-ਗੁਰਪ੍ਰੀਤ ਖੋਖਰ


ਸ਼ੇਰ ਜਿਹੀ ਗੜਕਵੀਂ ਆਵਾਜ਼ ਵਾਲਾ, ਗਲੇ ਤੇ ਕਲਮ ਦਾ ਧਨੀ, ਸ਼ਾਗਿਰਦਾਂ ਨੂੰ ਕੱਖਾਂ ਤੋਂ ਲੱਖ ਬਣਾਉਣ ਵਾਲਾ, ਸੰਗੀਤ ਦੀਆਂ ਬਾਰੀਕੀਆਂ ਦਾ ਜਾਣਕਾਰ ਤੇ ਸਿੱਖ ਇਤਿਹਾਸ ਦਾ ਤੁਰਦਾ-ਫਿਰਦਾ ਵਿਸ਼ਵ ਕੋਸ਼ ਸੀ ਮਾਸਟਰ ਗੁਰਬਖ਼ਸ਼ ਸਿੰਘ ਅਲਬੇਲਾ। 11 ਜਨਵਰੀ 2016 ਨੂੰ ਉਹ ਸਦੀਵੀ ਵਿਛੋੜਾ ਦੇ ਗਿਆ ਪਰ ਉਸ ਦੀ ਆਵਾਜ਼ ਅੱਜ ਵੀ ਪੰਜਾਬ ਦੀ ਫ਼ਿਜ਼ਾ ’ਚ ਗੂੰਜ ਰਹੀ ਹੈ ਤੇ ਹਮੇਸ਼ਾ ਗੂੰਜਦੀ ਰਹੇਗੀ ।

ਉਸ ਨੇ ਸਿੱਖ ਇਤਿਹਾਸ ਦੇ ਅਜਿਹੇ ਅਹਿਮ ਪਰ ਅਣਗੌਲੇ ਪ੍ਰਸੰਗਾਂ ’ਤੇ ਵੀ ਕਲਮ ਅਜ਼ਮਾਈ ਜਿਸ ਨੂੰ ਹੱਥ ਪਾਉਣ ਤੋਂ ਅੱਜ ਤਕ ਲੇਖਕਾਂ ਨੇ ਗੁਰੇਜ਼ ਹੀ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਬਾਰੇ ਉਸ ਨੇ ਬੜਾ ਖੋਜ ਭਰਪੂਰ ਕਾਰਜ ਕੀਤਾ। ਢਾਡੀ ਕਲਾ ਨੂੰ ਉਸ ਦੀ ਅਹਿਮ ਦੇਣ ਇਹ ਵੀ ਹੈ ਕਿ ਉਸ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਤੋਂ ਇਲਾਵਾ ਰਿਸ਼ਤਿਆਂ ਅਤੇ ਸਮਾਜਿਕ ਸਮੱਸਿਆਵਾਂ ਨੂੰ ਵੀ ਢਾਡੀ ਕਲਾ ਦੇ ਦਾਇਰੇ ’ਚ ਲਿਆਂਦਾ ਜਿਸ ਤੋਂ ਸੇਧ ਲੈ ਕੇ ਕਈ ਢਾਡੀਆਂ ਨੇ ਬਾਅਦ ’ਚ ਇਸ ਨੂੰ ਅਪਣਾਇਆ। ਉਸ ਦੀ ‘ਮਾਂ ਦਾ ਦਿਲ’ ਕੈਸਟ ਬੜੀ ਮਕਬੂਲ ਹੋਈ। ਨਪੀੜੇ ਜਾ ਰਹੇ ਵਰਗਾਂ ਦੇ ਲੋਕਾਂ ਦੇ ਦੁਖਾਂਤ ਨੂੰ ਉਸ ਨੇ ਆਪਣੀ ਕਲਮ ਦਾ ਵਿਸ਼ਾ ਬਣਾਇਆ। 90 ਦੇ ਦਹਾਕੇ ’ਚ ਉਸ ਨੇ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਹੋਕਾ ਦਿੰਦਿਆਂ ਲਿਖਿਆ ਸੀ ‘ਕਦੋਂ ਜਾਗੇਂਗਾ ਜਹਾਨ ਦਿਆ ਅੰਨਦਾਤਿਆ।’

‘ਕੇਸ ਲੋਹੇ ਦੀਆਂ ਤਾਰਾਂ ਬਣਗੇ ਕੈਂਚੀ ਤੋਂ ਨਹੀਂ ਕੱਟੀਦੇ’, ‘ਧੌਣ ਉੱਚੀ ਕਰ ਕੇ ਜਿਊਣਾ ਜਾਣਦੇ ਗੱਭਰੂ ਪੰਜਾਬ ਦੇ’, ‘ਤੈਨੂੰ ਦੁੱਖੜੇ ਦੇਣਗੀਆਂ ਤੇਰੀਆਂ ਬੇਪਰਵਾਹੀਆਂ ਬੰਦਿਆ’, ‘ਸੁਣ ਮੜੀਏ ਸ਼ੇਰ ਪੰਜਾਬ ਦੀਏ ਇਕ ਵਾਰ ਜਗਾ ਦੇ ਸ਼ੇਰ ਨੂੰ’ ,‘ਕਦੋਂ ਚੜ੍ਹੇਂਗਾ ਪੰਜਾਬ ਦਿਆ ਸੂਰਜਾ ਦੁਨੀਆ ’ਤੇ ਫੇਰ ਮੁੜ ਕੇ’, ‘ਸੱਚੀ ਐ ਗੁਰੂ ਜੀ ਤੇਰੀ ਬਾਣੀ ਝੂਠੀ ਐ ਪ੍ਰੀਤ ਜੱਗ ਦੀ’,‘ਜਿਹੜੇ ਕਹਿੰਦੇ ਆ ਖੜਾਂਗੇ ਹਿੱਕਾਂ ਤਾਣ ਕੇ ਉਹ ਛੱਡ ਕੇ ਮੈਦਾਨ ਭੱਜਦੇ’ , ‘ਰੱਜ ਰੱਜ ਕੇ ਸੌਂ ਲੈਣ ਦੇ ਵਾਟ ਦੇ ਥੱਕੜੇ ਰਾਹੀ ਨੂੰ’ ਜਿਹੀਆਂ ਢਾਡੀ ਵਾਰਾਂ ਬਹੁਤ ਪ੍ਰਸਿੱਧ ਹੋਈਆਂ। ਇਹ ਉਸ ਦੀ ਲੇਖਣੀ ਕਲਾ ਦਾ ਕਮਾਲ ਹੈ ਕਿ ਉਸ ਦੀਆਂ ਕਈ ਸਤਰਾਂ ਅਖਾਣਾਂ ਵਾਂਗੂ ਲੋਕਾਂ ਦੇ ਘਰ ਕਰ ਗਈਆਂ ਹਨ। ਕਈ ਅਟੱਲ ਸੱਚਾਈਆਂ ਉਹ ਆਪਣੇ ਗੀਤਾਂ ’ਚ ਬਿਆਨ ਕਰ ਗਿਆ।

ਇਸ ਅਲਬੇਲੇ ਢਾਡੀ ਦਾ ਜਨਮ 10 ਮਈ 1957 ਨੂੰ ਜ਼ਿਲ੍ਹਾ ਬਠਿੰਡਾ ਦੇ ਛੋਟੇ ਜਿਹੇ ਪਿੰਡ ਬੁਰਜ ਰਾਜਗੜ੍ਹ ’ਚ ਹੋਇਆ। ਬਹੁਤ ਘੱਟ ਲੋਕ ਜਾਣਦੇ ਨੇ ਕਿ ਢਾਡੀ ਬਣਨ ਤੋਂ ਪਹਿਲਾਂ ਉਹ ਪਿੰਡਾਂ ’ਚ ਡਰਾਮੇ ਕਰਿਆ ਕਰਦਾ ਸੀ। ਭਾਈ ਰੂਪਾ ਤੇ ਨੇੜਲੇ ਪਿੰਡਾਂ ’ਚ ਡਰਾਮਿਆਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਦਾ। ਗਿਆਨੀ ਕਰਨ ਤੋਂ ਬਾਅਦ ਉਸ ਨੇ ਸਿੱਖ ਇਤਿਹਾਸ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ। ਪਿੰਡ ਬੁਰਜ ਰਾਜਗੜ੍ਹ ਤੇ ਭਾਈ ਰੂਪਾ ਦਾ ਚੱਪਾ-ਚੱਪਾ ਅਲਬੇਲੇ ਦੀਆਂ ਯਾਦਾਂ ਸਮੋਈ ਬੈਠਾ ਹੈ। ਬਾਬਾ ਦਲੀਪ ਸਿੰਘ ਦਾ ਚੰਡਿਆ ਇਹ ਸ਼ਾਗਿਰਦ ਪੰਜਾਬੀ ਮਾਂ-ਬੋਲੀ ਦਾ ਮਾਣਮੱਤਾ ਸਪੂਤ ਬਣ ਕੇ ਦੁਨੀਆਂ ਭਰ ’ਚ ਚਮਕਿਆ। ਉਸ ਦੀਆਂ ਤਕਰੀਬਨ 100 ਤੋਂ ਵੱਧ ਕੈਸਟਾਂ ਮਾਰਕੀਟ ’ਚ ਆਈਆਂ ਜੋ ਸਾਰੀਆਂ ਹੀ ਸੁਪਰਹਿੱਟ ਰਹੀਆਂ। ਪਾਇਲ ਕੰਪਨੀ ਵੱਲੋਂ ਮਾਰਕੀਟ ’ਚ ਆਈ ਉਸ ਦੀ ਕੈਸਟ ‘ਪੂਰਨ ਭਗਤ’ ਦੀ ਵਿਕਰੀ ਨੇ ਤਾਂ ਰਿਕਾਰਡ ਹੀ ਤੋੜ ਦਿੱਤੇ। ਉਸ ਦੇ ਲਿਖੇ ਪ੍ਰਸੰਗਾਂ ਨੂੰ ਪੰਜਾਬ ਦੇ ਨਾਮਵਰ ਢਾਡੀਆਂ ਨੇ ਗਾਇਆ। ਉਸ ਨੇ ਢਾਡੀ ਕਲਾ ਦਾ ਅਜਿਹਾ ਬਗੀਚਾ ਤਿਆਰ ਕੀਤਾ ਜਿਸ ਦੇ ਫੁੱਲ ਅੱਜ ਪੂਰੀ ਦੁਨੀਆ ਨੂੰ ਮਹਿਕਾ ਰਹੇ ਹਨ। ਉਸ ਦੀ ਗੜਕਦੀ ਆਵਾਜ਼ ਬੁਜ਼ਦਿਲਾਂ ’ਚ ਵੀ ਨਵਾਂ ਜੋਸ਼ ਭਰ ਦਿੰਦੀ ਸੀ। ਆਪਣੀ ਗੱਲ ਕਹਿਣ ਲਈ ਉਹ ਹਵਾਲਿਆਂ ਦੀ ਝੜੀ ਲਾ ਦਿੰਦਾ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਕਿੰਨੀ ਬਾਰੀਕੀ ਨਾਲ ਸਾਹਿਤ ਦਾ ਅਧਿਐਨ ਕੀਤਾ ਹੋਇਆ ਸੀ। ਜਿਹੜੇ ਬੰਦੇ ਨੂੰ ਇਕ ਵਾਰ ਮਿਲ ਜਾਂ ਦੇਖ ਲੈਂਦਾ ਸੀ, ਨਹੀਂ ਸੀ ਭੁੱਲਦਾ। ਸਿੱਖ ਇਤਿਹਾਸ ਦੇ ਤੱਥ, ਸੰਨ, ਫ਼ੌਜਾਂ ਦੀ ਗਿਣਤੀ ਉਸ ਦੇ ਜ਼ੁਬਾਨੀ ਯਾਦ ਸੀ।

ਉਸ ਨੂੰ ਪ੍ਰੋ. ਮੋਹਨ ਸਿੰਘ ਐਵਾਰਡ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਕੋਲੋਂ ਮਾਣ-ਸਨਮਾਨ ਹਾਸਲ ਹੋਏ। ਸਰੋਤੇ ਉਸ ਨੂੰ ਲਗਾਤਾਰ ਚਾਰ-ਚਾਰ ਘੰਟੇ ਆਰਾਮ ਨਾਲ ਬੈਠ ਕੇ ਸੁਣਦੇ ਰਹਿੰਦੇ, ਅਲਬੇਲੇ ਲਈ ਇਹੀ ਸਭ ਤੋਂ ਵੱਡਾ ਸਨਮਾਨ ਸੀ। ਚਾਰ ਵਾਰ ਉਸ ਨੂੰ ਵਿਦੇਸ਼ ਦੀ ਧਰਤੀ ’ਤੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਦੌਲਤ ਅਤੇ ਸ਼ੁਹਰਤ ਦੀਆਂ ਬੁਲੰਦੀਆਂ ’ਤੇ ਪਹੁੰਚ ਕੇ ਵੀ ਉਹ ਨਿਮਰ, ਮਿਲਣਸਾਰ ਅਤੇ ਹੰਕਾਰ ਤੋਂ ਦੂਰ ਰਹਿ ਵਾਲਾ ਇਨਸਾਨ ਸੀ। ਭਾਵੇਂ ਪ੍ਰੋਗਰਾਮ ਲਾਉਣ ਲਈ ਜ਼ਿਆਦਾਤਰ ਉਹ ਵਿਦੇਸ਼ਾਂ ਦੇ ਟੂਰ ’ਤੇ ਹੀ ਰਹਿੰਦਾ ਪਰ ਪੰਜਾਬ ਤੇ ਆਪਣੇ ਪਿੰਡ ਦੀ ਮਿੱਟੀ ਨੂੰ ਨਹੀਂ ਵਿਸਾਰਿਆ। ਉਹ ਅਕਸਰ ਕਹਿੰਦਾ,‘‘ ਵਾਹਿਗੁਰੂ ਦੀ ਕ੍ਰਿਪਾ ਨਾਲ ਸਾਰੇ ਮੁਲਕ ਘੁੰਮ ਲਏ ਪਰ ਜੋ ਸਕੂਨ ਪੰਜਾਬ ਦੀ ਮਿੱਟੀ ’ਚ ਹੈ, ਉਹ ਬੇਗਾਨੇ ਮੁਲਕ ’ਚ ਨਹੀਂ।’’ ਧਰਮਪ੍ਰੀਤ , ਬਲਕਾਰ ਸਿੱਧੂ ਅਤੇ ਹਰਦੇਵ ਮਾਹੀਨੰਗਲ ਨੇ ਸੰਗੀਤ ਦੀਆਂ ਬਾਰੀਕੀਆਂ ਉਸ ਕੋਲੋਂ ਹੀ ਸਿੱਖੀਆਂ ਤੇ ਪੰਜਾਬੀ ਗਾਇਕੀ ’ਚ ਧਰੂ ਤਾਰਾ ਬਣ ਕੇ ਚਮਕੇ। ਪਹਿਲਾਂ ਆਪਣੇ ਸ਼ਾਗਿਰਦ ਨਛੱਤਰ ਛੱਤਾ ਅਤੇ ਬਾਅਦ ’ਚ ਸਭ ਤੋਂ ਲਾਡਲੇ ਧਰਮਪ੍ਰੀਤ ਦੀ ਹੋਈ ਬੇਵਕਤੀ ਮੌਤ ਕਾਰਨ ਉਹ ਬੜਾ ਉਦਾਸ ਹੋਇਆ।

ਅਜੈਬ ਸਿੰਘ ਅਣਖੀ, ਬਲਜਿੰਦਰ ਸਿੰਘ ਬਗੀਚਾ, ਯਾਦਵਿੰਦਰ ਸਿੰਘ ਦਿਆਲਪੁਰੀ , ਇੰਦਰਜੀਤ ਸਿੰਘ ਤੀਰ, ਬੋਹੜ ਸਿੰਘ ਖ਼ੁਸ਼ਦਿਲ, ਹਰਭੁਪਿੰਦਰ ਸਿੰਘ ਸੁਹੋਲ ਤੇ ਕਈ ਹੋਰ ਉਸ ਦੇ ਚੰਡੇ ਢਾਡੀ ਹਨ ਜੋ ਅੱਜ ਦੇਸ਼ਾਂ- ਵਿਦੇਸ਼ਾਂ ’ਚ ਜਾ ਕੇ ਢਾਡੀ ਕਲਾ ਦਾ ਪ੍ਰਚਾਰ ਕਰ ਰਹੇ ਹਨ। ਉਹ ਜਿੱਥੇ ਮਹਾਨ ਢਾਡੀ ਸੀ, ਉੱਥੇ ਹੀ ਉੱਚ ਕੋਟੀ ਦਾ ਗੀਤਕਾਰ ਵੀ ਸੀ। ਉਸ ਦੇ ਲਿਖੇ ਗੀਤਾਂ ਨੂੰ ਨਛੱਤਰ ਛੱਤਾ, ਧਰਮਪ੍ਰੀਤ, ਬਲਕਾਰ ਸਿੱਧੂ, ਕਰਤਾਰ ਰਮਲਾ, ਹਰਦੇਵ ਮਾਹੀਨੰਗਲ ਜਿਹੇ ਨਾਮਵਰ ਗਾਇਕਾਂ ਨੇ ਆਵਾਜ਼ ਦਿੱਤੀ। ਨਛੱਤਰ ਛੱਤਾ ਦਾ ਗਾਇਆ ਗੀਤ ‘ਸਾਉਣ ਦਾ ਮਹੀਨਾ ਰੁੱਤ ਪਿਆਰ ਦੀ’ ਤਾਂ ਅੱਜ ਵੀ ਸਦਾਬਹਾਰ ਹੈ। ਅਜੋਕੇ ਲਿਖਾਰੀਆਂ ਨੂੰ ਵੀ ਉਸ ਤੋਂ ਸੇਧ ਲੈਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਨਾਲ ਅਲਬੇਲੇ ਪੰਜਾਬੀ ਨੂੰ ਸ਼ਰਧਾਂਜਲੀ!

ਸੰਪਰਕ ਨੂੰ : 75289-06680

Posted By: Sunil Thapa