ਵਰਿੰਦਰ ਸਿੰਘ ਵਾਲੀਆ

ਫ਼ਾਰਸੀ ਲਹਿਜ਼ੇ ’ਚ ਪੰਜ ਸ਼ੇਰਾਂ ਦੀ ਧਰਤੀ ਨੂੰ ਪੰਜਸ਼ੀਰ ਕਿਹਾ ਜਾਂਦਾ ਹੈ ਜਿੱਥੇ ਤਾਲਿਬਾਨ ਨੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਪੰਜਸ਼ੀਰ ਸਮੇਤ ਅਫ਼ਗਾਨਿਸਤਾਨ ਤੇ ਇਸ ਦੇ ਆਸ-ਪਾਸ ਦੀਆਂ ਪਹਾੜੀਆਂ-ਵਾਦੀਆਂ ਨੂੰ ਅਜੇਤੂ ਮੰਨਿਆ ਜਾਂਦਾ ਰਿਹਾ ਹੈ। ਭਾਰਤ, ਖ਼ਾਸ ਤੌਰ ’ਤੇ ਪੰਜਾਬ ’ਤੇ ਹਮਲਾ ਕਰਨ ਵਾਲੇ ਵਿਦੇਸ਼ੀ ਧਾੜਵੀ ਇਸੇ ਰਸਤੇ ਆ ਕੇ ਹਿੰਦੁਸਤਾਨੀਆਂ ਨੂੰ ਲੁੱਟਦੇ ਤੇ ਕੁੱਟਦੇ ਆਏ ਹਨ। ਤਵਾਰੀਖ਼ ਗਵਾਹ ਹੈ ਕਿ ਅਫ਼ਗਾਨਿਸਤਾਨ ’ਤੇ ਜਿਸ ਨੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਆਖ਼ਰ ਮੂੰਹ ਦੀ ਖਾਣੀ ਪਈ ਹੈ। ਸਾਮਰਾਜੀ ਬਰਤਾਨੀਆ ਨੇ 19ਵੀਂ ਸਦੀ ’ਚ ਓਰਕਜ਼ਈ ਅਫ਼ਗਾਨਾਂ, ਅਫ਼ਰੀਦੀ ਅਤੇ ਉੱਥੋਂ ਦੇ ਹੋਰ ਕਬੀਲਿਆਂ ’ਤੇ ਚੜ੍ਹਾਈ ਕਰਨ ਦੀ ਹਿਮਾਕਤ ਕੀਤੀ ਪਰ ਉੱਥੇ ਵਸਦੇ ਜਾਂਬਾਜ਼ ਲੋਕਾਂ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਭਾਂਜ ਮਿਲੀ। ਦੁਨੀਆ ਦੀ ਇਕਲੌਤੀ ਸਿੱਖ ਕੌਮ ਦੇ ਸਿਰਲੱਥ ਯੋਧਿਆਂ ਨੇ ਅਜੇਤੂ ਕਹੀ ਜਾਣ ਵਾਲੀ ਇਸ ਧਰਤੀ ’ਤੇ ਫ਼ਤਿਹ ਪਾ ਕੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਸੀ। ਅੱਜ ਤੋਂ ਸਵਾ ਕੁ ਸਦੀ (124 ਸਾਲ) ਪਹਿਲਾਂ ਬ੍ਰਿਟਿਸ਼ ਸਿੱਖ ਰੈਜੀਮੈਂਟ ਦੇ ਮਹਿਜ਼ 21 ਸੈਨਿਕਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ ਆਪਣੇ ਤੱਤੇ ਖ਼ੂਨ ਨਾਲ ਅਜਿਹਾ ਇਤਿਹਾਸ ਲਿਖਿਆ ਜਿਸ ਦੀ ਦੁਨੀਆ ’ਚ ਕੋਈ ਹੋਰ ਮਿਸਾਲ ਨਹੀਂ ਮਿਲਦੀ। ਹਜ਼ਾਰਾਂ ਦੀ ਤਾਦਾਦ ’ਚ ਆਏ ਪਠਾਣ ਲਸ਼ਕਰ ਨੇ ਸਿੱਖ ਸੈਨਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਦੇ ਰਾਹ ’ਚੋਂ ਹਟ ਜਾਣ ਕਿਉਂਕਿ ਉਨ੍ਹਾਂ ਦੀ ਸਿੱਧੀ ਲੜਾਈ ਗੋਰਿਆਂ ਨਾਲ ਹੈ। ਇਨ੍ਹਾਂ ਸਿੱਖ ਯੋਧਿਆਂ ਨੇ ਪਠਾਣਾਂ ਵੱਲੋਂ ਦਿੱਤੀ ਗਈ ਚੇਤਾਵਨੀ ਦੀ ਪਰਵਾਹ ਨਾ ਕਰਦਿਆਂ ਆਪਣੇ ਕਰਤੱਵ ਨੂੰ ਅਹਿਮੀਅਤ ਦਿੱਤੀ। ਸਿੱਖ ਇਤਿਹਾਸ ਨੇ ਉਨ੍ਹਾਂ ਨੂੰ ਸਿਖਾਇਆ ਸੀ ਕਿ ਆਪਣੀ ਰੱਤ ਡੋਲ੍ਹ ਕੇ ਹੀ ਸੁਨਹਿਰੀ ਇਤਿਹਾਸ ਸਿਰਜਿਆ ਜਾ ਸਕਦਾ ਹੈ। ਪੂਰਨ ਗੁਰਸਿੱਖ ਫ਼ੌਜੀਆਂ ਦੇ ਮੁਖਾਰਬਿੰਦ ’ਤੇ ਕਬੀਰ ਸਾਹਿਬ ਦਾ ਸ਼ਲੋਕ ‘ਪੁਰਜਾ-ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’ ਬੁਦਬੁਦਾ ਰਿਹਾ ਸੀ। ਪਠਾਣਾਂ ਦੀ ਲਲਕਾਰ ਸੁਣ ਕੇ ਇਕ ਸਿੰਘ ਨੇ ਉੱਚੀ ਆਵਾਜ਼ ’ਚ ਜਵਾਬ ਦਿੱਤਾ, ‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥’ ਇਸ ਲਲਕਾਰ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਤੇ ਉਸ ਦੇ ਬਾਹਰ ਖ਼ੂਨ ਡੁੱਲ੍ਹਣਾ ਸੁਭਾਵਿਕ ਸੀ। ਸਾਰਾਗੜ੍ਹੀ ਦਰਅਸਲ ਸਮਾਨਾ ਰੇਂਜ ਸਥਿਤ ਕੋਹਾਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦਾ ਅਦਨਾ ਜਿਹਾ ਪਿੰਡ ਸੀ ਜੋ ਯੁੱਧ ਦੇ ਪੈਂਤੜੇ ਤੋਂ ਬੇਹੱਦ ਅਹਿਮ ਸੀ। ਸਾਰਾਗੜ੍ਹੀ, ਲੋਕਹਾਟ ਤੇ ਗੁਲਿਸਤਾਂ ਕਿਲ੍ਹਿਆਂ ਦੇ ਦਰਮਿਆਨ ਤਾਮੀਰ ਕੀਤਾ ਗਿਆ ਸੀ। ਕਿਲ੍ਹਿਆਂ ਦੀ ਲੜੀ ਦਰਅਸਲ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ’ਚ ਤਾਮੀਰ ਕੀਤੀ ਗਈ ਸੀ। ਮਹਾਰਾਜੇ ਦੀ ਸੈਨਾ ਦੇ ਕਮਾਂਡਰ-ਇਨ-ਚੀਫ ਹਰੀ ਸਿੰਘ ਨਲੂਆ ਨੇ ਪੇਸ਼ਾਵਰ, ਪਖਤੂਨਖਵਾ ਤੇ ਸਰਹੱਦੀ ਪੱਟੀ ਦੇ ਅਫ਼ਗਾਨ ਇਲਾਕਿਆਂ ’ਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੋਇਆ ਸੀ। ਵਿਦੇਸ਼ੀ ਧਾੜਵੀਆਂ ਦੇ ਸ਼ਾਹ-ਮਾਰਗ ਦੱਰਾ-ਖ਼ੈਬਰ ਨੂੰ ਨੱਕਾ ਲਾਉਣ ਵਾਲਾ ਵੀ ਨਲੂਆ ਹੀ ਸੀ। ਅਜੇਤੂ ਕਹੇ ਜਾਣ ਵਾਲੇ ਇਲਾਕਿਆਂ ਨੂੰ ਜਿੱਤ ਕੇ ਨਲੂਆ ਨੇ ਆਪਣੀ ਅਜਿਹੀ ਧਾਂਕ ਜਮਾ ਲਈ ਸੀ। ਉਸ ਦੇ ਮਰਨ ਤੋਂ ਕਈ ਸਾਲ ਬਾਅਦ ਵੀ ਅਫ਼ਗਾਨ ਔਰਤਾਂ ਆਪਣੇ ਰੋ ਰਹੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਨਲੂਆ ਦਾ ਡਰਾਵਾ ਦੇ ਕੇ ਕਹਿੰਦੀਆਂ, ‘ਚੁੱਪ ਕਰ ਜਾ ਨਹੀਂ ਤਾਂ ਨਲੂਆ ਆ ਜਾਵੇਗਾ।’ ਉਪਰੋਕਤ ਤਿੰਨ ਕਿਲ੍ਹਿਆਂ ਦੀ ਲੜੀ ’ਚ ਫੋਰਟ ਲੋਕਹਾਰਟ ਹਿੰਦੁਕਸ਼ ਪਹਾੜਾਂ ਦੀ ਸਮਾਨਾ ਰੇਂਜ ਅਤੇ ਗੁਲਿਸਤਾਂ, ਸੁਲੇਮਾਨ ਰੇਂਜ ’ਚ ਸਥਿਤ ਹਨ। ਅੰਗਰੇਜ਼ਾਂ ਨੇ ਆਪਣੀ ਵਿਸਥਾਰਵਾਦੀ ਨੀਤੀ ਤਹਿਤ ਸਾਰਾਗੜ੍ਹੀ ਕਿਲੇ੍ਹ ਦੀ ਰੱਖਿਆ ਦਾ ਜ਼ਿੰਮਾ ਸਿੱਖ ਰੈਜੀਮੈਂਟ ਨੂੰ 21 ਅਪ੍ਰੈਲ 1894 ਨੂੰ ਸੌਂਪਿਆ ਸੀ। ਸਾਰਾਗੜ੍ਹੀ ਪੋਸਟ ਪਹਾੜ ਦੀ ਸਿਖਰਲੀ ਚੱਟਾਨ ’ਤੇ ਬਣਾਈ ਗਈ ਸੀ ਜਿਸ ਦੀ ਰਾਖੀ ਚੱਟਾਨ ਵਰਗੇ ਮਜ਼ਬੂਤ ਦਿਲ ਵਾਲੇ ਲੋਕ ਹੀ ਕਰ ਸਕਦੇ ਸਨ। ਡਿਫੈਂਸ ਦੇ ਨੁਕਤਾ-ਨਿਗਾਹ ਤੋਂ ਸਾਰਾਗੜ੍ਹੀ ਨੂੰ ‘ਲਾਸਟ-ਸਟੈਂਡ ਬੈਟਲ’ ਮੰਨਿਆ ਜਾਂਦਾ ਹੈ। ਭਾਵ, ਅਜਿਹੀ ਪੋਸਟ ਜੋ ਚਾਰ-ਚੁਫੇਰਿਓਂ ਦੁਸ਼ਮਣਾਂ ਨਾਲ ਘਿਰੀ ਹੋਵੇ ਤੇ ਅਜਿਹੇ ਕਿਲੇ੍ਹ ਨੂੰ ਫ਼ਤਿਹ ਕਰਨ ਤੋਂ ਬਾਅਦ ਦੁਸ਼ਮਣ ਆਪਣੇ-ਆਪ ਨੂੰ ਜੇਤੂ ਸਮਝਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਪੰਜਸ਼ੀਰ ਦੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਮਹਿਸੂਸ ਕਰ ਰਹੇ ਹਨ। ਨਲੂਆ (1791-1837) ਤੋਂ ਬਾਅਦ ਗਿਣਤੀ ਦੇ ਸਿੱਖ ਫ਼ੌਜੀਆਂ ਨੇ ਆਪਣੇ ਖ਼ੂਨ ਦੀ ਆਖ਼ਰੀ ਬੂੰਦ ਤਕ ਪਠਾਣ ਲਸ਼ਕਰ ਦਾ ਮੁਕਾਬਲਾ ਕੀਤਾ ਸੀ। ਉਨ੍ਹਾਂ ਕੋਲ ਸੀਮਤ ਗੋਲਾ-ਬਾਰੂਦ ਸੀ ਜਿਸ ਦੇ ਮੁੱਕਣ ਤੋਂ ਬਾਅਦ ਉਹ ਬੰਦੂਕਾਂ ਅੱਗੇ ਸੰਗੀਨਾਂ ਗੱਡ ਕੇ ਦੁਸ਼ਮਣ ਨਾਲ ਮੁਕਾਬਲਾ ਕਰਦੇ ਰਹੇ। ਇਸ ਅਸਾਵੀਂ ਜੰਗ ਨੂੰ ਅੰਗਰੇਜ਼ ਅਫ਼ਸਰ ਨੇੜੇ ਦੇ ਲੋਕਹਾਰਟ ਤੇ ਗੁਲਸਿਤਾਂ ਕਿਲ੍ਹਿਆਂ ਤੋਂ ਹਸਰਤ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਸਨ। ਓਰਕਜ਼ਈ ਅਫ਼ਗਾਨਾਂ ਤੇ ਅਫ਼ਰੀਦੀ ਕਬੀਲੇ ਦੇ ਭਾਰੀ ਲਸ਼ਕਰ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਕਿਲ੍ਹੇ ਦੀ ਸੁਰੱਖਿਆ ਵਿਚ ਖਾਮੀਆਂ ਦਾ ਲਾਹਾ ਲੈਂਦੇ ਹੋਏ ਪਠਾਣ ਹਮਲਾਵਰਾਂ ਨੇ ਕੰਧ ’ਚ ਪਾੜ ਪਾ ਕੇ ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰ ਲਿਆ। ਇਹ ਜੰਗੀ ਖ਼ਬਰ ਇੰਗਲੈਂਡ ਪੁੱਜੀ ਤਾਂ ਉਸ ਵੇਲੇ ਲੰਡਨ ’ਚ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਬਿ੍ਰਟਿਸ਼ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਸ਼ਹਾਦਤ ਪਾ ਚੁੱਕੇ ਸਿੱਖ ਸੈਨਿਕਾਂ ਦਾ ਤਾੜੀਆਂ ਮਾਰ ਕੇ ਸਨਮਾਨ ਕੀਤਾ। ਇਸ ਲੜਾਈ ਨੂੰ ਦੁਨੀਆ ਦੇ ਸਭ ਤੋਂ ਵੱਡੇ ‘ਲਾਸਟ ਸਟੈਂਡਜ਼’ ਵਿਚ ਥਾਂ ਹਾਸਲ ਹੋਈ। ਲੰਡਨ ਗਜ਼ਟ ਨੇ ਸ਼ਹੀਦਾਂ ਦੇ ਸੋਹਲੇ ਗਾਉਂਦਿਆਂ ਲਿਖਿਆ ਹੈ ‘ਸਮੁੱਚੇ ਬਰਤਾਨੀਆ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਵੀਰ ਜਵਾਨਾਂ ’ਤੇ ਮਾਣ ਹੈ। ਇਹ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ ’ਚ ਸਿੱਖ ਲੜ ਰਹੇ ਹੋਣ, ਉਸ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ।’’ ਮਹਾਰਾਣੀ ਵਿਕਟੋਰੀਆ ਨੇ ਇਨ੍ਹਾਂ ਸੈਨਿਕਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ’ (ਉਸ ਵੇਲੇ ਦਾ ਸਰਬਉੱਚ ਸੈਨਿਕ ਮੈਡਲ) ਦੇ ਕੇ ਆਪਣੀ ਅਕੀਦਤ ਭੇਟ ਕੀਤੀ। ਅਫ਼ਸੋਸ! ਦਾਦ ਨਾਮ ਦੇ ਅਸੈਨਿਕ ਨੂੰ ਕੋਈ ਦਾਦ ਨਾ ਮਿਲੀ ਕਿਉਂਕਿ ਕਾਨੂੰਨ ਮੁਤਾਬਕ ਉਸ ਨੂੰ ਹਥਿਆਰ ਚੁੱਕਣ ਦੀ ਮਨਾਹੀ ਸੀ। ਇਹ ਗੱਲ ਵੱਖਰੀ ਹੈ ਕਿ ਦਾਦ ਨੇ 20 ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ। ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਵਿਚ ਇਸ ਅਸਾਵੀਂ ਜੰਗ ਨੂੰ ਬਾਖ਼ੂਬੀ ਫਿਲਮਾਇਆ ਗਿਆ ਹੈ। ਦਰਅਸਲ, ਹਵਲਦਾਰ ਈਸ਼ਰ ਸਿੰਘ, ਸਿਗਨਲਮੈਨ ਗੁਰਮੁਖ ਸਿੰਘ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਦੇ ਖ਼ੂਨ ’ਚ ਹੀ ਸ਼ਹਾਦਤ ਦੇਣ ਦਾ ਸੰਕਲਪ ਸੀ ਜਿਸ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਚਿੱਤ-ਚੇਤੇ ਵੀ ਨਾ ਆਇਆ ਕਿ ਉਹ ਉਸ ਸਾਮਰਾਜੀ ਸ਼ਕਤੀ ਲਈ ਕੁਰਬਾਨ ਹੋ ਰਹੇ ਹਨ ਜਿਸ ਨੇ ਅੱਧੀ ਸਦੀ ਪਹਿਲਾਂ ਸਾਜ਼ਿਸ਼ਾਂ ਰਚ ਕੇ ਸਿੱਖ ਰਾਜ ਹੜੱਪ ਲਿਆ ਸੀ। ਮੌਤ ਦੇ ਸਨਮੁੱਖ ਵੀ ਉਨ੍ਹਾਂ ਨੇ ਪਠਾਣਾਂ ਨੂੰ ਪਸ਼ਤੋ ਵਿਚ ਪਿੱਛੇ ਹਟਣ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਅੰਗਰੇਜ਼ਾਂ ਦਾ ਨਹੀਂ ਬਲਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਹੈ ਜਿਸ ਨੂੰ ਉਹ ਕਦੇ ਖ਼ਾਲੀ ਨਹੀਂ ਕਰਨਗੇ। ਉਹ ਇਸ ਤੱਥ ਤੋਂ ਅਭਿੱਜ ਸਨ ਕਿ ਸ਼ੇਰ-ਏ-ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਸਾਜ਼ਿਸ਼ਾਂ ਰਚ ਕੇ ਲਾਹੌਰ ਦਰਬਾਰ ’ਤੇ ਕਬਜ਼ਾ ਕਰ ਲਿਆ ਸੀ। ਡੋਗਰੇ ਸਰਦਾਰਾਂ ਨੇ ਦੋ ਐਂਗਲੋ-ਸਿੱਖ ਲੜਾਈਆਂ ਵਿਚ ਅੰਗਰੇਜ਼ਾਂ ਨਾਲ ਗੰਢ-ਤੁੱਪ ਕਰ ਕੇ ਜਾਂਬਾਜ਼ ਸਿੱਖ ਸੈਨਿਕਾਂ ਨੂੰ ਹਰਵਾਇਆ ਸੀ। ਜੰਮੂ ਦਾ ਰਾਜਾ ਗੁਲਾਬ ਸਿੰਘ ਵੀ ਅੰਗਰੇਜ਼ਾਂ ਨਾਲ ਮਿਲ ਕੇ ਲਾਹੌਰ ਦਰਬਾਰ ਵਿਰੁੱਧ ਸਾਜ਼ਿਸ਼ਾਂ ਘੜ ਰਿਹਾ ਸੀ। ਇਸੇ ਕਰ ਕੇ ਉਸ ਨੂੰ ਜੰਮੂ-ਕਸ਼ਮੀਰ ਦਾ ਰਾਜ ਤੋਹਫ਼ੇ ਵਜੋਂ ਮਿਲਿਆ ਸੀ। ਲਾਲ ਸਿੰਘ ਤੇ ਤੇਜਾ ਸਿੰਘ ਵਰਗਿਆਂ ਦੀ ਗ਼ਦਾਰੀ ਦਾ ਜ਼ਿਕਰ ਤਾਂ ਲੋਕ ਕਵੀ ਸ਼ਾਹ ਮੁਹੰਮਦ ਨੇ ਵੀ ‘ਜੰਗਨਾਮਾ : ਹਿੰਦ ਤੇ ਪੰਜਾਬ ਦਾ’ ਵਿਚ ਕਰੁਣਾਮਈ ਸ਼ੈਲੀ ਵਿਚ ਕੀਤਾ ਹੈ। ਇਸ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਨੂੰ ਅਫ਼ਗਾਨਿਸਤਾਨ ਵਿਚ ਵਿਨਾਸ਼ਕਾਰੀ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਂ, ਪਹਿਲੇ ਐਂਗਲੋ-ਅਫ਼ਗਾਨ ਯੁੱਧ ਦੌਰਾਨ ਸ਼ੁਰੂ-ਸ਼ੁਰੂ ’ਚ ਗੋਰਿਆਂ ਦੇ ਹੱਥ ਕੁਝ ਸਫਲਤਾ ਜ਼ਰੂਰ ਲੱਗੀ ਸੀ। ਉਨ੍ਹਾਂ ਨੇ ਦੋਸਤ ਮੁਹੰਮਦ ਖ਼ਾਂ ਨੂੰ ਭਾਂਜ ਦੇ ਕੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਹਾਕਮ ਬਣਾ ਦਿੱਤਾ ਸੀ। ਨਵੰਬਰ 1841 ’ਚ ਅਫ਼ਗਾਨਾਂ ਨੇ ਦੋਸਤ ਮੁਹੰਮਦ ਖਾਂ ਦੇ ਪੁੱਤਰ ਦੀ ਅਗਵਾਈ ਹੇਠ ਵਿਦਰੋਹ ਕਰ ਦਿੱਤਾ। ਅੰਗਰੇਜ਼ ਇਸ ਵਿਦਰੋਹ ਨੂੰ ਦਬਾਉਣ ’ਚ ਅਸਫਲ ਰਹੇ। ਉਹ ਆਪਣੇ 16000 ਸੈਨਿਕ ਕਾਬੁਲ ਛੱਡ ਕੇ ਜਲਾਲਾਬਾਦ ਨੂੰ ਦੌੜ ਗਏ ਸਨ। ਪੰਜਾਬ ’ਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੇ ਸਿੱਖ ਸੈਨਿਕ ਉਨ੍ਹਾਂ ਖ਼ਾਤਰ ਅਫ਼ਗਾਨੀਆਂ ਤਕ ਨਾਲ ਭਿੜਦੇ ਹੋਏ ਕੁਰਬਾਨੀਆਂ ਦੇ ਗਏ।

Posted By: Jatinder Singh