ਪ੍ਰਿੰਸੀਪਲ ਦੇ ਅਹੁਦੇ ਦੀ ਤਰੱਕੀ ਪਾਉਣ ਤੋਂ ਬਾਅਦ ਸਾਨੂੰ ਚੰਡੀਗੜ੍ਹ ਵਿਖੇ ਟ੍ਰੇਨਿੰਗ ਲਈ ਬੁਲਾਇਆ ਗਿਆ। ਉਸ ਟ੍ਰੇਨਿੰਗ ਵਿਚ ਇਕ ਅਜਿਹੇ ਬੁਲਾਰੇ ਨੂੰ ਵੀ ਬੁਲਾਇਆ ਗਿਆ ਸੀ ਜਿਹੜਾ ਵਕਤਿਆਂ ਦੇ ਦਿਲਾਂ ਨੂੰ ਟੁੰਬਣ ਵਾਲਾ ਸੀ। ਉਸ ਦੇ ਪ੍ਰਭਾਵਸ਼ਾਲੀ ਭਾਸ਼ਣ ਨੇ ਸਾਡੀ ਸਭਨਾਂ ਦੀ ਭੁੱਖ ਤੇ ਪਿਆਸ ਭੁਲਾ ਦਿੱਤੀ ਸੀ। ਉਸ ਸਾਹਮਣੇ ਬੈਠੇ ਵਿਅਕਤੀਆਂ 'ਚੋਂ ਨਾ ਕੋਈ ਸਿਰ ਤੇ ਨੱਕ ਖੁਰਕਦਾ ਸੀ, ਨਾ ਮੋਬਾਈਲ ਸੁਣਦਾ ਸੀ ਤੇ ਨਾ ਹੀ ਉੱਠ ਕੇ ਬਾਹਰ ਜਾ ਰਿਹਾ ਸੀ ਕਿਉਂਕਿ ਉਸ ਕੋਲ ਜ਼ਿੰਦਗੀ ਦੇ ਸ਼ਲਾਘਾਯੋਗ ਤਜਰਬੇ ਦਾ ਖ਼ਜ਼ਾਨਾ ਸੀ। ਮੇਰੇ ਵਾਂਗ ਉਸ ਦੇ ਤਿੰਨ-ਚਾਰ ਵਾਕਾਂ ਨੇ ਹੋਰਨਾਂ ਨੂੰ ਵੀ ਪ੍ਰੇਰਿਆ ਹੋਵੇਗਾ। ਉਸ ਦਾ ਪਹਿਲਾ ਵਾਕ ਸੀ, ਇਤਿਹਾਸ ਰਚਣ ਵਾਲੇ ਵਿਰਲੇ ਹੀ ਹੁੰਦੇ ਹਨ। ਉਸ ਨੂੰ ਪੜ੍ਹਦੇ ਅਤੇ ਉਸ ਦੀ ਚਰਚਾ ਬਹੁਤ ਸਾਰੇ ਕਰਦੇ ਹਨ। ਇਹ ਫ਼ੈਸਲਾ ਤੁਸੀਂ ਆਪ ਕਰਨਾ ਹੁੰਦਾ ਹੈ ਕਿ ਤੁਸੀਂ ਇਤਿਹਾਸ ਰਚਣ ਵਾਲੇ ਬਣਨਾ ਹੈ ਜਾਂ ਫਿਰ ਪੜ੍ਹਨ ਵਾਲੇ ਪਰ ਇਤਿਹਾਸ ਰਚਣ ਲਈ ਆਪਣੇ ਅੰਦਰ ਜਨੂੰਨ ਪੈਦਾ ਕਰਨਾ ਪੈਂਦਾ ਹੈ। ਮਿਹਨਤ ਦੀਆਂ ਸਿਖ਼ਰਾਂ ਨੂੰ ਛੂਹਣਾ ਪੈਂਦਾ ਹੈ। ਉਸ ਦਾ ਦੂਸਰਾ ਵਾਕ ਸੀ ਕਿ ਆਟੋਗ੍ਰਾਫ ਲੈਣ ਵਾਲੇ ਹੀ ਨਹੀਂ, ਦੇਣ ਵਾਲੇ ਵੀ ਬਣੋ। ਉਸ ਨੇ ਬੁਲੰਦੀਆਂ ਛੂਹਣ ਵਾਲੇ ਅਤੇ ਇਤਿਹਾਸ ਦੀ ਛਾਤੀ 'ਤੇ ਆਪਣੇ ਨਾਂ ਉਕਰਨ ਵਾਲੇ ਲੋਕਾਂ ਦੀਆਂ ਅਨੇਕਾਂ ਮਿਸਾਲਾਂ ਦੇ ਕੇ ਕਿਹਾ ਕਿ ਉਹ ਵੀ ਸਾਡੇ ਵਾਂਗ ਪਹਿਲਾਂ ਸਾਧਾਰਨ ਹੀ ਸਨ। ਜਦੋਂ ਤੁਸੀਂ ਕੁਝ ਕਰ ਕੇ ਲੋਕਾਂ ਦਾ ਆਦਰਸ਼ ਬਣ ਜਾਵੋਗੇ ਤਾਂ ਲੋਕ ਤੁਹਾਡੇ ਆਟੋਗ੍ਰਾਫ ਵੀ ਲੈਣ ਲੱਗ ਪੈਣਗੇ। ਉਸ ਦਾ ਤੀਸਰਾ ਵਾਕ ਸੀ ਕਿ ਇਤਿਹਾਸ ਲਿਖਣਾ ਅਤੇ ਆਟੋ ਗ੍ਰਾਫ ਦੇਣ ਵਾਲੇ ਬਣਨਾ ਸੌਖ਼ਾ ਕੰਮ ਨਹੀਂ ਹੁੰਦਾ। ਜਦੋਂ ਕੋਈ ਵਿਅਕਤੀ ਅੱਗੇ ਵਧਦਾ ਹੈ, ਭੀੜ ਤੋਂ ਅੱਡ ਹੋ ਕੇ ਤੁਰਦਾ ਹੈ ਤਾਂ ਉਸ 'ਤੇ ਪਹਿਲਾਂ ਹੱਸਦੇ ਰਹਿਣ ਵਾਲੇ ਲੋਕ ਉਸ ਦੇ ਰਾਹ ਦੇ ਕੰਡੇ ਅਤੇ ਰੋੜੇ ਬਣਦੇ ਹਨ। ਉਸ ਉੱਤੇ ਇਲਜ਼ਾਮ ਲਗਾਉਂਦੇ ਹਨ। ਉਹ ਸਭ ਕੁਝ ਕਰਦੇ ਹਨ ਜੋ ਉਸ ਦੇ ਰਾਹ ਦੁਸ਼ਵਾਰ ਕਰ ਦੇਵੇ।

ਉਸ ਅਗਨੀ-ਪ੍ਰੀਖਿਆ ਦੌਰਾਨ ਉਸ ਵਿਅਕਤੀ ਨੇ ਉਨ੍ਹਾਂ ਅੱਗੇ ਗੋਡੇ ਟੇਕ ਦੇਣੇ ਨੇ। ਹੌਸਲਾ ਹਾਰ ਜਾਣਾ ਹੈ ਜਾਂ ਫਿਰ ਉਨ੍ਹਾਂ ਦੀ ਪਰਵਾਹ ਨਾ ਕਰਦਿਆਂ ਅੱਗੇ ਨਿਕਲ ਜਾਣਾ ਹੈ। ਇਹ ਉਸ ਵਿਅਕਤੀ ਦੇ ਆਤਮ-ਵਿਸ਼ਵਾਸ 'ਤੇ ਨਿਰਭਰ ਕਰਦਾ ਹੈ।

ਉਸ ਦੇ ਇਹ ਵਾਕ ਮੇਰੇ ਲਈ ਨਵੀਆਂ ਪੌੜੀਆਂ ਬਣ ਗਏ ਹਨ। ਇਨ੍ਹਾਂ ਵਾਕਾਂ ਦੇ ਸੰਦਰਭ ਵਿਚ ਮੈਂ ਉਨ੍ਹਾਂ ਕਰਮਯੋਗੀਆਂ ਦੀਆਂ ਉਦਾਹਰਨਾਂ ਦੇਣੀਆਂ ਚਾਹਾਂਗਾ ਜਿਨ੍ਹਾਂ ਨੇ ਆਪਣੇ ਯਤਨਾਂ ਸਦਕਾ ਨਵੀਆਂ ਪੈੜਾਂ ਪਾਈਆਂ ਹਨ। ਸਾਡੇ ਇਲਾਕੇ ਦੇ ਇਕ ਸੇਵਾਮੁਕਤ ਕਰਮਯੋਗੀ ਪ੍ਰਿੰਸੀਪਲ ਨੂੰ ਲੈਕਚਰਾਰ ਦੀ ਪਦਉੱਨਤੀ ਸਮੇਂ ਇਕ ਅਜਿਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਲ ਗਿਆ ਜੋ ਕਿਸੇ ਵੇਲੇ ਸਜ਼ਾ ਦੇਣ ਵਾਲਾ ਮੰਨਿਆ ਜਾਂਦਾ ਸੀ। ਉਸ ਸਕੂਲ ਵਿਚ ਨਾ ਕੋਈ ਅਧਿਆਪਕ ਜਾਣਾ ਚਾਹੁੰਦਾ ਸੀ ਤੇ ਨਾ ਹੀ ਕੋਈ ਕਰਮਚਾਰੀ। ਇਮਾਰਤ ਉਸ ਦੀ ਢੱਠੀ ਹੋਈ ਸੀ। ਅਧਿਆਪਕਾਂ ਦੀਆਂ ਕਈ ਅਸਾਮੀਆਂ ਖ਼ਾਲੀ ਸਨ। ਉਸ ਨੂੰ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕਰਨ ਦੇ ਨਾਲ-ਨਾਲ ਪ੍ਰਿੰਸੀਪਲ ਦੀ ਵੀ ਭੂਮਿਕਾ ਨਿਭਾਉਣੀ ਪਈ। ਲੋਕ ਉਸ ਨੂੰ ਕਹਿਣ ਲੱਗੇ ਕਿ ਉਹ ਕਿੱਥੇ ਫਸ ਗਿਆ। ਉਸ ਨੂੰ ਉਸ ਸਕੂਲ ਤੋਂ ਬਦਲੀ ਕਰਵਾ ਲੈਣੀ ਚਾਹੀਦੀ ਹੈ। ਉਸ ਨੇ ਲੋਕਾਂ ਨੂੰ ਜਵਾਬ ਦਿੱਤਾ, 'ਭਰਾਵੋ! ਚੰਗੇ ਸਕੂਲਾਂ ਵਿਚ ਸਾਰੇ ਨੌਕਰੀ ਕਰ ਲੈਂਦੇ ਹਨ। ਮਾੜੇ ਸਕੂਲ ਵਿÝਚ ਵੀ ਤਾਂ ਨੌਕਰੀ ਕਰ ਕੇ ਵੇਖ ਲੈਣੀ ਚਾਹੀਦੀ ਹੈ। ਉਸ ਅਕਾਲ ਪੁਰਖ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ। ਮੈਂ ਇਸੇ ਸਕੂਲ ਵਿਚ ਕੰਮ ਕਰਾਂਗਾ ਅਤੇ ਇਸ ਸਕੂਲ ਨੂੰ ਚੰਗੇ ਸਕੂਲਾਂ ਵਿਚ ਸ਼ਾਮਲ ਕਰ ਕੇ ਦੱਸਾਂਗਾ। ਉਸ ਨੇ ਪਿੰਡ ਦੇ ਲੋਕਾਂ ਅਤੇ ਉੱਥੋਂ ਪੜ੍ਹੇ ਅਫਸਰਾਂ ਨੂੰ ਸਕੂਲ ਬੁਲਾਇਆ। ਕੁਝ ਚੰਗੇ ਅਧਿਆਪਕਾਂ ਦੀ ਬਦਲੀ ਉਸ ਸਕੂਲ ਵਿਚ ਕਰਵਾ ਲਈ। ਸਕੂਲ ਦੀ ਸ਼ਾਨਦਾਰ ਇਮਾਰਤ ਖੜ੍ਹੀ ਕੀਤੀ। ਸਕੂਲ ਵਿਚ ਸ਼ਾਨਦਾਰ ਲਾਇਬ੍ਰੇਰੀ ਬਣਾਈ। ਮੈਗਜ਼ੀਨ ਕੱਢਿਆ। ਅੱਜ ਉਹ ਸਕੂਲ ਜ਼ਿਲ੍ਹਾ ਰੋਪੜ ਦੇ ਚੰਗੇ ਸਕੂਲਾਂ 'ਚੋਂ ਇਕ ਹੈ। ਉਹ ਸੇਵਾਮੁਕਤ ਹੋਣ ਤੋਂ ਬਾਅਦ ਵੀ ਇਕ ਨਾਮੀ ਪ੍ਰਾਈਵੇਟ ਸਕੂਲ ਵਿਚ ਸੇਵਾ ਨਿਭਾ ਰਿਹਾ ਹੈ। ਅੱਜ ਇਲਾਕੇ ਵਿਚ ਉਸ ਦਾ ਨਾਂ ਹੈ। ਹੁਣ ਹਰ ਕੋਈ ਉਸ ਸਕੂਲ ਵਿਚ ਕੰਮ ਕਰਨ ਦਾ ਚਾਹਵਾਨ ਹੈ।

ਮੇਰੇ ਇਲਾਕੇ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿਚ ਜਨਮੇ ਇਕ ਨੌਜਵਾਨ ਨੂੰ ਇਕ ਸਮਾਜ ਸੇਵੀ ਸੰਸਥਾ ਨੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਾਇਆ। ਉਹ ਸਾਡੇ ਇਲਾਕੇ ਦਾ ਪਹਿਲਾ ਨੌਜਵਾਨ ਸੀ ਜਿਸ ਨੇ ਇੰਜੀਨੀਅਰਿੰਗ ਕੀਤੀ ਸੀ ਤੇ ਕਾਲਜ 'ਚੋਂ ਟਾਪ ਕੀਤਾ ਸੀ। ਉਸ ਨੂੰ ਨਹਿਰੀ ਵਿਭਾਗ ਨੇ ਨਤੀਜਾ ਆਉਂਦਿਆਂ ਹੀ ਨੌਕਰੀ ਦੇ ਦਿੱਤੀ ਸੀ। ਉਹ ਚੀਫ ਇੰਜਨੀਅਰ ਬਣਿਆ ਪਰ ਆਪਣੀ ਗ਼ਰੀਬੀ ਨੂੰ ਨਹੀਂ ਭੁੱਲਿਆ। ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਦੂਜਿਆਂ ਲਈ ਮਿਸਾਲ ਬਣਨਾ ਸੌਖ਼ੀ ਗੱਲ ਨਹੀਂ ਹੁੰਦੀ। ਆਪਣਾ ਸੁੱਖ-ਚੈਨ ਗੁਆਉਣਾ ਪੈਂਦਾ ਹੈ। ਆਪਣਾ ਵਿਗਾੜ ਕੇ ਦੂਜਿਆਂ ਦਾ ਬਣਾਉਣਾ ਪੈਂਦਾ ਹੈ। ਆਲੋਚਕਾਂ ਦੀ ਆਲੋਚਨਾ ਸਹਿਣੀ ਪੈਂਦੀ ਹੈ। ਪਾਗਲ ਅਤੇ ਵਿਹਲੜ ਕਹਾਉਣਾ ਪੈਂਦਾ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜੇਕਰ ਦੂਜਿਆਂ ਲਈ ਮਿਸਾਲ ਅਤੇ ਆਦਰਸ਼ ਬਣਨਾ ਐਨਾ ਸੌਖ਼ਾ ਹੁੰਦਾ ਤਾਂ ਹਰ ਕੋਈ ਬਣ ਨਾ ਜਾਂਦਾ। ਮੇਰੇ ਪਿੰਡ ਦਾ ਇਕ ਵਿਅਕਤੀ ਮਲੇਰੀਏ ਵਾਲਿਆਂ ਵਿਚ ਨੌਕਰੀ ਕਰਦਾ ਸੀ। ਪਰਿਵਾਰ ਵੱਡਾ ਹੋਣ ਕਾਰਨ ਘਰ ਆਰਥਿਕ ਤੰਗੀ ਦਾ ਸ਼ਿਕਾਰ ਸੀ।

ਉਸ ਦਾ ਪੁੱਤਰ ਕਦੇ-ਕਦੇ ਉਸ ਨਾਲ ਹਸਪਤਾਲਾਂ ਵਿਚ ਜਾਂਦਾ ਰਹਿੰਦਾ ਸੀ। ਉਹ ਡਾਕਟਰਾਂ ਨੂੰ ਵੇਖ ਕੇ ਡਾਕਟਰ ਬਣਨ ਦੇ ਸੁਪਨੇ ਲੈਣ ਲੱਗ ਪਿਆ ਪਰ ਉਸ ਦਾ ਪਿਤਾ ਤਾਂ ਉਸ ਨੂੰ ਆਪਣੇ ਜਿਹੀ ਛੋਟੀ-ਮੋਟੀ ਨੌਕਰੀ 'ਤੇ ਲਗਵਾ ਕੇ ਉਸ ਨੂੰ ਪਰਿਵਾਰ ਦੀ ਆਮਦਨ ਦਾ ਸਾਧਨ ਬਣਾਉਣਾ ਚਾਹੁੰਦਾ ਸੀ। ਉਸ ਦਾ ਮੁੰਡਾ ਆਪਣਾ ਸੁਪਨਾ ਭੁੱਲਿਆ ਨਹੀਂ। ਉਸ ਨੇ ਗਿਆਰਵੀਂ ਜਮਾਤ ਵਿਚ ਮੈਡੀਕਲ ਗਰੁੱਪ ਰੱਖ ਲਿਆ ਪਰ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ 'ਚੋਂ ਫਿਜ਼ਿਕਸ ਅਤੇ ਕੈਮਿਸਟਰੀ ਦੇ ਲੈਕਚਰਾਰ ਬਦਲੀ ਕਰਵਾ ਗਏ। ਉਸ ਨੇ ਫਿਰ ਵੀ ਆਪਣਾ ਉਦੇਸ਼ ਨਹੀਂ ਛੱਡਿਆ। ਬਾਇਓ ਦੇ ਲੈਕਚਰਾਰ ਨੇ ਉਸ ਦੇ ਦ੍ਰਿੜ੍ਹ ਇਰਾਦੇ ਨੂੰ ਵੇਖਦਿਆਂ ਉਸ ਦੀ ਹਰ ਪੱਖੋਂ ਮਦਦ ਕੀਤੀ। ਉਸ ਬੱਚੇ ਨੇ ਪਹਿਲੀ ਵਾਰ ਹੀ ਪੀਐੱਮਟੀ ਪਾਸ ਕਰ ਲਿਆ। ਉਸ ਦੀ ਐੱਮਬੀਬੀਐੱਸ ਦੀ ਡਿਗਰੀ ਪੂਰੀ ਹੋ ਗਈ ਹੈ। ਉਸ ਦੀਆਂ ਪੈੜਾਂ 'ਤੇ ਉਸ ਦੀ ਭੈਣ ਨੇ ਵੀ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਵੀ ਮੈਡੀਕਲ ਗਰੁੱਪ ਨਾਲ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਮੁਲਕ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇੱਥੇ ਟੰਗਾਂ ਖਿੱਚਣ ਵਾਲਿਆਂ, ਨੁਕਸ ਕੱਢਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਨਵੀਆਂ ਪੈੜਾਂ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ। ਫਿਰ ਵੀ ਹੌਸਲੇ ਬੁਲੰਦ ਕਰ ਕੇ ਜਿਊਣਾ ਚਾਹੀਦਾ ਹੈ।

ਪ੍ਰਿੰਸੀਪਲ ਵਿਜੈ ਕੁਮਾਰ

98726-2736

Posted By: Sarabjeet Kaur