ਚਾਰ ਜੂਨ 1904 ਨੂੰ ਪਿੰਡ ਰਾਜੇਵਾਲ ਤਹਿਸੀਲ, ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੇ ਇਕ ਹਿੰਦੂ ਪਰਿਵਾਰ ਵਿਚ ਪੈਦਾ ਹੋਏ ‘ਰਾਮ ਜੀ ਦਾਸ’ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਦੀ ਪੜ੍ਹਾਈ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਵਿੱਚੋਂ ਪ੍ਰਾਪਤ ਕੀਤੀ। ਦਸਵੀਂ ’ਚੋਂ ਫੇਲ੍ਹ ਹੋ ਜਾਣ ’ਤੇ ਖ਼ਾਲਸਾ ਹਾਈ ਸਕੂਲ ਲਾਹੌਰ ਵਿਚ ਦਾਖ਼ਲ ਹੋ ਗਏ। ਲਾਹੌਰ ਵਿਚ ਹੀ ਉਨ੍ਹਾਂ ਦੀ ਮਾਤਾ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਦੀ ਸੀ।

ਸਕੂਲ ਦੀ ਪੜ੍ਹਾਈ ਸਮੇਂ ਅਕਸਰ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਆਉਂਦੇ। ਇਹ ਗੱਲ 1932 ਈ: ਦੀ ਹੈ ਜਦ ਪੂਰਨ ਸਿੰਘ ਆਪਣੇ ਜੀਵਨ-ਆਦਰਸ਼ ਦੀ ਪ੍ਰਾਪਤੀ ਸਬੰਧੀ ਗੁਰਦੁਆਰਾ ਸਾਹਿਬ ਦੇ ਮਹੰਤ ਗੋਪਾਲ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਸਥਾਨਕ ਪ੍ਰਬੰਧਕਾਂ ਕੋਲ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਇਹ ਨੌਜੁਆਨ ਆਪਣਾ ਜੀਵਨ ਬੇ-ਸਹਾਰਾ, ਪਾਗਲਾਂ, ਲੂਲ੍ਹਿਆਂ-ਲੰਗੜਿਆਂ, ਪਿੰਗਲਿਆਂ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦਾ ਹੈ।

ਪ੍ਰਬੰਧਕਾਂ ਦੇ ਇਹ ਪੁੱਛਣ ’ਤੇ ਕਿ ਇਹ ਵਿਚਾਰ ਤੁਹਾਡੇ ਮਨ ਵਿਚ ਕਿਵੇਂ ਆਇਆ ਤਾਂ ਪੂਰਨ ਸਿੰਘ ਨੇ ਕਿਹਾ, “ਉਹ ਇਕ ਹਿੰਦੂ ਪਰਿਵਾਰ ਵਿੱਚੋਂ ਹਨ, ਮੇਰੀ ਮਾਤਾ ਜੀ ਧਾਰਮਿਕ ਬਿਰਤੀ ਰੱਖਦੇ ਹੋਏ ਹਮੇਸ਼ਾ ਰਾਹਗੀਰਾਂ, ਲੋੜਵੰਦਾਂ ਦੀ ਜਲ-ਪਾਣੀ ਨਾਲ ਸੇਵਾ ਕਰਿਆ ਕਰਦੀ ਹੈ ਅਤੇ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਹੈ ਜਿਸ ’ਤੇ ਮੈਂ ਵੀ ਕਾਲਜ ਦੀ ਪੜ੍ਹਾਈ ਕਰਨ ਦੀ ਥਾਂ ‘ਇਹ ਪੜ੍ਹਾਈ’ ਕਰਨ ਦਾ ਮਨ ਬਣਾ ਲਿਆ। ਮੈਂ ਆਪਣਾ ਜੀਵਨ ਲੋੜਵੰਦ ਦੁਖੀਆਂ ਦੀ ਮਦਦ ਕਰਨ ਲਈ ਸਮਰਪਣ ਕਰਨਾ ਚਾਹੁੰਦਾ ਹਾਂ।

ਇਸ ਆਦਰਸ਼ ਦੀ ਪ੍ਰਾਪਤੀ ਲਈ ਮੈਂ ਆਪਾ ਤਿਆਗ ਕੇ ਗੁਰਦੁਆਰਾ ਸਾਹਿਬ ਵਿਚ ਠਹਿਰ ਕੇ ਸੇਵਾ, ਸਿਮਰਨ, ਪਰਉਪਕਾਰ ਦੀ ਸਿੱਖਿਆ ਲੈਣੀ ਚਾਹੁੰਦਾ ਹਾਂ।” ਇਹ ਉੱਚ ਵਿਚਾਰ ਸੁਣਦਿਆਂ ਹੀ ਪ੍ਰਬੰਧਕਾਂ ਨੇ ਪੂਰਨ ਸਿੰਘ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਦਿੱਤਾ। ਇਹ ਆਰੰਭ ਸੀ ਉਸ ਆਦਰਸ਼ ਦਾ ਜਿਸ ਦੀ ਪ੍ਰਾਪਤੀ ਲਈ ਪੂਰਨ ਸਿੰਘ ਘਰੋਂ ਤੁਰਿਆ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ-ਪਾਣੀ, ਲੰਗਰ, ਸਫ਼ਾਈ, ਬਰਤਨਾਂ ਆਦਿ ਦੀ ਨਿੱਤ-ਪ੍ਰਤੀ ਸੇਵਾ ਕਰ ਕੇ ਪੂਰਨ ਸਿੰਘ ਬਾਜ਼ਾਰ ਵਿਚ ਘੁੰਮਣ ਨਿਕਲ ਤੁਰਦਾ।

ਮੁੱਖ ਨਿਸ਼ਾਨਾ ਸੜਕਾਂ ਤੋਂ ਸ਼ੀਸ਼ੇ-ਪੱਥਰ, ਰੋੜੇ, ਕਿੱਲ-ਕਾਂਟੇ ਆਦਿ ਲਾਂਭੇ ਕਰਨਾ ਸੀ ਤਾਂ ਕਿ ਰਾਹੀਆਂ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਪਹੁੰਚੇ। ਫਿਰ ਲਾਇਬ੍ਰੇਰੀ ਵਿਚ ਬੈਠ ਕੇ ਉੱਚ ਖ਼ਿਆਲਾਂ ਨੂੰ ਪੜ੍ਹਨਾ-ਲਿਖਣਾ ਤੇ ਪ੍ਰਚਾਰ ਹਿੱਤ ਵੰਡਣਾ ਪੂਰਨ ਸਿੰਘ ਦਾ ਨਿੱਤ ਦਾ ਕਾਰਜ ਸੀ। ਸੰਨ 1934 ਈ: ਵਿਚ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨੀ ਡਿਊੜੀ ’ਤੇ ਕੋਈ ਨਿਰਦਈ ਦਿਲ ਇਕ ਚਾਰ ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਪੂਰਨ ਸਿੰਘ ਨੇ ਉਸ ਨੂੰ ਗੋਦ ਲੈ ਕੇ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ ਪਰ ਆਪਣੀ ਨਿੱਤ ਦੀ ਕਿਰਤ ਵੀ ਜਾਰੀ ਰੱਖੀ। ਲਗਪਗ 14 ਸਾਲ ਉਸ ਬੱਚੇ ਦੀ ਸੇਵਾ-ਸੰਭਾਲ ਕਰਦੇ ਰਹੇ ਅਤੇ ਦੇਸ਼-ਵੰਡ ਸਮੇਂ ‘ਪਿੰਗਲੇ’ ਨੂੰ ਵਿਰਾਸਤੀ ਪੂੰਜੀ ਵਜੋਂ ਨਾਲ ਲੈ ਕੇ ਅੰਮ੍ਰਿਤਸਰ ਆ ਗਏ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਸ਼ਰਨਾਰਥੀ ਕੈਂਪ ਲੱਗਾ ਹੋਇਆ ਸੀ ਜਿੱਥੇ ਭਗਤ ਜੀ ਨੇ ਤਨ-ਮਨ ਨਾਲ ਲੋੜਵੰਦਾਂ ਦੀ ਸੇਵਾ ਕੀਤੀ।

ਭਗਤ ਪੂਰਨ ਸਿੰਘ ਜੀ ਦੇ ਲਿਖਣ ਅਨੁਸਾਰ, ਦੇਸ਼ ਵੰਡ ਸਮੇਂ ਮੈਂ ਆਪਣੇ ਨਾਲ ਇਕ ਰੁਪਿਆ, ਪੰਜ ਆਨੇ ਲੈ ਕੇ ਆਇਆ ਸਾਂ। ਕਛਹਿਰਾ ਮੈਂ ਪਹਿਨਿਆ ਹੋਇਆ ਸੀ ਅਤੇ ਫੁਲਕਾਰੀ ਮੇਰੇ ਪਿੰਡੇ ’ਤੇ ਸੀ। ਇਸ ਤੋਂ ਇਲਾਵਾ ਮੇਰੇ ਕੋਲ ਇਕ ਲੋਹੇ ਦਾ ਬਾਟਾ, ਦੋ ਵੱਡੀਆਂ ਕਾਪੀਆਂ, ਦੋ ਅੰਗਰੇਜ਼ੀ ਰਸਾਲੇ ਤੇ ‘ਲੂਲ੍ਹਾ’ ਮੇਰੀ ਪਿੱਠ ’ਤੇ ਸੀ। ਮੈਂ ਸਦਾ ਹੀ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ ਰਿਹਾ ਹਾਂ, ਇਸ ਭਰੋਸੇ ’ਤੇ ਮੈਂ ਹਰ ਕੰਮ ਨੂੰ ਬਿਨਾਂ ਝਿਜਕ ਦੇ ਹੱਥ ਪਾ ਲਿਆ।

ਭਗਤ ਜੀ ਦਾ ਇਸ ਪਿੰਗਲੇ-ਲੂਲ੍ਹੇ ਬੱਚੇ ਨਾਲ ਕਿੰਨਾ ਪਿਆਰ ਸੀ, ਉਨ੍ਹਾਂ ਦੀ ਜ਼ੁਬਾਨੀ ‘ਜਿਗਰ ਦਾ ਟੁਕੜਾ ਲੂਲ੍ਹਾ ਬੱਚਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਰਿਹਾ ਹੈ, ਉਹ ਜੇ ਮੈਨੂੰ ਨਾ ਮਿਲਦਾ ਤਾਂ ਮੈਂ ਉਹ ਕੁਝ ਨਾ ਕਰ ਸਕਦਾ ਜੋ ਮੈਂ ਪਿੰਗਲਵਾੜੇ ਦੇ ਰੂਪ ਵਿਚ ਕੀਤਾ ਹੈ ਅਤੇ ਦੁਨੀਆ ਦਾ ਪਿਆਰ ਅਤੇ ਸਤਿਕਾਰ ਜਿੱਤਿਆ ਹੈ।’

ਇਹ ਪਿੰਗਲਾ ਪਿਆਰਾ ਸਿੰਘ ਹੀ ਭਗਤ ਪੂਰਨ ਸਿੰਘ ਦੀ ਪਹਿਲੀ ਪੂੰਜੀ ਸੀ ਜਿਸ ਦੀ ਭਗਤ ਜੀ ਅੰਤਿਮ ਸੁਆਸਾਂ ਤਕ ਆਪਣੀ ਹੱਥੀਂ ਸੇਵਾ-ਸੰਭਾਲ ਕਰਦੇ ਰਹੇ। ਪਿੰਗਲਵਾੜੇ ਦੇ ਬਾਨੀ ਹੋਣ ਤੋਂ ਇਲਾਵਾ ਭਗਤ ਜੀ ਉੱਚ ਕੋਟੀ ਦੇ ਵਿਦਵਾਨ-ਲਿਖਾਰੀ ਵੀ ਸਨ। ਅਤਿ ਸੂਖਮ ਵਿਚਾਰਾਂ ਨੂੰ ਲੋਕ-ਭਾਸ਼ਾ ਵਿਚ ਲਿਖ ਕੇ ਆਮ ਲੋਕਾਂ ਤਕ ਪਹੁੰਚਾਉਣਾ ਭਗਤ ਜੀ ਵੱਲੋਂ ਕੀਤਾ ਜਾਂਦਾ ਪਰਉਪਕਾਰ ਦਾ ਦੂਸਰਾ ਵੱਡਾ ਕਾਰਜ ਸੀ। ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਅਨਗਿਣਤ ਟ੍ਰੈਕਟ, ਸੰਦੇਸ਼, ਪੁਸਤਕਾਂ ਪ੍ਰਕਾਸ਼ਿਤ ਕਰਨਾ ਕੋਈ ਆਸਾਨ ਕੰਮ ਨਹੀਂ। ਇਨ੍ਹਾਂ ਲਿਖਤਾਂ ਦਾ ਮੁੱਖ ਵਿਸ਼ਾ ਗੁਰਮੁਖ ਜੀਵਨ, ਗੁਰਬਾਣੀ ਦੇ ਰਹੱਸਮਈ ਭੇਦ ਦੱਸਣਾ ਅਤੇ ਐਟਮੀ ਵਿਨਾਸ਼, ਹਵਾ, ਪਾਣੀ ਤੇ ਧਰਤੀ ’ਤੇ ਪ੍ਰਦੂਸ਼ਣ ਦੀ ਨਾਮੁਰਾਦ ਬਿਮਾਰੀ, ਕੁਦਰਤ ਨਾਲ ਖਿਲਵਾੜ, ਸਿਗਰਟਨੋਸ਼ੀ ਦੇ ਬੁਰੇ ਪ੍ਰਭਾਵਾਂ ਆਦਿ ਤੋਂ ਲੋਕਾਂ ਨੂੰ ਜਾਗਿ੍ਰਤ ਕਰਨਾ ਸੀ। ਭਗਤ ਪੂਰਨ ਸਿੰਘ ਦੇ ਸੇਵਾ-ਕਾਰਜਾਂ ਨੂੰ ਤੱਕ ਕੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਪਦਮਸ੍ਰੀ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਪਰ ਭਗਤ ਜੀ ਨੇ ਇਹ ਸਨਮਾਨ ਉਸ ਸਮੇਂ ਵਾਪਸ ਕਰ ਦਿੱਤਾ ਜਦ ਜਾਬਰ ਸਰਕਾਰ ਨੇ ਮਾਨਵਤਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜੀ ਹਮਲੇ ਸਮੇਂ ਭਾਰੀ ਹਾਨੀ ਪਹੁੰਚਾਈ।

ਭਗਤ ਪੂਰਨ ਸਿੰਘ ਜੀ ਨੂੰ ਬਹੁਤ ਸਾਰੀਆਂ ਲੋਕ ਪ੍ਰਤੀਨਿਧ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਉਹ ਪੂਰਨ ਰੂਪ ਵਿਚ ਹੱਕਦਾਰ ਸਨ। ਇਸ ਵੇਲੇ ਪਿੰਗਲਵਾੜੇ ਵਿਚ ਪਾਗਲ ਮਰਦ, ਇਸਤਰੀਆਂ, ਬੱਚੇ-ਬੱਚੀਆਂ ਤੋਂ ਇਲਾਵਾ ਬੇਸਹਾਰਾ ਅਪਾਹਜ ਬੱਚੇ-ਬੱਚੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਜਿਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਤੇ ਦਵਾ-ਦਾਰੂ ਦੀ ਲੋੜ ਹੈ। ਇਸ ਸੰਸਥਾ ਦਾ ਇਸ ਸਮੇਂ ਖ਼ਰਚਾ ਰੋਜ਼ਾਨਾ ਹਜ਼ਾਰਾਂ ਵਿਚ ਹੈ। ਸਰਕਾਰ ਵੱਲੋਂ ਲੋਕ ਕਲਿਆਣ ਹਿੱਤ ਚੱਲ ਰਹੀ ਇਸ ਸੰਸਥਾ ਨੂੰ ਨਾ-ਮਾਤਰ ਦੀ ਸਹਾਇਤਾ ਮਿਲਦੀ ਹੈ। ਉਹ ਵੀ ਪਤਾ ਨਹੀਂ ਕਿਸ ਸਮੇਂ ਬੰਦ ਹੋ ਜਾਵੇ।

ਸਰਕਾਰਾਂ ਪਾਸੋਂ ਕਿਸੇ ਕਿਸਮ ਦੀ ਆਸ ਰੱਖਣੀ ਆਪਣੇ-ਆਪ ਨਾਲ ਧੋਖਾ ਹੈ ਕਿਉਂਕਿ ਉਹ ਕੇਂਦਰ ਸਰਕਾਰ ਜੋ ਭਗਤ ਜੀ ਦੇ ਅਕਾਲ-ਚਲਾਣੇ ’ਤੇ ਚੱਲ ਰਹੇ ਸੈਸ਼ਨ ਵਿਚ ਸੋਗ ਵਜੋਂ ਇਕ ਸ਼ਬਦ ਵੀ ਨਹੀਂ ਉਚਾਰਦੀ, ਉਨ੍ਹਾਂ ਪਾਸੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਅੰਤਿਮ ਅਰਦਾਸ ਵਿਚ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਤਤਕਾਲੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਤਿੰਨ ਐਲਾਨ ਕੀਤੇ ਗਏ ਸਨ ਜੋ ਪ੍ਰਸ਼ੰਸਾ-ਯੋਗ ਕਹੇ ਜਾ ਸਕਦੇ ਹਨ। ਪਹਿਲਾ ਕਿ ਇਸ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਾਸਿਕ ਸਹਾਇਤਾ ਦਿੱਤੀ ਜਾਵੇਗੀ।

ਦੂਸਰਾ, ਭਗਤ ਪੂਰਨ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਉਣੀ ਅਤੇ ਤੀਸਰਾ, ਭਗਤ ਪੂਰਨ ਸਿੰਘ ਦੇ ਨਾਮ ’ਤੇ ਸ਼੍ਰੋਮਣੀ ਸੇਵਾ ਸਨਮਾਨ ਸ਼ੁਰੂ ਕੀਤਾ ਜਾਵੇਗਾ। ਅਨਾਥਾਂ ਦੇ ਨਾਥ, ਬੇਸਹਾਰਿਆਂ ਨੂੰ ਸਹਾਰਾ ਪਹੁੰਚਾਉਣ ਵਾਲੇ ਭਗਤ ਪੂਰਨ ਸਿੰਘ ਭਾਵੇਂ ਅੱਜ ਸਰੀਰਕ ਰੂਪ ਵਿਚ ਇਸ ਸੰਸਾਰ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਆਰੰਭੇ ਕਾਰਜ ਉਨ੍ਹਾਂ ਨੂੰ ਹਮੇਸ਼ਾ ਜੀਵਤ ਰੱਖਣਗੇ।

-ਡਾ. ਰੂਪ ਸਿੰਘ

-response@jagran.com

Posted By: Jagjit Singh