-ਬੀਐੱਸ ਰਤਨ

ਉੱਘੇ ਆਜ਼ਾਦੀ ਘੁਲਾਟੀਏ ਭਾਈ ਅਤਰ ਸਿੰਘ ਦਾ ਜਨਮ 1886 ਵਿਚ ਪਿੰਡ ਬੋਲੀਨਾ ਦੋਆਬਾ ਜ਼ਿਲ੍ਹਾ ਜਲੰਧਰ ਵਿਖੇ ਰਾਗੀ ਉੱਤਮ ਸਿੰਘ ਅਤੇ ਮਾਤਾ ਜੀਵੀ ਦੇ ਘਰ ਹੋਇਆ ਸੀ। ਉਹ 10 ਜਨਵਰੀ 1985 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ। ਜੱਦੀ ਰਾਗੀ ਪਰਿਵਾਰ ਹੋਣ ਦਾ ਅਸਰ ਭਾਈ ਅਤਰ ਸਿੰਘ ਦੀਆਂ ਰਗਾਂ ਵਿਚ ਬਚਪਨ ਤੋਂ ਹੀ ਰਚ-ਮਿਚ ਗਿਆ ਸੀ। ਉਨ੍ਹਾਂ ਨੂੰ ਗੰਗਾ ਰਾਮ ਦੀ ਸਰਪ੍ਰਸਤੀ ਹੇਠ ਕੀਰਤਨ ਤੇ ਗੁਰਬਾਣੀ ਦੀ ਮੁਹਾਰਤ ਹਾਸਲ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ। ਭਾਈ ਅਤਰ ਸਿੰਘ ਨੇ ਆਪਣਾ ਬਚਪਨ ਪਿੰਡ ਬੋਲੀਨਾ ਵਿਚ ਗੁਜ਼ਾਰਿਆ ਅਤੇ ਗੁਰਮੁਖੀ ਤੇ ਧਾਰਮਿਕ ਵਿੱਦਿਆ ਹਾਸਲ ਕੀਤੀ। ਜਵਾਨੀ 'ਚ ਪੈਰ ਰੱਖਦੇ ਹੀ ਉਨ੍ਹਾਂ ਸਿੰਘ ਸਭਾ ਗੁਰਦੁਆਰਾ ਜਲੰਧਰ ਵਿਖੇ ਨੌਕਰੀ ਕਰ ਲਈ। ਉਨ੍ਹਾਂ ਨੂੰ ਧਰਮ ਪ੍ਰਚਾਰ ਦਾ ਸ਼ੌਕ ਸੀ। ਇਸ ਕਾਰਨ ਉਨ੍ਹਾਂ ਨੂੰ ਭਾਰਤ ਦਾ ਚੱਪਾ-ਚੱਪਾ ਛਾਣਨ ਦਾ ਮੌਕਾ ਮਿਲਿਆ। ਜਲੰਧਰ ਵਿਖੇ 10 ਸਾਲਾਂ ਦੌਰਾਨ ਉਨ੍ਹਾਂ ਨੇ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੇਹੱਦ ਪ੍ਰਸ਼ੰਸਾ ਹਾਸਲ ਕੀਤੀ। ਉਨ੍ਹਾਂ ਦੀ ਕੇਂਦਰੀ ਵਿਦੇਸ਼ ਮੰਤਰੀ ਸਵਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਨਿੱਘੀ ਦੋਸਤੀ ਸੀ। ਭਾਈ ਅਤਰ ਸਿੰਘ 1918 ਤੋਂ ਆਜ਼ਾਦੀ ਸੰਗਰਾਮ ਵਿਚ ਸਿਦਕ ਤੇ ਜੋਸ਼ ਨਾਲ ਕੁੱਦ ਪਏ।

ਉਨ੍ਹਾਂ ਨੇ ਜਲੰਧਰ ਉਪਰੰਤ ਅੰਮ੍ਰਿਤਸਰ ਵਿਖੇ ਗ੍ਰੰਥੀ ਦੀ ਨੌਕਰੀ ਕੀਤੀ। ਅੰਮ੍ਰਿਤਸਰ ਦਾ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਮਹਾਨ ਯੋਗਦਾਨ ਹੈ। ਇਸ ਲਈ ਆਪ ਜੀ ਨੂੰ ਇੱਥੋਂ ਬਹੁਤ ਪ੍ਰੇਰਨਾ ਮਿਲੀ। ਇੱਥੇ ਆਪ ਗਿਆਨੀ ਗੁਰਮੁਖ ਸਿੰਘ ਮੁਸਾਫਰ (ਸਾਬਕਾ ਮੁੱਖ ਮੰਤਰੀ, ਪੰਜਾਬ) ਨਾਲ ਰਹੇ ਅਤੇ ਆਜ਼ਾਦੀ ਸੰਗਰਾਮੀਆਂ ਦੀਆਂ ਸਫਾਂ ਵਿਚ ਸ਼ਾਮਲ ਹੁੰਦੇ ਰਹੇ। ਅੰਮ੍ਰਿਤਸਰ ਵਿਖੇ ਗੁਰੂ ਕੇ ਬਾਗ਼ ਦੇ ਸਾਕੇ ਸਮੇਂ ਜਦ ਅੰਗਰੇਜ਼ਾਂ ਨੇ ਨਿਹੱਥੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਤਾਂ ਭਾਈ ਅਤਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਸੱਜੀ ਅੱਖ ਤੋਂ ਉਪਰਲੀ ਹੱਡੀ ਟੁੱਟ ਗਈ ਅਤੇ ਬਾਂਹ ਗੁੱਟ ਕੋਲੋਂ ਤੋੜ ਦਿੱਤੀ ਗਈ। ਜ਼ਖ਼ਮੀ ਹੋਣ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਾਹੌਰ ਦੇ ਨੇੜੇ ਅਟਕਵਾਲ ਜੇਲ੍ਹ ਵਿਚ 6 ਮਹੀਨੇ ਰੱਖਿਆ ਗਿਆ। ਜੈਤੋ ਦਾ ਮੋਰਚਾ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਭਾਰਤ ਦੇ ਸਮੁੱਚੇ ਇਤਿਹਾਸ ਵਿਚ ਬੇਮਿਸਾਲ ਸਾਕਾ ਹੈ। ਉਸ ਸਮੇਂ ਭਾਈ ਅਤਰ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਪਾਠ ਕਰ ਰਹੇ ਸਨ ਅਤੇ ਚੌਥਾ ਅਖੰਡ ਪਾਠ ਚੱਲ ਰਿਹਾ ਸੀ। ਜ਼ੋਰਾ ਸਿੰਘ ਨਾਜ਼ਮ ਸਿੱਖਾਂ ਨੂੰ ਅਖੰਡ ਪਾਠ ਦੌਰਾਨ ਪਾਣੀ ਵੀ ਨਹੀਂ ਸੀ ਪੀਣ ਦਿੰਦਾ। ਪਾਠ ਕਰਦੇ ਭਾਈ ਅਤਰ ਸਿੰੰਘ ਨੂੰ ਥਾਣੇਦਾਰ ਮੇਹਰ ਸਿੰਘ ਨੇ ਗ੍ਰਿਫ਼ਤਾਰ ਕੀਤਾ ਅਤੇ ਜੈਤੋ ਦੇ ਕਿਲੇ ਵਿਚ ਨਾਜ਼ਮ ਪਾਸ ਲੈ ਗਏ। ਉੱਥੇ ਉਨ੍ਹਾਂ ਦੇ ਮੂੰਹ 'ਤੇ ਪਾਣੀ ਡੋਲ੍ਹਿਆ ਗਿਆ ਪਰ ਪੀਣ ਲਈ ਨਹੀਂ ਦਿੱਤਾ। ਉਹ ਨਿਮਰਤਾ ਦੇ ਪੁੰਜ, ਸੱਚੇ ਸਮਾਜ ਸੇਵੀ, ਅਮਲੀ ਰੂਪ 'ਚ ਧਾਰਮਿਕ ਸਿਧਾਂਤਾਂ ਨੂੰ ਮੰਨਣ ਵਾਲੇ ਆਦਰਸ਼ ਮਨੁੱਖ ਸਨ। ਵਿਸ਼ੇਸ਼ ਗੱਡੀ ਰਾਹੀਂ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਮੇਤ ਨਾਭਾ ਜੇਲ੍ਹ ਵਿਚ ਲਿਆਂਦਾ ਗਿਆ।

ਨਾਭੇ ਦੇ ਜੱਜ ਨਰੈਣ ਸਿੰਘ ਨੇ ਭਾਈ ਅਤਰ ਸਿੰਘ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਦੇ ਦੋਸ਼ ਹੇਠ 8 ਮਹੀਨੇ ਦੀ ਸਖ਼ਤ ਸਜ਼ਾ ਸੁਣਾਈ। ਸੰਨ 1942 ਤੋਂ ਭਾਈ ਅਤਰ ਸਿੰਘ ਜੀ ਨੇ ਮੁਕਤਸਰ ਦਰਬਾਰ ਸਾਹਿਬ ਵਿਖੇ ਨੌਕਰੀ ਕੀਤੀ। ਆਪ ਨੇ ਇੱਥੇ 14 ਅਪ੍ਰੈਲ 1979 ਨੂੰ ਕਲਗੀਧਰ ਸਿੰਘ ਸਭਾ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੀ ਨੀਂਹ ਰੱਖੀ। ਇਸ ਤੋਂ ਬਾਅਦ ਉਹ 8 ਸਾਲ ਗੁਰਦੁਆਰਾ ਹਨੂੰਮਾਨਗੜ੍ਹ ਸਾਹਿਬ ਵਿਖੇ ਬਤੌਰ ਰਾਗੀ ਰਹੇ। ਉਨ੍ਹਾਂ ਹਜ਼ੂਰ ਸਾਹਿਬ ਜਾ ਕੇ ਵਿਸ਼ੇਸ਼ ਪ੍ਰਚਾਰਕ ਵਜੋਂ ਕੰਮ ਕੀਤਾ। ਭਾਈ ਅਤਰ ਸਿੰਘ ਨੂੰ 1972 ਵਿਚ ਪ੍ਰਧਾਨ ਮੰਤਰੀ, ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਇਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਗਿਆਨੀ ਜ਼ੈਲ ਸਿੰਘ ਵੱਲੋਂ ਭੇਟ ਕੀਤਾ ਗਿਆ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਭਾਈ ਸਾਹਿਬ ਨੂੰ ਸੁਤੰਤਰਤਾ ਸੰਗਰਾਮੀ ਹੋਣ ਦੇ ਨਾਤੇ ਪੈਨਸ਼ਨ ਵੀ ਮਿਲਦੀ ਰਹੀ। ਉਪਰੰਤ ਉਨ੍ਹਾਂ ਨੂੰ ਸਰਕਾਰ ਅਤੇ ਸਮਾਜ ਦੁਆਰਾ ਉਚਿਤ ਮਾਣ-ਸਨਮਾਨ ਮਿਲਦਾ ਰਿਹਾ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਵੀ ਕਈ ਵਾਰ ਉਨ੍ਹਾਂ ਨੂੰ ਲਿਖਤੀ ਰੂਪ 'ਚ ਸੱਦਾ ਭੇਜਿਆ ਗਿਆ। ਉਨ੍ਹਾਂ ਦਾ ਨਾਮ ਸੁੰਤਤਰਤਾ ਸੰਗਰਾਮੀਆਂ ਦੀ ਸੂਚੀ ਵਿਚ 46ਵੇਂ ਨੰਬਰ 'ਤੇ ਦਰਜ ਹੈ। ਉਪ ਸਕੱਤਰ, ਪੰਜਾਬ ਸਰਕਾਰ ਦੇ ਮੀਮੋ ਮਿਤੀ 1 ਅਪ੍ਰੈਲ 1982 ਰਾਹੀਂ ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਯੋਗ ਪੈਨਸ਼ਨ ਜਾਰੀ ਕੀਤੀ ਗਈ। ਭਾਈ ਅਤਰ ਸਿੰਘ ਸੂਝਵਾਨ ਅਤੇ ਦੂਰਦਰਸ਼ੀ ਸ਼ਖ਼ਸੀਅਤ ਸਨ। ਉਨ੍ਹਾਂ ਦੇ ਸਪੁੱਤਰ ਨਸੀਬ ਸਿੰਘ ਗਿਆਨੀ ਪਾਸ ਸਨ ਅਤੇ ਘੜੀਆਂ ਦੇ ਉਘੇ ਵਿਕ੍ਰੇਤਾ ਸਨ। ਇਕ ਪੋਤਰਾ ਜੰਗੀਰ ਸਿੰਘ ਮੁਕਤਸਰ ਵਿਖੇ ਬਰਾਂਡਡ ਘੜੀਆਂ ਦੇ ਨਾਮਵਰ ਡੀਲਰ ਹਨ ਅਤੇ ਉਨ੍ਹਾਂ ਦੇ ਪੁੱਤਰ ਤੇਜਿੰਦਰ ਸਿੰਘ, ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਵਿਚ ਲਾਅ ਅਫ਼ਸਰ ਹਨ।

ਉੁਨ੍ਹਾਂ ਦੇ ਵੱਡੇ ਪੋਤਰੇ ਸਵ. ਸੰਗਤ ਸਿੰਘ ਇਕ ਫਿਲਿੰਗ ਸਟੇਸ਼ਨ ਦੇ ਮਾਲਕ ਸਨ ਜਿਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸੀਨੀਅਰ ਮੈਨੇਜਰ ਹਨ। ਉਨ੍ਹਾਂ ਦਾ ਪੜਦੋਹਤਾ ਜਗਵਿੰਦਰ ਸਿੰਘ ਸਪੁੱਤਰ ਅਮੋਲਕ ਸਿੰਘ ਪਟਿਆਲਾ ਵਿਖੇ ਡਰਾਫਟਮੈਨ ਤਾਇਨਾਤ ਹੈ। ਉਨ੍ਹਾਂ ਦੀ ਪੋਤਰੀ ਸੰਗਤ ਕੌਰ ਪਤਨੀ ਬੀ. ਐੱਸ. ਰਤਨ, ਕੋਟਫੱਤਾ ਜ਼ਿਲ੍ਹਾ ਬਠਿੰਡਾ ਵਿਖੇ ਸਮਾਜ ਸੇਵਾ ਕਰ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਈ ਸਾਹਿਬ ਨੂੰ ਲੜਕੀਆਂ ਦੀ ਪੜ੍ਹਾਈ ਵਿਚ ਖ਼ਾਸ ਦਿਲਚਸਪੀ ਸੀ। ਇਸ ਮਿਸ਼ਨ ਨੂੰ ਉਨ੍ਹਾਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕਰ ਕੇ ਸਾਰਥਕ ਰੂਪ ਦਿੱਤਾ। ਉਹ ਧਾਰਮਿਕ ਬਿਰਤੀ ਅਤੇ 'ਸਰਬਤ ਦਾ ਭਲਾ' ਚਾਹੁਣ ਵਾਲੇ ਗੁਰਮੁਖ ਸਨ। ਐੱਸਜੀਪੀਸੀ ਨੇ ਉਨ੍ਹਾਂ ਨੂੰ ਰਿਟਾਇਰ ਨਹੀਂ ਕੀਤਾ ਸਗੋਂ ਵਡੇਰੀ ਉਮਰ 'ਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਨੌਕਰੀ ਤੋਂ ਵਿਦਾਈ ਲਈ ਤੇ ਭਜਨ ਬੰਦਗੀ 'ਚ ਲੱਗੇ ਰਹੇ। ਉਹ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ ਸਨ ਅਤੇ ਹਰ ਮਹੀਨੇ ਤਨਖ਼ਾਹ ਜਾਂ ਪੈਨਸ਼ਨ ਮਿਲਣ 'ਤੇ ਉਨ੍ਹਾਂ ਨੂੰ ਮਠਿਆਈ ਵੰਡਦੇ। ਉਹ ਸਾਦਾ ਜੀਵਨ ਗੁਜ਼ਾਰ ਕੇ ਆਪਣੇ ਆਦਰਸ਼ਾਂ ਦੀ ਤਰਜਮਾਨੀ ਕਰਦੇ ਰਹੇ। ਉਹ ਆਪਣੇ ਪਰਿਵਾਰ ਤੇ ਸਨੇਹੀਆਂ 'ਤੇ ਅਮਿੱਟ ਪ੍ਰਭਾਵ ਛੱਡ ਗਏ ਹਨ।

-ਸੰਪਰਕ : 94179-00021

Posted By: Rajnish Kaur