ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਹੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ 18 ਸੂਤਰੀ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੇ ਦਿਨਾਂ ’ਚ ਬੇਅਦਬੀ ਤੋਂ ਲੈ ਕੇ ਬਿਜਲੀ ਬਿੱਲ ਮਾਫ਼ੀ ਤਕ ਸਾਰੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਛੋਟੇ ਘਰਾਂ ਵਾਲਿਆਂ ਨੂੰ ਮੁਫ਼ਤ ਪਾਣੀ ਤੇ ਬਿਜਲੀ ਬਿੱਲਾਂ ’ਚ ਕਟੌਤੀ ਕਰਨ ਅਤੇ ਆਮ ਵਿਅਕਤੀ ਨੂੰ ਪਾਰਦਰਸ਼ੀ ਸਰਕਾਰ ਦੇਣ ਦੀ ਗੱਲ ਕਹੀ। ਤਨਖ਼ਾਹ ’ਚ 15 ਫ਼ੀਸਦੀ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਸਰਕਾਰ ਨੇ ਮੁਲਾਜ਼ਮਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਸਵੇਰੇ 9 ਵਜੇ ਦਫ਼ਤਰ ਪਹੁੰਚਣ ਦੇ ਆਦੇਸ਼ ਜਾਰੀ ਕੀਤੇ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਿਆ ਹੈ। ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ’ਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਸਰਕਾਰ ਨੇ ਬਿਹਤਰ ਫ਼ੈਸਲਾ ਕੀਤਾ ਹੈ ਕਿਉਂਕਿ ਪੰਜਾਬ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਨ੍ਹਾਂ ’ਚ ਮਸਾਂ ਛੇ ਕੁ ਮਹੀਨੇ ਬਚੇ ਹਨ। ਚੰਨੀ ਨੂੰ ਉਸ ਵੇਲੇ ਸੀਐੱਮ ਦਾ ਅਹੁਦਾ ਮਿਲਿਆ ਹੈ ਜਦੋਂ ਕਾਰਜਕਾਲ ਛੋਟਾ ਤੇ ਚੁਣੌਤੀਆਂ ਵੱਡੀਆਂ ਹਨ। ਉਨ੍ਹਾਂ ਨੇ ਹਾਲਾਂਕਿ ਪਹਿਲੇ ਦਿਨ ਆਪਣੇ ਭਾਸ਼ਣ ’ਚ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਛੋਟੇ ਕਾਰਜਕਾਲ ਦੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਸਮਰੱਥ ਹਨ ਪਰ ਅਜੇ ਵੀ ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਨਹੀਂ ਹੋਇਆ। ਸੀਐੱਮ ਲਈ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੀ ਆਪਸੀ ਖ਼ਾਨਾਜੰਗੀ ਹੈ। ਇਸ ਵੇਲੇ ਪਾਰਟੀ ਦੋ ਧੜਿਆਂ ’ਚ ਵੰਡੀ ਹੋਈ ਹੈ। ਕੈਪਟਨ ਧੜੇ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਚੰਨੀ ਜੇਕਰ ਦੋਵਾਂ ਧੜਿਆਂ ਨੂੰ ਇਕ ਕਰਨ ’ਚ ਕਾਮਯਾਬ ਹੁੰਦੇ ਹਨ ਤਾਂ ਪਾਰਟੀ ਲਈ ਚੋਣ ਲੜਨਾ ਆਸਾਨ ਹੋ ਜਾਵੇਗਾ। ਜੇਕਰ ਇਹ ਖ਼ਾਨਾਜੰਗੀ ਖ਼ਤਮ ਨਹੀਂ ਹੁੰਦੀ ਤਾਂ ਕਾਂਗਰਸ ਨੂੰ ਚੋਣਾਂ ’ਚ ਮੁਸ਼ਕਲ ਹੋ ਸਕਦੀ ਹੈ। ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ’ਚ ਸ਼ਾਮਲ ਹੋਰ ਆਗੂਆਂ ਨੂੰ ਵੀ ਚੰਨੀ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ੇ, ਘਰ-ਘਰ ਰੁਜ਼ਗਾਰ, ਕਿਸਾਨੀ ਦੇ ਸਮੁੱਚੇ ਕਰਜ਼ੇ ਦੀ ਮਾਫ਼ੀ, ਰੇਤ ਮਾਫ਼ੀਆ ਸਮੇਤ ਬਹੁਤ ਸਾਰੇ ਮੁੱਦੇ ਅਗਲੀਆਂ ਚੋਣਾਂ ’ਚ ਕਾਂਗਰਸ ਲਈ ਵੱਡੀ ਚੁਣੌਤੀ ਹੋਣਗੇ। ਕਾਂਗਰਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਚੋਣਾਂ ਸੀਐੱਮ ਚੰਨੀ ਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਸੰਨ 2017 ਦੀਆਂ ਚੋਣਾਂ ’ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਵਜੋਂ ਪੇਸ਼ ਕੀਤਾ ਸੀ। ਇਸ ਵਾਰ ਚੋਣਾਂ ’ਚ ਕਾਂਗਰਸ ਦਾ ਸੀਐੱਮ ਦਾ ਚਿਹਰਾ ਕੌਣ ਹੋਵੇਗਾ, ਇਹ ਵੀ ਦੇਖਣਾ ਹੋਵੇਗਾ। ਕੈਪਟਨ ਨੂੰ ਇਸ ਕਾਰਨ ਬਦਲਿਆ ਗਿਆ ਕਿਉਂਕਿ ਵਿਧਾਇਕਾਂ ਦਾ ਮੰਨਣਾ ਸੀ ਕਿ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਸਾਢੇ ਚਾਰ ਸਾਲ ’ਚ ਵੀ ਪੂਰੇ ਨਹੀਂ ਕੀਤੇ ਗਏ। ਚੰਨੀ ਕੋਲ ਟੀਚਾ ਵੱਡਾ ਹੈ ਅਤੇ ਸਮਾਂ ਘੱਟ। ਸਾਢੇ ਚਾਰ ਸਾਲਾਂ ਦੀਆਂ ਕਮੀਆਂ ਦੂਰ ਕਰਨ ਲਈ ਚੰਨੀ ਤੇ ਸਿੱਧੂ ਨੂੰ ਮਿਲ ਕੇ ਦਿਨ-ਰਾਤ ਕੰਮ ਕਰਨਾ ਹੋਵੇਗਾ ਤਾਂ ਜੋ ਕਾਂਗਰਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੋੜਿਆ ਜਾ ਸਕੇ। ਪਿਛਲੀਆਂ ਗ਼ਲਤੀਆਂ ਤੋਂ ਸਿੱਖ ਕੇ ਕਾਂਗਰਸ ਹਾਈਕਮਾਨ ਤੇ ਸੂਬਾਈ ਲੀਡਰਸ਼ਿਪ ਨੂੰ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਵਿਕਾਸ ਦੇ ਨਾਲ-ਨਾਲ ਚੋਣਾਂ ’ਚ ਵੀ ਪਾਰਟੀ ਨੂੰ ਸਫਲਤਾ ਮਿਲ ਸਕੇ।

Posted By: Jatinder Singh