ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਬਹੁਤ ਮਹੱਤਤਾ ਰੱਖਦੀਆਂ ਹਨ। ਖ਼ਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਲਈ ਜਿਹੜੇ ਬਾਰ੍ਹਵੀਂ ਜਮਾਤ ’ਚ ਹਨ। ਹੁਣ ਬੋਰਡ ਪ੍ਰੀਖਿਆ ਵਿਚ ਸਮਾਂ ਬਹੁਤ ਘੱਟ ਰਹਿ ਗਿਆ ਹੈ। ਵਿਦਿਆਰਥੀਆਂ ਨੇ ਸਾਰਾ ਸਾਲ ਮਿਹਨਤ ਕੀਤੀ ਹੁੰਦੀ ਹੈ। ਉਨ੍ਹਾਂ ਨੇ ਇਸ ਪ੍ਰੀਖਿਆ ਦੇ ਆਧਾਰ ’ਤੇ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰਨੇ ਹੁੰਦੇ ਹਨ। ਕੋਰੋਨਾ ਕਾਰਨ ਸੀਬੀਐੱਸਈ ਨੇ ਆਪਣੇ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਲਈ ਸਮੁੱਚੇ ਪਾਠਕ੍ਰਮ ਨੂੰ ਦੋ ਹਿੱਸਿਆਂ ਅਰਥਾਤ ਟਰਮ 1 ਅਤੇ ਟਰਮ 2 ਵਿਚ ਵੰਡਿਆ ਸੀ। ਟਰਮ 1 ਦੀ ਪ੍ਰੀਖਿਆ ਵਿਦਿਆਰਥੀਆਂ ਦੀ ਬਹੁ-ਵਿਕਲਪੀ (ਅਬਜੈਕਟਿਵ) ਰੂਪ ’ਚ ਹੋਈ ਸੀ ਪਰ ਹੁਣ ਟਰਮ 2 ਦੀ ਪ੍ਰੀਖਿਆ ਲਿਖਤੀ ਰੂਪ ਵਿਚ ਹੋਣੀ ਹੈ। ਕੋਰੋਨਾ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਕਲਾਸਾਂ ਆਫਲਾਈਨ ਮੋਡ ਵਿਚ ਨਹੀਂ ਹੋਈਆਂ। ਉਨ੍ਹਾਂ ਨੇ ਆਪਣੀਆਂ ਕਲਾਸਾਂ ਘਰਾਂ ਵਿਚ ਬੈਠ ਕੇ ‘ਆਨਲਾਈਨ’ ਤਰੀਕੇ ਭਾਵ ਮੋਬਾਈਲ, ਕੰਪਿਊਟਰ ਦੀ ਸਹਾਇਤਾ ਨਾਲ ਲਾਈਆਂ ਸਨ। ਹਾਲਾਤ ਜਿਹੋ ਜਿਹੇ ਵੀ ਸਨ ਪਰ ਵਿਦਿਆਰਥੀਆਂ ਨੇ ਫਿਰ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਗੱਲ ਲਈ ਉਨ੍ਹਾਂ ਦੇ ਅਧਿਆਪਕ ਅਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹੋ ਜਿਹੇ ਔਖੇ ਸਮੇਂ ਵਿਚ ਆਪਣਾ ਰਾਬਤਾ ਬਣਾਈ ਰੱਖਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਵਿਦਿਆਰਥੀ ਬੋਰਡ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨ? ਇਸ ਬਾਰੇ ਅਸੀਂ ਉਨ੍ਹਾਂ ਨੂੰ ਸੇਧ ਦੇਵਾਂਗੇ। ਜੇਕਰ ਵਿਦਿਆਰਥੀ ਇਨ੍ਹਾਂ ਨੁਕਤਿਆਂ ਦੇ ਆਧਾਰ ’ਤੇ ਆਪਣੀ ਪ੍ਰੀਖਿਆ ਦੀ ਤਿਆਰੀ ਕਰਨਗੇ ਤਾਂ ਨਿਸ਼ਚਿਤ ਰੂਪ ਵਿਚ ਜਿੱਥੇ ਉਹ ਪ੍ਰੀਖਿਆ ’ਚ ਸਫਲ ਹੋਣਗੇ ਉਥੇ ਹੀ ਆਪਣੀ ਮੰਜ਼ਿਲ ਨੂੰ ਵੀ ਹਾਸਲ ਕਰ ਸਕਦੇ ਹਨ।

* ਸਭ ਤੋਂ ਪਹਿਲੀ ਗੱਲ ਇਹ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਪੂਰੀ ਇਕਾਗਰਤਾ ਨਾਲ ਕਰਨੀ ਚਾਹੀਦੀ ਹੈ।

* ਹਰ ਵਿਸ਼ੇ ਅਨੁਸਾਰ ਆਪਣਾ ਟਾਈਮ-ਟੇਬਲ ਬਣਾਉਣਾ ਚਾਹੀਦਾ ਹੈ। ਵਿਸ਼ੇ ਦੇ ਆਧਾਰ ’ਤੇ ਇਹ ਫ਼ੈਸਲਾ ਕਰਨਾ ਹੈ ਕਿ ਕਿਸ ਵਿਸ਼ੇ ਨੂੰ ਕਿੰਨਾ ਸਮਾਂ ਦੇਣਾ ਹੈ।

* ਵਿਦਿਆਰਥੀ ਹਰ ਵਿਸ਼ੇ ਦੀ ਪ੍ਰੈਕਟਿਸ ਲਿਖਤੀ ਰੂਪ ਵਿਚ ਕਰਨ।

* ਪਾਠ ਪੁਸਤਕਾਂ ਨੂੰ ਧਿਆਨ-ਪੂਰਵਕ ਪੜ੍ਹਨ।

* ਹਰੇਕ ਵਿਸ਼ੇ ਦੇ ਛੋਟੇ-ਛੋਟੇ ਨੋਟਸ ਬਣਾਉਣ। ਜੋ ਵਿਦਿਆਰਥੀ ਪੜ੍ਹਾਈ ਦੌਰਾਨ ਆਪਣੇ ਨੋਟਸ ਬਣਾਉਂਦੇ ਹਨ ਉਹ ਨੋਟਸ ਪ੍ਰੀਖਿਆ ਤੋਂ ਕੁਝ ਦਿਨਾਂ ਪਹਿਲਾਂ ‘ਦੁਹਰਾਈ’ ਦੇ ਕੰਮ ਆਉਂਦੇ ਹਨ। ਇੰਜ ਉਨ੍ਹਾਂ ਦਾ ਵਧੀਆ ਅਭਿਆਸ ਵੀ ਹੋ ਜਾਂਦਾ ਹੈ।

ਪੜ੍ਹਾਈ ਦੌਰਾਨ ਮਾਨਸਿਕ ਤਣਾਅ ਤੋਂ ਬਚਣ ਲਈ ਵਿਦਿਆਰਥੀਆਂ ਨੂੰ ‘ਖੇਡਾਂ’ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਕੋਰੋਨਾ ਕੇਸ ਵਧਣ ਕਾਰਨ ਬੱਚਿਆਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਬੱਚੇ ਆਪਣੇ ਭੈਣ-ਭਰਾ ਜਾਂ ਮਾਤਾ-ਪਿਤਾ ਨਾਲ ‘ਇਨਡੋਰ ਖੇਡਾਂ’ ਰਾਹੀਂ ਆਪਣਾ ਮਨਪ੍ਰਚਾਵਾ ਕਰ ਸਕਦੇ ਹਨ। ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਨਾਲ ਜਿੱਥੇ ਤਨ-ਮਨ ਖਿੜਿਆ ਰਹਿੰਦਾ ਹੈ, ਉੱਥੇ ਹੀ ਸਵੇਰ ਦਾ ਸ਼ਾਂਤ ਵਾਤਾਵਰਨ ਪੜ੍ਹਾਈ ਲਈ ਉਤਸ਼ਾਹਿਤ ਕਰਦਾ ਹੈ। ਬੱਚਿਆਂ ਨੂੰ ਤਾਂ ਉਂਜ ਵੀ ‘ਜੰਕ ਫੂਡ’ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਖ਼ਾਸ ਤੌਰ ’ਤੇ ਪ੍ਰੀਖਿਆਵਾਂ ਦੌਰਾਨ ਤਾਂ ਉਨ੍ਹਾਂ ਨੂੰ ਇਸ ਤੋਂ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਫ਼ਲਾਂ-ਸਬਜ਼ੀਆਂ ਨੂੰ ਵਧੇਰੇ ਤਰਜੀਹ ਦੇਣ। ਇਸ ਨਾਲ ਜਿੱਥੇ ਉਨ੍ਹਾਂ ਵਿਚ ਚੁਸਤੀ ਬਣੀ ਰਹੇਗੀ, ਓਥੇ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ। ਨਤੀਜਾ ਇਹ ਨਿਕਲੇਗਾ ਕਿ ਉਨ੍ਹਾਂ ਦੀ ਪੜ੍ਹਾਈ ’ਚ ਰੁਚੀ ਵਧੇਗੀ। ਪ੍ਰੀਖਿਆ ’ਚ ਦਿੱਤੇ ਜਾਣ ਵਾਲੇ ‘ਪ੍ਰਸ਼ਨ-ਪੱਤਰ’ ਨੂੰ ਧਿਆਨ ਪੂਰਵਕ ਪੜ੍ਹਨਾ ਚਾਹੀਦਾ ਹੈ। ਜਿਹੜੇ ਸਵਾਲ ਚੰਗੀ ਤਰ੍ਹਾਂ ਆਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਹੱਲ ਕਰਨਾ ਚਾਹੀਦਾ ਹੈ। ਉੱਤਰ-ਪੁਸਤਿਕਾ ਵਿਚ ਦੋਨੋਂ ਪਾਸੇ ਹਾਸ਼ੀਆ ਛੱਡਣਾ ਚਾਹੀਦਾ ਹੈ। ਛੋਟੇ ਪ੍ਰਸ਼ਨਾਂ ਨੂੰ ਇਕ ਸਾਥ ਕਰਨਾ ਚਾਹੀਦਾ ਹੈ। ਵੱਡੇ ਪ੍ਰਸ਼ਨਾਂ ਨੂੰ ਕਰਨ ਤੋਂ ਬਾਅਦ ਦੋ ਜਾਂ ਤਿੰਨ ਲਾਈਨਾਂ ਛੱਡਣੀਆਂ ਚਾਹੀਦੀਆਂ ਹਨ। ਪ੍ਰਸ਼ਨ ਦਾ ਨੰਬਰ ‘ਪ੍ਰਸ਼ਨ-ਪੱਤਰ’ ਅਨੁਸਾਰ ਪਾਉਣਾ ਚਾਹੀਦਾ ਹੈ। ਉੱਤਰ-ਪੁਸਤਿਕਾ ਵਿਚ ਕਿਸੇ ਕਿਸਮ ਦੀ ਨਿਸ਼ਾਨਦੇਹੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਪ੍ਰੀਖਿਅਕ ਦੇ ਨਿਰਦੇਸ਼ਾਂ ਦੀ ਸਹੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਮਨ ’ਤੇ ਕਿਸੇ ਤਰ੍ਹਾਂ ਦਾ ਬੋਝ ਨਹੀਂ ਪਾਉਣਾ ਚਾਹੀਦਾ। ਜੇਕਰ ਕਿਸੇ ਤਰ੍ਹਾਂ ਦਾ ਵੀ ਮਾਨਸਿਕ ਦਬਾਅ ਮਹਿਸੂਸ ਕਰੋ ਤਾਂ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ। ਆਪਣੀ ਮਿਹਨਤ ’ਤੇ ਭਰੋਸਾ ਰੱਖੋ। ਵਿਦਿਆਰਥੀ ਜੇਕਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਗੇ ਤਾਂ ਨਿਸ਼ਚਿਤ ਰੂਪ ਵਿਚ ਸਫਲਤਾ ਉਨ੍ਹਾਂ ਦੇ ਪੈਰ ਚੁੰਮੇਗੀ। ਬੋਰਡ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਵਾਂ।

-ਪ੍ਰਕਾਸ਼ ਸਿੰਘ ਗਿੱਲ, ਪੀਜੀਟੀ (ਪੰਜਾਬੀ), ਸ਼ਾਹਦਰਾ।

( 92126-32234)

Posted By: Susheel Khanna