-ਪ੍ਰੋਫ਼ੈਸਰ ਬਸੰਤ ਸਿੰਘ ਬਰਾੜ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸਾਥੀਆਂ 'ਚੋਂ ਬੀਕੇ ਦੱਤ ਸਿਰਫ਼ ਇਸ ਲਈ ਬਦਨਸੀਬ ਨਿਕਲਿਆ ਕਿਉਂਕਿ ਉਹ ਇਸ ਸੰਘਰਸ਼ ਵਿੱਚੋਂ ਜਿਊਂਦਾ ਬਚ ਗਿਆ ਸੀ। ਭਾਰਤ ਵਿਚ ਸਿਰਫ਼ ਜਾਨ ਕੁਰਬਾਨ ਵਾਲੇ ਦੇਸ਼ ਭਗਤਾਂ ਦੀ ਹੀ ਕਦਰ ਪੈਂਦੀ ਹੈ। ਸੰਨ 1947 ਤੋਂ ਬਾਅਦ ਬੀਕੇ ਦੱਤ ਦੀ ਹੋਈ ਦੁਰਗਤੀ ਤੋਂ ਜਾਪਦਾ ਹੈ ਕਿ ਜੇਕਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਨਾ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਵੀ ਕਦਰ ਨਹੀਂ ਪੈਣੀ ਸੀ। ਆਪਣੇ ਅੰਤਿਮ ਦਿਨਾਂ ਵਿਚ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖ਼ਲ ਪੰਜਾਬ ਮਾਤਾ ਵਿੱਦਿਆਵਤੀ ਨੇ ਕਿਹਾ ਸੀ ਕਿ ਜੇ ਅੰਗਰੇਜ਼ਾਂ ਨੂੰ ਕੱਢ ਕੇ ਦੇਸ਼ ਦਾ ਇਹ ਹਾਲ ਹੋਣਾ ਸੀ ਤਾਂ ਮੇਰੇ ਪੁੱਤ ਨੂੰ ਫ਼ਾਂਸੀ ਚੜ੍ਹਨ ਦੀ ਕੀ ਲੋੜ ਸੀ? ਬਟੁਕੇਸ਼ਵਰ ਦੱਤ ਦਾ ਜਨਮ 18 ਨਵੰਬਰ 1910 ਨੂੰ ਬੰਗਾਲ ਵਿਚ ਹੋਇਆ ਸੀ। ਉਸ ਨੇ ਪੀਪੀਐੱਨ ਹਾਈ ਸਕੂਲ, ਕਾਨਪੁਰ ਤੋਂ ਬੀਏ ਪਾਸ ਕੀਤੀ। ਸੰਨ 1924 ਵਿਚ ਕਾਨਪੁਰ ਵਿਚ ਹੀ ਭਗਤ ਸਿੰਘ ਨੂੰ ਮਿਲਣ ਤੋਂ ਬਾਅਦ ਉਹ ਕ੍ਰਾਂਤੀਕਾਰੀਆਂ ਵਿਚ ਸ਼ਾਮਲ ਹੋ ਗਿਆ। 'ਹਿੰਦੁਸਤਾਨ ਸਮਾਜਵਾਦੀ ਰਿਪਲਿਕਨ ਸਭਾ ਵਿਚ ਸ਼ਾਮਲ ਹੋ ਕੇ ਉਸ ਨੇ ਬੰਬ ਬਣਾਉਣ ਵਿਚ ਮੁਹਾਰਤ ਹਾਸਲ ਕਰ ਲਈ। ਬੀਕੇ ਦੱਤ ਦੇ ਜੀਵਨ ਦੀ ਸਭ ਤੋਂ ਵੱਡੀ ਘਟਨਾ 8 ਅਪ੍ਰੈਲ 1929 ਨੂੰ ਕੇਂਦਰੀ ਵਿਧਾਨਕਾਰ ਅਸੈਂਬਲੀ ਵਿਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣਾ ਸੀ।

ਪਹਿਲਾਂ ਇਹ ਕੰਮ ਬੀਕੇ ਦੱਤ ਅਤੇ ਸੁਖਦੇਵ ਨੇ ਕਰਨਾ ਸੀ ਅਤੇ ਭਗਤ ਸਿੰਘ ਨੇ ਰੂਸ ਦੇ ਦੌਰੇ 'ਤੇ ਜਾਣਾ ਸੀ। ਚੰਗਾ ਬੁਲਾਰਾ ਹੋਣ ਕਰਕੇ ਬਾਅਦ ਵਿਚ ਸੁਖਦੇਵ ਦੀ ਥਾਂ ਭਗਤ ਸਿੰਘ ਨੂੰ ਭੇਜਿਆ ਗਿਆ। ਇਨ੍ਹਾਂ ਬੰਬਾਂ ਨੂੰ ਸੁੱਟਣ ਦਾ ਮੁੱਖ ਮੰਤਵ ਤਾਂ ਭਾਵੇਂ ਅਸੈਂਬਲੀ ਵਿਚ ਪੇਸ਼ ਕੀਤੇ ਜਾਣ ਵਾਲੇ ਦੋ ਦਮਨਕਾਰੀ ਬਿੱਲਾਂ ਦਾ ਵਿਰੋਧ ਕਰਨਾ ਸੀ ਪਰ ਇਸ ਘਟਨਾ ਵਿਚ ਤਿੰਨ ਭਾਰਤੀ ਅਤੇ ਇਕ ਅੰਗਰੇਜ਼ ਮੈਂਬਰ ਜ਼ਖ਼ਮੀ ਵੀ ਹੋਏ ਸਨ। ਅਸੈਂਬਲੀ ਵਿਚ ਪਰਚੇ ਸੁੱਟਦੇ ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਦੋਹਾਂ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਬੰਬ ਦੱਤ ਨੇ ਬਣਾਏ ਸਨ ਅਤੇ ਪਰਚਾ ਭਗਤ ਸਿੰਘ ਨੇ ਲਿਖਿਆ ਸੀ। ਵੀਹ ਸਾਲ ਕੈਦ ਦੀ ਸਜ਼ਾ ਦੇ ਕੇ ਦੱਤ ਨੂੰ ਅੰਡੇਮਾਨ ਨਿਕੋਬਾਰ ਵਿਖੇ ਕਾਲੇਪਾਣੀ ਭੇਜ ਦਿੱਤਾ ਗਿਆ। ਉੱਥੇ ਘੋਰ ਤਸੀਹੇ ਸਹੇ ਅਤੇ ਬੁਰੇ ਹਾਲਾਤ ਦਾ ਸਾਹਮਣਾ ਕੀਤਾ। ਇਸ ਮਹਾਨ ਸੁਤੰਤਰਤਾ ਸੈਨਾਨੀ ਨੂੰ ਤਪਦਿਕ ਹੋ ਗਈ ਪਰ ਵਾਪਸ ਆ ਕੇ ਫਿਰ 'ਭਾਰਤ ਛੱਡੋ'’ਅੰਦੋਲਨ ਵਿਚ ਉਸ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਚਾਰ ਸਾਲ ਦੀ ਕੈਦ ਕੱਟੀ।

ਇਸ ਸਿਰਲੱਥ ਕ੍ਰਾਂਤੀਕਾਰੀ ਨੂੰ ਵਿਦੇਸ਼ੀ ਸਰਕਾਰ ਦੇ ਜ਼ੁਲਮਾਂ ਦਾ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਆਜ਼ਾਦੀ ਤੋਂ ਬਾਅਦ ਹੋਏ ਤ੍ਰਿਸਕਾਰ ਦਾ ਹੋਇਆ। ਜਿਸ ਦੇਸ਼ ਭਗਤ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੋਣਾ ਚਾਹੀਦਾ ਸੀ, ਉਸ ਨੂੰ ਬਿਲਕੁਲ ਭੁਲਾ ਦਿੱਤਾ ਗਿਆ। ਉਸ ਨੂੰ ਇਕ ਸਿਗਰਟ ਕੰਪਨੀ ਦੇ ਏਜੰਟ ਵਜੋਂ ਕੰਮ ਕਰ ਕੇ ਪਟਨੇ ਦੀਆਂ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ 'ਤੇ ਧੱਕੇ ਖਾਣੇ ਪਏ। ਬਿਸਕੁਟ ਅਤੇ ਬਰੈੱਡ ਵੀ ਵੇਚਣੇ ਪਏ। ਟੂਰਿਸਟ ਗਾਈਡ ਵੀ ਬਣਨਾ ਪਿਆ। ਉਸ ਦੀ ਪਤਨੀ ਵੀ ਨੌਕਰੀ ਕਰਨ ਲੱਗੀ ਤਾਂ ਜਾ ਕੇ ਘਰ ਦਾ ਗੁਜ਼ਾਰਾ ਚੱਲਿਆ। ਕੁਝ ਦਿਨ ਜੇਲ੍ਹ ਜਾਣ ਵਾਲੇ ਸ਼ਾਤਰ 'ਆਜ਼ਾਦੀ ਘੁਲਾਟੀਏ’ ਪੈਨਸ਼ਨਾਂ, ਤਾਮਰ-ਪੱਤਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਤਕ ਰਾਖਵਾਂਕਰਨ ਅਤੇ ਹੋਰ ਸਹੂਲਤਾਂ ਲੈ ਗਏ ਅਤੇ ਅਜਿਹੇ ਸੂਰਮਿਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ।

ਇਕ ਵਾਰ ਜਦ ਉਨ੍ਹਾਂ ਨੇ ਇਕ ਬੱਸ ਦਾ ਪਰਮਿਟ ਮੰਗਿਆ ਤਾਂ ਪਟਨਾ ਦੇ ਕਮਿਸ਼ਨਰ ਨੇ ਉਨ੍ਹਾਂ ਨੂੰ ਆਪਣੀ ਪਛਾਣ ਦਾ ਸਬੂਤ ਦੇਣ ਨੂੰ ਕਹਿ ਦਿੱਤਾ। ਜਦ ਭਾਰਤ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕਮਿਸ਼ਨਰ ਨੂੰ ਡਾਂਟਿਆ ਅਤੇ ਮਾਫ਼ੀ ਮੰਗਵਾਈ। ਆਜ਼ਾਦ ਭਾਰਤ ਵਿਚ ਉਨ੍ਹਾਂ ਨਾਲ ਅਜਿਹਾ ਸਲੂਕ ਹੋਵੇਗਾ, ਇਹ ਆਜ਼ਾਦੀ ਸੰਗਰਾਮੀਆਂ ਨੇ ਸ਼ਾਇਦ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਸਾਡੇ ਨੇਤਾ ਸਟੇਜਾਂ ਤੋਂ ਵਾਰ-ਵਾਰ ਕਹਿੰਦੇ ਹਨ ਕਿ ''ਸ਼ਹੀਦੋਂ ਕੀ ਚਿਤਾਓ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕੀ ਯਹੀ ਬਾਕੀ ਨਿਸ਼ਾਂ ਹੋਗਾ। ਸੰਨ 1964 ਵਿਚ ਜਦ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਗਏ ਤਾਂ ਪਟਨਾ ਦੇ ਸਰਕਾਰੀ ਹਸਪਤਾਲ ਵਿਚ ਬੈੱਡ ਨਾ ਮਿਲਿਆ। ਉਨ੍ਹਾਂ ਦੇ ਸਾਥੀ ਚਮਨ ਲਾਲ ਆਜ਼ਾਦ ਨੇ ਇਕ ਅਖ਼ਬਾਰ ਨੂੰ ਲਿਖਿਆ: ''ਬਟੁਕੇਸ਼ਵਰ ਦੱਤ ਵਰਗੇ ਬਹਾਦਰ ਆਦਮੀ ਨੂੰ ਭਾਰਤ ਵਿਚ ਪੈਦਾ ਕਰ ਕੇ ਰੱਬ ਨੇ ਗ਼ਲਤੀ ਕੀਤੀ ਹੈ। ਜਿਸ ਦੇਸ਼ ਦੀ ਆਜ਼ਾਦੀ ਲਈ ਉਸ ਨੇ ਸਾਰਾ ਜੀਵਨ ਕੁਰਬਾਨ ਕਰ ਦਿੱਤਾ, ਉਸੇ ਦੇਸ਼ ਵਿਚ ਉਹ ਜਿਊਂਦਾ ਰਹਿਣ ਲਈ ਸੰਘਰਸ਼ ਕਰ ਰਿਹਾ ਹੈ।” ਨਤੀਜੇ ਵਜੋਂ, ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਚੰਡੀਗੜ੍ਹ ਅਤੇ ਦਿੱਲੀ ਵਿਚ ਮੁਫ਼ਤ ਇਲਾਜ ਕਰਵਾਉਣ ਦੀ ਪੇਸ਼ਕਸ਼ ਕੀਤੀ ਅਤੇ ਮਾਲੀ ਸਹਾਇਤਾ ਦਿੱਤੀ। ਸਿਰਫ਼ ਪੰਜਾਬ ਸਰਕਾਰ ਨੇ! ਹਾਲਤ ਵਿਗੜ ਜਾਣ 'ਤੇ ਨਵੰਬਰ 1964 ਵਿਚ ਉਹ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ। ਉਨ੍ਹਾਂ ਨੇ ਕਿਹਾ, '' ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਸ਼ਹਿਰ ਵਿਚ ਮੈਂ ਬੰਬ ਸੁੱਟੇ ਸਨ ਅਤੇ 'ਇਨਕਲਾਬ ਜ਼ਿੰਦਾਬਾਦ'’ ਦੇ ਨਾਅਰੇ ਲਾਏ ਸਨ, ਉੱਥੇ ਮੈਨੂੰ ਇਕ ਅਪਾਹਜ ਵਾਂਗ ਚੁੱਕ ਕੇ ਲਿਆਇਆ ਜਾਵੇਗਾ।” ਦਸੰਬਰ ਵਿਚ ਉਨ੍ਹਾਂ ਨੂੰ ਏਮਜ਼’ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਪਤਾ ਚੱਲਿਆ ਕਿ ਉਨ੍ਹਾਂ ਨੂੰ ਕੈਂਸਰ ਦੀ ਆਖ਼ਰੀ ਸਟੇਜ ਪੁੱਜ ਚੁੱਕੀ ਸੀ।

ਜਦ ਪੰਜਾਬ ਮਾਤਾ ਵਿੱਦਿਆਵਤੀ ਜੀ ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਮੇਰਾ ਅੰਤਿਮ ਸੰਸਕਾਰ ਉੱਥੇ ਕੀਤਾ ਜਾਵੇ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਸਕਾਰ ਹੋਇਆ ਸੀ। ਉਨ੍ਹਾਂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਰਾਮ ਕਿਸ਼ਨ ਤੋਂ ਵੀ ਸਿਰਫ਼ ਇਹੀ ਮੰਗ ਕੀਤੀ ਸੀ। ਇਸ ਲਈ ਜਦ 20 ਜੁਲਾਈ 1965 ਨੂੰ ਉਹ ਸਵਰਗ ਸਿਧਾਰੇ ਤਾਂ ਉਨ੍ਹਾਂ ਦਾ ਸਸਕਾਰ ਹੁਸੈਨੀਵਾਲਾ ਵਿਖੇ ਕੀਤਾ ਗਿਆ ਤੇ ਉੱਥੇ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਗਈ। ਬੀਕੇ ਦੱਤ ਦੀ ਯਾਦ 'ਚ ਨਵੀਂ ਦਿੱਲੀ 'ਚ ਇਕ ਕਾਲੋਨੀ ਦਾ ਨਾਂ ਰੱਖਿਆ ਗਿਆ ਹੈ। ਉਨ੍ਹਾਂ ਬਾਰੇ ਅਨਿਲ ਵਰਮਾ ਦੀ ਲਿਖੀ ਇਕ ਕਿਤਾਬ 'ਬਟੁਕੇਸ਼ਵਰ ਦੱਤ: ਭਗਤ ਸਿੰਘ ਕੇ ਸਹਿਯੋਗੀ' ਨੈਸ਼ਨਲ ਬੁੱਕ ਟਰੱਸਟ ਨੇ ਛਾਪੀ ਹੈ। ਆਪਣੀ ਫਿਲਮ 'ਸ਼ਹੀਦ'’ ਬਣਾਉਣ ਸਮੇਂ ਮਨੋਜ ਕੁਮਾਰ ਨੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਸੀ। ਇਸ ਦਾ ਸਕਰੀਨਪਲੇਅ ਤੇ ਸੰਵਾਦ ਲਿਖਣ 'ਚ ਬੀਕੇ ਦੱਤ ਦਾ ਸਹਿਯੋਗ ਲਿਆ ਗਿਆ। ਇਕ ਜਨਵਰੀ 1965 ਨੂੰ ਜਦ ਇਹ ਫਿਲਮ ਪਰਦੇ 'ਤੇ ਆਈ ਤਾਂ ਗੰਭੀਰ ਬਿਮਾਰੀ ਦੇ ਬਾਵਜੂਦ ਬਟੁਕੇਸ਼ਵਰ ਦੱਤ ਦੀ ਰੂਹ ਖਿੜ ਉੱਠੀ। ਚਲੋ, ਕਿਸੇ ਨੇ ਤਾਂ ਇਸ ਮਹਾਨ ਦੇਸ਼-ਭਗਤ ਦੀ ਕੁਰਬਾਨੀ ਨੂੰ ਸਲਾਮ ਕੀਤਾ!

-ਮੋਬਾਈਲ ਨੰ. : 98149-41214

Posted By: Jagjit Singh