ਸੁਸਾਇਟੀ ਦੀ ਸਥਾਪਨਾ ਤੋਂ ਬਾਅਦ ਪਹਿਲੇ ਪ੍ਰਧਾਨ ਪ੍ਰੋ. ਜੀਐੱਲ ਮਿੱਤਲ ਸਨ ਜਿਨ੍ਹਾਂ ਨੇ ਵਿਜੇ ਬਰੇਜਾ ਨੂੰ ਸੁਸਾਇਟੀ ਦੇ ਹਨੂੰਮਾਨ ਦੀ ਉਪਾਧੀ ਦਿੱਤੀ ਹੋਈ ਸੀ। ਸੰਨ 1982 ਤੋਂ ਖ਼ੂਨਦਾਨ ਦੇ ਕਨਵੀਨਰ ਵਿਜੇ ਬਰੇਜਾ ਹੀ ਹਨ ਅਤੇ ਸੇਵਾਵਾਂ ਨੂੰ ਤਨਦੇਹੀ ਨਾਲ ਅੱਗੇ ਵਧਾ ਰਹੇ ਹਨ।

ਪੰਜਾਬ ਦੇ ‘ਕਾਲੇ ਦਿਨਾਂ’ ਦੌਰਾਨ ਜਦ ਲੋਕ ਘਰਾਂ ’ਚੋਂ ਨਿਕਲਣ ਤੋਂ ਵੀ ਡਰਦੇ ਸਨ ਤਦ ਬਠਿੰਡਾ ਦੇ ਟਿੱਬਿਆਂ ’ਚ ਉੱਘੇ ਸਮਾਜ ਸੇਵਕ ਵਿਜੇ ਬਰੇਜਾ ਨੇ ‘ਲੋਕ ਸੇਵਾ’ ਦੀ ਅਜਿਹੀ ਲੀਹ ਫੜੀ ਕਿ ਕਦਮ-ਦਰ-ਕਦਮ ਵਧਾਉਂਦੇ ਹੋਏ ਸਮਾਜ ਸੇਵਾ ਨੂੰ ਹੀ ਸਮਰਪਿਤ ਹੋ ਗਏ। ਇਕ ਪਾਸੇ ਨਿਰਦੋਸ਼ਾਂ ਦਾ ਖ਼ੂਨ ਡੁੱਲ੍ਹ ਰਿਹਾ ਸੀ, ਦੂਜੇ ਪਾਸੇ ਸਮਾਜ ਸੇਵਾ ਦੇ ਜਨੂੰਨ ਦੇ ਚੱਲਦਿਆਂ ਉਹ ਅਨਮੋਲ ਜਾਨਾਂ ਨੂੰ ਬਚਾਉਣ ਲਈ ਖ਼ੂਨ ਦੇਣ ਵਾਸਤੇ ਰਾਤ ਨੂੰ ਵੀ ਸੜਕਾਂ ’ਤੇ ਨਿਕਲ ਜਾਂਦੇ ਸਨ। ਉਦੋਂ ਲੋਕ ਖ਼ੂਨ ਦੇਣ ਤੋਂ ਬਹੁਤ ਕਤਰਾਉਂਦੇ ਸਨ। ਬਰੇਜਾ ਜਦੋਂ ਥਰਮਲ ਕਾਲੋਨੀ, ਐੱਨਐੱਫਐੱਲ ਕਾਲੋਨੀ ’ਚ ਖ਼ੂਨ ਦੇਣ ਲਈ ਜਾਗਰੂਕ ਕਰਨ ਜਾਂਦੇ ਤਾਂ ਉਨ੍ਹਾਂ ਨੂੰ ਦੇਖ ਕੇ ਬੱਚੇ ‘ਖ਼ੂਨ ਵਾਲਾ ਅੰਕਲ’ ਕਹਿ ਕੇ ਦੌੜ ਜਾਂਦੇ।
ਅੱਜ ਭਾਵੇਂ ਵਿਜੇ ਬਰੇਜਾ 77 ਵਰ੍ਹਿਆਂ ਦੀ ਉਮਰ ’ਚ ਅੱਪੜ ਗਏ ਹਨ ਪਰ ਹਾਲੇ ਵੀ ਉਨ੍ਹਾਂ ਵੱਲੋਂ ‘ਲੋਕ ਸੇਵਾ’ ਤੇਜ਼ੀ ਨਾਲ ਜਾਰੀ ਹੈ। ਹਮੇਸ਼ਾ ਲੋਕਾਂ ਦੀ ਭਲਾਈ ਵਾਲੀ ਸੋਚ ਰੱਖਣ ਵਾਲੇ ਬਰੇਜਾ ਦਾ ਜਨਮ 24 ਸਤੰਬਰ 1948 ਨੂੰ ਬਠਿੰਡਾ ’ਚ ਮਾਤਾ ਗੰਗਾ ਦੇਵੀ ਦੀ ਕੁੱਖੋਂ ਪਿਤਾ ਸੁੰਦਰ ਦਾਸ ਦੇ ਘਰ ਹੋਇਆ। ਹਾਇਰ ਸੈਕੰਡਰੀ ਤੱਕ ਦੀ ਸਿੱਖਿਆ ਐੱਮਐੱਚਆਰ ਹਾਈ ਸਕੂਲ ਬਠਿੰਡਾ ’ਚ ਪ੍ਰਾਪਤ ਕੀਤੀ। ਸੇਵਾ ਭਾਵ ਨੂੰ ਸਮਰਪਿਤ ਬਰੇਜਾ ਨੇ 1980 ’ਚ ਗੁੱਡਵਿਲ ਸੁਸਾਇਟੀ ਦੀ ਸਥਾਪਨਾ ਆਪਣੇ ਸਾਥੀਆਂ ਨਾਲ ਮਿਲ ਕੀਤੀ ਜਿਸ ਦੇ ਉਹ ਪ੍ਰਧਾਨ ਹਨ।
ਸੁਸਾਇਟੀ ਦੀ ਸਥਾਪਨਾ ਤੋਂ ਬਾਅਦ ਪਹਿਲੇ ਪ੍ਰਧਾਨ ਪ੍ਰੋ. ਜੀਐੱਲ ਮਿੱਤਲ ਸਨ ਜਿਨ੍ਹਾਂ ਨੇ ਵਿਜੇ ਬਰੇਜਾ ਨੂੰ ਸੁਸਾਇਟੀ ਦੇ ਹਨੂੰਮਾਨ ਦੀ ਉਪਾਧੀ ਦਿੱਤੀ ਹੋਈ ਸੀ। ਸੰਨ 1982 ਤੋਂ ਖ਼ੂਨਦਾਨ ਦੇ ਕਨਵੀਨਰ ਵਿਜੇ ਬਰੇਜਾ ਹੀ ਹਨ ਅਤੇ ਸੇਵਾਵਾਂ ਨੂੰ ਤਨਦੇਹੀ ਨਾਲ ਅੱਗੇ ਵਧਾ ਰਹੇ ਹਨ। ਇਹ ਗੁੱਡਵਿਲ ਡਿਸਪੈਂਸਰੀ ਤੋਂ ਸ਼ੁਰੂ ਹੋ ਕੇ ਹੁਣ ਹਸਪਤਾਲ ਬਣ ਗਿਆ ਹੈ ਅਤੇ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਪਹਿਲਾਂ-ਪਹਿਲ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਇਕ ਸੱਜਣ ਨੂੰ ਆਪਣਾ ਖ਼ੂਨ ਦਿੱਤਾ ਅਤੇ 2 ਅਕਤੂਬਰ 1982 ਨੂੰ ਉਸ ਸਮੇਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਜੈ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਖ਼ੂਨਦਾਨ ਕੈਂਪ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਹੁਣ ਤੱਕ 109 ਵਾਰ ਖ਼ੂਨਦਾਨ ਕੀਤਾ ਹੈ ਤੇ ਅਨੇਕ ਜਾਨਾਂ ਬਚਾਈਆਂ ਹਨ।
ਸੰਨ 1987 ’ਚ ਸਿਹਤ ਸੇਵਾਵਾਂ ਲਈ ਉਸ ਸਮੇਂ ਦੇ ਗਵਰਨਰ ਸਿਧਾਰਥ ਸ਼ੰਕਰ ਰੇਅ ਨੇ ‘ਐਵਾਰਡ ਆਫ ਆਨਰ’ ਨਾਲ ਸਨਮਾਨਤ ਕੀਤਾ। ਉਨ੍ਹਾਂ ਨੂੰ ਸੰਨ 1987-88 ਤੇ 1989 ’ਚ ਲਗਾਤਾਰ ਸਿਹਤ ਸੇਵਾਵਾਂ ਦੇਣ ਅਤੇ ਖ਼ੂਨਦਾਨੀ ਹੋਣ ਕਾਰਨ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬਰੇਜਾ ਨੂੰ ਸੰਨ 1991 ਵਿਚ ਤਤਕਾਲੀ ਗਵਰਨਰ ਓ.ਪੀ ਮਲਹੋਤਰਾ ਵੱਲੋਂ ਚੰਡੀਗੜ੍ਹ ’ਚ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸਿਹਤ ਸੇਵਾਵਾਂ ਲਈ ਐਵਾਰਡ ਆਫ ਆਨਰ 1993 ’ਚ ਆਰ.ਸੀ. ਨਈਅਰ ਵੱਲੋਂ ਦਿੱਤਾ ਗਿਆ। ਪੰਦਰਾਂ ਅਗਸਤ 2007 ਨੂੰ ਰਾਜ ਪੱਧਰੀ ਐਵਾਰਡ ਲੁਧਿਆਣਾ ’ਚ ਉਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਇਕ ਅਕਤੂਬਰ 2009 ਨੂੰ ਸਿਹਤ ਸੇਵਾਵਾਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਸਤੀਸ਼ ਚੰਦਰਾ ਵੱਲੋਂ ਵਿਜੇ ਬਰੇਜਾ ਨੂੰ ਸਨਮਾਨਤ ਕੀਤਾ ਗਿਆ। ਇਕ ਅਕਤੂਬਰ 2008 ਨੂੰ ਖ਼ੂਨਦਾਨੀ ਸੇਵਾਵਾਂ ਕਾਰਨ ਸਿਹਤ ਮੰਤਰੀ ਲਕਸ਼ਮੀਕਾਂਤਾ ਚਾਵਲਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਸਮਾਜ ਸੇਵੀ ਨੇ ਝੁੱਗੀ-ਝੌਂਪੜੀਆਂ ਦੇ ਇਲਾਕਿਆਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਲੈ ਸਕਿੱਲ ਸੈਂਟਰ ਨਾਲ ਹੁਨਰਮੰਦ ਬਣਾਉਣ ਵੱਲ ਕਦਮ ਵਧਾਏ। ਇਨ੍ਹਾਂ ਨੇ ਆਪਣੇ ਸਲੱਮ ਏਰੀਆ ਵਿਚ ਮਾਤਾ-ਪਿਤਾ ਦੇ ਨਾਂ ’ਤੇ ਥਰਮਲ ਦੀ ਝੀਲ ਨੰਬਰ. 3 ਸਾਹਮਣੇ ਗੁਰੂ ਨਾਨਕ ਨਗਰ ਬਸਤੀ ’ਚ 8ਵੀਂ ਜਮਾਤ ਤੱਕ ਦਾ ਐੱਸਡੀ ਬਰੇਜਾ ਸਕੂਲ ਖੋਲ੍ਹਿਆ ਜਿਸ ਕਾਰਨ ਬਸਤੀ ਦੀਆਂ ਲੜਕੀਆਂ ਵਿੱਦਿਆ ਹਾਸਲ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਰਹੀਆਂ ਹਨ। ਸੇਵਾ ਮੁਕਤ ਸੁਰੇਸ਼ ਗੁਪਤਾ ਦੇ ਸਹਿਯੋਗ ਨਾਲ ਪਰਸ ਰਾਮ ਨਗਰ ਵਿਚ ਅੱਜ-ਕੱਲ੍ਹ ਲਾਲਾ ਜਗਨ ਨਾਥ ਗੁੱਡਵਿਲ ਪਬਲਿਕ ਸਕੂਲ ਚੱਲ ਰਿਹਾ ਹੈ ਜਿੱਥੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ। ਉਹ ਲਗਾਤਾਰ ਲੋੜਵੰਦਾਂ ਲਈ ਕੰਮ ਕਰ ਰਹੇ ਹਨ।
ਅੱਖਾਂ ਦੇ ਲਗਾਏ ਜਾਂਦੇ ਕੈਂਪਾਂ ਵਿਚ 40 ਹਜ਼ਾਰ ਅੱਖਾਂ ਦੇ ਮੋਤੀਆ ਬਿੰਦ ਦੇ ਆਪ੍ਰੇਸ਼ਨ ਕਰਵਾਏ, 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ’ਚ ਕੈਂਪਾਂ ’ਚ ਖ਼ੂਨਦਾਨ ਕਰਵਾਇਆ, ਹਜ਼ਾਰਾਂ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਵੈਕਸੀਨ ਕਰਵਾਈ, ਪਲਸ ਪੋਲੀਓ ਦੀ ਸੇਵਾ ’ਚ ਹਮੇਸ਼ਾ ਭਾਰਤ ਸਰਕਾਰ ਦਾ ਸਹਿਯੋਗ ਕੀਤਾ। ਬਠਿੰਡਾ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ’ਤੇ ਮੁਫ਼ਤ ਜਲ ਸੇਵਾ ਗਰਮੀਆਂ ਦੇ ਦਿਨਾਂ ’ਚ ਹਮੇਸ਼ਾ ਜਾਰੀ ਰਹਿੰਦੀ ਹੈ।
ਉਹ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਂਦੇ ਹਨ ਤੇ ਲੋੜਵੰਦ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਭਰਨ ’ਚ ਦੇਰੀ ਨਹੀਂ ਕਰਦੇ। ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਣਾ, ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਉਣਾ, ਟੀਕਾਕਰਨ, ਪੌਦੇ ਲਗਵਾਉਣ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ’ਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਬਰੇਜਾ ਦੇ ਵੱਡੇ ਭਰਾ ਸੀ.ਐੱਲ. ਬਰੇਜਾ, ਛੋਟੇ ਭਰਾ ਕ੍ਰਿਸ਼ਨ ਬਰੇਜਾ ਤੇ ਪ੍ਰਵੇਸ਼ ਬਰੇਜਾ ਵੀ ਮਿਹਨਤੀ ਅਤੇ ਸਾਫ਼-ਸੁਥਰੀ ਸੋਚ ਦੇ ਮਾਲਕ ਹਨ। ਵਿਜੇ ਬਰੇਜਾ ਦੀ ਧਰਮ ਪਤਨੀ ਦਰਸ਼ਨ ਬਰੇਜਾ, ਪੁੱਤਰ ਅਭਿਸ਼ੇਕ, ਪੁੱਤਰੀ ਅਦਿਤੀ ਤੇ ਇਨ੍ਹਾਂ ਦੇ ਭੈਣਾਂ ਅਤੇ ਭਰਾ ਵੀ ਸਾਰੇ ਹੀ ਖ਼ੂਨਦਾਨੀ ਹਨ। ਗੁੱਡਵਿਲ ਹਸਪਤਾਲ ਦੇ ਬਾਹਰ ਸੁਸਾਇਟੀ ਦੁਆਰਾ ਇਕੱਠੇ ਕੀਤੇ ਪੁਰਾਣੇ ਕੱਪੜੇ ਜ਼ਰੂਰਤਮੰਦ ਲੈ ਜਾਂਦੇ ਹਨ ਤੇ ਵਾਧੂ ਕੱਪੜੇ ਉੱਥੇ ਹੀ ਰੱਖ ਦਿੱਤੇ ਜਾਂਦੇ ਹਨ।
ਗੁੱਡਵਿਲ ਬੈਂਕ ਬਣਾਉਣ ਤੋਂ ਇਲਾਵਾ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਹਰ ਸਾਲ ਮੈਡੀਕਲ ਕੈਂਪ ਲਗਵਾਏ ਜਾਂਦੇ ਹਨ। ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਲਈ ਇਹ ਸੰਸਥਾ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜਾਪਦੀ। ਦਾਨੀ ਸੱਜਣਾਂ ਦਾ ਵੀ ਹੁਣ ਇਸ ਸੰਸਥਾ ਨੂੰ ਬਹੁਤ ਜ਼ਿਆਦਾ ਯੋਗਦਾਨ ਮਿਲ ਰਿਹਾ ਹੈ। ਥਰਮਲ ਦੀਆਂ ਝੀਲਾਂ ਨਜ਼ਦੀਕ ਲਗਾਈ ਮਿੱਤਰਾਂ ਦੀ ਮਹਿਫਲ ਦੌਰਾਨ ਸਮਾਜ ਲਈ ਕੁਝ ਕਰਨ ਦੀ ਸੋਚਣ ਵਾਲੇ ਵਿਜੇ ਬਰੇਜਾ ਤੇ ਉਨ੍ਹਾਂ ਦੇ ਮਿੱਤਰਾਂ ਦੀ ਸ਼ੁਰੂਆਤ ਅੱਜ ਲੋੜਵੰਦਾਂ ਦੀ ਮਦਦ ਕਰਦੇ ਹੋਏ ਮਹਿਕਾਂ ਵੰਡ ਰਹੀ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ। ਵਿਜੇ ਬਰੇਜਾ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਦੇ ਲੇਖੇ ਲਾਇਆ ਹੋਇਆ ਹੈ ਅਤੇ ਮਰਨ ਉਪਰੰਤ ਆਪਣੀਆਂ ਅੱਖਾਂ ਅਤੇ ਸਰੀਰ ਵੀ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨੂੰ ਸਮਰਪਿਤ ਕਰ ਦਿੱਤਾ।
-ਹਰਕ੍ਰਿਸ਼ਨ ਸ਼ਰਮਾ
-ਮੋਬਾਈਲ : 95019-83111