ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਹੋਈ ਸਰਵਪਾਰਟੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਨੂੰ ਸਦਨ ’ਚ ਸਾਰਥਿਕ ਤੇ ਸ਼ਾਂਤੀਪੂਰਨ ਢੰਗ ਨਾਲ ਚਰਚਾ ਕਰਨ ਦੀ ਅਪੀਲ ਕਿੰਨਾ ਕੁ ਅਸਰ ਕਰਦੀ ਹੈ, ਇਸ ਦਾ ਪਤਾ ਪਹਿਲੇ ਦਿਨ ਹੀ ਲੱਗ ਜਾਵੇਗਾ। ਆਮ ਤੌਰ ’ਤੇ ਸੰਸਦ ਦੇ ਹਰ ਇਜਲਾਸ ਦੀ ਸ਼ੁਰੂਆਤ ਹੰਗਾਮੇ ਨਾਲ ਹੀ ਹੁੰਦੀ ਹੈ।

ਅਜਿਹਾ ਇਸ ਦੇ ਬਾਵਜੂਦ ਹੁੰਦਾ ਹੈ ਕਿ ਸਰਕਾਰ ਸਾਰੇ ਮਸਲਿਆਂ ’ਤੇ ਸਾਰਥਿਕ ਚਰਚਾ ਲਈ ਤਿਆਰ ਹੁੰਦੀ ਹੈ। ਸਰਕਾਰ ਦੀ ਤਿਆਰੀ ਤੋਂ ਬਾਅਦ ਵੀ ਵਿਰੋਧੀ ਧਿਰ ਕਈ ਵਾਰ ਆਪਣੇ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਬਹਿਸ ਲਈ ਅੜ ਜਾਂਦੀ ਹੈ ਤੇ ਕਦੇ-ਕਦੇ ਤਾਂ ਇਸ ’ਤੇ ਤਕਰਾਰ ਹੋ ਜਾਂਦੀ ਹੈ ਕਿ ਬਹਿਸ ਕਿਸ ਨਿਯਮ ਤਹਿਤ ਹੋਵੇ? ਅਜਿਹਾ ਲੋਕ ਸਭਾ ’ਚ ਵੀ ਹੁੰਦਾ ਹੈ ਤੇ ਰਾਜ ਸਭਾ ’ਚ ਵੀ।

ਸੰਸਦ ਦੇ ਅਜਿਹੇ ਇਜਲਾਸਾਂ ਦਾ ਚੇਤਾ ਕਰਨਾ ਬਹੁਤ ਮੁਸ਼ਕਲ ਹੈ ਜਦੋਂ ਸੰਸਦੀ ਕੰਮਕਾਜ ’ਚ ਅੜਿੱਕਾ ਨਾ ਪਿਆ ਹੋਵੇ। ਅਸਲ ’ਚ ਹੁਣ ਸੰਸਦੀ ਕਾਰਵਾਈ ਗੰਭੀਰ ਚਰਚਾ ਲਈ ਬਹੁਤ ਘੱਟ ਜਾਣੀ ਜਾਂਦੀ ਹੈ। ਜੇ ਸੰਸਦ ਨੇ ਆਪਣੀ ਉਪਯੋਗਤਾ ਤੇ ਮਹੱਤਤਾ ਕਾਇਮ ਰੱਖਣੀ ਹੈ ਤਾਂ ਇਹ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਹੈ ਕਿ ਇੱਥੇ ਕੌਮੀ ਮਹੱਤਵ ਦੇ ਮਸਲਿਆਂ ’ਤੇ ਸਾਰਥਿਕ ਚਰਚਾ ਹੋਵੇ। ਇਹ ਚਰਚਾ ਅਜਿਹੀ ਹੋਣੀ ਚਾਹੀਦੀ ਹੈ, ਜਿਸ ਨਾਲ ਦੇਸ਼ ਦੀ ਜਨਤਾ ਨੂੰ ਕੁਝ ਦਿਸ਼ਾ ਮਿਲੇ। ਸੰਸਦ ’ਚ ਕੌਮੀ ਮਹੱਤਵ ਦੇ ਸਵਾਲਾਂ ’ਤੇ ਸਾਰਥਿਕ ਚਰਚਾ ਲਈ ਦੋਵੇਂ ਹੀ ਧਿਰਾਂ ਨੂੰ ਯੋਗਦਾਨ ਦੇਣਾ ਪਵੇਗਾ।

ਸੰਸਦੀ ਇਜਲਾਸ ਤੋਂ ਪਹਿਲਾਂ ਸਰਵਪਾਰਟੀ ਬੈਠਕਾਂ ’ਚ ਇਸ ਲਈ ਹਾਮੀ ਤਾਂ ਖ਼ੂਬ ਭਰੀ ਜਾਂਦੀ ਹੈ ਪਰ ਅਕਸਰ ਨਤੀਜਾ ‘ਪਰਨਾਲਾ ਉੱਥੇ ਦਾ ਉੱਥੇ’ ਵਾਲਾ ਹੀ ਜ਼ਿਆਦਾ ਰਹਿੰਦਾ ਹੈ। ਵਿਰੋਧੀ ਧਿਰ ਕਿਸੇ ਵੀ ਮੁੱਦੇ ਨੂੰ ਉਠਾਉਣ ਲਈ ਆਜ਼ਾਦ ਹੈ ਪਰ ਇਸ ਵਾਰ ਜਿਨ੍ਹਾਂ ਮਸਲਿਆਂ ’ਤੇ ਚਰਚਾ ਹੋਣੀ ਜ਼ਰੂਰੀ ਦਿਸ ਰਹੀ ਹੈ, ਉਨ੍ਹਾਂ ’ਚ ਕੋਰੋਨਾ ਲਾਗ ਦੀ ਮੌਜੂਦਾ ਸਥਿਤੀ, ਕੋਵਿਡ ਨਾਲ ਹੋਈਆਂ ਮੌਤਾਂ, ਸਿਹਤ ਢਾਂਚੇ ਦੀ ਹਾਲਤ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਮੁੱਖ ਹਨ। ਇਸ ਦੇ ਨਾਲ ਹੀ ਦੇਸ਼ ਦੀ ਆਰਥਿਕ ਸਥਿਤੀ ਤੇ ਅਫ਼ਗਾਨਿਸਤਾਨ ਦੇ ਵਿਗੜਦੇ ਹਾਲਾਤ ’ਤੇ ਵੀ ਚਰਚਾ ਜ਼ਰੂਰੀ ਜਾਪ ਰਹੀ ਹੈ। ਜਿਹੜੇ ਇਕ ਹੋਰ ਗੰਭੀਰ ਮਸਲੇ ’ਤੇ ਚਰਚਾ ਹੋਣੀ ਚਾਹੀਦੀ ਹੈ, ਉਹ ਹੈ ਬੰਗਾਲ ’ਚ ਚੋਣਾਂ ਤੋਂ ਬਾਅਦ ਦੀ ਹਿੰਸਾ। ਇਸ ਹਿੰਸਾ ਨੇ ਬੰਗਾਲ ਦੇ ਮੱਥੇ ’ਤੇ ਕਲੰਕ ਲਾਇਆ ਹੈ।

ਜੇ ਵਿਰੋਧੀ ਧਿਰ ਹੰਗਾਮਾ ਕਰਨ ਨੂੰ ਆਪਣਾ ਮਕਸਦ ਨਹੀਂ ਬਣਾਉਂਦੀ ਤੇ ਸੱਤਾ ਧਿਰ ਉਸ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਸੁਣਨ ਲਈ ਤੱਤਪਰ ਰਹਿੰਦੀ ਹੈ ਤਾਂ ਸੰਸਦ ਦਾ ਮੌਨਸੂਨ ਇਜਲਾਸ ਇਕ ਨਜ਼ੀਰ ਬਣ ਸਕਦਾ ਹੈ। ਸੰਸਦ ’ਚ ਸਿਰਫ਼ ਚਲੰਤ ਮਸਲਿਆਂ ’ਤੇ ਉਪਯੋਗੀ ਚਰਚਾ ਹੀ ਨਹੀਂ ਹੋਣੀ ਚਾਹੀਦੀ ਸਗੋਂ ਕਾਨੂੰਨੀ ਕੰਮਕਾਜ ਵੀ ਸੁਚਾਰੂ ਰੂਪ ’ਚ ਹੋਣਾ ਚਾਹੀਦਾ ਹੈ।

ਵਿਰੋਧੀ ਧਿਰ ਆਪਣੇ ਮੁੱਦੇ ਉਠਾਉਣ ਲਈ ਚੌਕਸ ਰਹਿਣ ਦੇ ਨਾਲ ਹੀ ਇਹ ਵੀ ਧਿਆਨ ਰੱਖੇ ਤਾਂ ਬਿਹਤਰ ਹੈ ਕਿ ਸੰਸਦ ਦੇ ਇਸ ਇਜਲਾਸ ’ਚ ਕਰੀਬ 30 ਬਿੱਲ ਪੇਸ਼ ਹੋਣੇ ਹਨ ਤੇ ਇਨ੍ਹਾਂ ’ਚੋਂ ਲਗਭਗ ਅੱਧਾ ਦਰਜਨ ਆਰਡੀਨੈਂਸ ਦੇ ਰੂਪ ’ਚ ਹਨ।

Posted By: Jagjit Singh