-ਹਰਕੀਰਤ ਕੌਰ

ਸਮੇਂ ਦੇ ਨਾਲ-ਨਾਲ ਹਰ ਚੀਜ਼ ਵਿਚ ਪਰਿਵਰਤਨ ਆਉਣਾ ਕੁਦਰਤ ਦਾ ਇੱਕ ਨਿਯਮ ਹੈ। ਸਾਡੇ ਦੇਖਦਿਆਂ-ਦੇਖਦਿਆਂ ਕਿੰਨਾ ਕੁਝ ਬਦਲ ਗਿਆ ਹੈ। ਸਾਡੇ ਜੀਵਨ ਦੇ ਹਰ ਹਿੱਸੇ ਵਿਚ ਪਰਿਵਰਤਨ ਆਇਆ ਹੈ। ਸਾਡੇ ਰਹਿਣ ਸਹਿਣ, ਖਾਣ-ਪੀਣ, ਸਾਡੀਆਂ ਕਦਰਾਂ ਕੀਮਤਾਂ ਹਰ ਇੱਕ ਸ਼ੈਅ ਵਿਚ ਤਬਦੀਲੀ ਆਈ ਹੈ। ਇਸ ਤਬਦੀਲੀ ਦਾ ਆਉਣਾ ਜਾਇਜ਼ ਵੀ ਸੀ। ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਪਰਿਵਰਤਨ ਦੀ ਖੇਡ ਸਾਡੇ ਵਿਕਾਸ ਨਾਲ ਜੁੜੀ ਹੋਈ ਹੈ। ਇਸ ਦਾ ਅਰਥ ਇਹ ਹੋਇਆ ਕਿ ਸਾਡਾ ਸਮਾਜ ਤਰੱਕੀ ਦੇ ਰਾਹ ਉੱਤੇ ਚੱਲ ਰਿਹਾ ਹੈ ਪਰ ਕੀ ਕੇਵਲ ਸਾਡੇ ਰਹਿਣ ਸਹਿਣ ਅਤੇ ਭੌਤਿਕ ਚੀਜ਼ਾਂ ਵਿਚ ਆਇਆ ਬਦਲਾਅ ਕਾਫ਼ੀ ਹੈ? ਸੋਚਿਆ ਜਾਵੇ ਤਾਂ ਜੇਕਰ ਰਹਿਣ ਸਹਿਣ ਦੇ ਤੌਰ ਤਰੀਕਿਆਂ ਦੇ ਨਾਲ-ਨਾਲ ਜੇਕਰ ਸਾਡੀ ਸੋਚ ਵਿਚ, ਸਾਡੇ ਵਿਚਾਰਾਂ ਵਿਚ ਤਬਦੀਲੀ ਆਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਅਸਲ ਵਿਚ ਅਜਿਹਾ ਨਹੀਂ ਹੈ, ਇਹ ਮੈਂ ਆਪਣੇ ਤਜਰਬੇ ਤੋਂ ਅਤੇ ਸਮਾਜ ਵਿਚ ਵਿਚਰਦਿਆਂ ਮਹਿਸੂਸ ਕੀਤਾ ਹੈ ਕਿ ਚਾਹੇ ਸਾਡੇ ਜੀਵਨ ਵਿਚ ਬਾਹਰਮੁਖੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪਰ ਸਾਡੇ ਸੁਭਾਅ, ਸੋਚ ਅਤੇ ਵਿਚਾਰਾਂ ਵਿਚ ਕੁਝ ਖ਼ਾਸ ਪਰਿਵਰਤਨ ਨਹੀਂ ਆਇਆ। ਅੱਜ ਵੀ ਬਹੁਤਾਤ ਲੋਕਾਂ ਦੀ ਸੋਚ ਸੌੜੀ ਅਤੇ ਕੀਨੀ ਹੈ। ਇਨ੍ਹਾਂ ਵਿਚ ਸ਼ਾਮਲ ਨੇ ਉਹ ਲੋਕ ਜੋ ਬੇਟੀਆਂ ਨੂੰ ਪਰਾਈ ਅਮਾਨਤ ਸਮਝਦੇ ਹੋਏ ਉਸ ਦੇ ਬਣਦੇ ਬੁਨਿਆਦੀ ਹੱਕਾਂ ਤੋਂ ਉਸ ਨੂੰ ਦੂਰ ਰੱਖਦੇ ਹਨ। ਇਸ ਤਬਕੇ ਵਿਚ ਉਹ ਲੋਕ ਵੀ ਸ਼ਾਮਲ ਹਨ ਜਿੰਨਾ ਨੂੰ ਲੱਗਦਾ ਹੈ ਕਿ ਔਰਤ ਪੈਰ ਦੀ ਜੁੱਤੀ ਹੈ, ਇੱਕ ਘਰ ਨੂੰ ਜੋੜੀ ਰੱਖਣ ਲਈ ਔਰਤ ਨੂੰ ਜੋ ਵੀ ਕੁਰਬਾਨੀ ਕਰਨੀ ਪਵੇ, ਕਰੇ ! ਘਰ ਵਿਚ ਮਰਦ ਭਾਵੇਂ ਹਰ ਤਰ੍ਹਾਂ ਦੀ ਮਾੜੀ ਆਦਤ ਦਾ ਆਦੀ ਹੋਵੇ, ਉਸ ਦਾ ਹੱਕ ਬਣਦਾ ਹੈ ਕਿ ਉਹ ਔਰਤ ਦੇ ਬੇਕਸੂਰ ਹੁੰਦਿਆਂ ਹੋਇਆਂ ਵੀ ਉਸ ਉੱਪਰ ਹੱਥ ਚੁੱਕ ਸਕਦਾ ਹੈ, ਉਸ ਉੱਪਰ ਤਸ਼ੱਦਦ ਕਰ ਸਕਦਾ ਹੈ। ਕੀ ਅਜਿਹੀ ਸੋਚ ਰੱਖਣ ਵਾਲੇ ਸਮਾਜ ਨੂੰ ਅਸੀਂ ਇੱਕ ਸੱਭਿਅਕ ਤੇ ਵਧੀਆ ਸਮਾਜ ਕਹਿ ਸਕਦੇ ਹਾਂ! ਮੇਰੇ ਅਨੁਸਾਰ ਤਾਂ ਬਿਲਕੁਲ ਨਹੀਂ। ਕੇਵਲ ਸੁੱਖ ਸਹੂਲਤਾਂ ਦੀਆਂ ਵਸਤੂਆਂ ਵਿਚ ਆਇਆ ਪਰਿਵਰਤਨ ਵਿਕਾਸ ਨਹੀਂ, ਵਿਕਾਸ ਤਾਂ ਉਦੋਂ ਹੋਵੇਗਾ ਜਦ ਸਾਡੇ ਵਿਚਾਰਾਂ ਵਿਚ ਸਾਡੀ ਸੋਚ ਵਿਚ ਪਰਿਵਰਤਨ ਆਵੇਗਾ। ਕਹਿਣ ਨੂੰ ਤਾਂ ਮੋਦੀ ਸਰਕਾਰ ਨੇ ਬਹੁਤ ਸਾਰੇ ਕਾਨੂੰਨਾਂ ਵਿਚ ਪਰਿਵਰਤਨ ਕੀਤੇ ਹਨ ਪਰ ਇੱਕ ਕਾਨੂੰਨ ਨੂੰ ਅਸੀਂ ਵਿਕਾਸ ਦਾ ਨਾਮ ਤਾਂ ਨਹੀਂ ਦੇ ਸਕਦੇ। ਸੋ ਅਸਲ ਵਿਚ ਪਰਿਵਰਤਨ ਦੀ ਪਰਿਭਾਸ਼ਾ ਕੇਵਲ ਵਸਤੂਆਂ ਵਿਚ ਆਉਣ ਵਾਲੇ ਬਦਲਾਅ ਤਕ ਸੀਮਤ ਨਹੀਂ ਹੈ ਬਲਕਿ ਪਰਿਵਰਤਨ ਉਦੋਂ ਹੀ ਕਾਰਗਰ ਹੈ ਜਦੋਂ ਲੋਕਾਂ ਦੀ ਸੋਚ, ਲੋਕਾਂ ਦੇ ਵਿਚਾਰਾਂ ਵਿਚ ਤਬਦੀਲੀ ਹੋਵੇ। ਇਸ ਨਾਲ ਇੱਕ ਚੰਗੇ ਸਮਾਜ ਦਾ ਆਗਾਜ਼ ਹੋਵੇਗਾ ਜਿਸ ਵਿਚ ਰਹਿ ਕੇ ਹਰ ਵਿਅਕਤੀ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੇਗਾ।

(97791 18066)।

Posted By: Jagjit Singh