v style="text-align: justify;">ਕੋਰੋਨਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤੀ ਅਰਥਚਾਰੇ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਚਾਲੂ ਵਿੱਤੀ ਸਾਲ ਦੀਆਂ ਸ਼ੁਰੂਆਤੀ ਦੋ ਤਿਮਾਹੀਆਂ ’ਚ ਜੀਡੀਪੀ ’ਚ ਗਿਰਾਵਟ ਦਰਜ ਕੀਤੀ ਗਈ ਸੀ। ਸਰਕਾਰ ਨੇ ਇਸ ਨੂੰ ਤਕਨੀਕੀ ਮੰਦੀ ਕਿਹਾ ਸੀ ਪਰ ਅਨਲਾਕ ਪ੍ਰਕਿਰਿਆ ਤੋਂ ਬਾਅਦ ਆਰਥਿਕ ਸਰਗਰਮੀਆਂ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਵੱਖ-ਵੱਖ ਤਾਜ਼ਾ ਸੈਕਟਰਾਂ ਦੇ ਸਕਾਰਾਤਮਕ ਨਤੀਜੇ ਦੱਸਦੇ ਹਨ। ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਅਰਥਚਾਰਾ ਤੇਜ਼ੀ ਨਾਲ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਵੱਲ ਵੱਧ ਰਿਹਾ ਹੈ ਅਤੇ ਮੰਦੀ ਦਾ ਖ਼ਤਰਾ ਲਗਪਗ ਟਲ ਗਿਆ ਹੈ। ਸੰਨ 2021 ’ਚ ਆਰਥਿਕ ਪੱਧਰ ’ਤੇ ਬਹੁਤ ਕੁਝ ਬਦਲਿਆ ਹੈ। ਯਾਤਰੀ ਕਾਰਾਂ ਦੀ ਗੱਲ ਕਰੀਏ ਤਾਂ ਫਰਵਰੀ ’ਚ ਇਨ੍ਹਾਂ ਦੀ ਵਿਕਰੀ ਵਿਚ 23% ਦਾ ਵਾਧਾ ਦਰਜ ਕੀਤਾ ਗਿਆ। ਦੇਸ਼ ਦੇ ਚੋਟੀ ਦੇ 10 ਕਾਰ ਨਿਰਮਾਤਾ ਫਰਵਰੀ 2021 ’ਚ ਲਗਪਗ ਤਿੰਨ ਲੱਖ ਗੱਡੀਆਂ ਵੇਚ ਚੁੱਕੇ ਹਨ। ਇਸ ਤੋਂ ਇਲਾਵਾ ਫਰਵਰੀ 2021 ’ਚ ਜੀਐੱਸਟੀ ਕੁਲੈਕਸ਼ਨ 1.13 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਜੀਐੱਸਟੀ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੁਲੈਕਸ਼ਨ ਨੇ ਲਗਾਤਾਰ ਪੰਜ ਮਹੀਨਿਆਂ ਤੋਂ 1 ਲੱਖ ਕਰੋੜ ਰੁਪਏ ਨੂੰ ਪਾਰ ਕੀਤਾ ਹੈ। ਆਰਥਿਕ ਗਤੀਵਿਧੀਆਂ ’ਚ ਤੇਜ਼ੀ ਤੇ ਜਾਅਲੀ ਬਿੱਲਾਂ ’ਤੇ ਸਖ਼ਤੀ ਕਾਰਨ ਜੀਐੱਸਟੀ ਕੁਲੈਕਸ਼ਨ ਵੀ ਵਧੀ ਹੈ। ਜੀਐੱਸਟੀ ਸਿਸਟਮ ਦੀਆਂ ਖ਼ਾਮੀਆਂ ਸੁਧਾਰਨ ਲਈ ਸਰਕਾਰ ਕਈ ਠੋਸ ਕਦਮ ਚੁੱਕ ਰਹੀ ਹੈ। ਆਰਥਿਕ ਸਰਗਰਮੀਆਂ ’ਚ ਨਿਰੰਤਰ ਸੁਧਾਰ ਦਾ ਸੰਕੇਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ’ਤੇ ਪਹੁੰਚ ਗਈ ਹੈ। ਅਗਲੇ ਸਾਲ ਮਾਰਚ 2022 ਤਕ ਦੇਸ਼ ’ਚ ਤੇਲ ਦੀ ਖਪਤ ’ਚ 9.87% ਵਾਧੇ ਦੀ ਉਮੀਦ ਹੈ। ਮਾਲ ਢੁਆਈ ’ਚ ਰੇਲਵੇ ਦੀ ਕਮਾਈ ’ਚ 7.7% ਦਾ ਵਾਧਾ ਹੋਇਆ ਹੈ। ਰੇਲ ਮੰਤਰਾਲੇ ਮੁਤਾਬਕ 28 ਫਰਵਰੀ ਤਕ ਰੇਲਵੇ ਨੇ ਲਗਪਗ 112.25 ਮਿਲੀਅਨ ਟਨ ਮਾਲ ਨੂੰ ਸੰਭਾਲਿਆ ਹੈ। ਦੇਸ਼ ’ਚ ਬਿਜਲੀ ਦੀ ਖਪਤ ਵੀ ਵਧੀ ਹੈ। ਇਹ ਹੁਣ 6.7% ਵੱਧ ਕੇ 104.73 ਅਰਬ ਯੂਨਿਟ ਹੋ ਗਈ ਹੈ। ਬਿਜਲੀ ਮੰਤਰਾਲੇ ਮੁਤਾਬਕ ਦੇਸ਼ ਦੀ ਕੁੱਲ ਬਿਜਲੀ ਖਪਤ ਫਰਵਰੀ ’ਚ 104.73 ਅਰਬ ਯੂਨਿਟ ਰਹੀ। ਪਿਛਲੇ ਸਾਲ ਇਹ 103.81 ਅਰਬ ਯੂਨਿਟ ਸੀ। ਪਿਛਲੇ ਤਿੰਨ ਦਿਨਾਂ ’ਚ ਸਟਾਕ ਮਾਰਕੀਟ ਦਾ ਗ੍ਰਾਫ ਵੀ ਵੱਧ ਰਿਹਾ ਹੈ। ਸ਼ੇਅਰ ਬਾਜ਼ਾਰ ’ਚ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਬੀਐੱਸਸੀ ਦੇ ਮਾਰਕੀਟ ਕੈਪ ’ਚ 3.50 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਬੀਐੱਸਸੀ ਸੈਂਸੈਕਸ 1,147 ਅੰਕਾਂ ਦੀ ਤੇਜ਼ੀ ਨਾਲ 51,444.65 ’ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਸੂਚਕ ਅੰਕ ਨੇ ਵੀ ਦਿਨ ਦੇ ਸਭ ਤੋਂ ਉੱਚੇ ਪੱਧਰ 51,539 ਨੂੰ ਛੂਹਿਆ। ਇਸ ਤੋਂ ਪਹਿਲਾਂ ਇੰਡੈਕਸ 25 ਫਰਵਰੀ ਨੂੰ 51,039.31 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਸਾਹਮਣੇ ਹਾਲੇ ਵੀ ਬਹੁਤ ਚੁਣੌਤੀਆਂ ਹਨ। ਜੇ ਅਰਥਚਾਰੇ ’ਚ ਇਸੇ ਤਰ੍ਹਾਂ ਸੁਧਾਰ ਹੁੰਦਾ ਰਿਹਾ ਤਾਂ ਆਉਣ ਵਾਲੀ ਤਿਮਾਹੀ ਤੇ ਅਗਲੇ ਸਾਲ ਲਈ ਜੀਡੀਪੀ ’ਚ ਯਕੀਨੀ ਤੌਰ ’ਤੇ ਸਕਾਰਾਤਮਕ ਵਾਧਾ ਹੋਣ ਦੀ ਆਸ ਹੈ। ਸਰਕਾਰ ਨੂੰ ਆਰਥਿਕ ਸੁਧਾਰਾਂ ਦੀਆਂ ਆਪਣੀਆਂ ਨੀਤੀਆਂ ਨੂੰ ਲੋਕ ਪੱਖੀ ਬਣਾੳਣਾ ਚਾਹੀਦਾ ਹੈ, ਕਿਉਂਕਿ ਲੋਕਾਂ ਦੀ ਕਮਾਈ ਵੱਧਦੀ ਹੈ ਤਾਂ ਹੀ ਮੰਗ ’ਚ ਇਜ਼ਾਫਾ ਹੁੰਦਾ ਹੈ ਅਤੇ ਜੇ ਮੰਗ ਵੱਧਦੀ ਹੈ ਤਾਂ ਸਪਲਾਈ ਵੀ ਆਪਣੇ ਆਪ ਵੱਧਦੀ ਹੈ ਅਤੇ ਅਰਥਚਾਰਾ ਮਜ਼ਬੂਤ ਹੁੰਦਾ ਹੈ।

Posted By: Sunil Thapa