ਡਾਕਟਰਾਂ ਦੀ ਕਮੀ ਦੇਸ਼ ਵਿਚ ਇਕ ਪ੍ਰਭਾਵਸ਼ਾਲੀ ਸਿਹਤ ਤੰਤਰ ਦੇ ਰਾਹ ਵਿਚ ਵੱਡਾ ਰੋੜਾ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਡੈਂਟਲ ਅਤੇ ਆਯੂਸ਼ ਡਾਕਟਰਾਂ ਨੂੰ ਇਕ ਬਿ੍ਜ ਕੋਰਸ ਦੇ ਨਾਲ ਐਲੋਪੈਥਿਕ ਡਾਕਟਰ ਵਜੋਂ ਪ੍ਰੈਕਟਿਸ ਕਰਨ ਦੇ ਰਾਹ ਖੋਲ੍ਹ ਦਿੱਤੇ ਹਨ।

ਹਾਲਾਂਕਿ ਐਲੋਪੈਥ ਲਾਬੀ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਓਥੇ ਹੀ ਦੇਸ਼ ਵਿਚ ਡਾਕਟਰਾਂ ਦੀ ਉਪਲਬਧਤਾ ਅਤੇ ਜ਼ਰੂਰਤ ਦੇ ਅੰਕੜੇ ਦੱਸਦੇ ਹਨ ਕਿ ਆਗਾਮੀ ਦੋ ਦਹਾਕਿਆਂ ਵਿਚ ਵੀ ਮਾਨਕ ਉਪਲਬਧਤਾ ਦੇ ਆਸਾਰ ਨਹੀਂ ਹਨ। ਲੋਕ ਸਭਾ ਦੀ ਕਮੇਟੀ ਨੇ ਇਸ ਸਮੱਸਿਆ ਦੇ ਮੱਦੇਨਜ਼ਰ ਇਕ ਮਹੱਤਵਪੂਰਨ ਸਿਫ਼ਾਰਸ਼ ਕੀਤੀ ਹੈ।

ਇਸ ਦੇ ਤਹਿਤ ‘ਫਿਜ਼ੀਓਥੈਰੇਪੀ’ ਨੂੰ ਇਲਾਜ ਦੀ ਅਹਿਮ ਪ੍ਰਣਾਲੀ ਦੇ ਤੌਰ ’ਤੇ ਅਪਨਾਉਣ ਦੀ ਗੱਲ ਹੈ। ਫ਼ਿਲਹਾਲ ਦੇਸ਼ ਵਿਚ ਇਸ ਵਿਧੀ ਦੀ ਕੇਂਦਰੀ ਰੈਗੂਲੇਟਰੀ ਸੰਸਥਾ ਵੀ ਨਹੀਂ ਹੈ। ਪਿੱਛੇ ਜਿਹੇ ਆਏ ਬਜਟ ’ਚ ਨਰਸਿੰਗ ਲਈ ਨਵੇਂ ਮਿਡਵਾਈਫਰੀ ਬਿੱਲ ਦਾ ਜ਼ਿਕਰ ਤਾਂ ਹੋਇਆ ਪਰ ਫਿਜ਼ੀਓਥੈਰੇਪੀ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੋਇਆ ਜਦਕਿ ਦੇਸ਼ ਵਿਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਤਕ ਇਸ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਕਮੇਟੀ ਨੇ ਫਿਜ਼ੀਓਥੈਰੇਪੀ ਨੂੰ ਇਕ ਪੂਰੀ ਤਰ੍ਹਾਂ ਵਿਕਸਤ ਅਤੇ ਸੁਤੰਤਰ ਵਿਭਾਗ ਦੇ ਤੌਰ ’ਤੇ ਮਾਨਤਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਕਮੇਟੀ ਅਨੁਸਾਰ ਫਿਜ਼ੀਓਥੈਰੇਪੀ ਪ੍ਰਮਾਣਿਕ ਇਲਾਜ ਪ੍ਰਣਾਲੀ ਹੈ ਜਿਸ ਦੀ ਵਰਤੋਂ ਪੀਡੀਐਟ੍ਰਿਕਸ ਤੋਂ ਲੈ ਕੇ ਜੇਰਿਆਟ੍ਰਿਕਸ ਤਕ ਕਈ ਖੇਤਰਾਂ ਵਿਚ ਕੀਤੀ ਜਾ ਸਕਦੀ ਹੈ। ਇਹ ਕਾਰਡੀਓਵੈਸਕੁਲਰ ਰੋਗ, ਕ੍ਰਾਨਿਕ ਆਬਸਟ੍ਰੱਕਟਿਵ ਪਲਮੋਨਰੀ ਡਿਸੀਜ਼ (ਸੀਓਪੀਡੀ), ਸ਼ੂਗਰ, ਆਸਟੋਪਾਇਰੋਸਿਸ, ਮੋਟਾਪਾ ਅਤੇ ਹਾਈਪਰਟੈਨਸ਼ਨ ਆਦਿ ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਕਮੇਟੀ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੋਲ ਫਿਜ਼ੀਓਥੈਰੇਪੀ ਸਿੱਖਿਆ ਅਤੇ ਜਨਤਕ ਅਰੋਗਤਾ ਵਿਚ ਇਸ ਦੀ ਭੂਮਿਕਾ ਨਾਲ ਜੁੜੀ ਕੋਈ ਪ੍ਰਮਾਣਿਕ ਜਾਣਕਾਰੀ ਹੀ ਨਹੀਂ ਹੈ।

ਕਮੇਟੀ ਦੀ ਰਾਇ ਹੈ ਕਿ ਫਿਜ਼ੀਓਥੈਰੇਪੀ ਨੂੰ ਆਰਥੋਪੈਡਿਕ ਤੋਂ ਅਲੱਗ ਕਰ ਕੇ ਸੁਤੰਤਰ ਵਿਸ਼ੇ ਦੇ ਤੌਰ ’ਤੇ ਉਭਾਰਨਾ ਚਾਹੀਦਾ ਹੈ। ਝਾਰਖੰਡ, ਹਰਿਆਣਾ ਤੇ ਛੱਤੀਸਗੜ੍ਹ ਵਿਚ ਫਿਜ਼ੀਓਥੈਰੇਪੀ ਪ੍ਰੀਸ਼ਦਾਂ ਦਾ ਗਠਨ ਕਰ ਕੇ ਸੂਬੇ ਵਿਚ ਉਪਲਬਧ ਫਿਜ਼ੀਓਥੈਰੇਪਿਸਟਾਂ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਵਿਚ ਮੈਡੀਕਲ ਕਮਿਸ਼ਨ ਜਾਂ ਕੁਦਰਤੀ ਇਲਾਜ ਕਮਿਸ਼ਨ ਵਰਗੀ ਕਿਸੇ ਕੇਂਦਰੀ ਰੈਗੂਲੇਟਰੀ ਸੰਸਥਾ ਦੀ ਅਜੇ ਵੀ ਘਾਟ ਹੈ।

ਭਾਰਤੀ ਯੋਗਾ ਤੇ ਕੁਦਰਤੀ ਇਲਾਜ ਦੇ ਬੁਨਿਆਦੀ ਤਜਰਬੇ ਵੀ ਕਸਰਤ ਤੇ ਸਰੀਰਕ ਚੇਤਨਾ ’ਤੇ ਆਧਾਰਿਤ ਹਨ। ਕੇਂਦਰ ਸਰਕਾਰ ਨੇ ਹੋਮਿਓਪੈਥੀ, ਆਯੁਰਵੇਦ, ਕੁਦਰਤੀ ਇਲਾਜ ਤੇ ਨਰਸਿੰਗ ਸੈਕਟਰ ਦੀਆਂ ਆਧੁਨਿਕ ਜ਼ਰੂਰਤਾਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਅਧਿਐਨ ਦਾ ਹਿੱਸਾ ਬਣਾਉਣ ਦੇ ਫ਼ੈਸਲੇ ਕੀਤੇ ਹਨ ਤਾਂ ਭੌਤਿਕ ਇਲਾਜ ਨੂੰ ਕਿਉਂ ਅਣਦੇਖਿਆ ਛੱਡ ਦਿੱਤਾ ਗਿਆ ਹੈ?

-ਡਾ. ਅਜੇ ਖੇਮਰੀਆ।

Posted By: Jagjit Singh