ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦਾ ਜਨਮ 16 ਅਗਸਤ 1944 ਈ: ਨੂੰ ਪਿਤਾ ਇੰਦਰ ਸਿੰਘ ਦੇ ਘਰ ਮਾਤਾ ਪਾਰਵਤੀ ਕੌਰ ਦੀ ਕੁੱਖੋਂ ਪਿੰਡ ਚੱਕਰੀ ਕੈਥਲਪੁਰ (ਪਾਕਿਸਤਾਨ) ਵਿਖੇ ਭਾਦੋਂ ਦੀ ਸੰਗਰਾਂਦ ਦਿਹਾੜੇ ਅੰਮ੍ਰਿਤ ਵੇਲੇ ਹੋਇਆ ਸੀ। ਭਾਈ ਸਾਹਿਬ ਨੂੰ ਸੰਗਤ 'ਵੀਰ ਜੀ' ਕਹਿ ਕੇ ਬੁਲਾਉਂਦੇ ਸਨ। ਸੰਨ1947 ਵਿਚ ਹਿੰਦ-ਪਾਕਿ ਦੀ ਵੰਡ ਸਮੇਂ ਭਾਈ ਸਾਹਿਬ ਪਰਿਵਾਰ ਸਮੇਤ ਪਹਿਲਾਂ ਅੰਮ੍ਰਿਤਸਰ ਆਏ ਤੇ ਫਿਰ ਸੰਗਰੂਰ ਚਲੇ ਗਏ। ਸੰਗਰੂਰ ਵਿਚ ਉਨ੍ਹਾਂ ਨੇ ਦਸਵੀਂ ਜਮਾਤ ਤਕ ਵਿੱਦਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਇੰਜੀਨੀਅਰਿੰਗ ਦੇ ਕੋਰਸ ਵਾਸਤੇ ਲੁਧਿਆਣਾ ਆ ਗਏ। ਫਿਰ ਉਨ੍ਹਾਂ ਖੰਨਾ ਵਿਖੇ ਟੈਂਟ ਹਾਉੂਸ ਦਾ ਕਾਰੋਬਾਰ ਆਰੰਭ ਕੀਤਾ। ਸੰਨ 1967 ਵਿਚ 23 ਸਾਲ ਦੀ ਉਮਰ 'ਚ ਭਾਈ ਜਸਬੀਰ ਸਿੰਘ ਦਾ ਵਿਆਹ ਬੀਬੀ ਦਲਜੀਤ ਕੌਰ ਨਾਲ ਹੋਇਆ। ਭਾਈ ਸਾਹਿਬ ਨੂੰ ਬਚਪਨ ਵਿਚ ਸਕੂਲੀ ਵਿੱਦਿਆ ਸਮੇਂ ਹੀ ਕਵਿਤਾ ਲਿਖਣ ਤੇ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ 1983 ਵਿਚ ਮੁਹਾਲੀ ਨੇੜੇ ਪਿੰਡ ਸੁਹਾਣਾ ਵਿਖੇ ਗੁਰਮਤਿ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ, ਜਿਸ ਦਾ ਨਾਂ 'ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਅਕਾਲ ਆਸ਼ਰਮ' ਰੱਖਿਆ ਗਿਆ। ਸੰਨ 1984 ਵਿਚ ਉਨ੍ਹਾਂ ਨੇ ਇਕ ਨਿੱਕੀ ਜਿਹੀ ਡਿਸਪੈਂਸਰੀ ਖੋਲ੍ਹੀ ਸੀ ਜੋ 2 ਅਪ੍ਰੈਲ 1995 ਨੂੰ ਇਕ ਵੱਡੇ ਹਸਪਤਾਲ ਵਿਚ ਤਬਦੀਲ ਹੋ ਗਈ। ਇਹ ਹਸਪਤਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਟਰੱਸਟ ਸੋਹਾਣਾ ਦੇ ਅਧੀਨ ਚੱਲ ਰਿਹਾ ਹੈ। ਭਾਈ ਜਸਬੀਰ ਸਿੰਘ ਜੀ ਭਾਵੇਂ ਖੰਨੇ ਤੋਂ ਸੁਹਾਣਾ (ਮੋਹਾਲੀ) ਵਿਖੇ ਚਲੇ ਗਏ ਸਨ ਪਰ ਸੰਗਤ ਉਨ੍ਹਾਂ ਨੂੰ ਭਾਈ ਜਸਬੀਰ ਸਿੰਘ 'ਜੋਸ਼ੀ' ਦੀ ਥਾਂ 'ਖੰਨੇ ਵਾਲੇ' ਹੀ ਕਹਿਣ ਲੱਗ ਪਈ ਕਿਉਂਕਿ ਇੱਥੇ ਹੀ ਉਨ੍ਹਾਂ ਦਾ ਜੱਦੀ ਘਰ ਸੀ। ਖ਼ਾਲਸੇ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਸਮੇਂ 1999 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਪ੍ਰੇਰਨਾ ਸਦਕਾ 20,000 ਦੇ ਲਗਪਗ ਪ੍ਰਾਣੀਆਂ ਨੇ ਇੱਕੋ ਸਮੇਂ ਅੰਮ੍ਰਿਤ ਛਕਿਆ। ਭਾਈ ਸਾਹਿਬ ਨੇ 'ਭਾਈ ਵੀਰ ਸਿੰਘ ਅਕੈਡਮੀ' ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਅਨੇਕਾਂ ਵਾਰ ਜਾ ਕੇ ਗੁਰਬਾਣੀ ਕੀਰਤਨ ਤੇ ਗੁਰਬਾਣੀ ਵਿਆਖਿਆ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਭਾਈ ਜਸਬੀਰ ਸਿੰਘ ਕੌਮ ਦੇ ਅਨਮੋਲ ਰਤਨ ਸਨ ਜਿਨ੍ਹਾਂ ਨੇ ਸਾਰੀ ਉਮਰ ਨਿਸ਼ਕਾਮ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕੀਤਾ। ਉਨ੍ਹਾਂ ਨੂੰ 1996 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ 'ਨਿਸ਼ਕਾਮ ਕੀਰਤਨੀਏ' ਵਜੋਂ ਸਨਮਾਨਿਤ ਕੀਤਾ ਗਿਆ। ਉਹ 14 ਅਕਤੂਬਰ 2006 ਨੂੰ 62 ਸਾਲ ਦੀ ਉਮਰ ਬਤੀਤ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਮੌਕੇ 'ਸ਼੍ਰੋਮਣੀ ਰਾਗੀ' ਵਜੋਂ ਸਨਮਾਨਿਤ ਕੀਤਾ ਗਿਆ। ਚਾਰ ਅਗਸਤ 2007 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਰਹੂਮ ਭਾਈ ਜਸਬੀਰ ਸਿੰਘ ਖ਼ਾਲਸਾ ਨੂੰ 'ਪੰਥ ਰਤਨ' ਦੀ ਉਪਾਧੀ ਦਿੱਤੀ ਗਈ।

Posted By: Jagjit Singh