ਵਾਤਾਵਰਨ ਦੀ ਸ਼ੁੱਧਤਾ ਮਨੁੱਖ ਸਮੇਤ ਹਰ ਸਜੀਵ ਲਈ ਬੇਹੱਦ ਜ਼ਰੂਰੀ ਹੈ। ਤਕਨਾਲੋਜੀ ਦੇ ਵਿਕਾਸ ਦੇ ਬੇਅੰਤ ਫ਼ਾਇਦਿਆਂ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਨੁਕਸਾਨ ਵੀ ਹੋਏ ਹਨ। ਆਵਾਜਾਈ ਦੇ ਅਜੋਕੇ ਸਾਧਨਾਂ ਨਾਲ ਦੂਰੀ ਭਾਵੇਂ ਸੁੰਗੜ ਕੇ ਛੋਟੀ ਰਹਿ ਗਈ ਹੈ ਪਰ ਵਾਤਾਵਰਨ ਦਾ ਤੇਜ਼ ਗਤੀ ਨਾਲ ਪ੍ਰਦੂਸ਼ਿਤ ਹੋਣਾ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ। ਅਜਿਹੀ ਹੀ ਇਕ ਸਮੱਸਿਆ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਵਿਚ ਹੋ ਰਹੇ ਪ੍ਰਦੂਸ਼ਣ ਸਬੰਧੀ ਹੈ। ਪੰਜਾਬ ਵਿਚ ਤਕਰੀਬਨ 220 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦਾ ਵੱਡਾ ਹਿੱਸਾ ਖੇਤਾਂ ਵਿਚ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਅੱਜ-ਕੱਲ੍ਹ ਅਸੀਂ ਆਮ ਹੀ ਇਹ ਸੁਣ ਰਹੇ ਹਾਂ ਕਿ ਪਰਾਲੀ ਨੂੰ ਅੱਗ ਲਗਾਉਣਾ ਮਨ੍ਹਾ ਹੈ। ਕਿਸਾਨ ਵੀਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ, ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸ ਦੇ ਬਦਲਵੇਂ ਪ੍ਰਬੰਧਾਂ ਪ੍ਰਤੀ ਰੁਝਾਨ ਵਧਾਉਣਾ ਚਾਹੀਦਾ ਹੈ। ਕਣਕ-ਝੋਨਾ ਪੰਜਾਬ ਦਾ ਪ੍ਰਮੁੱਖ ਫ਼ਸਲੀ ਚੱਕਰ ਬਣ ਗਿਆ ਹੈ। ਇਨ੍ਹਾਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਣਾ ਵੀ ਇਨ੍ਹਾਂ ਫ਼ਸਲਾਂ ਦੇ ਹਰਮਨ-ਪਿਆਰਾ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇਕ ਹੈ। ਝੋਨੇ ਦੀ ਫ਼ਸਲ ਦੀ ਵਾਢੀ ਤੋਂ ਬਾਅਦ ਉਸ ਦੀ ਪਰਾਲੀ ਨੂੰ ਆਮ ਤੌਰ ’ਤੇ ਅੱਗ ਲਾ ਕੇ ਸਾੜਿਆ ਜਾਂਦਾ ਹੈ ਪਰ ਇਸ ਨਾਲ ਜੋ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਉਹ ਵਾਤਾਵਰਨ ਤੇ ਜੀਵਨ ਪੱਧਰ ਲਈ ਸਿਰੇ ਦਾ ਖ਼ਤਰਨਾਕ ਹੈ। ਇਕ ਰਿਪੋਰਟ ਵਿਚ ਇਹ ਤੱਥ ਸਾਫ਼ ਕੀਤੇ ਗਏ ਹਨ ਕਿ ਜੇਕਰ ਇਕ ਕਿੱਲੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜੋ ਕਿ 2.5 ਤੋਂ 3 ਟਨ ਤਕ ਹੁੰਦੀ ਹੈ, ਇਸ ਦੇ ਸੜਨ ਨਾਲ ਤਕਰੀਬਨ 32 ਕਿੱਲੋ ਯੂਰੀਆ, 5.5 ਕਿੱਲੋ ਡੀਏਪੀ ਅਤੇ 51 ਕਿੱਲੋ ਪੋਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸਾਡੇ ਮਿੱਤਰ-ਕੀੜੇ ਵੀ ਬਲੀ ਚੜ੍ਹ ਜਾਂਦੇ ਹਨ ਜਿਸ ਨਾਲ ਸਾਡੀ ਖੇਤੀਬਾੜੀ ਨੂੰ ਘੱਟ-ਉਪਜਾਊ ਸ਼ਕਤੀ ਅਤੇ ਵੱਧ ਬਿਮਾਰੀਆਂ ਜਾਂ ਹਾਨੀਕਾਰਕ ਕੀੜਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਗ ਦਾ ਅਗਲਾ ਭਿਆਨਕ ਅਸਰ ਜ਼ਮੀਨ ਦੀ ਜੈਵਿਕ ਸਿਹਤ ’ਤੇ ਵੀ ਪੈਂਦਾ ਹੈ ਕਿਉਂਕਿ ਪਰਾਲੀ ਸਾੜਨ ਨਾਲ ਸਾਡੀ ਜ਼ਮੀਨ ਉੱਪਰਲਾ ਜੈਵਿਕ ਮਲੜ੍ਹ ਵੀ ਮਚ ਕੇ ਸੁਆਹ ਹੋ ਜਾਂਦਾ ਹੈ। ਅਗਲੀ ਅਲਾਮਤ ਜੋ ਕਿ ਪਰਾਲੀ ਸੜਨ ਨਾਲ ਮਨੁੱਖ ਨੇ ਸਹੇੜੀ ਹੈ, ਉਹ ਹੈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ ਜੋ ਕਿ ਸਾਡੇ ਸਰੀਰ ਦੀ ਆਕਸੀਜਨ ਲੈਣ ਦੀ ਸਮਰੱਥਾ ਨੂੰ ਘੱਟ ਕਰਦੀ ਹੈ ਅਤੇ ਇਸ ਤਰ੍ਹਾਂ ਕਿੰਨੇ ਹੀ ਮਨੁੱਖ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ। ਇਹ ਗੈਸ ਅੱਖਾਂ ’ਚ ਜਲਣ ਦਾ ਕਾਰਨ ਵੀ ਬਣਦੀ ਹੈ। ਪਰਾਲੀ ਸਾੜਨ ’ਤੇ ਪੈਦਾ ਹੋਇਆ ਹਾਨੀਕਾਰਕ ਧੂੰਆਂ ਫੇਫੜਿਆਂ, ਚਮੜੀ, ਖ਼ੂਨ ਅਤੇ ਸਾਹ ਕਿਰਿਆ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਅੱਜ ਦੇ ਪੰਜਾਬ ਵਾਸੀ ਸਿਹਤ ਪੱਖੋਂ ਵੀ ਹਾਰ ਗਏ ਹਨ। ਸਾਡਾ ਜਰਖੇਜ਼ ਜ਼ਮੀਨੀ ਖਿੱਤਾ ਕਿੰਨੀਆਂ ਹੀ ਨਾ-ਮੁਰਾਦ ਬਿਮਾਰੀਆਂ ਦੀ ਲਪੇਟ ’ਚ ਆ ਗਿਆ ਹੈ।

-ਹਰਪ੍ਰੀਤ ਸਿੰਘ।

Posted By: Jagjit Singh