-ਗੁਰਪ੍ਰੀਤ ਸਿੰਘ ਚੰਬਲ


ਦੇਸ਼ ਦੀ ਰਾਖੀ ਦਾ ਜਜ਼ਬਾ ਰੱਖਦੇ ਨੌਜਵਾਨ ਸਰਹੱਦ ਹੋਵੇ ਜਾਂ ਕੋਈ ਵੀ ਖੇਤਰ, ਜਿੱਥੇ ਦੇਸ਼ ਹਿੱਤ ਲਈ ਕਰਮ ਕਰਨ ਦਾ ਨਿਸ਼ਚਾ ਲਾਜ਼ਮੀ ਹੋਵੇ, ਉੱਥੇ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟਦੇ। ਅਜਿਹੀ ਹੀ ਇੱਛਾ ਸ਼ਕਤੀ ਨਾਲ ਲਬਰੇਜ਼ ਸੀ ਅਮਰ ਸ਼ਹੀਦ ਬੁੱਧੂ ਖ਼ਾਨ ਜਿਸ ਨੇ ਆਪਣੀ ਦੇਸ਼ ਭਗਤੀ ਦਾ ਸਬੂਤ ਸ਼ਹਾਦਤ ਦੇ ਰੂਪ ਵਿਚ ਸਾਡੀ ਝੋਲੀ ਪਾਇਆ। ਪੰਜਾਬ ਦੇ ਮਾਲਵੇ ਖਿੱਤੇ ਨੇ ਜਿੱਥੇ ਪੰਜਾਬ ਦੀ ਵਿਰਾਸਤ ਵਿਚ ਸੱਭਿਆਚਾਰਕ, ਇਤਿਹਾਸਕ ਅਤੇ ਰਾਜਨੀਤਕ ਪੱਖੋਂ ਅਹਿਮ ਯੋਗਦਾਨ ਪਾਇਆ ਹੈ, ਉੱਥੇ ਹੀ ਦੇਸ਼-ਕੌਮ ਦੀ ਰੱਖਿਆ ਲਈ ਵੀ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਮਾਲਵਾ ਖਿੱਤੇ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਦਾ ਧਰੂ ਤਾਰਾ ਅਮਰ ਸ਼ਹੀਦ ਬੁੱਧੂ ਖ਼ਾਨ ਅਰੁਣਾਚਲ ਪ੍ਰਦੇਸ਼ ਵਿਚ ਚੱਟਾਨਾਂ ਖਿਸਕਣ ਕਾਰਨ ਸ਼ਹੀਦ ਹੋ ਗਿਆ।

ਉਸ ਦਾ ਜਨਮ 7 ਮਈ 1981 ਨੂੰ ਪਿੰਡ ਸ਼ਹਿਣਾ ਵਿਖੇ ਪਿਤਾ ਸੁਲੇਮਾਨ ਖ਼ਾਨ ਦੇ ਘਰ ਮਾਤਾ ਛੋਟੋ ਦੀ ਕੁੱਖੋਂ ਹੋਇਆ। ਛੋਟੀ ਉਮਰੇ ਹੀ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਛੋਟੋ ਅਤੇ ਚਾਚਾ ਗੁਲਜ਼ਾਰ ਖ਼ਾਨ ਦੇ ਜ਼ਿੰਮੇ ਆ ਗਈ। ਬਚਪਨ ਤੋਂ ਹੀ ਉਹ ਪੜ੍ਹਾਈ- ਲਿਖਾਈ ਦੇ ਨਾਲ-ਨਾਲ ਕਬੱਡੀ ਖੇਡਣ ਦਾ ਸ਼ੌਕੀਨ ਸੀ। ਉਹ ਅਕਸਰ ਕਬੱਡੀ ਦੇ ਮੈਚਾਂ ’ਚ ਹਿੱਸਾ ਲੈਂਦਾ ਤੇ ਜਿੱਤ ਪ੍ਰਾਪਤ ਕਰਦਾ। ਇਕ ਵਾਰੀ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਉਸ ਨੇ ਪਿੰਡ ਜਗਜੀਤਪੁਰਾ ਵਿਖੇ ਕਬੱਡੀ ਦੇ ਮੈਚ ਵਿਚ ਬੈਸਟ ਜਾਫੀ ਦਾ ਖਿਤਾਬ ਜਿੱਤਿਆ ਸੀ।

ਬੁੱਧੂ ਖ਼ਾਨ ’ਚ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਠਾਠਾਂ ਮਾਰਦਾ ਸੀ। ਜਦੋਂ ਉਹ ਫ਼ੌਜ ’ਚ ਭਰਤੀ ਹੋਣ ਲਈ ਪਹਿਲੀ ਵਾਰ ਰੈਲੀ ਵਿਚ ਗਿਆ ਤਾਂ ਉਸ ਨੂੰ ਆਪਣਾ ਕੱਦ ਅੱਧਾ ਇੰਚ ਘੱਟ ਹੋਣ ਦਾ ਪਤਾ ਲੱਗਿਆ, ਜਿਸ ਕਾਰਨ ਉਹ ਪਹਿਲੀ ਵਾਰ ਭਰਤੀ ਹੋਣ ਤੋਂ ਵਾਂਝਾ ਰਹਿ ਗਿਆ ਪਰ ਇਸ ਗੱਲ ਦਾ ਉਸ ’ਤੇ ਅਜਿਹਾ ਪ੍ਰਭਾਵ ਪਿਆ ਕਿ ਉਸ ਦਿਨ ਤੋਂ ਬਾਅਦ ਉਹ ਕੱਦ ਲੰਮਾ ਕਰਨ ਲਈ ਜ਼ੋਰ ਲਾਉਣ ਲੱਗਾ।

ਉਹ ਜਿੱਥੇ ਵੀ ਕੋਈ ਲਟਕਦੀ ਚੀਜ਼ ਦੇਖਦਾ, ਉਸ ਨਾਲ ਲਮਕਣ ਲੱਗ ਪੈਂਦਾ। ਉਸ ਨੇ ਆਪਣੇ ਸਰੀਰਕ ਮਾਪਦੰਡ ਨੂੰ ਦਰੁਸਤ ਕਰਨ ਲਈ ਬਹੁਤ ਮਿਹਨਤ ਕੀਤੀ।

ਡੀਲ-ਡੌਲ ਤੇ ਸਰੀਰਕ ਪੱਖੋਂ ਲਚਕੀਲਾ ਇਹ ਨੌਜਵਾਨ ਦੌੜ-ਭੱਜ ਵਿਚ ਬਹੁਤ ਤੇਜ਼ ਸੀ। ਆਪਣੇ ਫੁਰਤੀਲੇ ਸੁਭਾਅ ਅਤੇ ਸਖ਼ਤ ਮਿਹਨਤ ਕਰਨ ਕਰਕੇ ਉਹ

ਮਾਂ-ਪਿਓ ਦਾ ਲਾਡਲਾ ਹੋਣ ਦੇ ਨਾਲ- ਨਾਲ ਚੰਗਾ ਕਾਮਾ ਵੀ ਬਣ ਗਿਆ।

ਉਹ ਆਪਣੇ ਚਾਚਾ ਗੁਲਜ਼ਾਰ ਖ਼ਾਨ ਦੀ ਦੇਖ- ਰੇਖ ਹੇਠ ਪੜਿ੍ਹਆ ਲਿਖਿਆ। ਪਿੰਡ ਦੇ ਸਕੂਲੋਂ ਦਸਵੀਂ ਪਾਸ ਕਰਨ ਉਪਰੰਤ ਉਸ ਨੇ ਜੰਗੀਆਣਾ ਸਕੂਲ ਤੋਂ ਗਿਆਰਵੀਂ ਜਮਾਤ ਪਾਸ ਕੀਤੀ ਤੇ ਦੋ ਜੂਨ 2001 ਨੂੰ ਫ਼ੌਜ ’ਚ ਭਰਤੀ ਹੋ ਗਿਆ। ਫ਼ੌਜ ਦੀ ਮੁੱਢਲੀ ਸਿਖਲਾਈ ਉਪਰੰਤ ਉਸ ਦੀ ਪਹਿਲੀ ਤਾਇਨਾਤੀ 267 ਇੰਜੀਨੀਅਰ ਰੈਜੀਮੈਂਟ ’ਚ ਹੋਈ।

ਇਸ ਤੋਂ ਉਪਰੰਤ 2007 ਵਿਚ ਉਸ ਨੂੰ ਆਰਜ਼ੀ ਤੌਰ ’ਤੇ 85 ਆਰਸੀਸੀ ਕਟਿੰਗ ਪਲਟੂਨ ’ਚ ਡਿਊਟੀ ਨਿਭਾਉਣ ਦਾ ਮੌਕਾ ਮਿਲਿਆ ਤਾਂ ਇਸ ਯੂਨਿਟ ਦੀ ਡਿਊਟੀ ਅਰੁਣਾਚਲ ਪ੍ਰਦੇਸ਼ ਵਿਚ ਰਣਨੀਤਕ ਪੱਖ ਤੋਂ ਅਹਿਮ ਭੂਮਿਕਾ ਰੱਖਦੀ ਸੜਕ ਬਣਾਉਣ ਲਈ ਲੱਗੀ ਹੋਈ ਸੀ। ਬੁੱਧੂ ਖ਼ਾਨ ਚਟਾਨਾਂ ਕੱਟਣ ਦੀ ਡਿਊਟੀ ਨਿਭਾ ਰਿਹਾ ਸੀ ਕਿ ਅਚਾਨਕ ਚੱਟਾਨਾਂ ਖਿਸਕਣ ਕਾਰਨ ਉਹ ਆਪਣੇ ਸਾਥੀਆਂ ਅਤੇ ਕੀਮਤੀ ਮਸ਼ੀਨਰੀ ਨੂੰ ਬਚਾਉਂਦਾ ਹੋਇਆ

22 ਫਰਵਰੀ 2008 ਨੂੰ ਸ਼ਹਾਦਤ ਦਾ ਜਾਮ ਪੀ ਗਿਆ।

ਪੰਜਾਬ ਦੀ ਧਰਤੀ ਦੇ ਮਹਾਨ ਸਪੂਤ ਬੁੱਧੂ ਖ਼ਾਨ ਨੂੰ ਸ਼ਹਾਦਤ ਉਪਰੰਤ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਆ ਗਿਆ, ਜੋ 25 ਮਾਰਚ 2009 ਨੂੰ ਉਸ ਦੀ ਮਾਤਾ ਛੋਟੋ ਨੂੰ ਮਿਲਿਆ। ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਦੇ ਨਾਲ- ਨਾਲ ਉਸ ਦੇ ਭਰਾ ਬੀਰਬਲ ਖ਼ਾਨ ਨੂੰ 2020 ’ਚ ਜ਼ਿਲ੍ਹਾ ਸੈਨਿਕ ਬੋਰਡ ਵਿਚ ਦਰਜਾ ਚਾਰ ਮੁਲਾਜ਼ਮ ਦੀ ਸਰਕਾਰੀ ਨੌਕਰੀ ਦਿੱਤੀ ਗਈ। ਪਿੰਡ ਸ਼ਹਿਣਾ ਵਿਖੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਦਰਬਾਰਾ ਸਿੰਘ ਗੁਰੂ ਸਮੇਤ ਇੰਡੀਅਨ ਐਕਸ ਸਰਵਿਸ ਮੈਨ ਲੀਗ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਬੁੱਧੂ ਖ਼ਾਨ ਦੇ ਨਾਂ ’ਤੇ ਰੱਖਿਆ ਗਿਆ। ਇਸੇ ਦੌਰਾਨ ਹੀ 23 ਨਵੰਬਰ 2012 ਨੂੰ ਪਿੰਡ ਸ਼ਹਿਣਾ ਦੀ ਪੰਚਾਇਤ ਵੱਲੋਂ ਪਿੰਡ ਵਿਚ ਉਸ ਦਾ ਬੁੱਤ ਸਥਾਪਤ ਕੀਤਾ ਗਿਆ। ਇਸੇ ਸਥਾਨ ’ਤੇ ਹਰ ਸਾਲ ਪਿੰਡ ਦੀ ਪੰਚਾਇਤ, ਸਮੂਹ ਪਰਿਵਾਰ ਤੇ ਸ਼ਹੀਦਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਣ ਵਾਲਿਆਂ ਵੱਲੋਂ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।

ਸ਼ਹੀਦ ਬੁੱਧੂ ਖ਼ਾਨ ਦਾ ਪਰਿਵਾਰ ਸਮੇਂ-ਸਮੇਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦਾ ਰਿਹਾ ਹੈ ਪਰ ਫਿਰ ਵੀ ਸਿਰੜੀ ਤੇ ਸਿਦਕਵਾਨ ਸ਼ਹੀਦ ਦਾ ਪਰਿਵਾਰ ਹਰ ਵਕਤ ਅੱਲ੍ਹਾ ਤਾਅਲਾ ਦਾ ਸ਼ੁਕਰਾਨਾ ਕਰਦਿਆਂ ਚੰਗਾ ਜੀਵਨ ਬਸਰ ਕਰਦਾ ਆ ਰਿਹਾ ਹੈ। ਅਸੀਂ ਸਾਰੇ ਸ਼ੌਰਿਆ ਚੱਕਰ ਜੇਤੂ ਅਮਰ ਸ਼ਹੀਦ ਬੁੱਧੂ ਖ਼ਾਨ ਨੂੰ ਉਸ ਦੀ ਸ਼ਹਾਦਤ ਦੇ ਦਿਨ ਦਿਲੋਂ ਸਲਾਮ ਕਰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਵਤਨ ਦੀ ਰਖਵਾਲੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਯਾਦ ਸਾਡੇ ਮਨਾਂ ਅੰਦਰ ਸਦਾ ਲਈ ਵਸੀ ਰਹੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣ। ਸ਼ਹੀਦ ਬੁੱਧੂ ਖ਼ਾਨ ਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ ’ਤੇ ਬਹੁਤ ਮਾਣ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤਰ ਸ਼ਹੀਦ ਹੋ ਕੇ ਜਿੱਥੇ ਪਰਿਵਾਰ ਸਮੇਤ ਇਲਾਕੇ ਦਾ ਨਾਂ ਰੌਸ਼ਨ ਕਰ ਗਿਆ, ਉੱਥੇ ਉਹ ਦੇਸ਼ ਦੀ ਸੇਵਾ ਲਈ ਤਤਪਰ ਰਹਿਣ ਵਾਲੇ ਮਾਲਵੇ ਦੇ ਨੌਜਵਾਨਾਂ ਲਈ ਚਾਨਣ ਮੁਨਾਰਾ ਬਣ ਗਿਆ ਹੈ। ਜੈ ਹਿੰਦ!

ਸੰਪਰਕ ਨੰਬਰ - 98881-40052

Posted By: Sunil Thapa