v> ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣਾ ਅੱਧਾ ਕਾਰਜਕਾਲ ਪੂਰਾ ਕਰ ਲਿਆ ਹੈ। ਢਾਈ ਸਾਲ ਬਾਅਦ ਜੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਝਾਤ ਮਾਰੀਏ ਤਾਂ ਕਈ ਵਾਅਦੇ ਹਾਲੇ ਵੀ ਅੱਧੇ-ਅਧੂਰੇ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਸਨ। ਸਭ ਤੋਂ ਵੱਡਾ ਮੁੱਦਾ ਹੈ ਰੁਜ਼ਗਾਰ ਦਾ ਸੀ ਜਿਹੜਾ ਸਿੱਧਾ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਜੇ ਉਸ ਦੀ ਸਰਕਾਰ ਬਣਦੀ ਹੈ ਤਾਂ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਸੂਬੇ ਵਿਚ ਕਾਂਗਰਸ ਸੱਤਾ ਵਿਚ ਆ ਗਈ ਪਰ ਢਾਈ ਸਾਲ ਬਾਅਦ ਸੂਬਾ ਸਰਕਾਰ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਸੂਬੇ ਦੇ ਪੰਜ ਮੁੱਖ ਵਿਭਾਗਾਂ ਵਿਚ ਲੰਬੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਭਰੀਆਂ ਜਾਣਗੀਆਂ। ਮੁੱਖ ਮੰਤਰੀ ਨੇ ਹੋਰਨਾਂ ਵਿਭਾਗਾਂ ਨੂੰ ਵੀ ਖ਼ਾਲੀ ਅਸਾਮੀਆਂ ਦੀ ਸੂਚੀ ਦੇਣ ਲਈ ਕਿਹਾ ਹੈ। ਹੁਣ ਤਕ ਸਰਕਾਰ ਇਸ ਵਾਅਦੇ 'ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰੀ ਹੈ। ਇਸ ਦੇ ਉਲਟ ਸਰਕਾਰ ਨਿੱਜੀ ਅਦਾਰਿਆਂ ਵਿਚ ਨੌਕਰੀਆਂ ਕਰਨ ਵਾਲਿਆਂ ਨੂੰ ਵੀ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਵਿਚ ਹੈ ਜਿਸ ਨੂੰ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਸੂਬੇ ਦੇ ਆਰਥਿਕ ਸਰਵੇ ਮੁਤਾਬਕ ਹਜ਼ਾਰ ਪੰਜਾਬੀਆਂ ਮਗਰ 42 ਬੇਰੁਜ਼ਗਾਰ ਹਨ। ਪੂਰੇ ਦੇਸ਼ ਦੀ ਇਹ ਔਸਤ 25 ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਦੂਸਰਾ ਵੱਡਾ ਵਾਅਦਾ ਕੈਪਟਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਕੀਤਾ ਸੀ ਕਿ ਸੱਤਾ ਸੰਭਾਲਣ ਦੇ ਚਾਰ ਹਫ਼ਤਿਆਂ ਵਿਚ ਹੀ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਹਿਲਾਂ ਤੇ ਹੁਣ ਦੇ ਹਾਲਾਤ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ ਹੈ। ਇਸੇ ਕਾਰਨ ਹਰ ਕੋਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦਾ ਹੈ। ਪੰਜਾਬ ਦਾ ਪੈਸਾ ਤੇ ਦਿਮਾਗ ਦੋਵੇਂ ਕੈਨੇਡਾ ਤੇ ਹੋਰ ਦੇਸ਼ਾਂ ਵੱਲ ਜਾ ਰਹੇ ਹਨ। ਪਿਛਲੇ ਸਾਲ ਵੱਖ-ਵੱਖ ਟਰੈਵਲ ਏਜੰਟਾਂ ਨੇ ਲਗਪਗ ਡੇਢ ਲੱਖ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ 'ਤੇ ਵਿਦੇਸ਼ ਭੇਜਿਆ। ਹਰ ਸਾਲ ਲਗਪਗ 67 ਹਜ਼ਾਰ ਕਰੋੜ ਰੁਪਏ ਕਿਸੇ ਨਾ ਕਿਸੇ ਸ਼ਕਲ ਵਿਚ ਪੰਜਾਬ ਤੋਂ ਬਾਹਰ ਜਾ ਰਹੇ ਹਨ। ਖੁੰਬਾਂ ਵਾਂਗ ਖੁੱਲ੍ਹ ਰਹੇ ਆਈਲੈਟਸ ਸੈਂਟਰ ਪੰਜਾਬ ਲਈ ਖ਼ਤਰੇ ਦੀ ਘੰਟੀ ਹਨ। ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਇਸ ਵੇਲੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ। ਇਸ ਦੇ ਉਲਟ ਸਰਕਾਰ ਹਾਲੇ ਤਕ ਉਹ ਮਾਹੌਲ ਨਹੀਂ ਬਣਾ ਸਕੀ ਜਿਸ ਸਦਕਾ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾ ਸਕੇ। ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਹਰ ਸਾਲ ਸੀਟਾਂ ਖ਼ਾਲੀ ਰਹਿ ਰਹੀਆਂ ਹਨ। ਟੈਕਨੀਕਲ ਕਾਲਜਾਂ ਤੋਂ ਬਾਅਦ ਹੁਣ ਤਾਂ ਐੱਮਏ ਪੰਜਾਬੀ ਵਿਚ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ। ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ। ਤੀਸਰਾ ਸਭ ਤੋਂ ਵੱਡਾ ਵਾਅਦਾ ਕਿਸਾਨਾਂ ਨਾਲ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ। ਕੁਰਕੀ ਚਾਹੇ ਸਰਕਾਰ ਨੇ ਰੋਕ ਦਿੱਤੀ ਹੈ ਪਰ ਜੋ ਕਰਜ਼ੇ ਮਾਫ਼ ਕੀਤੇ ਹਨ ਉਨ੍ਹਾਂ ਦਾ ਲਾਭ ਬਹੁਤ ਘੱਟ ਕਿਸਾਨਾਂ ਨੂੰ ਮਿਲਿਆ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਕੈਪਟਨ ਸਰਕਾਰ ਨੇ ਜੋ ਵਾਅਦੇ ਪੂਰੇ ਕੀਤੇ ਵੀ ਹਨ ਉਹ ਕਿਤੇ ਘੱਟ ਹਨ। ਸਰਕਾਰ ਲਈ ਇਸ ਵੇਲੇ ਚਿੰਤਾ ਤੇ ਚਿੰਤਨ ਦਾ ਸਮਾਂ ਹੈ ਕਿ ਉਹ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕੇ, ਕਿਸਾਨਾਂ ਦਾ ਜੀਵਨ ਪੱਧਰ ਸੁਧਾਰੇ ਅਤੇ ਨਸ਼ੇ ਦਾ ਖ਼ਾਤਮਾ ਕਰੇ। ਜੇ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣਾ ਹੈ ਤਾਂ ਮੌਜੂਦਾ ਸਰਕਾਰ ਨੂੰ ਆਪਣੇ ਵਾਅਦੇ ਫੌਰੀ ਤੌਰ 'ਤੇ ਪੂਰੇ ਕਰਨੇ ਚਾਹੀਦੇ ਹਨ।

Posted By: Sukhdev Singh