-ਨਵਜੋਤ ਸਿੰਘ

ਸਿੱਖ ਇਤਿਹਾਸ ਲੰਬੇ ਸੰਘਰਸ਼ਾਂ ਦੀ ਗਾਥਾ ਹੈ। ਸਿੱਖ ਕੌਮ ਆਪਣੇ ਹੱਕਾਂ ਲਈ ਹਮੇਸ਼ਾ ਜਬਰ-ਜ਼ੁਲਮ ਦਾ ਮੂੰਹ ਤੋੜ ਜਵਾਬ ਦਿੰਦੀ ਰਹੀ ਹੈ। ਚਾਬੀਆਂ ਦਾ ਮੋਰਚਾ 20ਵੀਂ ਸਦੀ ਦੇ ਸਿੱਖ ਇਤਿਹਾਸ ’ਚ ਵਿਸ਼ੇਸ਼ ਮਹੱਤਵ ਰੱਖਣ ਵਾਲਾ ਉਹ ਅਨੋਖਾ ਮੋਰਚਾ ਹੈ, ਜੋ ਸਿੱਖਾਂ ਦੀ ਨਿਰਭਉ ਤੇ ਸਿਦਕੀ ਸ਼ਖ਼ਸੀਅਤ ਦੀ ਤਰਜਮਾਨੀ ਕਰਦਾ ਹੈ ਅਤੇ ਹਕੂਮਤਾਂ ਦੇ ਤਾਨਾਸ਼ਾਹੀ ਫੁਰਮਾਨਾਂ ਨੂੰ ਬਿਨਾਂ ਡਰ ਤੋਂ ਨਾਕਬੂਲ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੋਰਚੇ ਵਿਚ ਪ੍ਰਾਪਤ ਹੋਈ ਜਿੱਤ 20ਵੀਂ ਸਦੀ ਦੇ ਸਿੱਖ ਸੰਘਰਸ਼ ਦੀਆਂ ਜਿੱਤਾਂ ’ਚੋਂ ਇੱਕ ਮੰਨੀ ਜਾਂਦੀ ਹੈ।

ਸਿੱਖ ਸ਼ਕਤੀ ਅੱਗੇ ਅੰਗਰੇਜ਼ ਸਰਕਾਰ ਦਾ ਝੁਕਣਾ ਅਤੇ ਇਸ ਮੋਰਚੇ ਦੀ ਜਿੱਤ ਨੇ ਸਿੱਖ ਸ਼ਕਤੀ ਨੂੰ ਮਜ਼ਬੂਤੀ ਅਤੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਹੋਰ ਉਤਸ਼ਾਹਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੁਆਰਾ ਧੱਕੇ ਨਾਲ ਕਬਜ਼ੇ ਵਿਚ ਕੀਤੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਸੰਬੰਧਿਤ ਤੋਸ਼ੇਖਾਨੇ ਆਦਿ ਦੀਆਂ ਚਾਬੀਆਂ ਨੂੰ ਵਾਪਸ ਲੈਣ ਲਈ ਕੀਤੇ ਸੰਘਰਸ਼ ਨੂੰ ਇਤਿਹਾਸ ਵਿਚ ‘ਚਾਬੀਆਂ ਦੇ ਮੋਰਚੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਅੰਗਰੇਜ਼ ਸਰਕਾਰ ਨੇ ਸਿੱਖ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਖਾਂ ਦੇ ਧਾਰਮਿਕ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਕਰਨ ਲਈ ਯਤਨ ਆਰੰਭੇ ਹੋਏ ਸਨ। ਇਹ ਮੋਰਚਾ ਵੀ ਸਰਕਾਰ ਦੇ ਉਨ੍ਹਾਂ ਆਰੰਭੇ ਯਤਨਾਂ ਨੂੰ ਨਾਕਾਮ ਕਰਨ ਅਤੇ ਸਰਕਾਰ ਨੂੰ ਸਿੱਖ ਸ਼ਕਤੀ ਦਾ ਅਹਿਸਾਸ ਕਰਾਉਣ ਲਈ ਉਤਪੰਨ ਹੋਇਆ।

ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰਬਰਾਹ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਕੋਲ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸਨ। 29 ਅਕਤੂਬਰ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮਤਾ ਪਾਸ ਕੀਤਾ, ਜਿਸ ਵਿਚ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਨੂੰ ਰੱਖਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮਤੇ ਅਨੁਸਾਰ ਸੁੰਦਰ ਸਿੰਘ ਨੂੰ ਚਾਬੀਆਂ ਪ੍ਰਧਾਨ ਬਾਬਾ ਖੜਕ ਸਿੰਘ ਜੀ (ਸੁੰਦਰ ਸਿੰਘ ਮਜੀਠੀਆ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ) ਨੂੰ ਦੇਣ ਲਈ ਕਿਹਾ ਗਿਆ।

ਜਦੋਂ ਇਸ ਗੱਲ ਦਾ ਪਤਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਲੱਗਾ ਤਾਂ ਉਸ ਨੇ 7 ਨਵੰਬਰ 1921 ਨੂੰ ਲਾਲਾ ਅਮਰਨਾਥ ਨੂੰ ਭੇਜ ਕੇ ਸੁੰਦਰ ਸਿੰਘ ਤੋਂ 53 ਚਾਬੀਆਂ ਦਾ ਗੁੱਛਾ ਆਪਣੇ ਕਬਜ਼ੇ ਵਿਚ ਕਰ ਲਿਆ। ਸਰਕਾਰ ਵੱਲੋਂ ਇਸ ਆਪਹੁਦਰੀ ਕਰਨ ਦੇ ਫਲਸਰੂਪ ਸਿੱਖਾਂ ਅੰਦਰ ਸਰਕਾਰ ਪ੍ਰਤੀ ਵਿਦਰੋਹ ਨੇ ਜਨਮ ਲਿਆ ਕਿਉਂਕਿ ਗੱਲ ਹੁਣ ਕੌਮੀ ਕੇਂਦਰੀ ਸਥਾਨ ਦੀ ਮਾਣ-ਮਰਿਯਾਦਾ ਦੀ ਸੀ, ਸਿੱਖਾਂ ਨੇ ਇਸ ਦਾ ਵੱਡੇ ਪੱਧਰ ’ਤੇ ਵਿਰੋਧ ਕਰਨਾ ਆਰੰਭ ਕੀਤਾ।

11 ਨਵੰਬਰ ਨੂੰ ਸਰਕਾਰ ਨੇ ਕਪਤਾਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਨਿਯੁਕਤ ਕਰ ਕੇ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਉਸ ਹੱਥ ਚਾਬੀਆਂ ਭੇਜੀਆਂ ਪਰ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਨੇ ਸਰਬਰਾਹ ਪ੍ਰਵਾਨ ਨਹੀਂ ਕੀਤਾ। ਇਸੇ ਦਿਨ ਅੰਮਿ੍ਰਤਸਰ ਵਿਖੇ ਸਰਕਾਰ ਦੇ ਵਿਰੋਧ ਵਿਚ ਰੋਸ ਸਭਾ ਬੁਲਾਈ ਗਈ, ਜਿਸ ਵਿਚ ਬਾਬਾ ਖੜਕ ਸਿੰਘ ਅਤੇ ਹੋਰ ਅਕਾਲੀ ਆਗੂਆਂ ਨੇ ਸੰਬੋਧਨ ਕੀਤਾ।

ਇਸ ਸਭਾ ਵਿਚ ਸਰਕਾਰ ਨਾਲ ਨਾ- ਮਿਲਵਰਤਣ ਦੀ ਲਹਿਰ ਆਰੰਭ ਕਰਨ ਦਾ ਮਤਾ ਪਕਾਇਆ ਗਿਆ। 12 ਨਵੰਬਰ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲਿਆ ਕਿ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਸਰਬਰਾਹ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਦਖ਼ਲ ਨਾ ਦੇਣ ਦਿੱਤਾ ਜਾਵੇ ਤੇ ਚਾਬੀਆਂ ਨਾ ਮਿਲਣ ਤਕ ਸੰਘਰਸ਼

ਜਾਰੀ ਰੱਖਿਆ ਜਾਵੇ। ਅਖ਼ਬਾਰਾਂ ’ਚ ਸਰਕਾਰ ਦੀ ਇਸ ਆਪਹੁਦਰੀ ਤੇ ਤਾਨਾਸ਼ਾਹੀ ਨੀਤੀ ਦੀ ਲੇਖਕਾਂ ਵੱਲੋਂ ਵੱਡੇ ਪੱਧਰ ’ਤੇ ਆਲੋਚਨਾ ਕੀਤੀ ਗਈ।

26 ਨਵੰਬਰ, 1921 ਨੂੰ ਸਰਕਾਰ ਤੇ ਅਕਾਲੀਆਂ ਵੱਲੋਂ ਆਪੋ-ਆਪਣਾ ਪੱਖ ਪੇਸ਼ ਕਰਨ ਲਈ ਅਜਨਾਲੇ ਸਭਾ ਬੁਲਾਈ ਗਈ। 26 ਨਵੰਬਰ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਨਾਲੇ ਹੀ ਆਪਣੀ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ। ਜਦੋਂ ਇਸ ਦਾ ਪਤਾ ਸਰਕਾਰ ਨੂੰ ਲੱਗਾ ਤਾਂ ਸਰਕਾਰ ਨੇ ਜਲਸੇ-ਜਲੂਸ ਕਰਨ ’ਤੇ ਪਾਬੰਦੀ ਲਾ ਦਿੱਤੀ।

26 ਨਵੰਬਰ ਨੂੰ ਸਰਕਾਰ ਵੱਲੋਂ ਜਲਸਾ ਕੀਤਾ ਗਿਆ, ਉੱਥੇ ਅਕਾਲੀਆਂ ਵੱਲੋਂ ਦੀਵਾਨ ਲਾਇਆ ਗਿਆ। ਸਰਕਾਰ ਦੇ ਹੁਕਮ ਦੇ ਵਿਰੋਧ ਵਿਚ ਦੀਵਾਨ ਲਾਉਣ ਦੇ ਇਲਜ਼ਾਮ ਲਾ ਕੇ ਸਰਕਾਰ ਨੇ ਮੁਖੀ ਸਿੱਖਾਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਤੇਜਾ ਸਿੰਘ, ਜਸਵੰਤ ਸਿੰਘ, ਤੇਜਾ ਸਿੰਘ ਸਮੁੰਦਰੀ ਆਦਿ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਇਨ੍ਹਾਂ ਗਿ੍ਫਤਾਰੀਆਂ ਨੇ ਇਸ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ। ਇਸ ਘਟਨਾ ਦੇ ਰੋਸ ਵਿਚ 27 ਨਵੰਬਰ ਨੂੰ ਜਗ੍ਹਾ-ਜਗ੍ਹਾ ਰੋਸ ਦਿਵਸ ਵਜੋਂ ਮਨਾਇਆ ਗਿਆ।

ਸਿੱਖਾਂ ਨੇ ਰੋਸ ਦੀਵਾਨ ਲਾਉਣੇ ਆਰੰਭ ਕਰ ਦਿੱਤੇ। ਇਹ ਲਹਿਰ ਦਿਨੋਂ-ਦਿਨ ਹੋਰ ਸਰਗਰਮ ਹੁੰਦੀ ਗਈ। ਸਿੱਖਾਂ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹਾਂ ਵਿਚ ਭੇਜਿਆ ਜਾਣ ਲੱਗਿਆ। ਪਹਿਲੀ ਜਨਵਰੀ 1922 ਨੂੰ ਸਿੱਖ ਸੰਸਥਾਵਾਂ ਵੱਲੋਂ ਕਾਨਫਰੰਸ ਕਰ ਕੇ ਸਰਕਾਰ ਦੇ ਵਿਰੋਧ ਵਿਚ ਮਤਾ ਪਕਾਇਆ ਗਿਆ। 6 ਜਨਵਰੀ ਨੂੰ ਖ਼ਾਲਸਾ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਵੀ ਦੋ ਮਤੇ ਪਾਸ ਕੀਤੇ ਗਏ। ਪਹਿਲਾ ਮਤਾ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਿੱਖ ਜਥੇਬੰਦੀ ਹੈ, ਜਿਸ ਕਰਕੇ ਉਸ ਨੂੰ ਚਾਬੀਆਂ ਦਿੱਤੀਆਂ ਜਾਣ। ਦੂਜਾ ਮਤਾ ਇਹ ਸੀ ਕਿ ਚਾਬੀਆਂ ਸਬੰਧੀ ਲਾਏ ਦੀਵਾਨ ਧਾਰਮਿਕ ਦੀਵਾਨ ਹਨ। ਅਖ਼ਬਾਰਾਂ ਵਿਚ ਛਪਣ ਕਰਕੇ ਇਨ੍ਹਾਂ ਮਤਿਆਂ ਦਾ ਸਰਕਾਰ ਉੱਪਰ ਬਹੁਤ ਅਸਰ ਹੋਇਆ।

ਅਖੀਰ ਸਰਕਾਰ ਨੇ ਸਿੱਖ ਸ਼ਕਤੀ ਅੱਗੇ ਝੁਕਦਿਆਂ 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਚਾਬੀਆਂ ਵਾਪਸ ਦੇਣੀਆਂ ਚਾਹੀਆਂ ਪਰ ਸਿੱਖਾਂ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਸਿੱਖਾਂ ਨੇ ਸਰਕਾਰ ਵੱਲੋਂ ਗਿ੍ਫ਼ਤਾਰ ਕੀਤੇ ਸਿੱਖਾਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ। 11 ਜਨਵਰੀ 1922 ਨੂੰ ਸਰਕਾਰ ਨੇ ਸਰ ਜਾਹਨ ਐਨਾਰਡ ਰਾਹੀਂ ਪੰਜਾਬ ਕੌਂਸਲ ਵਿਚ ਗਿ੍ਫ਼ਤਾਰ ਕੀਤੇ ਸਭ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ।

17 ਜਨਵਰੀ ਨੂੰ 150 ਸਿੱਖਾਂ ਨੂੰ ਰਿਹਾਅ ਕਰ ਦਿੱਤਾ ਗਿਆ। 19 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਤੇ ਸਰਕਾਰ ਨੇ ਆਪਣਾ ਪ੍ਰਤੀਨਿਧ ਭੇਜ ਕੇ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ

ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ। ਇਸ ਤਰ੍ਹਾਂ ਚਾਬੀਆਂ ਦੇ ਮੋਰਚੇ ਵਿਚ ਸਿੱਖਾਂ ਦੀ ਸੁਹਿਰਦਤਾ ਅਤੇ ਸਿਦਕੀ ਸ਼ਖ਼ਸੀਅਤ ਦੇ ਸਾਹਮਣੇ ਸਰਕਾਰ ਨੂੰ ਝੁਕਣਾ ਹੀ ਪਿਆ ਤੇ ਅਖੀਰ ਸਿੱਖਾਂ ਨੂੰ ਫ਼ਤਹਿ ਪ੍ਰਾਪਤ ਹੋਈ।

ਇਸ ਨਾਲ ਸਾਬਤ ਹੋ ਗਿਆ ਕਿ ਸੰਘਰਸ਼ ਵਿਚ ਜਿੱਤ ਹਮੇਸ਼ਾ ਇਤਫ਼ਾਕ ਦੀ ਮੁਥਾਜ ਹੁੰਦੀ ਹੈ। ਇਹ ਮੋਰਚਾ ਤਵਾਰੀਖ਼ ਨੂੰ ਮੋੜਾ ਦੇਣ ਵਾਲਾ ਸਾਬਤ ਹੋਇਆ।

ਸੰਪਰਕ ਨੰ : 84379-23269

Posted By: Jagjit Singh