ਇਕ ਦਿਨ ਚੰਨਣ ਸਿਹੁੰ ਮੂੰਹ ਲਟਕਾਈ ਢਿੱਲਾ ਜਿਹਾ ਤੁਰਿਆ ਆਵੇ। ਮੈਂ ਪੁੱਛ ਬੈਠਾ ਕਿ ਉਹ ਕਿੱਥੋਂ ਆਇਆ ਹੈ। ਜਾਣੋਂ ਉਸ ਦੀ ਦੁਖਦੀ ਰਗ ’ਤੇ ਹੱਥ ਧਰਿਆ ਗਿਆ। “ਕਾਹਦਾ ਭਾਈ! ਖੇਤੀਬਾੜੀ ਲਈ ਬੈਂਕ ਤੋਂ ਕਰਜ਼ਾ ਲਿਆ ਹੈ।’’ ਉਹ ਬੁਰਾ ਜਿਹਾ ਮੂੰਹ ਬਣਾਉਂਦਾ ਬੋਲਿਆ ਤੇ ਮੇਰੇ ਲਾਗੇ ਡਹੇ ਮੰਜੇ ’ਤੇ ਬੈਠ ਗਿਆ। ਉਹ ਅੰਦਰੋਂ ਬਹੁਤ ਦੁਖੀ ਤੇ ਥੱਕਿਆ-ਟੁੱਟਿਆ ਲੱਗ ਰਿਹਾ ਸੀ। ਮੈਂ ਉਸ ਦੀ ਗੱਲਬਾਤ ਵਿਸਥਾਰ ਨਾਲ ਸੁਣਨਾ ਚਾਹੁੰਦਾ ਸੀ। ਪਹਿਲਾਂ ਤਾਂ ਉਹ ਦੱਸਣ ਤੋਂ ਟਾਲਾ ਵੱਟ ਗਿਆ ਪਰ ਮੇਰੇ ਜ਼ੋਰ ਦੇਣ ’ਤੇ ਉਹ ਦੱਸਣ ਲੱਗਿਆ ਕਿ ਉਸ ਨੇ ਆਪਣੇ ਜੀਵਨ ਵਿਚ ਕਦੇ ਕਿਸੇ ਬੈਂਕ ਤੋਂ ਕਰਜ਼ਾ ਨਹੀਂ ਲਿਆ ਸੀ। ਆਪਣੀ ਫ਼ਸਲ ਬਾੜੀ ਨਾਲ ਆਪਣੀ ਕਬੀਲਦਾਰੀ ਰੋੜ੍ਹੀ ਜਾਂਦਾ ਸੀ। ਜੇਕਰ ਥੋੜ੍ਹੀ-ਬਹੁਤ ਪੈਸਿਆਂ ਦੀ ਜ਼ਰੂਰਤ ਪੈਂਦੀ ਤਾਂ ਪਿੰਡ ਦੇ ਸ਼ਾਹੂਕਾਰ ਤੋਂ ਲੈ ਲੈਂਦਾ ਤੇ ਫ਼ਸਲ ਆਈ ’ਤੇ ਮੋੜ ਦਿੰਦਾ ਪਰ ਇਸ ਵਾਰ ਲੜਕੀ ਦੀ ਸ਼ਾਦੀ ਕਰਨੀ ਸੀ। ਮੱਥਾ ਵੀ ਚੰਗੇ ਘਰ ਨਾਲ ਲਾਇਆ ਸੀ ਤੇ ਲੜਕਾ ਵੀ ਸੜਕਾਂ ਦੇ ਮਹਿਕਮੇ ਵਿਚ ਓਵਰਸੀਅਰ ਸੀ। ਇਸ ਕਰਕੇ ਵਿਆਹ ਵਧੀਆ ਕਰਨਾ ਸੀ। ਆਪਣੇ ਮੁੰਡਿਆਂ ਦੇ ਕਹੇ-ਕਹਾਏ ਕਿ ਕੋਈ ਗੱਲ ਨਹੀਂ, ਕਰਜ਼ਾ ਮੋੜ ਦੇਵਾਂਗੇ, ਚੰਨਣ ਸਿਹੁੰ ਕਰਜ਼ਾ ਲੈਣ ਲਈ ਪਿੰਡ ਦੇ ਲਾਗੇ ਕਸਬੇ ਵਿਚ ਬੈਂਕ ਤੋਂ ਕਰਜ਼ਾ ਲੈਣ ਚਲਾ ਗਿਆ।

ਬੈਂਕ ਮੈਨੇਜਰ ਨੂੰ ਮਿਲਿਆ ਤੇ ਕਰਜ਼ੇ ਬਾਰੇ ਗੱਲ ਕੀਤੀ। ਮੈਨੇਜਰ ਨੇ ਪੁੱਛਿਆ ਕਿ ਕਿੰਨੀ ਜ਼ਮੀਨ ਹੈ। ਚੰਨਣ ਸਿਹੁੰ ਕਹਿੰਦਾ, ‘‘ਜੀ ਦਸ-ਬਾਰਾਂ ਕਿੱਲੇ ਹਨ।’’ ਬੈਂਕ ਮੈਨੇਜਰ ਕਹਿੰਦਾ, ‘‘ਸਰਦਾਰ ਜੀ, ਸਹੀ-ਸਹੀ ਦੱਸੋ?’’ ‘‘ਐਂ ਤਾਂ ਜੀ ਫਿਰ ਜ਼ਮੀਨ ਦੇ ਨੰਬਰ ਦੇਖ ਕੇ ਪਤਾ ਲੱਗੂਗਾ।’’ ਚੰਨਣ ਨੇ ਜਵਾਬ ਦਿੱਤਾ। ‘‘ਚੰਗਾ, ਪਹਿਲਾਂ ਜਮ੍ਹਾਂਬੰਦੀ ਗਿਰਦਾਵਰੀ ਲੈ ਕੇ ਆਓ, ਫਿਰ ਦੱਸਾਂਗੇ ਕਿੰਨਾ ਕੁ ਕਰਜ਼ਾ ਮਿਲ ਸਕਦਾ ਹੈ।’’ ਮੈਨੇਜਰ ਨੇ ਹਦਾਇਤ ਦਿੱਤੀ।

ਚੰਨਣ ਸਿੰਘ ਨੂੰ ਕਈ ਦਿਨ ਪਟਵਾਰੀ ਨਾ ਮਿਲਿਆ। ਕਦੇ ਤਹਿਸੀਲਦਾਰ ਦਾ ਦੌਰਾ, ਕਦੇ ਗੜੇ ਪਿਆਂ ਦੀ ਗਿਰਦਾਵਰੀ ਤੇ ਕਦੇ ਛੁੱਟੀ ’ਤੇ। ਚੰਨਣ ਸਿਉਂ ਨੇ ਪਟਵਾਰੀ ਦੀ ਬਹੁਤ ਮਿੰਨਤ ਕੀਤੀ। ਅੱਗੋਂ ਪਟਵਾਰੀ ਕਹਿੰਦਾ ਕਿ ਅਜੇ ਟਾਈਮ ਨਹੀਂ ਸੀ ਕਿਉਂਕਿ ਚਾਰ ਸਾਲਾ ਤਿਆਰ ਹੋ ਰਿਹਾ ਹੈ। ਆਖ਼ਰ ਪਟਵਾਰੀ ਮਿਲਿਆ ਤੇ ਹਾੜ੍ਹੇ ਕਢਵਾ ਕੇ ਜਮਾਂਬੰਦੀ ਤੇ ਗਿਰਦਾਵਰੀ ਦੀ ਨਕਲ ਉਤਾਰ ਕੇ ਦੇ ਦਿੱਤੀ। ਚੰਨਣ ਸਿਹੁੰ ਮਨ ਮਸੋਸ ਕੇ ਕਾਗਜ਼ ਲੈ ਕੇ ਬੈਂਕ ਮੈਨੇਜਰ ਕੋਲ ਚਲਾ ਗਿਆ ਕਿਉਂਕਿ ਕਰਜ਼ੇ ਦੀ ਸਖ਼ਤ ਜ਼ਰੂਰਤ ਸੀ-ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਮੈਨੇਜਰ ਦੇ ਉੱਪਰਲੇ ਅਫ਼ਸਰ ਆਏ ਹੋਏ ਸਨ। ਮੀਟਿੰਗ ਚੱਲ ਰਹੀ ਸੀ। ਚੰਨਣ ਸਿਹੁੰ ਨੂੰ ਬੈਠੇ ਨੂੰ ਪਿਛਲਾ ਪਹਿਰ ਹੋ ਗਿਆ। ਨਾ ਚਾਹ, ਨਾ ਰੋਟੀ, ਭੁੱਖਣ-ਭਾਣਾ ਅਈਂ ਬੈਠਾ ਰਿਹਾ। ਸ਼ਾਮ ਨੂੰ ਚਾਰ ਵਜੇ ਅਫ਼ਸਰ ਗਏ ਤਾਂ ਉਸ ਦੀ ਵਾਰੀ ਆਈ। ਮੈਨੇਜਰ ਨੇ ਕਾਗਜ਼ ਦੇਖ ਕੇ ਕਿਹਾ ਕਿ ਕੁੱਲ ਜ਼ਮੀਨ ਬਣਦੀ ਹੈ ਸਾਢੇ ਨੌਂ ਕਿੱਲੇ। ਵੱਧ ਤੋਂ ਵੱਧ ਕਰਜ਼ਾ ਲਿਮਿਟ ਬਣੇਗੀ ਦੋ ਲੱਖ ਰੁਪਏ, ਦੋ ਕਿੱਲਿਆਂ ਦੀ ਆਡ ਰਹਿਣ ਕਰਵਾਉਣੀ ਪਵੇਗੀ। ਚੰਨਣ ਸਿਹੁੰ ਬੋਲਿਆ ਕਿ ਜਨਾਬ ਜੇਕਰ ਤਿੰਨ ਲੱਖ ਕਰ ਦੇਵੋ ਤਾਂ ਮੇਰਾ ਖੁੱਲ੍ਹਾ ਸਰ ਜਾਵੇਗਾ, ਲੜਕੀ ਦਾ ਵਿਆਹ ਰੱਖਿਆ ਹੈ। ਮੈਨੇਜਰ ਉਸ ਨੂੰ ਔਖਾ ਜਿਹਾ ਬੋਲਿਆ ਕਿ ਲਿਮਿਟ ਦੋ ਤੋਂ ਵੱਧ ਨਹੀਂ ਹੋਣੀ। ਜੇਕਰ ਲੈਣੀ ਤਾਂ ਗੱਲ ਕਰ, ਨਹੀਂ ਘਰ ਨੂੰ ਜਾ। ਮੈਨੇਜਰ ਸ਼ਾਇਦ ਉੱਪਰਲੇ ਅਫ਼ਸਰਾਂ ਦਾ ਤਾੜਿਆ ਹੋਇਆ ਤਪਿਆ ਬੈਠਾ ਸੀ। ਮਰਦਾ ਕੀ ਨਾ ਕਰਦਾ, ਕਾਗਜ਼ ਚੁੱਕ ਕੇ ਮੈਨੇਜਰ ਦੁਆਰਾ ਦੱਸੇ ਵਸੀਕਾ ਨਵੀਸ ਕੋਲ ਚਲਿਆ ਗਿਆ। ਵਸੀਕਾ ਨਵੀਸ ਨੇ ਕਾਗਜ਼ ਫੜ ਲਏ ਤੇ ਇਹ ਕਹਿ ਕੇ ਕਿ ਚਾਰ ਅਸ਼ਟਾਮ ਲੱਗਣਗੇ, ਤਹਿਸੀਲ ਦੇ ਅੰਦਰਲੇ ਖ਼ਰਚੇ ਤੇ ਹੋਰ ਰਜਿਸਟਰੀ ਲਿਖਾਈ ਦੇ ਪੈਸੇ, ਵਕੀਲ ਦੀ ਰਿਪੋਰਟ ਲੱਗੂਗੀ। ਚੰਨਣ ਸਿਹੁੰ ਤੜਫ ਉੱਠਿਆ ਕਿ ਐਨਾ ਖ਼ਰਚਾ! ਵਸੀਕਾ ਨਵੀਸ ਕਹਿਣ ਲੱਗਾ, ‘‘ਤੁਸੀਂ ਮੇਰੇ ਮਿੱਤਰ ਸਰਪੰਚ ਦੇ ਰਿਸ਼ਤੇਦਾਰ ਹੋ। ਇਸ ਕਰਕੇ ਲਿਹਾਜ਼ ਕਰ ਦਿੱਤੀ। ਨਹੀਂ ਤਾ ਬਹੁਤ ਖ਼ਰਚਾ ਹੋ ਜਾਂਦਾ ਹੈ।’’ ਚੰਨਣ ਸਿਹੁੰ ਨੇ ਕੌੜਾ ਘੁੱਟ ਭਰ ਕੇ ਉਸ ਨੂੰ ਪੈਸੇ ਦੇ ਦਿੱਤੇ ਤਾਂ ਕਿ ਵਕੀਲ ਵਾਲਾ ਕੰਮ ਵੀ ਉਹ ਕਰਵਾ ਲਵੇ। ਐਨੇ ਨੂੰ ਹਨੇਰਾ ਹੋ ਗਿਆ। ਜਾਂਦੇ-ਜਾਂਦੇ ਰਾਸ਼ਨ ਕਾਰਡ ਦੀ ਕਾਪੀ, ਵੋਟਰ ਕਾਰਡ ਦੀ ਕਾਪੀ ਤੇ ਨਾਲ ਦਸ ਫੋਟੋਆਂ ਲਿਆਉਣ ਲਈ ਵਸੀਕਾ ਨਵੀਸ ਨੇ ਆਖ ਦਿੱਤਾ।

ਚੰਨਣ ਸਿਹੁੰ ਨੇ ਰਜਿਸਟਰੀ ਦਾ ਦਿਨ ਪੁੱਛ ਕੇ ਸਾਈਕਲ ’ਤੇ ਅੱਡੀ ਮਾਰੀ ਤੇ ਪਿੰਡ ਚਲਾ ਗਿਆ। ਮਨ ਵਿਚ ਬੜੇ ਤਰ੍ਹਾਂ ਦੇ ਵਿਚਾਰ ਆਏ ਕਿ ਕਰਜ਼ਾ ਲਵੇ ਜਾਂ ਨਾ ਪਰ ਅੱਗੇ ਵਿਆਹ ਰੱਖਿਆ ਹੋਇਆ ਸੀ। ਅੱਜ ਤਾਂ ਉਸ ਨੂੰ ਰੋਟੀ ਵੀ ਸੁਆਦ ਨਹੀਂ ਲੱਗ ਰਹੀ ਸੀ।

ਮਿੱਥੇ ਦਿਨ ’ਤੇ ਰਜਿਸਟਰੀ ਦੇ ਕਾਗਜ਼ ਤਿਆਰ ਹੋ ਗਏ। ਰਜਿਸਟਰੀ ਹੋ ਗਈ ਤੇ ਵਕੀਲ ਦੀ ਰਿਪੋਰਟ ਵੀ ਨਾਲ ਲੱਗ ਗਈ। ਵਸੀਕਾ ਨਵੀਸ ਨੇ ਸਾਰੇ ਕਾਗਜ਼ ਚੰਨਣ ਸਿਹੁੰ ਦੇ ਹੱਥ ਫੜਾ ਦਿੱਤੇ ਤੇ ਇੰਤਕਾਲ ਦਰਜ ਕਰਾਉਣ ਲਈ ਕਹਿ ਦਿੱਤਾ। ਹੁਣ ਫਿਰ ਪਟਵਾਰੀ ਕੋਲ ਜਾਣ ਦਾ ਤਾਪ ਚੜ੍ਹਨ ਲੱਗਿਆ। ਦੋ ਦਿਨ ਫਿਰ ਪਟਵਾਰੀ ਨਾ ਮਿਲਿਆ। ਓਧਰ ਵਿਆਹ ਦੇ ਦਿਨ ਨੇੜੇ ਆ ਰਹੇ ਸਨ। ਆਖ਼ਰ ਪਟਵਾਰੀ ਮਿਲਿਆ ਤੇ ਇੰਤਕਾਲ ਤਾਂ ਦਰਜ ਕਰ ਦਿੱਤਾ ਪਰ ਕੰਨਾਂ ਨੂੰ ਹੱਥ ਲਵਾ ਦਿੱਤੇ। ਸਾਰੇ ਕਾਗਜ਼ ਲੈ ਕੇ ਬੈਂਕ ਮੈਨੇਜਰ ਕੋਲ ਪਹੁੰਚਿਆ। ਉਸ ਨੇ ਸਾਰੇ ਕਾਗਜ਼ ਚੈੱਕ ਕੀਤੇ ਤੇ ਫੀਲਡ ਅਫ਼ਸਰ ਕੋਲ ਡਾਕੂਮੈਂਟ ਦਸਤਖ਼ਤ ਕਰਨ ਲਈ ਭੇਜ ਦਿੱਤਾ। ਅੱਗੋਂ ਫੀਲਡ ਅਫ਼ਸਰ ਦੋ ਦਿਨ ਦੀ ਛੁੱਟੀ ’ਤੇ ਸੀ। ਅੱਜ ਚੰਨਣ ਸਿਹੁੰ ਦਾ ਸ਼ਹਿਰ ਵਿਚ ਛੇਵਾਂ ਗੇੜਾ ਸੀ ਪਰ ਕਰਜ਼ੇ ਦੀ ਅਜੇ ਕੋਈ ਥਹੁ ਨਹੀਂ ਸੀ। ਚੰਨਣ ਸਿਹੁੰ ਅੰਦਰੋ-ਅੰਦਰੀ ਟੁੱਟ ਚੁੱਕਿਆ ਸੀ। ਨਿਰਾਸ਼ ਹੋਇਆ ਫਿਰ ਪਿੰਡ ਆ ਗਿਆ। ਘਰ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਖ਼ਰੀਦਦਾਰੀ ਕਰਨ ਲਈ ਹੁਣ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਦੋ ਦਿਨਾਂ ਬਾਅਦ ਚੰਨਣ ਸਿਹੁੰ ਫਿਰ ਬੈਂਕ ਗਿਆ। ਐਨਾ ਸ਼ੁਕਰ ਸੀ ਕਿ ਫੀਲਡ ਅਫ਼ਸਰ ਆਇਆ ਹੋਇਆ ਸੀ। ਉਸ ਨੇ ਸਾਰੇ ਕਾਗਜ਼ ਚੈੱਕ ਕੀਤੇ ਤੇ ਚਾਰ ਪੰਜਾਹ-ਪੰਜਾਹ ਰੁਪਏ ਵਾਲੇ ਅਸ਼ਟਾਮ ਲਿਆਉਣ ਲਈ ਕਿਹਾ। ਚੰਨਣ ਸਿਹੁੰ ਨੇ ਥੱਕੇ-ਟੁੱਟੇ ਨੇ ਹਿੰਮਤ ਕਰ ਕੇ ਸਾਈਕਲ ’ਤੇ ਅੱਡੀ ਮਾਰੀ ਤੇ ਵਸੀਕਾ ਨਵੀਸ ਤੋਂ ਚਾਰ ਅਸ਼ਟਾਮ ਲੈ ਆਇਆ। ਉਹਨੂੰ ਥੋੜ੍ਹਾ ਧਰਵਾਸ ਹੋਇਆ ਸੀ ਕਿ ਅੱਜ ਪੈਸੇ ਜ਼ਰੂਰ ਮਿਲ ਜਾਣਗੇ। ਸਾਰੇ ਦਸਤਖ਼ਤ ਹੋ ਗਏ-ਅੰਗੂਠੇ ਲੱਗ ਗਏ ਅਤੇ ਸਾਰੇ ਕਾਗਜ਼ ਤਿਆਰ ਹੋ ਗਏ ਪਰ ਹੁਣ ਖਾਤੇ ਵਿਚ ਪੈਸੇ ਪਾਉਣ ਲਈ ਸੇਵਿੰਗ ਖਾਤਾ ਖੋਲ੍ਹਣਾ ਸੀ। ਖਾਤਾ ਖੋਲ੍ਹਣ ਵਾਲੇ ਬਾਬੂ ਨੇ ਬੜੀਆਂ ਝਿੱਘਤਾਂ ਭੇੜਨ ਤੋਂ ਬਾਅਦ ਖਾਤਾ ਖੋਲ੍ਹ ਤਾਂ ਦਿੱਤਾ ਪਰ ਹੁਣ ਬੈਂਕ ਦਾ ਟਾਈਮ ਹੋ ਚੁੱਕਾ ਸੀ। ਐਨੀ ਖੱਜਲ-ਖੁਆਰੀ ਚੰਨਣ ਸਿਹੁੰ ਨੇ ਕਦੇ ਨਹੀਂ ਦੇਖੀ ਸੀ। ਉਹ ਮੈਨੇਜਰ ਕੋਲ ਗਿਆ ਤੇ ਨਿਮਰਤਾ ਸਹਿਤ ਬੇਨਤੀ ਕੀਤੀ, ‘‘ਮਹਾਰਜ! ਮੇਰਾ ਕੰਮ ਕਰਾ ਦਿਉ, ਮੇਰੇ ਪਹਿਲਾਂ ਹੀ ਬਹੁਤ ਚੱਕਰ ਲੱਗ ਚੁੱਕੇ ਹਨ।’’ ਮੈਨੇਜਰ ਸਾਹਿਬ ਬੋਲੇ, ‘‘ਕੋਈ ਗੱਲ ਨਹੀਂ, ਅੱਜ ਤਾਂ ਸਮਾਂ ਹੋ ਚੁੱਕਿਆ ਹੈ, ਕੱਲ੍ਹ ਆ ਜਾਓ। ਪੇਮੈਂਟ ਲੈ ਜਾਣਾ। ਨਾਲੇ ਪਿੰਡ ਵਿਚ ਹੋਰ ਚੰਗੇ ਜ਼ਿਮੀਦਾਰਾਂ ਨੂੰ ਕਹਿਣਾ ਕਿ ਬੈਂਕ ਆਉਣ, ਅਸੀਂ ਖੁੱਲ੍ਹੇ ਦਿਲ ਨਾਲ ਕਰਜ਼ਾ ਦਿੰਦੇ ਹਾਂ।’’ ਚੰਨਣ ਸਿਹੁੰ ਦੇ ਮਨ ਵਿਚ ਆ ਰਿਹਾ ਸੀ ਕਿ ਬੈਂਕ ਦੀ ਖੁੱਲ੍ਹਦਿਲੀ ਤਾਂ ਵੇਖ ਲਈ, ਦੋ ਲੱਖ ਦੀ ਲਿਮਿਟ ਪਿੱਛੇ ਉਸ ਦੀ ਘੀਸੀ ਕਰਵਾ ਦਿੱਤੀ। ਉਹ ਰਸਤੇ ਵਿਚ ਸਾਈਕਲ ਦੇ ਪੈਡਲ ਮਾਰਦਾ ਸੋਚ ਰਿਹਾ ਸੀ ਕਿ ਬੈਂਕ ਤੋਂ ਕਰਜ਼ਾ ਲੈਣਾ ਐਨਾ ਔਖਾ ਹੈ, ਉਸ ਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਦੋ ਲੱਖ ਦੀ ਲਿਮਿਟ, ਹਜ਼ਾਰਾਂ ’ਚ ਫੀਸ, ਇਹਤੋਂ ਤਾਂ ਸੌ ਗੁਣਾ ਚੰਗਾ ਸੀ ਕਿ ਸ਼ਾਹੂਕਾਰ ਤੋਂ ਅੰਗੂਠਾ ਲਾ ਕੇ ਪੈਸੇ ਫੜ ਲੈਂਦੇ, ਭਾਵੇਂ ਵਿਆਜ ਭੋਰਾ ਵੱਧ ਹੀ ਦੇਣਾ ਪੈਂਦਾ। ਐਨਾ ਕਹਿੰਦਿਆਂ ਚੰਨਣ ਸਿਹੁੰ ਨਿੰਮੋਝੂਣਾ ਜਿਹਾ ਹੋ ਕੇ ਮੰਜੇ ਉੱਤੇ ਬੈਠ ਗਿਆ। ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ। ਥੋੜ੍ਹੀ ਦੇਰ ਬਾਅਦ ਹੌਸਲਾ ਕਰ ਕੇ ਆਪਣੀ ਗੱਲ ਜਾਰੀ ਰੱਖਦਿਆਂ ਕਹਿਣ ਲੱਗਾ ਕਿ ਅੱਜ ਬੜੀ ਮੁਸ਼ਕਲ ਨਾਲ ਬੈਂਕ ਤੋਂ ਪੈਸੇ ਲੈ ਕੇ ਅਜੇ ਆ ਹੀ ਰਿਹਾ ਹਾਂ। ਮੈਂ ਵੀ ਇਕ ਸਿਆਣੇ, ਸੁੱਘੜ ਤੇ ਸਫਲ ਕਿਸਾਨ ਦੀ ਖੱਜਲ-ਖੁਆਰੀ ਸੁਣ ਕੇ ਭਾਵੁਕ ਹੋ ਗਿਆ ਸਾਂ।

-ਸੁਰਿੰਦਰ ਸ਼ਰਮਾ ਨਾਗਰਾ

-ਮੋਬਾਈਲ : 98786-46595

Posted By: Jagjit Singh