-ਜਗਤਾਰ ਸਿੰਘ ਸਿੱਧੂ

ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਪੰਜਾਬ ਵਿਚ 1993 ਤੋਂ ਅਕੂਤਬਰ 2019 ਤਕ ਕੁੱਲ 78589 ਮਾਮਲੇ ਐੱਚਆਈਵੀ ਦੇ ਰਿਕਾਰਡ ਹੋਏ ਹਨ ਜਿਨ੍ਹਾਂ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਸਭ ਤੋਂ ਜ਼ਿਆਦਾ 16848 ਪੌਜ਼ਿਟਿਵ ਕੇਸ ਹਨ। ਜ਼ਿਆਦਾਤਰ ਕੇਸਾਂ ਪਿੱਛੇ ਕਾਰਨ ਨਸ਼ੇ ਲਈ ਸਾਂਝੀਆਂ ਸੂਈਆਂ-ਸਰਿੰਜਾਂ ਦੀ ਵਰਤੋਂ ਹੈ।

ਮੰਨਿਆ ਜਾਂਦਾ ਹੈ ਕਿ ਇਸ ਨਾਮੁਰਾਦ ਅਤੇ ਲਾਇਲਾਜ ਬਿਮਾਰੀ ਦੀ ਸ਼ੁਰੂਆਤ ਦੱਖਣੀ ਅਫਰੀਕਾ 'ਚ ਚਿੰਪੈਂਜ਼ੀ ਨਸਲ ਦੇ ਜਾਨਵਰ ਤੋਂ ਸ਼ੁਰੂ ਹੋਈ ਤੇ ਇਹ ਮਨੁੱਖ ਤਕ ਪਹੁੰਚੀ। ਭਾਰਤ ਵਿਚ ਏਡਜ਼ ਦਾ ਪਹਿਲਾ ਮਰੀਜ਼ 1986 ਵਿਚ ਕੋਲਕਾਤਾ ਵਿਚ ਮਿਲਿਆ ਸੀ। ਦੁਨੀਆ 'ਚ ਐੱਚਆਈਵੀ ਪੀੜਤਾਂ ਦੀ ਗਿਣਤੀ ਪੱਖੋਂ ਭਾਰਤ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਦੁਨੀਆ ਭਰ 'ਚ ਤਕਰੀਬਨ 36.9 ਮਿਲੀਅਨ ਲੋਕ ਐੱਚਆਈਵੀ ਪੌਜ਼ਿਟਿਵ ਹਨ ਜਿਨ੍ਹਾਂ ਵਿਚ 2.6 ਮਿਲੀਅਨ ਬੱਚੇ ਸ਼ਾਮਲ ਹਨ। ਏਡਜ਼ ਦੀਆਂ ਜਾਂਚ ਸਹੂਲਤਾਂ ਹੋਣ ਦੇ ਬਾਵਜੂਦ ਸਿਰਫ਼ 51 ਫ਼ੀਸਦੀ ਲੋਕਾਂ ਨੇ ਆਪਣੀ ਐੱਚਆਈਵੀ ਜਾਂਚ ਕਰਵਾਈ ਹੈ। ਪਿਛਲੇ 15 ਸਾਲਾਂ ਵਿਚ ਏਡਜ਼ ਕਾਰਨ ਮਰਨ ਵਾਲੇ ਕਿਸ਼ੋਰਾਂ ਦੇ ਮੌਤ ਅੰਕੜਿਆਂ ਵਿਚ 3 ਗੁਣਾ ਵਾਧਾ ਹੋਇਆ ਹੈ। ਭਾਰਤ ਵਿਚ ਤਕਰੀਬਨ 21.40 ਲੱਖ ਤੋਂ ਵੱਧ ਲੋਕ ਐੱਚਆਈਵੀ ਪੀੜਤ ਹਨ। ਭਾਰਤ ਦੇ ਕੁੱਲ ਏਡਜ਼ ਪੀੜਤਾਂ 'ਚੋਂ ਲਗਪਗ 55 ਫ਼ੀਸਦੀ ਰੋਗੀ 4 ਰਾਜਾਂ ਆਂਧਰਾ ਪ੍ਰਦੇਸ਼ (5 ਲੱਖ) ਮਹਾਰਾਸ਼ਟਰ (4.2 ਲੱਖ) ਕਰਨਾਟਕ (2.5 ਲੱਖ) ਅਤੇ ਤਾਮਿਲਨਾਡੂ (1.5 ਲੱਖ) ਵਿਚ ਰਹਿੰਦੇ ਹਨ।

ਇਸ ਸੰਬੰਧੀ ਜਨ ਜਾਗਰੂਕਤਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖੋ-ਵੱਖਰੇ ਖੇਤਰਾਂ ਵਿਚ ਏਡਜ਼ ਸਬੰਧੀ ਜਾਗਰੂਕਤਾ ਲਈ 1 ਦਸੰਬਰ 2007 ਨੂੰ ਰੈੱਡ ਰਿਬਨ ਟ੍ਰੇਨ ਵੀ ਚਲਾਈ ਗਈ। ਦੇਸ਼ ਅਤੇ ਸੂਬਿਆਂ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਵੀ ਏਡਜ਼ ਬਾਰੇ ਗਾਹੇ-ਬਗਾਹੇ ਚਰਚਾ ਹੁੰਦੀ ਰਹਿੰਦੀ ਹੈ। ਸਮਾਜਿਕ ਸਰੋਕਾਰਾਂ ਨੂੰ ਪਹਿਲ ਦੇਣ ਵਾਲੇ ਕੁਝ ਟੈਲੀਵਿਜ਼ਨ ਚੈਨਲ ਵੀ ਇਸ ਬਾਰੇ ਪ੍ਰੋਗਰਾਮ ਪ੍ਰਸਾਰਿਤ ਕਰਦੇ ਰਹਿੰਦੇ ਹਨ। ਇਸ ਨਾਲ ਲੋਕਾਂ ਵਿਚ ਜਾਗਰੂਕਤਾ ਆਉਂਦੀ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਸਵੈ-ਸੇਵੀ ਸੰਸਥਾਵਾਂ ਵੀ ਇਸ ਬਾਰੇ ਸਮੇਂ-ਸਮੇਂ ਸੈਮੀਨਾਰ-ਵਰਕਸ਼ਾਪਾਂ ਆਦਿ ਦਾ ਆਯੋਜਨ ਕਰਦੀਆਂ ਹਨ। ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਦੇ ਮੰਤਵ ਨਾਲ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ।

ਸੰਸਾਰ ਭਰ ਵਿਚ ਇਕ ਦਸੰਬਰ ਦਾ ਦਿਨ ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾਉਣ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ ਹੋਈ ਜਿਸ ਦਾ ਮੰਤਵ ਐੱਚਆਈਵੀ ਏਡਜ਼ ਤੋਂ ਗ੍ਰਸਤ ਲੋਕਾਂ ਦੀ ਮਦਦ ਲਈ ਧਨ ਜੁਟਾਉਣਾ, ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕਰਨਾ ਅਤੇ ਏਡਜ਼ ਨਾਲ ਜੁੜੀਆਂ ਮਿੱਥਾਂ ਨੂੰ ਦੂਰ ਕਰ ਕੇ ਲੋਕਾਂ ਨੂੰ ਸਿੱਖਿਅਤ ਕਰਨਾ ਸੀ। ਇਸ ਰੋਗ ਨੂੰ ਪਹਿਲੀ ਵਾਰ 1981 ਵਿਚ ਮਾਨਤਾ ਮਿਲੀ ਅਤੇ ਇਹ ਏਡਜ਼ ਦੇ ਨਾਂ ਨਾਲ ਪਹਿਲੀ ਵਾਰ 27 ਜੁਲਾਈ 1982 ਨੂੰ ਜਾਣਿਆ ਗਿਆ। ਵਿਸ਼ਵ ਏਡਜ਼ ਦਿਵਸ ਸਬੰਧੀ ਪਹਿਲੀ ਵਾਰ ਕਲਪਨਾ 1987 ਵਿਚ ਅਗਸਤ ਮਹੀਨੇ ਵਿਚ ਥਾਮਸ ਨੇਟਰ ਅਤੇ ਜੇਮਜ਼ ਡਬਲਿਯੂ ਬੰਨ ਦੁਆਰਾ ਕੀਤੀ ਗਈ। ਇਹ ਦੋਵੇਂ ਵਿਸ਼ਵ ਸਿਹਤ ਸੰਗਠਨ-ਜੈਨੇਵਾ ਦੇ ਏਡਜ਼ ਗਲੋਬਲ ਪ੍ਰੋਗਰਾਮ ਲਈ ਜਨਤਕ ਸੂਚਨਾ ਅਧਿਕਾਰੀ ਸਨ। ਉਨ੍ਹਾਂ ਨੇ ਏਡਜ਼ ਦਿਵਸ ਦਾ ਆਪਣਾ ਵਿਚਾਰ ਡਾ. ਜਾਨ ਨਾਥਨ ਮੰਨ (ਏਡਜ਼ ਗਲੋਬਲ ਪ੍ਰੋਗਰਾਮ ਨਿਰਦੇਸ਼ਕ) ਨਾਲ ਸਾਂਝਾ ਕੀਤਾ ਜਿਨ੍ਹਾਂ ਨੇ ਇਸ ਵਿਚਾਰ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਸਾਲ 1988 ਵਿਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ। ਐੱਚਆਈਵੀ ਏਡਜ਼ ਦਾ ਕੌਮਾਂਤਰੀ ਨਿਸ਼ਾਨ ਲਾਲ ਰਿਬਨ ਹੈ ਜੋ ਕਿ 1991 ਵਿਚ ਅਪਣਾਇਆ ਗਿਆ। ਸਾਲ 2019 ਦੇ ਵਿਸ਼ਵ ਏਡਜ਼ ਦਿਵਸ ਦਾ ਥੀਮ ਹੈ-''ਸਮਾਜ ਫ਼ਰਕ ਲਿਆਉਂਦਾ ਹੈ (ਕਮਿਊਨਿਟੀਜ਼ ਮੇਕਸ ਦਿ ਡਿਫਰੈਂਸ)।''” ਏਡਜ਼ (ਐਕੁਆਇਰਡ ਇਮਿਊਨੋ ਡੈਫੀਸ਼ੈਸੀ ਸਿੰਡੋਰਮ) ਐੱਚਆਈਵੀ (ਹਿਊਮਨ ਇਮਿਊਨੋ ਡੈਫੀਸ਼ੈਂਸੀ ਵਾਇਰਸ) ਇਨਫੈਕਸ਼ਨ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅੱਗੇ ਚੱਲ ਕੇ ਏਡਜ਼ ਦਾ ਕਾਰਨ ਬਣਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਐੱਚਆਈਵੀ ਤੋਂ ਗ੍ਰਸਤ ਵਿਅਕਤੀ ਨੂੰ ਏਡਜ਼ ਹੋਵੇ। ਆਮ ਤੌਰ 'ਤੇ ਐੱਚਆਈਵੀ ਗ੍ਰਸਤ ਵਿਅਕਤੀ ਵਿਚ 8 ਤੋਂ 10 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੀ ਏਡਜ਼ ਹੋਣ ਦੇ ਲੱਛਣ ਦਿਖਣੇ ਸ਼ੁਰੂ ਹੁੰਦੇ ਹਨ। ਇਸ ਦੌਰਾਨ ਐੱਚਆਈਵੀ ਪੀੜਤ ਵਿਅਕਤੀ ਸਿਹਤਮੰਦ ਨਜ਼ਰ ਆਉਂਦਾ ਹੈ। ਏਡਜ਼ ਪੀੜਤ ਦਾ ਵਜ਼ਨ ਅਚਾਨਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇਂ ਤਕ ਬੁਖਾਰ ਦੀ ਸ਼ਿਕਾਇਤ, ਚਮੜੀ 'ਤੇ ਗੁਲਾਬੀ ਰੰਗ ਦੇ ਧੱਬੇ, ਸਰੀਰ 'ਤੇ ਦਾਣੇ ਨਿਕਲ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਅਤੇ ਨਾੜਾਂ ਵਿਚ ਸੋਜ਼ ਆਦਿ ਵੀ ਹੋ ਸਕਦੀ ਹੈ।

ਏਡਜ਼ ਦੀ ਜਾਂਚ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਕੁਝ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਜਾਂਚ ਦੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ। ਅਸਲ ਵਿਚ ਇਸ ਬਿਮਾਰੀ ਦਾ ਅਜੇ ਤਕ ਕੋਈ ਵੀ ਸਫਲ ਇਲਾਜ ਤਾਂ ਨਹੀਂ ਲੱਭਿਆ ਜਾ ਸਕਿਆ ਪਰ ਕੁਝ ਦਵਾਈਆਂ ਅਤੇ ਸਾਵਧਾਨੀਆਂ ਨਾਲ ਮਰੀਜ਼ ਦੀ ਉਮਰ ਜ਼ਰੂਰ ਵਧਾਈ ਜਾ ਸਕਦੀ ਹੈ। ਪੰਜਾਬ ਦੇ ਲਗਪਗ ਸਾਰੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਸਰਕਾਰੀ ਹਸਪਤਾਲਾਂ ਵਿਚ ਆਈਟੀਸੀਟੀ ਕੇਂਦਰ ਬਣਾਏ ਗਏ ਹਨ ਜਿੱਥੇ ਮਰੀਜ਼ ਇਲਾਜ ਸਬੰਧੀ ਸੇਵਾਵਾਂ ਲੈ ਸਕਦੇ ਹਨ। ਏਡਜ਼ ਛੂਆ-ਛੂਤ ਦੀ ਬਿਮਾਰੀ ਨਹੀਂ ਹੈ। ਨਾ ਹੀ ਇਹ ਕਿਸੇ ਨਾਲ ਉੱਠਣ-ਬੈਠਣ ਨਾਲ ਫੈਲਦੀ ਹੈ। ਨਾ ਹੀ ਹੱਥ ਮਿਲਾਉਣ,।ਮੱਛਰ ਦੇ ਕੱਟਣ, ਗਲੇ ਮਿਲਣ ਜਾਂ ਖੰਘਣ ਆਦਿ ਨਾਲ ਫੈਲਦੀ ਹੈ। ਏਡਜ਼ ਐੱਚਆਈਵੀ ਸੰਕ੍ਰਮਿਤ ਗਰਭਵਤੀ ਔਰਤ ਤੋਂ ਉਸ ਦੇ ਬੱਚੇ ਨੂੰ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੈਕਸ ਸਬੰਧਾਂ ਕਾਰਨ, ਸੰਕ੍ਰਮਿਤ ਲਹੂ ਚੜ੍ਹਾਉਣ, ਸਰਿੰਜਾਂ ਅਤੇ ਸੂਈਆਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਵੀ ਹੋ ਸਕਦੀ ਹੈ। ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੈਕਸ ਸਬੰਧ ਸਥਾਪਤ ਕਰਨਾ ਇਸ ਦੇ ਫੈਲਣ ਦੇ ਮੁੱਖ ਕਾਰਨਾਂ 'ਚੋਂ ਇਕ ਹੈ। ਅਜਿਹੇ ਸਬੰਧ ਸਮਲਿੰਗਕ ਵੀ ਹੋ ਸਕਦੇ ਹਨ। ਯੋਗ ਡਾਕਟਰਾਂ ਦੀ ਦੇਖ-ਰੇਖ ਹੇਠ ਐੱਚਆਈਵੀ ਸੰਕ੍ਰਮਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ।

10 ਸਤੰਬਰ 2018 ਤੋਂ ਐੱਚਆਈਵੀ ਅਤੇ ਏਡਜ਼ ਪੀੜਤਾਂ ਨਾਲ ਇਲਾਜ ਸਬੰਧੀ, ਰੁਜ਼ਗਾਰ ਅਤੇ ਕਾਰਜ ਸਥਾਨ ਆਦਿ 'ਤੇ ਕਿਸੇ ਤਰ੍ਹਾਂ ਦਾ ਭੇਦਭਾਵ, ਸ਼ੋਸ਼ਣ ਨਾ ਹੋਵੇ, ਇਸ ਲਈ ਐੱਚਆਈਵੀ ਅਤੇ ਏਡਜ਼ (ਪ੍ਰੀਵੈਂਸ਼ਨ ਐਂਡ ਕੰਟਰੋਲ) ਐਕਟ 2017 ਲਾਗੂ ਹੋਇਆ ਹੈ ਜਿਸ ਵਿਚ ਦੋਸ਼ੀ ਨੂੰ ਸਜ਼ਾ ਅਤੇ ਜੁਰਮਾਨੇ ਆਦਿ ਦੀ ਵਿਵਸਥਾ ਹੈ।

ਐੱਚਆਈਵੀ ਅਤੇ ਏਡਜ਼ ਦੇ ਸਫ਼ਲ ਇਲਾਜ ਲਈ ਵਿਗਿਆਨਕਾਂ ਦੁਆਰਾ ਨਿਰੰਤਰ ਖੋਜ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਭਵਿੱਖ ਵਿਚ ਚੰਗੇ ਸਿੱਟੇ ਪ੍ਰਾਪਤ ਹੋ ਸਕਦੇ ਹਨ ਪਰ ਵਰਤਮਾਨ ਸਮੇਂ ਲਾਜ਼ਮੀ ਤੌਰ 'ਤੇ ਪੀੜਤਾਂ ਨੂੰ ਕਿਸੇ ਦੇ ਰੂੜੀਵਾਦੀ ਕੀਤੇ ਜਾਂਦੇ ਦਾਅਵਿਆਂ, ਵਾਅਦਿਆਂ ਦੇ ਭੰਬਲਭੂਸੇ 'ਚ ਪੈ ਕੇ ਜਾਦੂ-ਟੂਣਿਆਂ, ਬਾਬਿਆਂ, ਜੜੀ-ਬੂਟੀਆਂ ਦੇ ਚੱਕਰਾਂ 'ਚ ਪੈਣ ਦੀ ਥਾਂ ਏਆਰਟੀ ਸੈਂਟਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।

ਸਾਡੇ ਸਮਾਜ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਸੈਕਸ ਸਬੰਧਾਂ ਜਾਂ ਗੁਪਤ ਰੋਗਾਂ ਆਦਿ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਟਾਲਾ ਵੱਟਦਾ ਹੈ। ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਏਡਜ਼ ਦੇ ਰੋਗੀ ਨੂੰ ਬੜੀ ਸੰਕੀਰਣ ਸੋਚ ਨਾਲ ਵੇਖਿਆ ਜਾਂਦਾ ਹੈ ਅਤੇ ਪੀੜਤ ਵਿਅਕਤੀਆਂ 'ਤੇ ਬਹੁਤ ਤਰ੍ਹਾਂ ਦੇ ਸਮਾਜਿਕ ਦੂਸ਼ਣ ਜਾਂ ਕਲੰਕ ਲਾਏ ਜਾਂਦੇ ਹਨ ਜੋ ਕਿ ਮੰਦਭਾਗੀ ਗੱਲ ਹੈ। । ਸਮੇਂ ਦੀ ਜ਼ਰੂਰਤ ਹੈ ਕਿ ਸੁਰੱਖਿਅਤ ਸੈਕਸ ਸਬੰਧਾਂ ਨੂੰ ਯਕੀਨੀ ਬਣਾਈਏ ਅਤੇ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਹਾਂ-ਪੱਖੀ ਤਰੀਕੇ ਨਾਲ ਵਿਚਰੀਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਦਸੰਬਰ ਨੂੰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਏਡਜ਼ ਜਾਣਕਾਰੀ ਕੈਂਪ ਲਗਾਏ ਜਾਣਗੇ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਇਸ ਮੁਹਿੰਮ ਨੂੰ ਪਿੰਡ ਪੱਧਰ 'ਤੇ ਘਰ-ਘਰ ਤਕ ਪਹੁੰਚਾਇਆ ਜਾਵੇਗਾ। ਅੰਤ ਵਿਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਏਡਜ਼ ਬਾਰੇ ਪੂਰਨ ਜਾਣਕਾਰੀ ਹੋਣਾ ਹੀ ਇਸ ਤੋਂ ਬਚਣ ਦਾ ਸਹੀ ਤਰੀਕਾ ਹੈ।

-ਮੋਬਾਈਲ ਨੰ. : 98141-07374

Posted By: Rajnish Kaur