-ਉਜਾਗਰ ਸਿੰਘ

ਆਖ਼ਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ’ਚ ਸਫ਼ਲ ਹੋ ਗਏ ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਉਨ੍ਹਾਂ ਦੇ ਰਾਹ ’ਚ ਰੋੜੇ ਅਟਕਾਉਣ ’ਚ ਕੋਈ ਕਸਰ ਨਹੀਂ ਸੀ ਛੱਡੀ। ਉਹ ਪ੍ਰਧਾਨ ਤਾਂ ਬਣ ਗਏ ਪ੍ਰੰਤੂ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵੰਗਾਰਾਂ ਬਹੁਤ ਵੱਡੀਆਂ ਹਨ। ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਦੇ ਬਰਾਬਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੇ ਸਿੱਧੂ ਲਈ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ ਹਨ। ਹੁਣ ਸਿੱਧੂ ਲਈ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ ਜਿੱਤਣਾ ਅਤਿਅੰਤ ਜ਼ਰੂਰੀ ਹੋਵੇਗਾ। ਸਿੱਧੂ ਦਾ ਆਪਣਾ ਕੋਈ ਧੜਾ ਨਹੀਂ ਪਰ ਉਨ੍ਹਾਂ ਨੂੰ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਉਨ੍ਹਾਂ ਨੂੰ ਆਪਣੀ ਕਾਰਜਸ਼ੈਲੀ ਵੀ ਬਦਲਣੀ ਪਵੇਗੀ ਕਿਉਂਕਿ ਉਹ ਸਿਰਫ਼ ਭਾਸ਼ਣ ਦੇਣ ਅਤੇ ਟਵੀਟ ਕਰਨ ਦੇ ਮਾਹਿਰ ਹਨ, ਆਮ ਲੋਕਾਂ ’ਚ ਵਿਚਰਨਾ ਉਨ੍ਹਾਂ ਦਾ ਸੁਭਾਅ ਨਹੀਂ ਹੈ।

ਭਾਵੇਂ ਉਨ੍ਹਾਂ ਨੇ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਦੇ ਨੇਤਾਵਾਂ ਅਤੇ ਵਿਧਾਨਕਾਰਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਸਰਗਰਮੀ ਲਗਾਤਾਰ ਜਾਰੀ ਰੱਖਣੀ ਪਵੇਗੀ। ਦੂਜਾ, ਜਿਹੜੇ ਮੁੱਦੇ ਚੁੱਕ ਕੇ ਉਹ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ, ਕੀ ਕੈਪਟਨ ਨਾਲ ਖਟਪਟ ਦੇ ਚੱਲਦਿਆਂ ਉਨ੍ਹਾਂ ਮੁੱਦਿਆਂ ਨੂੰ ਸਰਕਾਰ ਤੋਂ ਹੱਲ ਕਰਵਾ ਸਕਣਗੇ? ਦੇਖਿਆ ਜਾਵੇ ਤਾਂ ਸਿੱਧੂ ਬਾਦਲਾਂ ਨੂੰ ਲੰਮੇ ਹੱਥੀਂ ਲੈਣ ਕਰ ਕੇ ਹੀ ਹਰਮਨ ਪਿਆਰੇ ਬਣੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ 2017 ਵਿਚ ਆਮ ਲੋਕਾਂ ਦੀ ਆਵਾਜ਼ ਬਣ ਕੇ ਮਕਬੂਲ ਹੋਏ ਸਨ। ਕੁਝ ਮੁੱਦਿਆਂ ਜਿਵੇਂ ਕਿ ਬੇਅਦਬੀ, ਨਸ਼ਿਆਂ ਅਤੇ ਰੇਤ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਕਰਨ ਕਰਕੇ ਸਿੱਧੂ ਦੀ ਮਕਬੂਲੀਅਤ ਵਿਚ ਵਾਧਾ ਹੋਇਆ ਸੀ। ਜੇ ਇਹ ਮੁੱਦੇ ਜਿਉਂ ਦੀ ਤਿਉਂ ਖੜ੍ਹੇ ਰਹੇ ਫਿਰ ਨਵਜੋਤ ਸਿੱਧੂ ਕੀ ਕਰਨਗੇ? ਇਕ ਹੋਰ ਸਭ ਤੋਂ ਵੱਡਾ ਮਸਲਾ ਕਿਸਾਨ ਅੰਦੋਲਨ ਦੇ ਲੋਕਾਂ ’ਤੇ ਪਏ ਪ੍ਰਭਾਵ ਦਾ ਹੋਵੇਗਾ। ਸਾਰਾ ਪੰਜਾਬ ਕਿਸਾਨੀ ਦੀ ਪਿੱਠ ’ਤੇ ਖੜ੍ਹਾ ਹੈ ਪਰ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਅੰਦੋਲਨ ’ਚ ਫਟਕਣ ਨਹੀਂ ਦੇ ਰਹੇ। ਜੇ ਕਿਸਾਨ ਅੰਦੋਲਨ ਦੇ ਨੇਤਾਵਾਂ ਨੇ ਕਿਸੇ ਹੋਰ ਪਾਰਟੀ ਨੂੰ ਵੋਟਾਂ ਪਾਉਣ ਦੀ ਸਲਾਹ ਦੇ ਦਿੱਤੀ ਤਾਂ ਉਸ ਦਾ ਅਸਰ ਵੀ ਕਾਂਗਰਸ ’ਤੇ ਮਾੜਾ ਪਵੇਗਾ ਹਾਲਾਂਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਿਰੁੱਧ ਹੋ ਰਹੇ ਅੰਦੋਲਨ ਵੀ ਵੋਟਰਾਂ ’ਤੇ ਡੂੰਘਾ ਪ੍ਰਭਾਵ ਪਾ ਰਹੇ ਹਨ। ਇਸ ਲਈ ਉਨ੍ਹਾਂ ਦੇ ਮਸਲੇ ਸਰਕਾਰ ਤੋਂ ਹੱਲ ਕਰਵਾਉਣੇ ਵੀ ਜ਼ਰੂਰੀ ਕੰਮ ਹੋਵੇਗਾ। ਨਵਜੋਤ ਸਿੰਘ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਕੁਮਾਰ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਵੀ ਨਿਯੁਕਤ ਕਰ ਦਿੱਤੇ ਗਏ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ’ਤੇ ਕਾਬੂ ਰੱਖਣ ਲਈ ਇੰਨੇ ਕਾਰਜਕਾਰੀ ਪ੍ਰਧਾਨ ਲਗਾਏ ਗਏ ਹਨ। ਕਾਂਗਰਸ ਹਾਈ ਕਮਾਨ ਨੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ’ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਰਾਹੁਲ ਗਾਂਧੀ ਦੀ ਟੀਮ ਹੈ। ਪੰਜਾਬ ਦੇ ਸੰਸਦ ਮੈਂਬਰਾਂ ’ਚੋਂ ਪਹਿਲਾਂ ਹੀ ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ’ਚ ਵਿ੍ਹਪ ਨਿਯੁਕਤ ਕਰ ਕੇ ਅਡਜਸਟ ਕੀਤਾ ਜਾ ਚੁੱਕਾ ਹੈ। ਮਾਝਾ, ਦੋਆਬਾ ਅਤੇ ਮਾਲਵੇ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਪੰਜੇ ਨਿਯੁਕਤੀਆਂ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ ਹੈ।

ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਭਾਵੇਂ ਟਕਸਾਲੀ ਕਾਂਗਰਸੀ ਸਨ ਪਰ ਨਵਜੋਤ ਅਜੇ ਪੰਜ ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਸਨ। ਲਗਪਗ ਦੋ ਮਹੀਨੇ ਤੋਂ ਸਰਬ ਭਾਰਤੀ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੜਾਈ ਨੂੰ ਸੁਲਝਾਉਣ ਦੇ ਨਵੇਂ ਫਾਰਮੂਲੇ ਬਣਾਉਣ ਲਈ ਵਿਚਾਰ-ਵਟਾਂਦਰਾ ਕਰ ਰਹੀ ਸੀ। ਇੰਜ ਕਿਹਾ ਜਾ ਸਕਦਾ ਹੈ ਕਿ ਪਹਿਲੀ ਵਾਰ ਨੇਤਾਵਾਂ ਨੂੰ ਸੁਣਿਆ ਗਿਆ ਹੈ। ਹਾਲਾਂਕਿ ਅਸਿੱਧੇ ਤੌਰ ’ਤੇ ਇਹ ਫ਼ੈਸਲਾ ਵੀ ਹਾਈ ਕਮਾਨ ਦਾ ਹੀ ਹੈ ਕਿਉਂਕਿ ਉਸ ਨੇ ਜੋ ਸਰਵੇ ਕਰਵਾਇਆ ਸੀ ਉਸ ’ਚ ਸਿੱਧੂ ਦੀ ਸਾਰੇ ਨੇਤਾਵਾਂ ਤੋਂ ਵੱਧ ਪ੍ਰਸ਼ੰਸਾ ਹੋਈ ਸੀ। ਨੇਤਾਵਾਂ ’ਤੇ ਸਿੱਧੂ ਨੂੰ ਪ੍ਰਵਾਨ ਕਰਨ ਲਈ ਜ਼ੋਰ ਪਾਇਆ ਗਿਆ ਹੈ। ਹੁਣ ਤਕ ਸਿੱਧੂ ਵੀ ਸਾਰੇ ਕਾਂਗਰਸੀ ਨੇਤਾਵਾਂ ਨੂੰ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਦੀ ਧੌਂਸ ਕਰ ਕੇ ਟਿੱਚ ਸਮਝਦੇ ਰਹੇ ਸਨ ਪਰ ਜਦੋਂ ਸਾਰੇ ਕਾਂਗਰਸੀ ਨੇਤਾਵਾਂ ਨੇ ਵਿਰੋਧ ਕਰ ਦਿੱਤਾ ਤਾਂ ਉਨ੍ਹਾਂ ਨੂੰ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਸਰਦਲ ’ਤੇ ਜਾ ਕੇ ਮਨਾਉਣਾ ਪਿਆ ਹੈ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾਂ ਸਿਆਸਤ ਨਹੀਂ ਹੋ ਸਕਦੀ। ਭਾਵੇਂ ਉਹ ਸੀਨੀਅਰ ਨੇਤਾਵਾਂ ਨੂੰ ਰਜ਼ਾਮੰਦ ਕਰਨ ’ਚ ਸਫ਼ਲ ਹੋ ਗਏ ਹਨ ਪਰ ਛੇਤੀ ਕੀਤਿਆਂ ਘਾਗ ਕਾਂਗਰਸੀਆਂ ਨੇ ਉਨ੍ਹਾਂ ਦੇ ਰਾਹ ’ਚ ਅਸਿੱਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਆ ਕੇ ਕਾਂਗਰਸ ਪਾਰਟੀ ਦਾ ਮੁਖੀ ਬਣਨਾ ਉਨ੍ਹਾਂ ਨੂੰ ਰੜਕਦਾ ਰਹੇਗਾ। ਅੰਦਰਖਾਤੇ ਵਿਰੋਧ ਦੀ ਧੂਣੀ ਕਾਂਗਰਸੀਆਂ ਵਿਚ ਧੁਖਦੀ ਰਹੇਗੀ।

ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਜਿਹੜੇ ਨਵਜੋਤ ਸਿੰਘ ਸਿੱਧੂ ਲਈ 6 ਮਹੀਨੇ ਪਹਿਲਾਂ ਦਰਵਾਜ਼ੇ ਬੰਦ ਕਰ ਚੁੱਕੇ ਸਨ, ਕੀ ਹੁਣ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹ ਸਕਣਗੇ? ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚ ਬਗਾਵਤ ਦੀ ਅੱਗ ਧੁਖਣ ਲੱਗ ਪਈ ਹੈ। ਦਿੱਲੀ ਵਿਚਲੇ ਕਾਂਗਰਸੀ ਸੀਨੀਅਰ ਸਿਆਸੀ ਧੁਰੰਦਰਾਂ ਵੱਲੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹੱਲਾਸ਼ੇਰੀ ਦੇ ਕੇ ਆਪਸ ਵਿਚ ਲੜਾਉਣ ਦੇ ਨਤੀਜੇ ਵਜੋਂ ਪੰਜਾਬ ’ਚ ਕਾਂਗਰਸ ਦੀ ਹਾਲਤ ਹਾਸੋਹੀਣੀ ਹੋ ਗਈ ਸੀ। ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਉਨ੍ਹਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪਈਆਂ ਹਨ।

ਪੰਜਾਬ ਕਾਂਗਰਸ ਦੀ ਆਪਸੀ ਖਿੱਚੋਤਾਣ ਕੋਈ ਨਵੀਂ ਗੱਲ ਨਹੀਂ। ਸਥਾਪਿਤ ਲੀਡਰਸ਼ਿਪ ਵਿਰੁੱਧ ਹਮੇਸ਼ਾ ਹੀ ਅਜਿਹੀ ਘੁਸਰ-ਮੁਸਰ ਹੁੰਦੀ ਰਹਿੰਦੀ ਹੈ। ਵਿਧਾਨਕਾਰਾਂ ਅਤੇ ਵੱਡੇ ਨੇਤਾਵਾਂ ਦੇ ਗਿਲੇ-ਸ਼ਿਕਵੇ ਵੀ ਆਮ ਗੱਲ ਹੈ। ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਵਰਤਮਾਨ ਸਰਕਾਰ ਤਕ ਵਿਰੋਧੀ ਸੁਰਾਂ ਉੱਠਦੀਆਂ ਰਹੀਆਂ ਹਨ। ਵੈਸੇ ਜੇ ਵਿਰੋਧ ਨਾ ਹੋਵੇ ਤਾਂ ਕਈ ਵਾਰ ਮੁੱਖ ਮੰਤਰੀ ਮਨਮਾਨੀਆਂ ਕਰਨ ਲੱਗ ਜਾਂਦੇ ਹਨ। ਹੁਣ ਤਕ ਵਿਰੋਧੀ ਸੁਰਾਂ ਉਠਣ ’ਤੇ ਸਿਰਫ਼ ਦੋ ਵਾਰ ਮੁੱਖ ਮੰਤਰੀਆਂ ਨੂੰ ਬਦਲਿਆ ਹੈ, ਪਹਿਲੀ ਵਾਰ ਪ੍ਰਤਾਪ ਸਿੰਘ ਕੈਰੋਂ ਨੂੰ ਬਦਲ ਕੇ ਗੋਪੀ ਚੰਦ ਭਾਰਗਵ ਨੂੰ ਮੁੱਖ ਮੰਤਰੀ ਬਣਾਇਆ ਸੀ, ਦੂਜੀ ਵਾਰ ਹਰਚਰਨ ਸਿੰਘ ਬਰਾੜ ਨੂੰ ਬਦਲ ਕੇ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ ਵਿਚ ਵੀ ਵਿਰੋਧੀ ਸੁਰਾਂ ਉੱਠੀਆਂ ਸਨ। ਉਦੋਂ ਰਾਜਿੰਦਰ ਕੌਰ ਭੱਠਲ ਨੂੰ ਉਪ ਮੁੱਖ ਮੰਤਰੀ ਬਣਾ ਕੇ ਬਾਗੀਆਂ ਨੂੰ ਚੁੱਪ ਕਰਵਾ ਦਿੱਤਾ ਗਿਆ ਸੀ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇੰਨੀ ਜਦੋਜਹਿਦ ਤੋਂ ਬਾਅਦ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਫ਼ਲ ਹੁੰਦੇ ਹਨ ਕਿ ਨਹੀਂ?

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)

-ਮੋਬਾਈਲ ਨੰ. : 94178-13072

Posted By: Jatinder Singh