਨਾਂ ਦੇ ਯਤਨਾਂ ਨੇ ਘਰੇਲੂ ਅੱਤਿਆਚਾਰ ਕਾਨੂੰਨ 2009, ਬਾਲ ਵਿਆਹ ਕਾਨੂੰਨ 2006 ਅਤੇ ਦਾਜ ਦੇ ਨਾਂ 'ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਣ ਲਈ ਕਾਨੂੰਨ 2006 ਵਿਚ ਲਾਗੂ ਕਰਵਾ ਕੇ ਔਰਤਾਂ ਨੂੰ ਮਾਣਮੱਤੀ ਜ਼ਿੰਦਗੀ ਜਿਊਣ ਦਾ ਹੱਕ ਪ੍ਰਦਾਨ ਕੀਤਾ ਹੈ। ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਪ੍ਰਤੀ ਰੁਝਾਨ ਪੈਦਾ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਸਦਕਾ ਮੁੰਡਿਆਂ ਵਾਂਗ ਕੁੜੀਆਂ ਦੇ ਜਨਮ ਦਿਨ ਮਨਾਉਣੇ ਵੀ ਸ਼ੁਰੂ ਹੋ ਗਏ ਹਨ।

ਮੁੰਡਿਆਂ ਅਤੇ ਕੁੜੀਆਂ ਵਿਚਾਲੇ ਭੇਦਭਾਵ ਖ਼ਤਮ ਕਰਨ ਦੀ ਵਿਚਾਰਧਾਰਾ ਵੀ ਬਣੀ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਸੌੜੀ ਸੋਚ ਵਾਲੇ ਲੋਕਾਂ ਦੀ ਘਾਟ ਨਹੀਂ ਹੈ। ਇਸੇ ਕਾਰਨ ਕੁੜੀਆਂ ਦੀ ਸਿੱਖਿਆ, ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਵਿਆਹ 'ਤੇ ਹੋਣ ਵਾਲੇ ਖ਼ਰਚੇ ਤੋਂ ਬਚਣ ਲਈ ਹਰ ਸਾਲ ਲਗਪਗ 5 ਲੱਖ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਚੌਵੀ ਜਨਵਰੀ 2008 ਨੂੰ ਕੌਮੀ ਬਾਲੜੀ ਸਿੱਖਿਆ ਦਿਵਸ ਮਨਾਉਣ ਲਈ ਕੇਂਦਰ ਸਰਕਾਰ ਵੱਲੋਂ ਇਹ ਸੋਚਿਆ ਗਿਆ ਸੀ ਕਿ ਇਸ ਜ਼ਰੀਏ ਲੋਕਾਂ ਵਿਚ ਇਹ ਜਾਗਰੂਕਤਾ ਪੈਦਾ ਹੋ ਜਾਵੇਗੀ ਕਿ ਕੁੜੀਆਂ ਨੂੰ ਮੁੰਡਿਆਂ ਵਾਂਗ ਦੁਨੀਆ 'ਤੇ ਆਉਣ ਦਾ ਹੱਕ ਦਿੱਤਾ ਜਾਵੇ। ਉਨ੍ਹਾਂ ਨੂੰ ਮਾਣ-ਸਤਿਕਾਰ ਦਿੱਤਾ ਜਾਵੇ ਤੇ ਸਮਾਨਤਾ ਦਾ ਅਧਿਕਾਰ ਦਿੱਤਾ ਜਾਵੇ। ਪਰਿਵਾਰਾਂ ਤੇ ਸਮਾਜ ਵਿਚ ਉਨ੍ਹਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਿਆ ਜਾਵੇ। ਸਾਲ 2008 ਤੋਂ ਹਰ ਵਰ੍ਹੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਇਸ ਦਿਨ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਬਾਲੜੀਆਂ ਦੇ ਅਧਿਕਾਰਾਂ ਦਾ ਹੋਕਾ ਦਿੱਤਾ ਜਾਂਦਾ ਹੈ। ਮੀਡੀਆ ਰਾਹੀਂ ਵੀ ਲੋਕਾਂ ਨੂੰ ਬਾਲੜੀ ਸੁਰੱਖਿਆ ਪ੍ਰਤੀ ਵਚਨਬੱਧ ਬਣਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਉਕਤ ਸਭ ਦੇ ਬਾਵਜੂਦ ਬਾਲੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦਾ ਰੁਝਾਨ ਨਹੀਂ ਰੁਕ ਰਿਹਾ। ਇੱਥੇ ਇੱਕੀਵੀਂ ਸਦੀ ਵਿਚ ਵੀ ਔਰਤਾਂ ਦੀ ਸਾਖਰਤਾ ਦਰ 53.8 ਫ਼ੀਸਦੀ ਹੈ। ਕੁੜੀਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੀ ਸਿਹਤ ਤੇ ਖ਼ੁਰਾਕ ਵੱਲ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ। ਸਾਡੇ ਦੇਸ਼ ਵਿਚ ਅਜੇ ਵੀ ਔਰਤਾਂ ਦੀ ਪਰਿਵਾਰਕ, ਸਮਾਜਿਕ ਅਤੇ ਸਰਕਾਰੀ ਸਥਿਤੀ ਤਸੱਲੀਬਖ਼ਸ਼ ਨਹੀਂ ਹੈ।

ਬਾਲੜੀਆਂ ਤੇ ਔਰਤਾਂ ਨਾਲ ਮਰਦ ਪ੍ਰਧਾਨ ਸਮਾਜ ਵਿਚ ਵਿਤਕਰੇਬਾਜ਼ੀ ਜਾਰੀ ਹੈ। ਉਹ ਹਰ ਥਾਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਘੱਟ ਉਮਰ ਦੀਆਂ ਕੁੜੀਆਂ ਦਾ ਵਿਆਹ ਵੱਡੀ ਉਮਰ ਦੇ ਮਰਦਾਂ ਨਾਲ ਕਰ ਦਿੱਤਾ ਜਾਂਦਾ ਹੈ। ਗ਼ਰੀਬੀ ਤੇ ਲਾਚਾਰੀ ਕਾਰਨ ਬਾਲੜੀਆਂ ਦੀ ਯੋਗਤਾ ਦੀ ਅਣਦੇਖੀ ਕਰ ਦਿੱਤੀ ਜਾਂਦੀ ਹੈ। ਜ਼ਿਆਦਾਤਰ ਮਾਪੇ ਜ਼ਿੰਮੇਵਾਰੀ ਤੋਂ ਸੁਰਖਰੂ ਹੋਣ ਲਈ ਛੋਟੀ ਉਮਰ ਵਿਚ ਹੀ ਕੁੜੀਆਂ ਦੇ ਹੱਥ ਪੀਲੇ ਕਰ ਦਿੰਦੇ ਹਨ। ਬਾਲੜੀ ਦਿਵਸ ਮਨਾਉਣ ਦਾ ਮਕਸਦ ਤਾਂ ਹੀ ਪੂਰਾ ਹੋ ਸਕੇਗਾ ਜੇ ਸਮਾਜ ਦਾ ਹਰ ਵਰਗ ਇਹ ਅਹਿਸਾਸ ਕਰੇ ਕਿ ਸਮਾਜ ਦੀ ਤਰੱਕੀ ਉਦੋਂ ਹੀ ਹੋਵੇਗੀ ਜਦ ਲੋਕ ਮਨਾਂ ਵਿਚ ਮੁੰਡੇ-ਕੁੜੀ ਦਾ ਭੇਦਭਾਵ ਖ਼ਤਮ ਹੋ ਜਾਵੇਗਾ।

-ਪ੍ਰਿੰਸੀਪਲ ਵਿਜੈ ਕੁਮਾਰ, ਨੰਗਲ ਟਾਊਨਸ਼ਿਪ। ਸੰਪਰਕ : 98726-27136

Posted By: Rajnish Kaur