ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਵਿਚ ਵੜ ਕੇ ਅੱਤਵਾਦੀਆਂ ਨੇ ਪਛਾਣ ਪੱਤਰ ਦੇਖ ਕੇ ਜਿਸ ਤਰ੍ਹਾਂ ਇਕ ਸਿੱਖ ਅਤੇ ਇਕ ਹਿੰਦੂ ਅਧਿਆਪਕ ਦੀ ਹੱਤਿਆ ਕਰ ਦਿੱਤੀ, ਉਸ ਨਾਲ ਕਸ਼ਮੀਰ ਵਿਚ ਅੱਤਵਾਦ ਆਪਣੇ ਗੰਭੀਰ ਰੂਪ ਵਿਚ ਪਰਤਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉੱਥੋਂ ਦੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਚੁੱਕਾ ਹੈ। ਪਿਛਲੇ ਦਿਨੀਂ ਹੀ ਸ੍ਰੀਨਗਰ ਵਿਚ ਮੈਡੀਕਲ ਸਟੋਰ ਚਲਾਉਣ ਵਾਲੇ ਇਕ ਕਸ਼ਮੀਰੀ ਪੰਡਿਤ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਸਾਲ ਹੁਣ ਤਕ ਕਸ਼ਮੀਰ ਵਿਚ 25 ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰਿਆ ਹੈ। ਸਭ ਤੋਂ ਜ਼ਿਆਦਾ ਟਾਰਗੈਟ ਕਿਲਿੰਗ ਸ੍ਰੀਨਗਰ ਵਿਚ ਹੀ ਹੋਈਆਂ ਹਨ। ਸਿਰਫ਼ ਦੋ ਦਿਨਾਂ ਵਿਚ ਪੰਜ ਕਤਲ ਕੀਤੇ ਜਾ ਚੁੱਕੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਅੱਤਵਾਦੀਆਂ ਦੀ ਕਾਇਰਤਾ ਨੂੰ ਹੀ ਨਹੀਂ ਬਿਆਨ ਕਰਦੀਆਂ ਬਲਕਿ ਕਸ਼ਮੀਰ ਘਾਟੀ ਵਿਚ ਬਚੇ-ਖੁਚੇ ਘੱਟ-ਗਿਣਤੀਆਂ ਨਾਲ ਸਬੰਧਤ ਲੋਕਾਂ ਦੇ ਮਨਾਂ ਵਿਚ ਖ਼ੌਫ਼ ਵੀ ਪੈਦਾ ਕਰਦੀਆਂ ਹਨ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਹਿੰਦੂ ਅਤੇ ਸਿੱਖ ਅਧਿਆਪਕ ਦੀ ਹੱਤਿਆ ਤੋਂ ਬਾਅਦ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਕਿਤੇ ਇਨ੍ਹਾਂ ਘੱਟ-ਗਿਣਤੀ ਭਾਈਚਾਰਿਆਂ ਦੇ ਬਾਕੀ ਬਚੇ ਲੋਕ ਵਾਦੀ ਛੱਡਣ ਲਈ ਮਜਬੂਰ ਨਾ ਹੋ ਜਾਣ। ਇਸ ਵਿਚ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਸ਼ਮੀਰ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਇਕ ਪਾਸੇ ਜਿੱਥੇ ਆਮ ਲੋਕਾਂ ਦੇ ਮਨੋਬਲ ਨੂੰ ਡੇਗਣ, ਦੂਜੇ ਪਾਸੇ ਸੁਰੱਖਿਆ ਬਲਾਂ ਦੀ ਚਿੰਤਾ ਵਧਾਉਣ ਵਾਲੀਆਂ ਹਨ। ਸੁਰੱਖਿਆ ਏਜੰਸੀਆਂ ਨੂੰ ਅੱਤਵਾਦ ਵਿਰੋਧੀ ਰਣਨੀਤੀ ਬਦਲਣ ਦੇ ਨਾਲ-ਨਾਲ ਆਪਣਾ ਹਮਲਾਵਰ ਰੁਖ਼ ਵਧਾਉਣਾ ਹੀ ਹੋਵੇਗਾ। ਉਨ੍ਹਾਂ ਨੂੰ ਨਾ ਸਿਰਫ਼ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰਨਾ ਹੋਵੇਗਾ, ਬਲਕਿ ਉਨ੍ਹਾਂ ਦੇ ਖੁੱਲ੍ਹੇ-ਲੁਕੇ ਸਮਰਥਕਾਂ ਨੂੰ ਵੀ ਨੱਥ ਪਾਉਣੀ ਹੋਵੇਗੀ। ਜੇ ਇਹ ਕੰਮ ਨਹੀਂ ਕੀਤਾ ਗਿਆ ਤਾਂ ਕਸ਼ਮੀਰ ਵਾਦੀ ਵਿਚ ਓਦਾਂ ਦੇ ਹੀ ਦਹਿਸ਼ਤ ਭਰੇ ਦਿਨ ਪਰਤ ਸਕਦੇ ਹਨ, ਜਿਸ ਤਰ੍ਹਾਂ ਦੇ 1990 ਵੇਲੇ ਸਨ। ਉਦੋਂ ਵੱਡੀ ਗਿਣਤੀ ਵਿਚ ਕਸ਼ਮੀਰੀ ਪੰਡਿਤਾਂ ਨੂੰ ਜਾਨ ਬਚਾਉਣ ਲਈ ਕਸ਼ਮੀਰ ਵਾਦੀ ਤੋਂ ਹਿਜਰਤ ਕਰਨੀ ਪਈ ਸੀ। ਇਸ ਤੋਂ ਬਾਅਦ ਵੀ ਕਈ ਵਾਰ ਘੱਟ ਗਿਣਤੀਆਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹੀਆਂ ਹਨ। ਇਨ੍ਹਾਂ ਵਿਚ ਹੀ ਛੱਤੀ ਸਿੰਘਪੁਰਾ ਦੀ ਘਟਨਾ ਅਹਿਮ ਹੈ, ਜਿੱਥੇ ਸਿੱਖਾਂ ਨੂੰ ਮਾਰਿਆ ਗਿਆ ਸੀ। ਸਪਸ਼ਟ ਹੈ ਕਿ ਅੱਤਵਾਦ ਦਾ ਇਹੀ ਚੜ੍ਹਾਅ ਜੰਮੂ-ਕਸ਼ਮੀਰ ਸਰਕਾਰ ਹੀ ਨਹੀਂ, ਕੇਂਦਰ ਸਰਕਾਰ ਲਈ ਵੀ ਇਕ ਗੰਭੀਰ ਚੁਣੌਤੀ ਹੈ ਜੋ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦੇ ਯਤਨ ਕਰਨ ਦੇ ਨਾਲ-ਨਾਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਾਲਾਤ ਆਮ ਵਾਂਗ ਬਣਾਉਣ ਵਿਚ ਲੱਗੀ ਹੋਈ ਹੈ। ਕਸ਼ਮੀਰ ਦੀਆਂ ਘਟਨਾਵਾਂ ਕਿਉਂਕਿ ਕਸ਼ਮੀਰੀਅਤ ਨੂੰ ਕਲੰਕਿਤ ਕਰਨ ਅਤੇ ਉਸ ਨੂੰ ਖੋਖਲਾ ਸਾਬਿਤ ਕਰਨ ਵਾਲੀਆਂ ਹਨ, ਇਸ ਲਈ ਵਾਦੀ ਦੇ ਆਮ ਲੋਕਾਂ ਅਤੇ ਖ਼ਾਸ ਕਰ ਕੇ ਉੱਥੇ ਅਸਰ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੀ ਅੱਤਵਾਦੀਆਂ ਖ਼ਿਲਾਫ਼ ਖੁੱਲ੍ਹ ਕੇ ਬੋਲਣਾ ਪਵੇਗਾ। ਇਹੀ ਕੰਮ ਦੇਸ਼ ਦੀਆਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਰਨਾ ਹੋਵੇਗਾ। ਇਹ ਠੀਕ ਨਹੀਂ ਕਿ ਉਹ ਕਸ਼ਮੀਰ ਦੀਆਂ ਘਟਨਾਵਾਂ ਲਈ ਕੇਂਦਰ ਸਰਕਾਰ ਨੂੰ ਕੋਸਣ ਵਿਚ ਤਾਂ ਵਾਧੂ ਮਿਹਨਤ ਕਰ ਰਹੀਆਂ ਹਨ ਪਰ ਅੱਤਵਾਦ ਖ਼ਿਲਾਫ਼ ਇਕਸੁਰ ਹੋ ਕੇ ਬੋਲਣ ਤੋਂ ਕਤਰਾ ਰਹੀਆਂ ਹਨ। ਇਹ ਸਮਾਂ ਪਾਕਿ ਵੱਲੋਂ ਸ਼ਹਿ ਪ੍ਰਾਪਤ ਅੱਤਵਾਦ ਖ਼ਿਲਾਫ਼ ਸੱਚੀ ਇਕਜੁੱਟਤਾ ਦਿਖਾਉਣ ਦਾ ਹੈ। ਇਹ ਖੇਦ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਕਈ ਸਿਆਸੀ ਪਾਰਟੀਆਂ ਉਮੀਦਾਂ ’ਤੇ ਖ਼ਰੀਆਂ ਨਹੀਂ ਉਤਰ ਰਹੀਆਂ।

Posted By: Jagjit Singh