v>ਕਪੂਰਥਲਾ ’ਚ ਲੰਘੀ 15 ਮਾਰਚ ਨੂੰ ਸੱਤ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਦੀ ਘਿਨੌਣੀ ਘਟਨਾ ਹੋਈ ਸੀ। ਹੈਵਾਨੀਅਤ ਦੀ ਹੱਦ ਇਹ ਰਹੀ ਕਿ ਦਰਿੰਦੇ ਨੇ ਪਹਿਲਾਂ ਬੱਚੀ ਦੀਆਂ ਲੱਤਾਂ ਤੋੜ ਦਿੱਤੀਆਂ ਅਤੇ ਫਿਰ ਉਸ ਦੇ ਅੰਦਰੂਨੀ ਅੰਗਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਉਸ ਨੇ ਪੀੜਤਾ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਬੱਚੀ ਨੂੰ ਗੰਭੀਰ ਹਾਲਤ ’ਚ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਬੱਚੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਇਨਫੈਕਸ਼ਨ ਵਧਣ ਕਾਰਨ ਮੰਗਲਵਾਰ ਨੂੰ ਡਾਕਟਰਾਂ ਨੂੰ ਛੋਟੀ ਜਿਹੀ ਬੱਚੀ ਦੀ ਬੱਚੇਦਾਨੀ ਕੱਢਣੀ ਪਈ ਪਰ ਫ਼ਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਗੱਲ ਸਮਝ ਤੋਂ ਪਰੇ ਹੈ ਕਿ ਜਿਸ ਦੇਸ਼ ਵਿਚ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਬੱਚਿਆਂ ਨਾਲ ਅਜਿਹੀ ਦਰਿੰਦਗੀ ਕਰਨ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ? ਇਸ ਦੇ ਬਾਵਜੂਦ ਬੱਚਿਆਂ ਨਾਲ ਅਜਿਹੀਆਂ ਸ਼ਰਮਨਾਕ ਘਟਨਾਵਾਂ ਲਗਾਤਾਰ ਵਾਪਰਦੀਆਂ ਹਨ ਜਿਸ ਕਾਰਨ ਨਾ ਸਿਰਫ਼ ਮਨੁੱਖਤਾ ਸ਼ਰਮਸਾਰ ਹੋ ਰਹੀ ਹੈ ਬਲਕਿ ਨਿਜ਼ਾਮ ਵੀ ਵਾਰ-ਵਾਰ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ। ਦਰਅਸਲ, ਵਾਪਰ ਚੁੱਕੀਆਂ ਘਟਨਾਵਾਂ ਤੋਂ ਸਬਕ ਨਾ ਸਿੱਖਣ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਰ-ਵਾਰ ਹੁੰਦੀਆਂ ਰਹਿੰਦੀਆਂ ਹਨ। ਬੇਸ਼ੱਕ ਅਜਿਹੀਆਂ ਘਟਨਾਵਾਂ ਦੇ ਮੁਜਰਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਨਵੇਂ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਅਜਿਹੇ ਅਪਰਾਧ ਕਰਨ ਵਾਲਿਆਂ ਵਿਚ ਕੋਈ ਖੌਫ਼ ਨਹੀਂ ਹੈ। ਇਸੇ ਲਈ ਉਹ ਕਿਸੇ ਵੀ ਹੱਦ ਤਕ ਜਾ ਰਹੇ ਹਨ। ਨਿਜ਼ਾਮ ਵਿਚ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਨਾ ਹੋਣ ਕਾਰਨ ਵੀ ਸਮੱਸਿਆਵਾਂ ਵੱਡੀਆਂ ਹੋ ਰਹੀਆਂ ਹਨ। ਬੱਚੀ ਦਾ ਪਿਤਾ ਕਪੂਰਥਲਾ ’ਚ ਮਜ਼ਦੂਰੀ ਕਰਦਾ ਹੈ ਅਤੇ ਉਹ ਪਰਿਵਾਰ ਸਮੇਤ ਰੇਲ ਕੋਚ ਫੈਕਟਰੀ ਦੇ ਨਜ਼ਦੀਕ ਝੁੱਗੀ ਬਣਾ ਕੇ ਰਹਿੰਦਾ ਹੈ। ਉਨ੍ਹਾਂ ਦੀ ਝੁੱਗੀ ਨੇੜੇ ਰਹਿਣ ਵਾਲੇ 26 ਸਾਲਾ ਅਪਰਾਧੀ ਦੇ ਅਣ-ਮਨੁੱਖੀ ਕਾਰੇ ਕਾਰਨ ਬੱਚੀ ਦੀਆਂ ਅੰਤੜੀਆਂ ਦੇ ਹੇਠਾਂ ਦੀਆਂ ਫਿਸਟੁਲਾ ਗ੍ਰੰਥੀਆਂ ਫੱਟ ਚੁੱਕੀਆਂ ਹਨ। ਸਾਡਾ ਸਿਹਤ ਢਾਂਚਾ ਵੀ ਇੰਨਾ ਨਕਾਰਾ ਹੋ ਚੁੱਕਾ ਹੈ ਕਿ ਨਾ ਤਾਂ ਜ਼ਿਲ੍ਹਾ ਹਸਪਤਾਲ ਵਿਚ ਬੱਚੀ ਦੇ ਇਲਾਜ ਦੇ ਪੂਰੇ ਪ੍ਰਬੰਧ ਹਨ ਅਤੇ ਨਾ ਹੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਹਸਪਤਾਲ ਵਿਚ। ਬੱਚੀ ਦੀਆਂ ਫਿਸਟੁਲਾ ਗ੍ਰੰਥੀਆਂ ਨੂੰ ਸੁਰਜੀਤ ਕਰਨ ਲਈ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਜਾਵੇਗਾ ਕਿਉਂਕਿ ਅੰਮ੍ਰਿਤਸਰ ’ਚ ਪੀਡੀਆਟ੍ਰਿਕ ਸਰਜਨ ਨਹੀਂ ਹੈ। ਡਾਕਟਰਾਂ ਦੇ ਮੁਤਾਬਕ ਫਿਸਟੁਲਾ ਗ੍ਰੰਥੀਆਂ ’ਚ ਪਖਾਨਾ, ਪਿਸ਼ਾਬ ਤੇ ਬੱਚੇਦਾਨੀ ਦੀਆਂ ਨਾੜੀਆਂ ਹੁੰਦੀਆਂ ਹਨ। ਅਣ-ਮਨੁੱਖੀ ਵਿਹਾਰ ਨਾਲ ਤਿੰਨੋਂ ਨਾੜੀਆਂ ਫਟ ਕੇ ਆਪਸ ’ਚ ਜੁੜ ਗਈਆਂ ਸਨ। ਬੱਚੀ ਦੀ ਹਾਲਤ ਦੇਖ ਕੇ ਮਾਤਾ-ਪਿਤਾ ਫੁੱਟ-ਫੁੱਟ ਕੇ ਰੋਂਦੇ ਹਨ। ਭਾਵੇਂ ਸਰਕਾਰ ਨੇ ਮੁਫ਼ਤ ਇਲਾਜ ਕਰਾਉਣ ਦੀ ਗੱਲ ਕਹੀ ਹੈ ਪਰ ਮਾਪਿਆਂ ਕੋਲ ਦਵਾਈਆਂ ਤਕ ਲਿਆਉਣ ਦੇ ਪੈਸੇ ਨਹੀਂ ਹਨ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਜਿੰਨੀ ਦੇਰ ਤਕ ਕੋਈ ਹਾਈ-ਪ੍ਰੋਫਾਈਲ ਕੇਸ ਨਹੀਂ ਬਣਦਾ, ਓਨੀ ਦੇਰ ਤਕ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬੇਸ਼ੱਕ ਪੁਲਿਸ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਕੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ ਪਰ ਕੀ ਇੰਨੇ ਨਾਲ ਹੀ ਉਸ ਬੱਚੀ ਨੂੰ ਇਨਸਾਫ਼ ਮਿਲ ਜਾਵੇਗਾ? ਕੀ ਉਸ ਦੇ ਮਾਪਿਆਂ ਤੇ ਉਸ ਦੇ ਖ਼ੁਦ ਦੇ ਸਾਰੀ ਉਮਰ ਦੇ ਜ਼ਖ਼ਮ ਭਰ ਜਾਣਗੇ? ਤਾਂ ਇਸ ਦਾ ਜਵਾਬ ਹੈ ਸ਼ਾਇਦ ਨਹੀਂ। ਅਸਲ ਵਿਚ ਇਸ ਨਿਜ਼ਾਮ ਵਿਚ ਗ਼ਰੀਬ ਹੋਣਾ ਹੀ ਸਭ ਤੋਂ ਵੱਡਾ ਗੁਨਾਹ ਜਾਪਦਾ ਹੈ। ਖ਼ੈਰ, ਬੱਚੀ ਜਲਦੀ ਸਿਹਤਯਾਬ ਹੋਵੇ, ਇਹੀ ਦੁਆ ਕੀਤੀ ਜਾਣੀ ਚਾਹੀਦੀ ਹੈ।

Posted By: Susheel Khanna