ਬਿ੍ਰਗੇਡੀਅਰ ਚਾਂਦਪੁਰੀ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਮਿੰਟਗੁਮਰੀ ਵਿਚ ਹੋਇਆ ਸੀ। 1947 ਵਿਚ ਹੋਈ ਭਾਰਤ-ਪਾਕ ਵੰਡ ’ਚੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂਸ਼ਹਿਰ ਜ਼ਿਲੇ੍ਹ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਬਲਾਚੌਰ ਵਿਚ ਆ ਕੇ ਵੱਸ ਗਿਆ। ਉਹ ਐੱਨਸੀਸੀ ਦਾ ਸਰਗਰਮ ਮੈਂਬਰ ਸੀ ਅਤੇ ਉਸ ਨੇ 1962 ਵਿਚ ਸਰਕਾਰੀ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਤੋਂ ਗ੍ਰੈਜੂਏਟ ਹੋਣ ’ਤੇ ਐੱਨਸੀਸੀ ਦੀ ਪ੍ਰੀਖਿਆ ਪਾਸ ਕੀਤੀ ਸੀ।

ਚਾਂਦਪੁਰੀ ਆਪਣੇ ਪਰਿਵਾਰ ਵਿਚ ਤੀਜੀ ਪੀੜ੍ਹੀ ਸੀ ਜਿਸ ਨੇ ਭਾਰਤੀ ਫ਼ੌਜ ਵਿਚ ਬਤੌਰ ਅਧਿਕਾਰੀ ਸੇਵਾਵਾਂ ਨਿਭਾਈਆਂ ਹਨ। ਉਸ ਦੇ ਦੋਵੇਂ ਛੋਟੇ ਚਾਚੇ ਭਾਰਤੀ ਹਵਾਈ ਸੈਨਾ ਵਿਚ ਉਡਾਣ ਅਧਿਕਾਰੀ ਸਨ। ਚਾਂਦਪੁਰੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕੁਲਦੀਪ ਚਾਂਦਪੁਰੀ ਨੇ ਆਪਣੀ ਪੜ੍ਹਾਈ ਸਰਕਾਰੀ ਕਾਲਜ ਮਾਹਿਲਪੁਰ ਹੁਸ਼ਿਆਰਪੁਰ ਤੋਂ ਕੀਤੀ ਅਤੇ ਉਹ 1962 ਵਿਚ ਭਾਰਤੀ ਫ਼ੌਜ ਦੀ ਪੰਜਾਬ ਰੈਂਜੀਮੈਂਟ ਵਿਚ ਬਤੌਰ ਲੈਂਫਟੀਨੈਂਟ ਭਰਤੀ ਹੋਏ। ਉਨ੍ਹਾਂ ਨੇ ਭਾਰਤ ਲਈ 1965 ਅਤੇ 1971 ਦੀਆਂ ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਬਿ੍ਰਗੇਡੀਅਰ ਚਾਂਦਪੁਰੀ ਨੇ ਸੰਯੁਕਤ ਰਾਸ਼ਟਰ ਦੀਆਂ ਐਮਰਜੈਂਸੀ ਸੇਵਾਵਾਂ ਵਿਚ ਵੀ ਸਰਵਿਸ ਕੀਤੀ ਸੀ।

ਬਿ੍ਰਗੇਡੀਅਰ ਚਾਂਦਪੁਰੀ ਦਾ ਕਰੀਅਰ

1963 ਵਿਚ ਚਾਂਦਪੁਰੀ ਨੇ ਆਫਿਸਰਜ਼ ਟ੍ਰੇਨਿੰਗ ਅਕੈਡਮੀ ਤੋਂ ਕਮਿਸ਼ਨ ਪ੍ਰਾਪਤ ਕੀਤਾ। ਚੇਨਈ 23 ਵੀਂ ਬਟਾਲੀਅਨ ਵਿਚ, ਪੰਜਾਬ ਰੈਜੀਮੈਂਟ (23 ਪੰਜਾਬ), ਜੋ ਕਿ ਭਾਰਤੀ ਸੈਨਾ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਸਜਾਵਟੀ ਰੈਜਮੈਂਟ ਹੈ। ਉਸ ਨੇ ਪੱਛਮੀ ਸੈਕਟਰ ਵਿਚ 1965 ਦੀ ਭਾਰਤ-ਪਾਕਿ ਜੰਗ ਵਿਚ ਹਿੱਸਾ ਲਿਆ ਸੀ। ਯੁੱਧ ਤੋਂ ਬਾਅਦ, ਉਸ ਨੇ ਇਕ ਸਾਲ ਲਈ ਗਾਜਾ (ਮਿਸਰ) ਵਿਚ ਸੰਯੁਕਤ ਰਾਸ਼ਟਰ ਦੀ ਐਮਰਜੈਂਸੀ ਫੋਰਸ (ਯੂਐੱਨਈਐੱਫ) ਵਿਚ ਸੇਵਾ ਕੀਤੀ। ਉਸ ਨੇ ਮੱਧ ਪ੍ਰਦੇਸ਼ ਦੇ ਮਹੋ ਵਿਖੇ ਇਕ ਵੱਕਾਰੀ ਇਨਫੈਂਟਰੀ ਸਕੂਲ ਵਿਚ ਦੋ ਵਾਰ ਇੰਸਟ੍ਰਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ।

ਚਾਂਦਪੁਰ ਰੁੜਕੀ ’ਚ ਨਹੀਂ ਸੜੋਆ ’ਚ ਬਣਿਆ ਹੈ ਜੱਦੀ ਘਰ

ਪ੍ਰੋ. ਮਹਿੰਦਰ ਸਿੰਘ ਬਾਗ਼ੀ ਨੇ ਕਿਹਾ ਕਿ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਘਰ ਸੜੋਆ ਵਿਖੇ ਹੈ ਜਦਕਿ ਉਨ੍ਹਾਂ ਦੇ ਬਜ਼ੁਰਗ ਪਿੰਡ ਚਾਂਦਪੁਰ ਰੁੜਕੀ ਦੇ ਵਸਨੀਕ ਸਨ ਪਰ ਹਿੰਦੋਸਤਾਨ ਪਾਕਿਸਤਾਨ ਦੀ ਵੰਡ ਸਮੇਂ ਚਾਂਦਪੁਰੀ ਦੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਵੱਲੋਂ ਸੜੋਆ ਵਿਖੇ 14 ਕਿੱਲੇ ਜ਼ਮੀਨ ਅਲਾਟ ਕੀਤੀ ਗਈ ਸੀ। ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਨੇ ਆਪਣੇ ਮਕਾਨ ਬਣਾਏ ਅਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੇ ਆਪਣੀ ਮੁੁੱਢਲੀ ਪੜ੍ਹਾਈ ਸਰਕਾਰੀ ਸਕੂਲ ਸੜੋਆ, ਕਾਲਜ ਦੀ ਪੜ੍ਹਾਈ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜ਼ਮੀਨ ਦੀ ਅਲਾਟਮੈਂਟ ਸਮੇਂ ਇਹ ਚੋਣ ਦਾ ਮੌਕਾ ਦਿੱਤਾ ਜਾਂਦਾ ਸੀ ਕਿ ਜਾਂ ਤਾਂ ਤੁਸੀ ਜ਼ਮੀਨ ਲੈ ਲਓ ਜਾਂ ਉਸ ਦੇ ਬਣਦੇ ਪੈਸੇ ਲੈ ਲਓ। ਚਾਂਦਪੁਰੀ ਦੇ ਬਜ਼ੁਰਗਾਂ ਵੱਲੋਂ ਸਰਕਾਰ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਕਿ ਤਾਂ ਜੋਂ ਉਹ ਆਪਣੇ ਲਈ ਹੋਰ ਥਾਂ ’ਤੇ ਜ਼ਮੀਨ ਲੈ ਸਕਣ ਪਰ ਸਰਕਾਰ ਨੇ ਉਨ੍ਹਾਂ ਨੂੰ ਸੜੋਆ ਵਿਖੇ ਜ਼ਮੀਨ ਦਿੱਤੀ ਗਈ। ਇਸ ਮਾਮਲੇ ਵਿਚ ਉਨ੍ਹਾਂ ਦੇ ਬਜ਼ੁਰਗਾਂ ਨਾਲ ਕੋਰਟ ਕੇਸ ਵੀ ਚੱਲਿਆ ਸੀ। ਜਿਸ ਦੀ ਸਹੀ ਤਾਰੀਖ ਤਾਂ ਯਾਦ ਨਹੀਂ ਹੈ ਪਰ ਕੇਸ ਜ਼ਰੂਰ ਚੱਲਿਆ ਸੀ।

ਸਹੀ ਨਹੀਂ ਹੁੰਦੀਆਂ ਫਿਲਮੀ ਗੱਲਾਂ

ਬਿ੍ਰਗੇਡੀਅਰ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੌਂਗੇਵਾਲਾ ਮੋਰਚੇ ’ਤੇ ਦਿਖਾਈ ਬਹਾਦਰੀ ’ਤੇ ਬਾਲੀਵੁੱਡ ਫਿਲਮ ‘ਬਾਰਡਰ’ ਬਣਾਈ ਗਈ ਸੀ। ਇਸ ਫਿਲਮ ਵਿਚ ਤਤਕਾਲੀ ਮੇਜਰ ਕੁਲਦੀਪ ਚਾਂਦਪੁਰੀ ਦੀ ਭੂਮਿਕਾ ਅਦਾਕਾਰ ਸੰਨੀ ਦਿਓਲ ਨੇ ਨਿਭਾਈ ਸੀ। ‘ਬਾਰਡਰ’ ਫਿਲਮ ਬਾਰੇ ਬਿ੍ਰਗੇਡੀਅਰ ਚਾਂਦਪੁਰੀ ਨੇ ਕੁਝ ਸਮਾਂ ਪਹਿਲਾਂ ਇਕ ਖ਼ਾਸ ਮੁਲਾਕਾਤ ਦੌਰਾਨ ਇਕ ਪੱਤਰਕਾਰ ਨੂੰ ਦੱਸਿਆ ਸੀ, ‘ਫਿਲਮ ਇਕ ਸਿਵੀਲੀਅਨ ਜੇਪੀ ਦੱਤਾ ਨੇ ਬਣਾਈ ਸੀ। ਫ਼ਰਕ ਇਹ ਸੀ ਕਿ ਜਿਹੜੀਆਂ ਚੀਜ਼ਾਂ ਫਿਲਮਾਂ ਵਿਚ ਦਿਖਾਈਆਂ ਜਾਂਦੀਆਂ ਹਨ ਇਹ ਸਾਰੀਆਂ ਸਹੀ ਨਹੀਂ ਹੁੰਦੀਆਂ। ਲੜਾਈ ਵਿਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਫਿਲਮ ਵਿਚ ਨਹੀਂ ਦਿਖਾ ਸਕਦਾ। ਕਿਉਂਕਿ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਬਲਿਕ ਦੇ ਸਾਹਮਣੇ ਨਹੀਂ ਦੱਸਿਆ ਜਾ ਸਕਦਾ। ਜਿੱਥੋਂ ਤਕ ਫਿਲਮ ‘ਬਾਰਡਰ’ ਦਾ ਸਵਾਲ ਹੈ ਇਸ ਵਿਚ ਜਿਹੜੇ ਵੀ ਸੀਨ ਜਿਨ੍ਹਾਂ ਵਿਚ ਫ਼ੌਜ ਜਾਂ ਏਅਰ ਫੋਰਸ ਦੇ ਬਾਰੇ ਦਿਖਾਇਆ ਗਿਆ ਹੈ, ਉਹ ਸਾਰੇ ਦੇ ਸਾਰੇ ਸਰਕਾਰ ਵੱਲੋ ਕਲੀਅਰ ਕੀਤੇ ਗਏ ਸਨ। ਬਾਕੀ ਜੇ ਕੋਈ ਉੱਥੇ ਡਾਂਸ ਕਰਦਾ ਨੱਚਦਾ ਹੈ, ਉਹ ਨਾ ਲੜਾਈ ਵਿਚ ਹੁੁੰਦਾ ਹੈ ਅਤੇ ਨਾ ਹੋਇਆ ਪਰ ਇਹ ਫਿਲਮ ਵਿਚ ਸਾਰਿਆਂ ਨੇ ਦੇਖਿਆ ਜੋ ਸੱਚ ਨਹੀਂ ਸੀ।

ਫ਼ੌਜ ਵੱਲੋਂ ਬਣਾਇਆ ਜਾ ਰਿਹਾ ਆਦਮਕੱਦ ਬੁੱਤ

ਹਰਦੀਪ ਸਿੰਘ ਨੇ ਦੱਸਿਆ ਕਿ ਜੈਸਲਮੇਰ ਵਿਚ ਭਾਰਤੀ ਫ਼ੌਜ ਵੱਲੋਂ ਸਵ. ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ 1971 ਦੀ ਹਿੰਦ-ਪਾਕ ਜੰਗ ਦੇ ਨਾਇਕ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਦੇਸ਼ ਸੇਵਾ ਦੀ ਅਮਰ ਗਾਥਾ ਨੂੰ ਜਨ ਜਨ ਤਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਹਾਵੀਰ ਚੱਕਰ, ਵਸ਼ਿਸ਼ਠ ਸੇਵਾ ਮੈਡਲ ਨਾਲ ਨਿਵਾਜਿਆ ਜਾ ਚੁੱਕਾ ਹੈ। ਹਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਾਂਦਪੁਰੀ ਦੀ ਯਾਦਗਾਰ ਬਣਾਉਣ ਦੀ ਮੰਗ ਅਤੇ ਪੰਜਾਬ ਸਰਕਾਰ ਵੱਲੋਂ ਚਾਂਦਪੁਰੀ ਦੇ ਪਰਿਵਾਰ ਨੂੰ 15 ਕਿੱਲੇ ਜ਼ਮੀਨ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੰੂ ਪੰਜਾਬ ਰਤਨ ਦਾ ਅਵਾਰਡ ਦਿੱਤਾ ਜਾ ਚੁੱਕਿਆ ਹੈ।

ਪੇਸ਼ ਕੀਤੀ ਸੀ ਇਮਾਨਦਾਰੀ ਦੀ ਮਿਸਾਲ

ਬਿ੍ਰਗੇਡੀਅਰ ਚਾਂਦਪੁਰੀ ਦੇ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਕਾਲਜ ਸਮੇਂ ਦੀ ਇਕ ਗੱਲ ਸੁਣਾਉਦੇ ਸੀ ਕਿ ਇਕ ਵਾਰ ਉਹ ਬੱਸ ਵਿਚ ਜਾ ਰਹੇ ਸੀ ਜਦੋਂ ਉਤਰਨ ਲੱਗੇ ਤਾਂ ਇਕ ਕੱਪੜੇ ਵਾਲਾ ਥੈਲਾ ਲੱਭਾ। ਜਦੋਂ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ 15000 ਰੁਪਏ ਦੇਖ ਕੇ ਹੈਰਾਨ ਰਹਿ ਗਏ। ਉਹ ਥੈਲਾ ਹੋਸਟਲ ਲੈ ਕੇ ਆਏ ਅਤੇ ਰਾਤ ਨੂੰ ਚੰਗੀ ਤਰ੍ਹਾਂ ਦੇਖਣ ’ਤੇ ਉਨ੍ਹਾਂ ਨੂੰ ਉਸ ਵਿੱਚੋਂ ਇਕ ਆੜ੍ਹਤ ਦੀ ਪਰਚੀ ਮਿਲੀ। ਸਵੇਰ ਹੁੰਦੇ ਹੀ ਉਹ 12 ਕਿਲੋਮੀਟਰ ਦਾ ਲੰਬਾ ਸਫ਼ਰ ਤਹਿ ਕਰ ਕੇ ਆੜ੍ਹਤ ਦੀ ਦੁਕਾਨ ’ਤੇ ਪੁੱਜੇ ਅਤੇ ਪਰਚੀ ਦਿਖਾਉਣ ’ਤੇ ਪਤਾ ਚੱਲਿਆ ਕਿ ਫਲਾਣੇ ਪਿੰਡ ਦਾ ਬੰਦਾ ਉਸ ਤੋਂ ਪੈਸੇ ਲੈ ਕੇ ਗਿਆ ਸੀ। ਉਸ ਬੰਦੇ ਦਾ ਨਾਂ ਪਤਾ ਲੈ ਕੇ ਜਦੋਂ ਉਹ ਉਸ ਵਿਅਕਤੀ ਨੂੰ ਮਿਲਣ ਉਸ ਦੇ ਪਿੰਡ ਪੁੱਜੇ ਤਾਂ ਦੇਖਿਆ ਕਿ ਉਸ ਵਿਅਕਤੀ ਦੇ ਘਰ ਵਿਚ ਮਾਤਮ ਛਾਇਆ ਹੋਇਆ ਸੀ। ਪੁੱਛਣ ’ਤੇ ਪਤਾ ਚੱਲਿਆ ਕਿ ਉਹ ਵਿਅਕਤੀ ਆੜ੍ਹਤ ਦੀ ਦੁਕਾਨ ਤੋਂ ਪੈਸੇ ਲੈ ਕੇ ਵਾਪਸ ਆ ਰਿਹਾ ਸੀ ਤਾਂ ਉਸ ਦਾ ਕੱਪੜੇ ਵਾਲਾ ਥੈਲਾ ਗੁਆਚ ਗਿਆ ਸੀ। ਇਹ ਸੁਣ ਕੇ ਉਨ੍ਹਾਂ ਨੇ ਉਸ ਵਿਅਕਤੀ ਨੂੰ ਉਸ ਦੇ ਗੁਆਚੇ 15000 ਰੁਪਏ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ।

ਭਾਰਤ ਪਰਤਦਿਆਂ ਹੀ ਧਰਤੀ ਨੂੰ ਟੇਕਿਆ ਸੀ ਮੱਥਾ

ਪੰਜਾਬ ਰੈਜੀਮੈਂਟ ਨੂੰ ਇਹ ਹੁਕਮ ਸਨ ਕਿ ਲੌਂਗੇਵਾਲਾ ਇਕ ਅਹਿਮ ਪੋਸਟ ਹੈ ਜਿਸ ਲਈ ਤੁਸੀਂ ਆਖਰੀ ਬੰਦੇ ਤਕ ਲੜਨਾ ਹੈ। ਹਰ ਹਾਲਤ ਵਿਚ ਕਬਜ਼ੇ ਵਿਚ ਰੱਖਣਾ ਹੈ। ਬਹੁਤ ਦੇਣਦਾਰ ਹਾਂ ਆਪਣੇ ਜਵਾਨਾਂ ਦਾ, ਜਿਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ। ਅਸੀਂ ਉੱਥੇ ਇਹ ਫ਼ੈਸਲਾ ਕੀਤਾ ਕਿ ਅਸੀਂ ਇੱਥੇ ਲੜਾਂਗੇ, ਲੜ ਕੇ ਮਰਾਂਗੇ। ਹਰਦੀਪ ਚਾਂਦਪੁਰੀ ਨੇ ਦੱਸਿਆ ਕਿ ਭਾਰਤ ਪਰਤਦਿਆਂ ਹੀ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੇ ਧਰਤੀ ਨੰੂ ਮੱਥਾ ਟੇਕਿਆ ਸੀ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੀ ਸੇਵਾਮੁਕਤ ਹੋਏ ਸਨ।

ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

ਭਾਰਤੀ ਫੌਜ ਦੇ ਸੇਵਾਮੁਕਤ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (78 ਸਾਲ) ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ 17 ਨਵੰਬਰ 2018 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਕਰੀਬ ਆਖਰੀ ਸਾਹ ਲਏ ਸੀ ਅਤੇ 19 ਨਵੰਬਰ 2018 ਨੂੰ ਸਰਕਾਰੀ ਸਨਮਾਨਾਂ ਨਾਲ ਚੰਡੀਗੜ੍ਹ ਦੇ ਸੈਕਟਰ 25 ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਮਾਗਮ ਵਿਚ ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿਚ ਸਰਕਾਰੀ

ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ।

- ਪ੍ਰਦੀਪ ਭਨੋਟ

Posted By: Harjinder Sodhi