ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਫਗਵਾੜਾ, ਜਲਾਲਾਬਾਦ, ਦਾਖਾ ਅਤੇ ਮੁਕੇਰੀਆਂ 'ਚ ਜ਼ਿਮਨੀ ਚੋਣ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਗਿਣਤੀ 24 ਅਕਤੂਬਰ ਨੂੰ ਹੈ। ਉਂਝ ਤਾਂ ਇਨ੍ਹਾਂ ਚੋਣ ਨਤੀਜਿਆਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ 'ਤੇ ਕੋਈ ਅਸਰ ਨਹੀਂ ਪੈਣਾ ਪਰ ਫਿਰ ਵੀ ਇਸ ਵਾਰ ਦੀਆਂ ਚੋਣਾਂ ਸੱਤਾਧਾਰੀ ਕਾਂਗਰਸ ਸਮੇਤ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵੱਕਾਰ ਦਾ ਸਵਾਲ ਬਣ ਗਈਆਂ ਹਨ। ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਇਸ ਵਾਰ ਦਾਖਾ ਸੀਟ ਖ਼ਾਸੀ ਚਰਚਾ ਵਿਚ ਹੈ। ਇਸ ਸੀਟ ਤੋਂ ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕੈਪਟਨ ਸੰਦੀਪ ਸੰਧੂ ਤੇ ਅਕਾਲੀ ਦਲ ਤੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਮੁਕਾਬਲਾ ਹੈ। ਅਸਲ ਵਿਚ ਇਸ ਸੀਟ ਦੀ ਲੜਾਈ ਕੈਪਟਨ ਤੇ ਸੁਖਬੀਰ ਬਾਦਲ ਵਿਚਾਲੇ ਬਣ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕਈ ਸਾਲਾਂ ਬਾਅਦ ਕਿਸੇ ਸੀਟ 'ਤੇ ਚਾਰ ਦਿਨ ਵਿਚ ਦੋ ਵਾਰ ਰੋਡ ਸ਼ੋਅ ਕੀਤਾ ਹੈ। ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਮੋਰਚਾ ਸੰਭਾਲਿਆ ਹੋਇਆ ਹੈ। ਅਕਾਲੀ ਦਲ ਦੀ ਸ਼ਿਕਾਇਤ 'ਤੇ ਹੀ ਚੋਣ ਕਮਿਸ਼ਨ ਨੇ ਦਾਖਾ ਦੇ ਐੱਸਐੱਚਓ ਪ੍ਰੇਮ ਸਿੰਘ ਦਾ ਤਬਾਦਲਾ ਕੀਤਾ ਸੀ। ਜ਼ਿਮਨੀ ਚੋਣਾਂ ਨਾਲ ਪ੍ਰਮੁੱਖ ਪਾਰਟੀਆਂ ਦਾ ਭਵਿੱਖ ਬੱਝਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਦੀ ਵਿਧਾਨ ਸਭਾ ਵਿਚ ਮਜ਼ਬੂਤੀ 'ਤੇ ਕੋਈ ਅਸਰ ਨਹੀਂ ਪਾਉਣਗੇ। ਚਾਰਾਂ 'ਚੋਂ ਇਕ ਸੀਟ ਮੁਕੇਰੀਆਂ ਹੀ ਕਾਂਗਰਸ ਦੀ ਸੀ ਪਰ ਜੇ ਕਾਂਗਰਸ ਨੂੰ ਇੱਥੇ ਹਾਰ ਮਿਲਦੀ ਹੈ ਤਾਂ ਪਾਰਟੀ ਅੰਦਰ ਕੈਪਟਨ ਵਿਰੋਧੀ ਖੇਮੇ ਨੂੰ ਬੋਲਣ ਦਾ ਮੌਕਾ ਮਿਲ ਜਾਵੇਗਾ। ਜੇ ਅਕਾਲੀ ਦਲ-ਭਾਜਪਾ ਗਠਜੋੜ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਕਾਰਨ ਦੋਵਾਂ ਦੇ ਰਿਸ਼ਤਿਆਂ 'ਚ ਕੁੜੱਤਣ ਪੈਦਾ ਹੋ ਗਈ ਹੈ। ਚੋਣਾਂ ਤੋਂ ਦੋ ਦਿਨ ਪਹਿਲਾਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ 'ਚ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਵੀ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਵਿਧਾਨ ਸਭਾ ਵਿਚ 14 ਸੀਟਾਂ ਜਿੱਤਣ ਵਾਲਾ ਅਕਾਲੀ ਦਲ ਵਿਰੋਧੀ ਧਿਰ ਦੀ ਭੂਮਿਕਾ ਵਿਚ ਵੀ ਨਹੀਂ ਬੈਠ ਸਕਿਆ। ਹੁਣ ਉਸ ਲਈ ਵੀ ਹੋਂਦ ਦਾ ਸਵਾਲ ਹੈ। ਅਕਾਲੀ ਦਲ ਨੇ ਲੋਕ ਸਭਾ ਵਿਚ ਦੋ ਸੀਟਾਂ ਜਿੱਤੀਆਂ ਹਨ। ਜੇ ਅਕਾਲੀ ਦਲ ਇਸ ਵਾਰ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਲਈ ਜ਼ਮੀਨ ਖੁੱਸੀ ਨਹੀਂ ਹੈ। ਭਾਜਪਾ ਦੇ ਪੱਖ ਤੋਂ ਲੋਕ ਸਭਾ 'ਚ ਦੋ ਸੀਟਾਂ ਜਿੱਤਣ ਤੋਂ ਬਾਅਦ ਫਗਵਾੜਾ ਤੇ ਮੁਕੇਰੀਆਂ ਸੀਟ ਜਿੱਤਣਾ ਬਹੁਤ ਜ਼ਰੂਰੀ ਹੈ। ਲੋਕ ਸਭਾ ਵਿਚ ਪੂਰੇ ਦੇਸ਼ ਵਿਚ ਮੋਦੀ ਲਹਿਰ ਸੀ ਪਰ ਪੰਜਾਬ ਵਿਚ ਉਸ ਦਾ ਅਸਰ ਘੱਟ ਦੇਖਣ ਨੂੰ ਮਿਲਿਆ ਸੀ। ਚਾਹੇ ਭਾਜਪਾ ਨੇ ਦੋ ਲੋਕ ਸਭਾ ਸੀਟਾਂ ਜਿੱਤੀਆਂ ਪਰ ਫਿਰ ਵੀ ਕਾਂਗਰਸ ਦੇ ਰਾਜ ਵਿਚ ਸੀਟਾਂ ਜਿੱਤਣ ਦਾ ਖ਼ਾਸ ਅਸਰ ਪਵੇਗਾ। ਇਸ ਤੋਂ ਪਤਾ ਲੱਗੇਗਾ ਕਿ ਭਾਜਪਾ ਨੇ ਪੰਜਾਬ ਵਿਚ ਪੈਰ ਜਮ੍ਹਾ ਲਏ ਹਨ ਜਾਂ ਨਹੀਂ। ਦੂਜੇ ਪਾਸੇ ਪਿਛਲੀ ਵਾਰ ਦਾਖਾ ਸੀਟ ਆਮ ਆਦਮੀ ਪਾਰਟੀ ਕੋਲ ਸੀ। ਇਸ ਸੀਟ ਦਾ ਨਤੀਜਾ 'ਆਪ' ਦਾ ਪੰਜਾਬ 'ਚ ਭਵਿੱਖ ਤੈਅ ਕਰੇਗਾ। ਭਵਿੱਖ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਵਿਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਚਾਰ ਸੀਟਾਂ ਨਾਲ ਵਿਧਾਨ ਸਭਾ 'ਚ ਕੋਈ ਫ਼ਰਕ ਨਹੀਂ ਪੈਣ ਵਾਲਾ ਪਰ ਨਤੀਜਿਆਂ ਦਾ ਸੁਨੇਹਾ ਤੇ ਅਰਥ ਕੁਝ ਹੋਰ ਨਿਕਲੇਗਾ। ਇਹ ਹੁਣ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਨਿਰਪੱਖ ਤੇ ਆਜ਼ਾਦ ਹੋਵੇ। ਵੋਟਰਾਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ।

Posted By: Susheel Khanna