-ਰਾਬਿੰਦਰ ਸਿੰਘ ਰੱਬੀ

ਮੈਂ ਪੰਜਾਬੀ ਦੀਆਂ ਕਿਤਾਬਾਂ ਸ਼ੁਰੂ ਤੋਂ ਹੀ ਪੜ੍ਹਦਾ ਸਾਂ। ਮੋਹ ਵੀ ਸੀ ਅਤੇ ਮਿਆਰੀ ਪੜ੍ਹਨ ਦੀ ਚੇਟਕ ਵੀ। ਖਾੜਕੂਵਾਦ ਦੌਰਾਨ ਜਦੋਂ ‘ਸਮਾਜ ਸੁਧਾਰ ਲਹਿਰ’ ਚੱਲੀ ਤਾਂ ਪੰਜਾਬੀ ਦੇ ਹੱਕ ’ਚ ਵੀ ਹਵਾ ਜਿਹੀ ਬਣ ਗਈ, ਭਾਵੇਂ ਮੇਰੇ ਇਕ ਆੜੀ ਨੇ ਉਸ ਸਮੇਂ ਟਿੱਪਣੀ ਵੀ ਕੀਤੀ ਸੀ ਕਿ ਖਾੜਕੂਆਂ ਨੂੰ ਵੀ ਆਪਣੀਆਂ ਜਥੇਬੰਦੀਆਂ ਦੇ ਨਾਂ ਪੰਜਾਬੀ ’ਚ ਹੀ ਰੱਖਣੇ ਚਾਹੀਦੇ ਹਨ। ਖ਼ੈਰ, ਉਸ ਸਮੇਂ ਪੰਜਾਬੀ ਬੋਲੀ ਦੇ ਹੱਕ ’ਚ ਉਪਰੋਥਲੀ ਕਈ ਲੇਖ ਲੱਗੇ। ਉਨ੍ਹਾਂ ਦੀਆਂ ਸਤਰਾਂ ਤੇ ਸਿਰਲੇਖ ਵੀ ਧੜੱਲੇਦਾਰ ਹੁੰਦੇ ਸਨ ਜਿਵੇਂ ਕਿ ‘ਡੰਡਾ ਪੁੱਤ ਨੀਂ ਕੁਪੱਤੀਏ ਤੇਰਾ, ਖੇਤ ’ਚ ਮੰਗਾਊ ਰੋਟੀਆਂ’ ਆਦਿ ਜਿਹੇ।

ਪਿਆਰੇ ਦਾ ਵਿਆਹ ਆਇਆ। ਉਹ ਕਹੇ ਕਿ ਮੈਂ ਕਾਰ ’ਤੇ ਫੁੱਲਾਂ ਨਾਲ਼ ‘ਫਲਾਂ ਵੈਡਜ਼ ਫਲਾਂ’ ਨਹੀਂ ਲਿਖਵਾਉਣਾ ਬਲਕਿ ਪੰਜਾਬੀ ਸ਼ਬਦ ਲਿਖਵਾਉਣੇ ਹਨ। ਵਿਆਹ ਕੋਈ ਢੁੱਕਵਾਂ ਸ਼ਬਦ ਨਹੀਂ ਲੱਗਾ। ਅਸੀਂ ਢੂੰਡਣ ਲੱਗੇ। ਬੜੀ ਦੌੜ-ਭੱਜ ਤੋਂ ਬਾਅਦ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ’ਚ ਸ਼ਬਦ ਮਿਲਿਆ ‘ਪਰਣੈ’ (ਆਪੁ ਛਡਿ ਸਦਾ ਰਹੈ ਪਰਣੈ...)। ‘ਪਰਣੈ’ ਲਿਖਣ ਲੱਗਾ ਉਹ ਝਿਜਕ ਗਿਆ ਤੇ ਗੱਲ ਆਈ-ਗਈ ਹੋ ਗਈ। ਉਸ ਦੀ ਵਹੁਟੀ ਸ਼ਹਿਰਨ ਸੀ (ਉਂਝ ਸ਼ਹਿਰਨ ਹੋਣਾ ਕੋਈ ਅਪਰਾਧ ਨਹੀਂ) ਪਰ ਉਸ ਨੇ ਸਾਡੀ ਬੋਲੀ ’ਚ ਹੀ ਨੁਕਸ ਕੱਢੀ ਜਾਣੇ। ਸਾਡੀ ਬੋਲੀ ’ਚ ਆਉਂਦਾ ਏ ‘ਤੈਂ’(ਤੈਂ ਕਿੱਥੇ ਜਾਣਾ?) ਉਸ ਨੇ ਕਹਿਣਾ ਕਿ ‘ਤੈਂ’ ਕੋਈ ਸ਼ਬਦ ਨਹੀਂ, ਅਸਲ ਸ਼ਬਦ ‘ਤੂੰ’ ਹੈ ਅਤੇ ਇਹ ਹੀ ਵਰਤਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਉੱਪ ਬੋਲੀ ਦੇ ‘ਘਟੀਆਪਣ’ ਦੇ ਅਹਿਸਾਸ ਨਾਲ਼ ਦੱਬੇ ਜਾਂਦੇ, ਸਾਨੂੰ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਤੁਕ ਯਾਦ ਆਈ ‘ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ’ ਤਾਂ ਕਿਤੇ ਜਾ ਕੇ ਠੱਲ੍ਹ ਪਈ। ਕਹਿਣ ਤੋਂ ਭਾਵ ਹੈ ਕਿ ਅਸੀਂ ਪੰਜਾਬੀ ਬੋਲੀ ਦੀਆਂ ਵਿਸ਼ੇਸ਼ਤਾਵਾਂ, ਵਿਲੱਖਣਤਾਵਾਂ ਅਤੇ ਠੇਠਤਾ ਨੂੰ ਹੌਲ਼ੀ ਹੌਲ਼ੀ ਬਿਲੇ ਲਾਈ ਜਾ ਰਹੇ ਹਾਂ। ‘ਮਾਂਜੀ ਸੁਆਰੀ ਅਤੇ ਸਾਫ਼ ਸੁਥਰੀ’ ਪੰਜਾਬੀ ਬੋਲਣ ਦੇ ਚਾਅ ’ਚ ਕਾਫ਼ੀ ਕੁਝ ਪੈਰਾਂ ਥੱਲੇ

ਮਧੋਲ਼ਿਆ ਜਾ ਰਿਹਾ ਹੈ।

ਇਸ ਨਾਲ ਪੰਜਾਬੀ ਬੋਲੀ ਦਾ ਖੇਤਰ ਸੌੜਾ ਹੁੰਦਾ ਹੈ ਅਤੇ ਪੰਜਾਬੀ ਬੋਲੀ ਦੀ ਅਮੀਰੀ ਵੀ ਨੁਕਸਾਨੀ ਜਾਂਦੀ ਹੈ। ਆਲੋਚਕਾਂ ਦੀ ‘ਮਿਆਰੀ ਬੋਲੀ’ ਨੂੰ ਜੇ ਪਾਸੇ ਵੀ ਰੱਖ ਦੇਈਏ ਤਾਂ ਆਮ ਲੋਕਾਂ ਦੀ ਬੋਲੀ ’ਚ ਵੀ ਖਾਸਾ ਖੱਪਾ ਪੈ ਗਿਆ ਹੈ। ‘ਡੰਡ’, ਕੁੜੀ, ਮੁੰਡਾ, ਤੱਤਾ, ਅੰਬਰ, ਆੜੀ, ਪੁੱਤ, ਗੱਭੇ, ਬੱਤੀ, ਬੱਟੀ, ਮਟਿਆਂਡੀਆਂ, ਅੱਖਰ, ਬੋਲੀ, ਤੇਹ, ਲਾਰੀ, ਤੀਵੀਂ, ਰੁੱਖ ਆਦਿ ਦੀ ਥਾਂ ਸ਼ੋਰ, ਲੜਕੀ, ਲੜਕਾ, ਗਰਮ, ਅਸਮਾਨ, ਮਿੱਤਰ, ਬੇਟਾ, ਵਿਚਕਾਰ, ਲਾਈਟ, ਰੋਸ਼ਨੀ, ਗੋਲ਼ੀ, ਲੜੀਆਂ, ਅਕਸਰ, ਭਾਸ਼ਾ, ਪਿਆਸ, ਬੱਸ, ਔਰਤ, ਪੇੜ ਸ਼ਬਦ ਲਿਖੇ ਤੇ ਬੋਲੇ ਜਾਣ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਇਹ ਨਹੀਂ ਕਿ ਪੰਜਾਬੀ ਲੋਕ ਠੇਠ ਜਾਂ ਟਕਸਾਲੀ ਸ਼ਬਦਾਂ ਤੋਂ ਅਨਜਾਣ ਹਨ। ਇਹ ਵੀ ਨਹੀਂ ਕਿ ਪੰਜਾਬੀ ਨੇ ਇਹ ਸ਼ਬਦ ਆਪਣੇ ’ਚ ਜਜ਼ਬ ਨਾ ਕੀਤੇ ਹੋਣ ਪਰ ਸਵਾਲ ਇਹ ਹੈ ਕਿ ਪੰਜਾਬੀ ਦੇ ਸ਼ਬਦ ਹੁੰਦੇ-ਸੁੰਦੇ ਓਪਰੇ ਸ਼ਬਦ ਵਰਤਣੇ ਅਤੇ ਜਦੋਂ ਕੋਈ ਠੇਠ ਜਾਂ ਪੇਂਡੂ ਸ਼ਬਦਾਵਲੀ ਵਰਤਦਾ ਹੇੈ ਤਾਂ ਉਸ ਨੂੰ ਹੇਚ ਸਮਝਣਾ ਮਾੜੀ ਗੱਲ ਹੈ।

ਨਹੀਂ ਤਾਂ, ਆਲੋਚਕਾਂ ਅਤੇ ਪਾਠਕਾਂ ਨੂੰ ਇਹ ਸ਼ਬਦ ਵਰਤਣ ਦੀ ਲੋੜ ਨਹੀਂ ਪੈਂਦੀ ਕਿ ਫਲਾਂ ਲੇਖਕ ਨੇ ਠੇਠ ਸ਼ਬਦਾਵਲੀ ਵਰਤੀ ਹੈ। ਆਪਣੇ ਦਸਤਖ਼ਤ ਅਤੇ ਸਿਰਨਾਵਾਂ ਤਾਂ ਅੱਜਕੱਲ੍ਹ ਜਿਵੇਂ ਅੰਗਰੇਜ਼ੀ ਵਿਚ ਲਿਖਣਾ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੋਵੇ। ਚਿੱਠੀ ਲਿਖ ਕੇ ਹੱਥ ਆਪਣੇ-ਆਪ ਲਿਖਣ ਲੱਗਦੇ ਹਨ ‘ਐਡਰੈੱਸ’। ਜਦੋਂਕਿ ਪੰਜਾਬੀ ਵਿਚ ਇਸ ਦੀ ਥਾਂ ਕਿੰਨੇ ਹੀ ਸ਼ਬਦ ਮੌਜੂਦ ਹਨ ਜਿਵੇਂ ਕਿ ‘ਪਤਾ, ਸਿਰਨਾਵਾਂ, ਵੱਲ, ਪ੍ਰਤੀ, ਵਿਹੜੇ, ਮਿਲੇ, ਪੁੱਜੇ, ਆਦਿ।

ਇਹ ਨਹੀਂ ਕਿ ਦੂਜੀਆਂ ਬੋਲੀਆਂ ਜਾਂ ਹਿੰਦੀ ਨਾਲ ਰਲ਼ਦੇ-ਮਿਲਦੇ ਸ਼ਬਦ ਵਰਤ ਕੇ ਕੋਈ ਗੁਨਾਹ ਕੀਤਾ ਗਿਆ ਹੈ। ਸਾਨੂੰ ਵੱਧ ਤੋਂ ਵੱਧ ਬੋਲੀਆਂ ਆਉਣੀਆਂ ਚਾਹੀਦੀਆਂ ਹਨ। ਸਿੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਅਸੀਂ ਆਮ ਹੀ ਕਹਿੰਦੇ ਹਾਂ ਕਿ ‘ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਦੇਖ ਕੇ ਕੱਚੀ ਨਹੀਂ ਢਾਹੀਦੀ। ਇਸੇ ਤਰ੍ਹਾਂ ਪੰਜਾਬੀ ਕਵੀ ਵੀ ਆਪਣੇ ਭਾਵ ਕਵਿਤਾ ਰਾਹੀਂ ਪ੍ਰਗਟ ਕਰਦਾ ਹੈ :

ਸਾਡੀ ਮਾਂ ਪੰਜਾਬੀ ਬੋਲੀ, ਸਿੱਧੀ ਸਾਧੀ ਆਲ਼ੀ ਭੋਲ਼ੀ।

ਮਿੱਠੀ ਜਿਉਂ ਦੁੱਧ ਮਿਸਰੀ ਘੋਲ਼ੀ।

ਸਾਨੂੰ ਚੰਗੀ ਮੰਦੀ ਚੰਗੀ, ਮਾਂ ਨੂੰ ਮਾਂ ਕਹਿਣੋਂ ਨਾ ਸੰਗੀਂ।

ਹੁਣ ਜੇਕਰ ਅਸੀਂ ਬਾਕੀਆਂ ਬੋਲੀਆਂ ਦੇ ਵਡੱਪਣ ਥੱਲੇ ਆਪਣੀ ਬੋਲੀ ਲੁਕਾ ਲਈ, ਆਪੋ-ਆਪਣੇ ਖਿੱਤੇ ਦੀ ਅਮੀਰੀ ਗੁਆ ਲਈ ਤਾਂ ਹੌਲੀ-ਹੌਲੀ ਸਾਡੇ ਪੰਜਾਬੀ ਦੇ ਕਿੰਨੇ ਹੀ ਸ਼ਬਦ ਅੱਖਾਂ ਤੋਂ ਓਝਲ ਹੋ ਜਾਣਗੇ ਜਿਵੇਂ ਕਿ ਹੋ ਵੀ ਰਹੇ ਹਨ। ਇਸ ਲਈ ਸਾਨੂੰ ਆਪਣੀ ਮਾਣਮੱਤੀ ਬੋਲੀ ਉੱਤੇ ਮਾਣਮੱਤਾ ਅਹਿਸਾਸ ਹੋਣਾ ਚਾਹੀਦਾ ਹੈ। ਆਪਣੀ ਬੋਲੀ ਦੇ ਸ਼ਬਦ ਵਿਸਾਰਨੇ ਜ਼ਰੂਰ ਇਕ ਵੱਡੀ ਉਕਾਈ ਹੈ। ਕਿਤੇ ਇਹ ਨਾ ਹੋਵੇ ਕਿ ਇਹ ਅੱਖਰ/ਸ਼ਬਦ ਸਾਡੇ ਚੇਤਿਆਂ ’ਚੋਂ ਉਂਝ ਹੀ ਖੁਰ ਜਾਣ ਜਿਵੇਂ ‘ਙ,ਞ,ਝ,ਣ,ਘ ਆਦਿ। ‘ਉਂਝ’ ਸ਼ਬਦ ਕਿੰਨਾ ਪਿਆਰਾ ਹੈ ਪਰ ਕਈਆਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਹੈ ‘ਉਂਜ’। ਇਸੇ ਤਰ੍ਹਾਂ ‘ਸੰਙਣਾ’ ਹੁਣ ‘ਸੰਗਣਾ’ ਹੋ ਗਿਆ ਹੈ। ‘ਖੰਘਣਾ’ ਨੂੰ ਬਹੁਤੇ ‘ਖੰਗਣਾ’ ਲਿਖਣ ਲੱਗੇ ਹਨ। ਜਦੋਂ ਮੈਂ ਬੀਐੱਡ ਕਰਨ ਲਈ ਖ਼ਾਲਸਾ ਕਾਲਜ ਮੁਕਤਸਰ ਗਿਆ ਤਾਂ ਉੱਥੇ ਭਾਂਤ-ਭਾਂਤ ਦੇ ਮੁੰਡੇ-ਕੁੜੀਆਂ ਤੇ ਭਾਂਤ-ਸੁਭਾਂਤੀਆਂ ਬੋਲੀਆਂ ਦੇ ਰੂਬਰੂ ਹੋਇਆ।

‘ਪੁਆਧੀ’ ਅਸੀਂ ਦੋ। ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ। ਅਸੀਂ ਬੋਲਿਆ ਕਰਨਾ ‘ਗਠੇ’ (ਗਾਲ਼ਤੇ ਗਠੇ ਅਰਥਾਤ ਕੰਮ ਪੱਟਣਾ) ਪਰ ਬਾਕੀਆਂ ਨੇ ਗੰਢੇ ਅਤੇ ਪਿਆਜ਼ ਤੋਂ ਬਿਨਾਂ ਕੁਝ ਸਮਝਣਾ ਹੀ ਨਾ। ਇਸੇ ਤਰ੍ਹਾਂ ਸਾਡੀ ਬੋਲੀ ’ਚ ਆਦਾ (ਅਦਰਕ), ਕਿਆ (ਕੀ), ਗੈਲ (ਨਾਲ਼), ਮ੍ਹੈਸ (ਮੱਝ) ਗੈਂ (ਗਾਂ) ਭੇਫੜਾਂ (ਭਰਵੱਟੇ), ਮੰਗਣ (ਵਾਂਗ) ਆਦਿ ਸ਼ਬਦ ਵਰਤਣੇ ਤਾਂ ਉਨ੍ਹਾਂ ਹੱਸਣਾ ਕਿ ਇਹ ਕਿਹੜੀ ਬੋਲੀ ਏ? ਸਭ ਤੋਂ ਜ਼ਿਆਦਾ ਧਿਆਨ ਖਿੱਚਦੇ ਸਨ ‘ਅੱਕਣ (ਇਵੇਂ), ਉੱਕਣ (ਉਵੇਂ), ਕਿੱਕਣ (ਕਿਵੇਂ) ਅਤੇ ਜਿੱਕਣ (ਜਿਵੇਂ)। ਇਹ ਲਫ਼ਜ਼ ਸਾਡੀ ਪਛਾਣ ਸਨ। ਪੁਆਧੀਆਂ ਨੂੰ ਸਮਝਣ ਲਈ ਇਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ।

ਪੁਆਧ ਵੀ ਪੰਜਾਬ ਦਾ ਹੀ ਇਕ ਹਿੱਸਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਖਿੱਤਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਮਾਝੇ, ਮਾਲਵੇ ਅਤੇ ਦੁਆਬੇ ਵਿਚ ਵੰਡ ਦਿੱਤਾ ਜਾਂਦਾ ਹੈ। ਪੁਆਧ ਕਿੱਥੇ ਗਿਆ? ਜਿੱਥੇ ਕਿ ਖ਼ਾਲਸਾ ਪੰਥ ਦੀ ਸਾਜਨਾ ਹੋਈ। ‘ਪਰਿਵਾਰ ਵਿਛੋੜਾ’ ਹੋਇਆ। ਸਾਹਿਬਜ਼ਾਦੇ ਸ਼ਹੀਦ ਹੋਏ। ਉਹ ਇਲਾਕਾ ਸਾਡੇ ਚੇਤਿਆਂ ਵਿੱਚੋਂ ਗਾਇਬ ਹੈ। ਸ੍ਰੀ ਚਮਕੌਰ ਸਾਹਿਬ’, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ’ ਨੂੰ ਅਸੀਂ ਕਿਸ ਇਲਾਕੇ ਵਿਚ ਪਾਵਾਂਗੇ। ਇੱਥੇ ਬੋਲੀ ਜਾਂਦੀ ਬੋਲੀ ਨੂੰ ਕਿਸ ਨਾਂ ਨਾਲ਼ ਪੁਕਾਰਾਂਗੇ।

ਇਕ ਪਾਸੇ ਤਾਂ ਅਸੀਂ ਪੰਜਾਬ ਤੋਂ ਬਾਹਰ ਰਹਿ ਗਏ ਇਲਾਕੇ ਨੂੰ ਆਪਣਾ ਮੰਨਦੇ ਹਾਂ ਪਰ ਦੂਜੇ ਪਾਸੇ ਆਪਣੇ ਹੀ ਇਲਾਕੇ ਨੂੰ ਅਤੇ ਇਸ ਦੀ ਬੋਲੀ ਨੂੰ ‘ਗੁੱਠੇ ਲਾਇਆ’ ਹੋਇਆ ਹੈ। ਹਾਲ ਦੀ ਘੜੀ ਮੰਤਵ ਇਹੋ ਹੈ ਕਿ ਅਸੀਂ ਪੰਜਾਬੀ ਬੋਲੀ ਦੀ ਠੇਠ ਸ਼ਬਦਾਵਲੀ ਅਤੇ ਉੱਪ ਬੋਲੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸੰਭਾਲੀਏ ਤਾਂ ਜੋ ਨਵੀਂ ਪਨੀਰੀ ਕਿਤੇ ਆਪਣੀ ਬੋਲੀ ਦੇ ਅਮੀਰ ਵਿਰਸੇ ਤੋਂ ਵਿਰਵੀ ਹੀ ਨਾ ਰਹਿ ਜਾਵੇ ਅਤੇ ਸਿਰਫ਼ ਕੁਝ ਸ਼ਬਦਾਂ ਨਾਲ਼ ਹੀ ਆਪਣਾ ਬੁੱਤਾ ਨਾ ਸਾਰੀ ਜਾਵੇ।

-ਮੋਬਾਈਲ ਨੰ. : 89689-46129

Posted By: Jagjit Singh