ਟਰੈਫਿਕ ਇਸ ਸਮੇਂ ਸੰਸਾਰ ਭਰ ਵਿਚ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਸਾਡੇ ’ਚੋਂ ਬਹੁਤ ਸਾਰੇ ਲੋਕ ਟਰੈਫਿਕ ਦਾ ਅਰਥ ਸੜਕਾਂ ’ਤੇ ਬਹੁਤ ਜ਼ਿਆਦਾ ਆਵਾਜਾਈ ਦੇ ਸਾਧਨਾਂ ਦਾ ਹੋਣਾ ਹੀ ਸਮਝਦੇ ਹਨ। ਕੁਝ ਹੱਦ ਤਕ ਇਹ ਵੀ ਠੀਕ ਹੈ ਜਦਕਿ ਇਸ ਸ਼ਬਦ ਦਾ ਅਸਲੀ ਅਰਥ ਹੈ, ਆਵਾਜਾਈ। ਮਸ਼ੀਨਰੀ ਦਾ ਯੁੱਗ ਆਉਣ ਕਾਰਨ ਜਿੱਥੇ ਲੋਕਾਂ ਦੇ ਰਹਿਣ-ਸਹਿਣ ’ਚ ਕਾਫ਼ੀ ਫਰਕ ਆਇਆ, ਓਥੇ ਹੀ ਇਸ ਦਾ ਸਭ ਤੋਂ ਵੱਧ ਅਸਰ ਸੜਕੀ ਆਵਾਜਾਈ ’ਤੇ ਪਿਆ ਹੈ। ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸੜਕਾਂ ’ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵਹੀਕਲਾਂ ਦਾ ਮੇਲਾ ਲੱਗਾ ਹੋਇਆ ਹੈ। ਸੜਕਾਂ ਤੇ ਆਵਾਜਾਈ ਵਧਣ ਅਤੇ ਵਹੀਕਲਾਂ ਦੇ ਬਹੁਤ ਤੇਜ਼ ਚੱਲਣ ਕਾਰਨ ਆਵਜਾਈ ਨੂੰ ਚੁਸਤ-ਦਰੁਸਤ ਅਤੇ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲਿਸ ਦਾ ਗਠਨ ਲਗਪਗ ਹਰ ਦੇਸ਼ ਵਿਚ ਕੀਤਾ ਗਿਆ ਹੈ। ਆਮ ਲੋਕਾਂ ਨੂੰ ਸੜਕੀ ਰਸਤੇ ਰਾਹੀਂ ਸਕੂਨ ਅਤੇ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਪਹੁੰਚਾਉਣ ਲਈ ਸਾਰਾ ਦਾਰੋਮਦਾਰ ਪੁਲਿਸ ਵਿਭਾਗ ਉੱਪਰ ਹੀ ਹੈ। ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਸਾਰ ਦੇ ਸਾਰੇ ਦੇਸ਼ਾਂ ਵੱਲੋਂ ਆਪੋ-ਆਪਣੇ ਦੇਸ਼ ਦੇ ਹਾਲਾਤ ਮੁਤਾਬਕ ਸੜਕੀ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਹਾਦਸਿਆਂ ਦੀ ਰੋਕਥਾਮ ਲਈ ਟਰੈਫਿਕ ਕੰਟਰੋਲ ਨਿਯਮ ਅਤੇ ਮੋਟਰ ਵਹੀਕਲ ਐਕਟ ਬਣਾਏ ਗਏ ਹਨ ਅਤੇ ਸਮੇਂ-ਸਮੇਂ ਇਨ੍ਹਾਂ ’ਚ ਸੋਧ ਕੀਤੀ ਜਾਂਦੀ ਹੈ। ਭਾਰਤ ਇਕ ਵਿਸ਼ਾਲ ਦੇਸ਼ ਹੈ ਜੋ ਕਿ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵਿਚ ਵਹੀਕਲਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ ਜਿਸ ਕਾਰਨ 24 ਘੰਟੇ ਸੜਕਾਂ ’ਤੇ ਭੀੜ-ਭੜੱਕਾ ਰਹਿੰਦਾ ਹੈ। ਕੁਝ ਥਾਵਾਂ ’ਤੇ ਵਹੀਕਲਾਂ ਦੀ ਗਿਣਤੀ ਦੇ ਹਿਸਾਬ ਨਾਲ ਸੜਕਾਂ ਦਾ ਵਿਕਾਸ ਨਾ ਹੋਣ ਕਰ ਕੇ ਸੜਕਾਂ ’ਤੇ ਘੰਟਿਆਂ ਬੱਧੀ ਜਾਮ ਲੱਗਣ ਕਾਰਨ ਲੋਕਾਂ ਅਤੇ ਟਰੈਫਿਕ ਕੰਟਰੋਲ ਕਰ ਰਹੀ ਪੁਲਿਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕਾਂ ’ਤੇ ਹਾਦਸੇ ਹੋਣਾ ਅਤੇ ਇਨ੍ਹਾਂ ਕਾਰਨ ਸਾਡੇ ਆਪਣਿਆ ਦੀਆਂ ਕੀਮਤੀ ਜਾਨਾਂ ਦਾ ਜਾਣਾ ਆਮ ਗੱਲ ਹੋ ਗਈ ਹੈ। ਸਾਡੇ ਦੇਸ਼ ਵਿਚ ਵੀ ਸੜਕੀ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ, ਨਿੱਤ ਦਿਨ ਵੱਧਦੇ ਜਾ ਰਹੇ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ’ਤੇ ਅਪਰਾਧਾਂ ਦੀ ਰੋਕਥਾਮ ਲਈ ਭਾਰਤੀ ਪੀਨਲ ਕੋਡ 1860 ਤੋਂ ਇਲਾਵਾ ਮੋਟਰ ਵਹੀਕਲ ਐਕਟ 1988, ਰੋਡ ਟਰਾਂਸਪੋਰਟ ਅਤੇ ਸੇਫਟੀ ਬਿੱਲ-2014 ਅਤੇ ਮੋਟਰ ਵਹੀਕਲ ਸੋਧ ਐਕਟ-2019 ਜਿਹੇ ਸਖ਼ਤ ਕਾਨੂੰਨ ਬਣਾਏ ਗਏ ਹਨ ਜੋ ਕਿ ਸਾਰੇ ਭਾਰਤ ਵਿਚ ਇਕਸਾਰ ਲਾਗੂ ਹਨ। ਇਨ੍ਹਾਂ ਸਾਰੇ ਕਾਨੂੰਨਾਂ ਨੂੰ ਬਣਾਉਣ ਦਾ ਮੁੱਖ ਮਕਸਦ ਹੈ ਕਿ ਸੜਕੀ ਹਾਦਸਿਆਂ ’ਚ ਲੋਕ ਜਾਨਾਂ ਨਾ ਗੁਆਉਣ ਅਤੇ ਸੜਕੀ ਆਵਾਜਾਈ ਨੂੰ ਨਿਰਵਿਘਨ ਚਲਾਇਆ ਜਾ ਸਕੇ। ਸਖ਼ਤ ਕਾਨੂੰਨ ਬਣਾਉਣ ਦੇ ਬਾਵਜੂਦ ਸੜਕਾਂ ’ਤੇ ਵੱਡੇ-ਵੱਡੇ ਜਾਮ ਆਮ ਲੱਗੇ ਦਿਖਾਈ ਦਿੰਦੇ ਹਨ ਅਤੇ ਸਾਡੇ ਆਪਣੇ ਹਾਦਸਿਆਂ ਰੂਪੀ ਮੌਤ ਦਾ ਸ਼ਿਕਾਰ ਹੋ ਰਹੇ ਹਨ। ਅਣ-ਅਧਿਕਾਰਤ ਅੰਕੜਿਆਂ ਅਨੁਸਾਰ ਭਾਰਤ ਵਿਚ ਹਰ ਸਾਲ 5 ਕੁ ਲੱਖ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚ ਡੇਢ ਕੁ ਲੱਖ ਲੋਕ ਜਾਨਾਂ ਗੁਆ ਦਿੰਦੇ ਹਨ ਜੋ ਕਿ ਸੰਸਾਰ ਦੀ ਔਸਤ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਬਹੁਤ ਸਖ਼ਤ ਕਾਨੂੰਨ ਬਣਾਉਣ ਦੇ ਬਾਵਜੂਦ ਟਰੈਫਿਕ ਦੀ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ ਹੈ ਅਤੇ ਨਾ ਹੀ ਹਾਦਸੇ ਰੁਕ ਰਹੇ ਹਨ। ਇਕ ਹੋਰ ਅਣ-ਅਧਿਕਾਰਤ ਅੰਕੜੇ ਅਨੁਸਾਰ ਭਾਰਤ ਵਿਚ 2019 ਵਿਚ ਹੋਏ 4,80, 652 ਸੜਕੀ ਹਾਦਸਿਆਂ ਵਿਚ 1,51,113 ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਬਹੁਤ ਸਾਰੇ ਗੰਭੀਰ ਸੱਟਾਂ ਲੱਗਣ ਕਾਰਨ ਪੱਕੇ ਤੌਰ ’ਤੇ ਅਪੰਗ ਹੋ ਗਏ ਹਨ। ਉਪਰੋਕਤ ਵਾਪਰੇ ਹਾਦਸਿਆਂ ’ਚੋਂ 70% ਹਾਦਸੇ ਤੇਜ਼ ਰਫ਼ਤਾਰ ਕਾਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਵਾਪਰੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਨੀ ਨੁਕਸਾਨ ਦੁਪਹੀਆ ਵਾਹਨਾਂ ਨਾਲ ਵਾਪਰੇ ਹਾਦਸਿਆਂ ਕਰਕੇ ਹੋਇਆ ਹੈ। ਲਾਕਡਾਊਨ ਹੋਣ ਕਾਰਨ ਸੜਕੀ ਹਾਦਸਿਆਂ ਵਿਚ 49% ਦੀ ਕਮੀ ਆਈ ਹੈ। ਇਹ ਵੀ ਸੱਚ ਹੈ ਕਿ ਜਾਣੇ-ਅਨਜਾਣੇ ਵਿਚ ਅਸੀਂ ਟਰੈਫਿਕ ਨਿਯਮਾਂ ਨੂੰ ਤੋੜਦੇ ਚਲੇ ਜਾਂਦੇ ਹਾਂ। ਆਮ ਕਿਹਾ ਜਾਂਦਾ ਹੈ ਕਿ ਟਰੈਫਿਕ ਨਿਯਮਾਂ ਨੂੰ ਕੋਈ ਹੋਰ ਤੋੜੇ ਤਾਂ ਗੁੱਸਾ ਆਉਂਦਾ ਹੈ ਅਤੇ ਖ਼ੁਦ ਤੋੜੀਏ ਤਾਂ ਮਜ਼ਾ ਆਉਂਦਾ ਹੈ। ਇਹ ਸਹੀ ਸੋਚ ਨਹੀਂ ਹੈ। ਇਸ ਲਈ ਸਾਨੂੰ ਸੁਧਾਰ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਿੱਖਿਅਤ ਕਰਨਾ ਸਰਕਾਰ ਦਾ ਫ਼ਰਜ਼ ਹੈ। ਟਰੈਫਿਕ ਨਿਯਮਾਂ ਨੂੰ ਸਕੂਲੀ ਪੜ੍ਹਾਈ ਦਾ ਹਿੱਸਾ ਬਣਾਉਂਦੇ ਹੋਏ 8ਵੀਂ ਤੋਂ 12ਵੀਂ ਸ਼੍ਰੇਣੀ ਤਕ ਕਿਸੇ ਇਕ ਸਾਲ ’ਚ ਲਾਜ਼ਮੀ ਵਿਸ਼ੇ ਵਜੋਂ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਸਮੇਂ ਦੀ ਮੰਗ ਹੈ।

-ਯੰਗਬੀਰ ਸਿੰਘ (ਸਬ-ਇੰਸਪੈਕਟਰ, ਪੀਏਪੀ)

(97799-09002)

Posted By: Susheel Khanna