ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਚ ਵਹਿਮ-ਭਰਮ ਦੀ ਇਕ ਹੈਰਾਨਕੁੰਨ ਪਰ ਹਲੂਣਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਇੱਥੇ ਇਕ ਬਜ਼ੁਰਗ ਮਹਿਲਾ ਨੂੰ ਡਾਇਣ ਹੋਣ ਦੇ ਸ਼ੱਕ ਵਿਚ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆ ਅਤੇ ਮਾਰਿਆ-ਕੁੱਟਿਆ ਵੀ ਗਿਆ। ਇਹੀ ਨਹੀਂ, ਇਸ ਸਾਰੇ ਸ਼ਰਮਨਾਕ ਕਾਰੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਕਰ ਦਿੱਤੀ ਗਈ। ਫ਼ਿਲਹਾਲ ਇਸ ਸਾਰੀ ਘਟਨਾ ਨੂੰ ਅੰਧ-ਵਿਸ਼ਵਾਸ ਦੀ ਨਜ਼ਰ ਨਾਲ ਹੀ ਵੇਖਿਆ ਜਾ ਸਕਦਾ ਹੈ। ਵੈਸੇ ਇਸ ਮਾਮਲੇ ਦੀ ਹਕੀਕਤ ਤਾਂ ਸਹੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ ਪਰ ਇਸ ਗੱਲ ਨੂੰ ਬਿਲਕੁਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿ ਕਿਸੇ ਨਾਲ ਵੀ ਬਦਸਲੂਕੀ ਕੀਤੀ ਜਾਵੇ ਤੇ ਉਸ ਸਾਰੇ ਕਾਰਨਾਮੇ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਵੇ। ਅੱਜ ਨਾ ਸਿਰਫ਼ ਵਿਸ਼ਵ ਬਲਕਿ ਸਾਡਾ ਦੇਸ਼ ਵੀ ਚੰਦਰਮਾ 'ਤੇ ਪਹੁੰਚ ਚੁੱਕਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ ਲੋਕ ਹਨ ਜੋ ਵਹਿਮਾਂ-ਭਰਮਾਂ ਅਤੇ ਕੱਟੜਪੰਥੀ ਰਵਾਇਤਾਂ ਅਤੇ ਸੋਚ ਤੋਂ ਬਾਹਰ ਨਹੀਂ ਆ ਸਕੇ ਹਨ। ਭਾਰਤ ਨੂੰ ਰੂਹਾਨੀਅਤ ਦਾ ਗੜ੍ਹ ਮੰਨਿਆ ਗਿਆ ਹੈ। ਇਸ ਦੇ ਬਿਹਾਰ, ਝਾਰਖੰਡ ਤੇ ਕੁਝ ਹੋਰ ਸੂਬਿਆਂ ਵਿਚ ਤਾਂ ਸਮੇਂ-ਸਮੇਂ ਡਾਇਣ ਗਰਦਾਨ ਕੇ ਬਦਸਲੂਕੀ ਦੀਆਂ ਘਟਨਾਵਾਂ ਉਜਾਗਰ ਹੁੰਦੀਆਂ ਰਹਿੰਦੀਆਂ ਸਨ ਪਰ ਦੇਵਭੂਮੀ ਹਿਮਾਚਲ ਪ੍ਰਦੇਸ਼ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਵਾਪਰਿਆ ਹੈ। ਭਾਰਤ ਵਾਸੀਆਂ ਨੂੰ ਪਰਮਾਤਮਾ, ਦੇਵੀ-ਦੇਵਤਿਆਂ, ਸੰਤਾਂ-ਮਹਾਪੁਰਸ਼ਾਂ, ਰਿਸ਼ੀਆਂ-ਮੁਨੀਆਂ 'ਤੇ ਬਹੁਤ ਵਿਸ਼ਵਾਸ ਹੈ ਪਰ ਕੁਝ ਲੋਕ ਵਹਿਮਾਂ-ਭਰਮਾਂ ਦੀ ਦਲਦਲ ਵਿਚ ਡੂੰਘੇ ਫਸੇ ਹੁੰਦੇ ਹਨ ਜਿਨ੍ਹਾਂ ਦਾ ਕੁਝ ਪਾਖੰਡੀ ਫਾਇਦਾ ਉਠਾਉਂਦੇ ਰਹਿੰਦੇ ਹਨ। ਭਾਰਤ ਵਿਚ ਕਾਫ਼ੀ ਲੋਕ ਅਜਿਹੇ ਹਨ ਜੋ ਜਾਦੂ-ਟੂਣੇ 'ਤੇ ਭਰੋਸਾ ਰੱਖਦੇ ਹਨ। ਜਾਦੂ-ਟੂਣੇ ਦਾ ਸਹਾਰਾ ਲੈ ਕੇ ਬਿਮਾਰੀਆਂ ਨੂੰ ਠੀਕ ਕਰਨ ਦਾ ਬਹੁਤ ਅੰਧ-ਵਿਸ਼ਵਾਸ ਹੈ ਜੋ ਕਿਸੇ ਦੀ ਜ਼ਿੰਦਗੀ 'ਤੇ ਭਾਰੂ ਪੈ ਸਕਦਾ ਹੈ। ਲੋਕਾਂ ਨੂੰ ਵਹਿਮਾਂ-ਭਰਮਾਂ ਕਾਰਨ ਆਪਣੀ ਇੱਜ਼ਤ ਅਤੇ ਜ਼ਿੰਦਗੀ ਨੂੰ ਦਾਅ 'ਤੇ ਨਹੀਂ ਲਾਉਣਾ ਚਾਹੀਦਾ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਵਹਿਮਾਂ-ਭਰਮਾਂ ਦੀ ਦਲਦਲ ਵਿਚ ਨਾ ਸਿਰਫ਼ ਅਨਪੜ੍ਹ ਬਲਕਿ ਪੜ੍ਹੇ-ਲਿਖੇ ਲੋਕ ਵੀ ਫਸੇ ਹੋਏ ਹਨ। ਸਰਕਾਰ ਅਤੇ ਮੀਡੀਆ ਲੋਕਾਂ ਨੂੰ ਕੱਟੜਪੰਥੀ ਵਿਚਾਰਧਾਰਾ ਤੋਂ ਬਾਹਰ ਕੱਢਣ 'ਚ ਆਪੋ-ਆਪਣੀ ਭੂਮਿਕਾ ਨਿਭਾ ਸਕਦੇ ਹਨ। ਮੀਡੀਆ ਦੀ ਜ਼ਿੰਮੇਵਾਰੀ ਤਾਂ ਹੋਰ ਵੀ ਜ਼ਿਆਦਾ ਵੱਧ ਗਈ ਹੈ। ਉਂਜ ਉਸ ਵੱਲੋਂ ਸਮੇਂ-ਸਮੇਂ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਕੁਝ ਲੋਕਾਂ ਨੇ ਕੱਟੜਵਾਦ ਦਾ ਰਾਹ ਛੱਡ ਦਿੱਤਾ ਹੈ। ਉਨ੍ਹਾਂ ਆਪਣੀ ਵਿਚਾਰਧਾਰਾ ਬਦਲ ਦਿੱਤੀ ਹੈ। ਉਂਜ ਸੱਚਾਈ ਇਹ ਵੀ ਹੈ ਕਿ ਸਰਕਾਰ ਅਤੇ ਮੀਡੀਆ ਦੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹੋਣਗੀਆਂ ਜਦੋਂ ਭਾਰਤ ਦਾ ਹਰ ਬਾਸ਼ਿੰਦਾ ਰੂੜੀਵਾਦੀ ਵਿਚਾਰਧਾਰਾ ਨੂੰ ਤਿਆਗ ਦੇਵੇਗਾ।

-ਰਾਜੇਸ਼ ਕੁਮਾਰ ਚੌਹਾਨ, ਜਲੰਧਰ। ਮੋਬਾਈਲ ਨੰ. : 90236-93142

Posted By: Rajnish Kaur