-ਗੁਰਵਿੰਦਰ ਸਿੰਘ ਸਿੱਧੂ

ਕਿਤਾਬਾਂ ਮਨੁੱਖੀ ਜ਼ਿਹਨ ਨੂੰ ਅਗਿਆਨਤਾ,ਕਰਮ ਕਾਂਡਾਂ ਤੇ ਅੰਧ-ਵਿਸ਼ਵਾਸਾਂ ਦੇ ਹਨੇਰਿਆਂ 'ਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਨਾਲ਼ ਰੁਸ਼ਨਾਉਂਦੀਆਂ ਹਨ। ਅਜੋਕਾ ਸਮਾਂ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ।। ਸੰਸਾਰ ਇਕ ਵਪਾਰਕ ਮੰਡੀ ਤੇ ਮਨੁੱਖ ਇਕ ਮਸ਼ੀਨੀ ਪੁਰਜ਼ਾ ਮਾਤਰ ਬਣ ਕੇ ਰਹਿ ਗਿਆ ਹੈ।। ਅਜੋਕੀ ਤੇਜ਼ ਰਫ਼ਤਾਰ ਤੇ ਚਮਕ-ਦਮਕ ਵਾਲ਼ੀ ਜੀਵਨ ਸ਼ੈਲੀ ਨੇ ਮਨੁੱਖ ਦੀ ਰਿਸ਼ਤਿਆਂ ਤੋਂ ਦੂਰੀ ਤੇ ਮੋਬਾਈਲ, ਸੋਸ਼ਲ ਮੀਡੀਆ, ਫੇਸਬੁੱਕ, ਵਟਸਐਪ ਆਦਿ ਨਾਲ ਨੇੜਤਾ ਵਧਾ ਦਿੱਤੀ ਹੈ।। ਇਸ ਕਾਰਨ ਮੌਜੂਦਾ ਸਮੇਂ 'ਚ ਮਨੁੱਖ ਨੂੰ ਤੇ ਖ਼ਾਸ ਤੌਰ 'ਤੇ ਬੱਚਿਆਂ ਤੇ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਹੈ। ਅਜਿਹੇ ਮਨੋਰਥ ਦੀ ਪੂਰਤੀ ਕਰਨ ਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰਾਜ ਦੇ ਸਮੂਹ ਸਕੂਲਾਂ 'ਚ 'ਲਾਇਬ੍ਰੇਰੀ ਪੁਸਤਕ ਲਹਿਰ' ਨਾਂ ਦੀ ਵਿਲੱਖਣ ਤੇ ਗਿਆਨ ਵਧਾਊ ਮੁਹਿੰਮ 15 ਜੁਲਾਈ ਤੋਂ 15 ਅਗਸਤ ਤੱਕ ਚਲਾਈ, ਜਿਸ ਨੂੰ ਵਿਦਿਆਰਥੀਆਂ ਤੇ ਅਧਿਆਪਕ ਵਰਗ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਸਕੱਤਰ ਸਕੂਲ ਸਿੱਖਿਆ ਵੱਲੋਂ ਇਸ ਪੁਸਤਕ ਲਹਿਰ ਨੂੰ ਵਿਸ਼ੇਸ਼ ਤਵੱਜੋ ਦਿੰਦਿਆਂ ਸਾਰੇ ਸਕੂਲਾਂ ਵਿਚ ਪੁਸਤਕਾਂ ਨੂੰ ਅਲਮਾਰੀਆਂ ਦੇ ਜਿੰਦਰਿਆਂ 'ਚੋਂ ਆਜ਼ਾਦ ਕਰ ਕੇ ਲਾਇਬ੍ਰੇਰੀ ਪੁਸਤਕਾਂ ਦਾ ਖੁੱਲ੍ਹਾ ਲੰਗਰ ਲਾਉਣ ਤੇ ਬੱਚਿਆਂ ਨੂੰ ਰੁਚੀ ਅਨੁਸਾਰ ਪੁਸਤਕਾਂ ਵੰਡਣ ਤੇ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਗਿਆ। ਪੁਸਤਕ ਲੰਗਰ ਤਹਿਤ ਵੀ ਵਿਦਿਆਰਥੀ ਆਪਣੀ ਸਮਝ,ਲੋੜ ਤੇ ਦਿਲਚਸਪੀ ਮੁਤਾਬਕ ਕੋਈ ਵੀ ਪਸੰਦੀਦਾ ਪੁਸਤਕਾਂ ਦੀ ਚੋਣ ਕਰ ਕੇ ਪੜ੍ਹਨ ਲਈ ਲੈ ਸਕਦੇ ਹਨ। ਇਸ ਪੁਸਤਕ ਲਹਿਰ ਬਨਾਮ ਕਿਤਾਬਾਂ ਦੇ ਲੰਗਰ ਨੂੰ ਸਕੂਲਾਂ 'ਚ ਜੋਸ਼ ਤੇ ਉਤਸ਼ਾਹ ਨਾਲ਼ ਸਫ਼ਲਤਾ ਪੂਰਵਕ ਚਲਾਇਆ ਜਾ ਰਿਹਾ ਹੈ। ਕਿਤਾਬਾਂ ਅਲਮਾਰੀਆਂ 'ਚੋਂ ਆਜ਼ਾਦ ਹੋ ਕੇ ਵਿਦਿਆਰਥੀਆਂ ਦੇ ਹੱਥਾਂ ਤਕ ਪੁੱਜ ਗਈਆਂ ਹਨ,ਜਿਸ ਨਾਲ਼ ਉਹ ਆਪਣੇ ਗਿਆਨ ਦਾ ਦਾਇਰਾ ਹੋਰ ਵਿਸ਼ਾਲ ਕਰ ਰਹੇ ਹਨ।। ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ਨੂੰ ਮਿਆਰੀ,ਸੱਭਿਅਕ ਤੇ ਬੱਚਿਆਂ ਦੀ ਮਨੋਬਿਰਤੀ ਦੇ ਹਾਣ ਦੀਆਂ ਪੁਸਤਕਾਂ ਖਰੀਦਣ ਲਈ ਫੰਡ ਵੀ ਜਾਰੀ ਕੀਤੇ ਗਏ। ਇੱਕਾ-ਦੁੱਕਾ ਕਮੀਆਂ ਨੂੰ ਦੂਰ ਕਰ ਕੇ ਇਸ ਮੁਹਿੰਮ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇ ਤੇ ਹੋਰ ਵਧੇਰੇ ਅਸਰਦਾਰ ਢੰਗ ਨਾਲ਼ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਨਵੀਂ ਪਨੀਰੀ ਨੂੰ ਉਮਰ ਦੇ ਮੁੱਢਲੇ ਪੜਾਅ 'ਤੇ ਹੀ ਕਿਤਾਬਾਂ ਪੜ੍ਹਨ ਦੀ ਜਾਗ ਲੱਗੇ। ਪੁਸਤਕਾਂ ਸੰਗ ਪਿਆ ਉਨ੍ਹਾਂ ਦਾ ਇਹ ਮੋਹ ਉਨ੍ਹਾਂ ਨੂੰ ਗਿਆਨਵਾਨ, ਸੁਚੇਤ, ਸੂਝਵਾਨ ਤੇ ਜ਼ਿੰਮੇਵਾਰ ਨਾਗਰਿਕ ਬਣਾਵੇਗਾ। ਇਸ ਤਰ੍ਹਾਂ ਦੀਆਂ ਉਸਾਰੂ ਮੁਹਿੰਮਾਂ ਦੀ ਕਾਮਯਾਬੀ ਲਈ ਸਰਕਾਰ ਨੂੰ ਸਕੂਲਾਂ 'ਚ ਲਾਇਬ੍ਰੇਰੀ ਸਟਾਫ ਦੀਆਂ ਖ਼ਾਲੀ ਆਸਾਮੀਆਂ ਭਰਨ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਫਿਰ ਵਿਦਿਆਰਥੀ ਸਿੱਖਿਆਦਾਇਕ,ਦਿਲਚਸਪ ਤੇ ਗਿਆਨਵਧਾਊ ਪੁਸਤਕਾਂ ਪੜ੍ਹ ਕੇ ਭਵਿੱਖ ਦੇ ਬਨੇਰਿਆਂ 'ਤੇ ਗਿਆਨ ਦੇ ਦੀਵੇ ਜਗਾ ਸਕਣਗੇ।

ਗੁਰੂਸਰ ਮਹਿਰਾਜ (ਬਠਿੰਡਾ)।

ਸੰਪਰਕ : 98154-86225

Posted By: Jagjit Singh